Arun Jaitley: ਤਿਹਾੜ ਜੇਲ੍ਹ ਤੋਂ ਖਜ਼ਾਨਾ ਮੰਤਰੀ ਬਣਨ ਤੱਕ ਅਰੁਣ ਜੇਤਲੀ ਦੀ ਕਹਾਣੀ

ਅਰੁਣ ਜੇਤਲੀ Image copyright Getty Images

ਨਰਿੰਦਰ ਮੋਦੀ ਸਰਕਾਰ ਵਿੱਚ ਖਜ਼ਾਨਾ ਮੰਤਰੀ ਰਹੇ ਭਾਜਪਾ ਦੇ ਸੀਨੀਅਰ ਲੀਡਰ ਅਰੁਣ ਜੇਤਲੀ ਦਾ ਦੇਹਾਂਤ ਹੋ ਗਿਆ ਹੈ। ਸ਼ਨੀਵਾਰ 24 ਅਗਸਤ ਨੂੰ 66 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦਿੱਲੀ ਵਿੱਚ ਦੇਹਾਂਤ ਹੋ ਗਿਆ।

ਉਹ 9 ਅਗਸਤ ਤੋਂ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਈਂਸਜ਼ ਵਿੱਚ ਦਾਖਲ ਸਨ। ਏਮਜ਼ ਦੀ ਸਪੋਕਸਪਰਸਨ ਆਰਤੀ ਵਿਜ ਨੇ ਪ੍ਰੈੱਸ ਰਿਲੀਜ਼ ਰਾਹੀਂ ਦੱਸਿਆ ਕਿ ਜੇਤਲੀ ਨੇ ਸ਼ਨੀਵਾਰ ਨੂੰ ਦੁਪਹਿਰ 12 ਵਜ ਕੇ 07 ਮਿੰਟ 'ਤੇ ਆਖਰੀ ਸਾਹ ਲਏ।

ਪਿਛਲੇ ਹਫਤੇ ਸ਼ਨੀਵਾਰ ਸ਼ਾਮ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਜੇਤਲੀ ਦਾ ਹਾਲ-ਚਾਲ ਲੈਣ ਹਸਪਤਾਲ ਪਹੁੰਚੇ ਸਨ। ਉਸ ਤੋਂ ਪਹਿਲਾਂ 9 ਅਗਸਤ ਨੂੰ ਪੀਐੱਮ ਨਰਿੰਦਰ ਮੋਦੀ, ਸਿਹਤ ਮੰਤਰੀ ਡਾ.ਹਰਸ਼ਵਰਧਨ ਉਨ੍ਹਾਂ ਨੂੰ ਦੇਖਣ ਹਸਪਤਾਲ ਪਹੁੰਚੇ ਸਨ।

ਇਹ ਵੀ ਪੜ੍ਹੋ:

ਇਸੇ ਮਹੀਨੇ ਸਾਹ ਲੈਣ ਵਿੱਚ ਸਮੱਸਿਆ ਹੋਣ ਕਾਰਨ ਜੇਤਲੀ ਨੂੰ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ। ਉਹ ਆਈਸੀਯੂ ਵਿੱਚ ਸਨ।

ਉਨ੍ਹਾਂ ਨੇ ਲਿਖਿਆ ਸੀ ਕਿ ਤਕਰੀਬਨ 18 ਮਹੀਨਿਆਂ ਤੋਂ ਉਨ੍ਹਾਂ ਨੂੰ ਸਿਹਤ ਸਮੱਸਿਆਵਾਂ ਹਨ ਜਿਸ ਕਾਰਨ ਉਹ ਕੋਈ ਅਹੁਦਾ ਨਹੀਂ ਲੈਣਾ ਚਾਹੁੰਦੇ।

ਵਕਾਲਤ ਤੋਂ ਸਿਆਸਤ ਵਿੱਚ ਆਏ ਜੇਤਲੀ ਭਾਜਪਾ ਦੇ ਦਿੱਗਜ ਆਗੂਆਂ ਵਿੱਚ ਸ਼ਾਮਲ ਰਹੇ। ਉਹ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਵੀ ਮੁਖੀ ਰਹੇ ਸਨ।

ਇੱਕ ਨਜ਼ਰ ਅਰੁਣ ਜੇਤਲੀ ਦੇ ਹੁਣ ਤੱਕ ਦੇ ਸਫ਼ਰ 'ਤੇ ਬੀਬੀਸੀ ਪੱਤਰਕਾਰ ਰੇਹਾਨ ਫ਼ਜ਼ਲ ਦੀ ਕਲਮ ਤੋਂ...

ਗੱਲ 25 ਜੂਨ 1975 ਦੀ ਹੈ। ਦਿੱਲੀ ਯੂਨੀਵਰਸਿਟੀ ਵਿਦਿਆਰਥੀ ਪ੍ਰੀਸ਼ਦ ਦੇ ਮੁਖੀ ਅਰੁਣ ਜੇਤਲੀ ਆਪਣੇ ਨਰਾਇਣਾ ਵਾਲੇ ਘਰ ਦੇ ਵਿਹੜੇ ਵਿੱਚ ਸੁੱਤੇ ਹੋਏ ਸਨ।

ਬਾਹਰ ਕੁਝ ਸ਼ੋਰ ਹੋਇਆ ਤਾਂ ਉਹ ਜਾਗ ਗਏ। ਉਨ੍ਹਾਂ ਦੇਖਿਆ ਕਿ ਉਨ੍ਹਾਂ ਦੇ ਪਿਤਾ ਨਾਲ ਕੁਝ ਪੁਲਿਸ ਵਾਲੇ ਬਹਿਸ ਕਰ ਰਹੇ ਸਨ।

ਇਹ ਦੇਖਦਿਆਂ ਹੀ ਅਰੁਣ ਜੇਤਲੀ ਆਪਣੇ ਘਰ ਦੇ ਪਿਛਲੇ ਦਰਵਾਜੇ ਤੋਂ ਬਾਹਰ ਨਿਕਲ ਗਏ। ਉਸ ਰਾਤ ਉਨ੍ਹਾਂ ਨੇ ਉਸੇ ਮੁਹੱਲੇ ਵਿੱਚ ਆਪਣੇ ਦੋਸਤ ਕੋਲ ਬਿਤਾਈ।

ਅਰੁਣ ਜੇਤਲੀ ਦੇ ਜੀਵਨ ਸਫ਼ਰ ਬਾਰੇ ਜਾਣੋ:

ਅਗਲੇ ਦਿਨ ਉਨ੍ਹਾਂ ਨੇ ਸਵੇਰੇ ਸਾਢੇ 10 ਵਜੇ ਏਬੀਵੀਪੀ ਦੇ ਕਰੀਬ 200 ਵਿਦਿਆਰਥੀਆਂ ਨੂੰ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਦਫ਼ਤਰ ਦੇ ਸਾਹਮਣੇ ਇਕੱਠੇ ਕੀਤਾ।

ਉੱਥੇ ਜੇਤਲੀ ਨੇ ਇੱਕ ਭਾਸ਼ਣ ਦਿੱਤਾ ਅਤੇ ਇੰਦਰਾ ਗਾਂਧੀ ਦਾ ਪੁਤਲਾ ਸਾੜਿਆ ਗਿਆ। ਥੋੜ੍ਹੀ ਦੇਰ ਬਾਅਦ ਡੀਆਈਜੀ ਪੀ.ਐੱਸ. ਭਿੰਡਰ ਦੀ ਅਗਵਾਈ ਵਿੱਚ ਪੁਲਿਸ ਵਾਲਿਆਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਅਰੁਣ ਜੇਤਲੀ ਗ੍ਰਿਫ਼ਤਾਰ ਹੋ ਗਏ।

ਤਿਹਾੜ ਜੇਲ੍ਹ ਵਿੱਚ ਜੇਤਲੀ ਨੂੰ ਉਸੇ ਸੈੱਲ ਵਿੱਚ ਰੱਖਿਆ ਗਿਆ ਜਿੱਥੇ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ ਅਤੇ ਕੇ.ਆਰ. ਮਲਕਾਨੀ ਤੋਂ ਇਲਾਵਾ 11 ਹੋਰ ਸਿਆਸੀ ਕੈਦੀ ਰਹਿ ਰਹੇ ਸਨ। ਇਸ ਦਾ ਉਨ੍ਹਾਂ ਨੂੰ ਬਹੁਤ ਫਾਇਦਾ ਹੋਇਆ।

Image copyright Getty Images

ਜੇਤਲੀ ਦੇ ਇੱਕ ਕਰੀਬੀ ਦੋਸਤ ਅਨਿਪ ਸਚਦੇ ਨੇ ਦੱਸਿਆ, ''ਅਰੁਣ ਜੇਤਲੀ ਦਾ ਅਸਲ ਸਿਆਸੀ ਉਭਾਰ ਯੂਨੀਵਰਸਿਟੀ ਕੈਂਪਸ ਵਿੱਚ ਨਾ ਹੋ ਕੇ ਤਿਹਾੜ ਜੇਲ੍ਹ ਦੀ ਕੋਠੜੀ ਵਿੱਚ ਹੋਇਆ ਸੀ। ਰਿਹਾਅ ਹੁੰਦੇ ਹੀ ਉਨ੍ਹਾਂ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਸਿਆਸਤ ਹੀ ਉਨ੍ਹਾਂ ਦਾ ਕੈਰੀਅਰ ਬਣਨ ਜਾ ਰਿਹਾ ਹੈ।''

ਵੱਡੇ ਵਾਲ ਅਤੇ ਜੌਨ ਲੇਨਨ ਵਾਲਾ ਚਸ਼ਮਾ

ਅਰੁਣ ਜੇਤਲੀ ਨੇ ਆਪਣੀ ਪੜ੍ਹਾਈ ਦੇ ਸੇਂਟ ਜ਼ੇਵਿਅਰਸ ਸਕੂਲ ਤੇ ਦਿੱਲੀ ਯੂਨੀਵਰਸਿਟੀ ਦੇ ਸ਼੍ਰੀਰਾਮ ਕਾਲਜ ਆਫ ਕਾਮਰਸ ਤੋਂ ਕੀਤੀ। ਉਸ ਜ਼ਮਾਨੇ ਵਿੱਚ ਜੇਤਲੀ ਦੇ ਵਾਲ ਬਹੁਤ ਲੰਬੇ ਹੁੰਦੇ ਸਨ ਅਤੇ ਉਹ 'ਬੀਟਲਸ' ਵਾਲੇ ਜੌਨ ਲੇਨਨ ਦੇ ਅੰਦਾਜ਼ ਦਾ ਨਜ਼ਰ ਦਾ ਚਸ਼ਮਾ ਪਾਉਂਦੇ ਸਨ।

ਉਨ੍ਹਾਂ ਦੇ ਚਸ਼ਮੇ ਦੇ ਸ਼ੀਸ਼ੇ ਦੀ ਬਣਾਵਟ ਗੋਲ ਸੀ। ਕੁਝ ਲੋਕ ਉਸ ਨੂੰ 'ਗਾਂਧੀ ਗੌਗਲਸ' ਵੀ ਕਹਿੰਦੇ ਸਨ।

ਅਰੁਣ ਜੇਤਲੀ ਦੇ ਗ਼ੈਰ-ਸਿਆਸੀ ਪੱਖ ਬਾਰੇ ਜਾਣੋ:

ਮਸ਼ਹੂਰ ਕਿਤਾਬ 'ਦਿ ਮੈਰੀਗੋਲਡ ਸਟੋਰੀ' ਲਿਖਣ ਵਾਲੀ ਕੁਮਕੁਮ ਚੱਢਾ ਨੇ ਦੱਸਿਆ ਕਿ ਜੇਤਲੀ ਦੇ ਕਾਲਜ ਦੀ ਇੱਕ ਦੋਸਤ ਬੀਨਾ ਨੇ ਕਿਹਾ ਸੀ, ਅਰੁਣ ਦੀ ਦਿਖਣ ਵਿੱਚ ਠੀਕ-ਠਾਕ ਸਨ। ਕੁੜੀਆਂ ਉਨ੍ਹਾਂ ਨੂੰ ਨੋਟਿਸ ਵੀ ਕਰਦੀਆਂ ਸਨ ਪਰ ਅਰੁਣ ਜ਼ਿਆਦਾ ਭਾਅ ਨਹੀਂ ਦਿੰਦੇ ਸਨ, ਉਹ ਸ਼ਰਮੀਲੇ ਸੁਭਾਅ ਦੇ ਸਨ।”

“ਸਟੇਜ 'ਤੇ ਉਹ ਕਈ ਘੰਟੇ ਬੋਲ ਸਕਦੇ ਸਨ ਪਰ ਸਟੇਜ ਤੋਂ ਹੇਠਾਂ ਆਉਦਿਆਂ ਹੀ ਉਹ ਆਪਣੇ 'ਸ਼ੈਲ' ਵਿੱਚ ਚਲੇ ਜਾਂਦੇ ਸਨ। ਮੈਂ ਨਹੀਂ ਸਮਝਦੀ ਕਿ ਉਨ੍ਹਾਂ ਦਿਨੀਂ ਉਹ ਕਿਸੇ ਕੁੜੀ ਨੂੰ 'ਡੇਟ' ਤੇ ਲੈ ਕੇ ਗਏ ਹੋਣਗੇ।''

Image copyright Getty Images

ਅਰੁਣ ਜੇਤਲੀ ਦੇ ਸਭ ਤੋਂ ਕਰੀਬੀ ਦੋਸਤ ਅਤੇ ਵਕੀਲ ਰੇਯਾਨ ਕਰੰਜਾਵਾਲਾ ਦੱਸਦੇ ਹਨ, ''ਅਰੁਣ ਜੇਤਲੀ ਨੂੰ ਫਿਲਮਾਂ ਦੇਖਣ ਦਾ ਬਹੁਤ ਸ਼ੌਕ ਸੀ। ਉਨ੍ਹਾਂ ਦੀ ਪਸੰਦੀਦਾ ਫਿਲਮ 'ਪੜੋਸਨ' ਸੀ ਜਿਸ ਨੂੰ ਉਨ੍ਹਾਂ ਨੇ ਵਾਰ-ਵਾਰ ਦੇਖਿਆ ਸੀ। ਮੈਂ ਕਈ ਵਾਰ ਅਰੁਣ ਨੂੰ ਫਿਲਮਾਂ ਦੇ ਡਾਇਲੌਗ ਬੋਲਦਿਆਂ ਦੇਖਿਆ ਹੈ। ਫਿਲਮ 'ਜੌਨੀ ਮੇਰਾ ਨਾਮ' ਵਿੱਚ ਦੇਵਾਨੰਦ ਨੇ ਕਿਹੜੇ ਰੰਗ ਦੀ ਕਮੀਜ ਪਾ ਰੱਖੀ ਸੀ ਇਹ ਵੀ ਉਨ੍ਹਾਂ ਨੂੰ ਯਾਦ ਸੀ। ''

ਵਾਜਪਾਈ ਚਾਹੁੰਦੇ ਸਨ 1977 ਦੀ ਚੋਣ ਲੜਵਾਉਣਾ

ਲੇਖਿਕਾ ਕੁਮਕੁਮ ਚੱਢਾ ਮੁਤਾਬਕ ਜਦੋਂ 1977 ਵਿੱਚ ਜਨਤਾ ਪਾਰਟੀ ਬਣੀ ਤਾਂ ਜੇਤਲੀ ਨੂੰ ਉਸ ਦੀ ਕੌਮੀ ਕਾਰਜ ਕਮੇਟੀ ਵਿੱਚ ਰੱਖਿਆ ਗਿਆ।

Image copyright Getty Images
ਫੋਟੋ ਕੈਪਸ਼ਨ ਅੰਗਰੇਜ਼ੀ ਸੰਗੀਤਕਾਰ ਤੇ ਗਾਇਕ ਜੌਨ ਲੈਨਨ ਦੇ ਅਰੁਣ ਜੇਤਲੀ ਫੈਨ ਸਨ

ਵਾਜਪਾਈ ਉਨ੍ਹਾਂ ਨੂੰ 1977 ਦੀ ਲੋਕ ਸਭਾ ਚੋਣ ਲੜਾਉਣਾ ਚਾਹੁੰਦੀ ਸੀ, ਪਰ ਉਨ੍ਹਾਂ ਦੀ ਉਮਰ ਚੋਣ ਲੜਨ ਦੀ ਤੈਅ ਉਮਰ ਤੋਂ ਇੱਕ ਸਾਲ ਘੱਟ ਸੀ।

ਇਹ ਵੀ ਪੜ੍ਹੋ:

ਉਂਝ ਵੀ ਜੇਲ੍ਹ ਵਿੱਚ ਰਹਿਣ ਕਾਰਨ ਉਨ੍ਹਾਂ ਦੀ ਪੜ੍ਹਾਈ ਦਾ ਇੱਕ ਸਾਲ ਖ਼ਰਾਬ ਹੋ ਗਿਆ ਸੀ ਇਸ ਲਈ ਉਨ੍ਹਾਂ ਨੇ ਆਪਣੀ ਕਾਨੂੰਨ ਦੀ ਡਿਗਰੀ ਪੂਰੀ ਕਰਨ ਦਾ ਫੈਸਲਾ ਲਿਆ।

ਨੱਚਣਾ ਨਹੀਂ ਜਾਣਦੇ ਸਨ ਫਿਰ ਵੀ ਜਾਂਦੇ ਸਨ ਡਿਸਕੋ

ਸਟੂਡੈਂਟ ਪੌਲੀਟਿਕਸ ਵਿੱਚ ਆਉਣ ਤੋਂ ਪਹਿਲਾਂ ਅਰੁਣ ਅਤੇ ਉਨ੍ਹਾਂ ਦੇ ਦੋਸਤ ਦਿੱਲੀ ਦੇ ਇੱਕੋ-ਇੱਕ ਡਿਸਕੋਥੇਕ 'ਸੇਲਰ' ਵਿੱਚ ਜਾਇਆ ਕਰਦੇ ਸਨ।

Image copyright Getty Images
ਫੋਟੋ ਕੈਪਸ਼ਨ ਪਤਨੀ ਸੰਗੀਤਾ ਨਾਲ ਅਰੁਣ ਜੇਤਲੀ

ਕੁਮਕੁਮ ਚੱਢਾ ਮੁਤਾਬਕ, ਉਨ੍ਹਾਂ ਦੀ ਦੋਸਤ ਬੀਨਾ ਨੇ ਦੱਸਿਆ ਸੀ ਕਿ ਉਹ ਡਿਸਕੋ ਸਿਰਫ ਨਾਮ ਦਾ ਜਾਂਦੇ ਸਨ, ਕਿਉਂਕਿ ਉਨ੍ਹਾਂ ਨੂੰ ਨੱਚਣਾ ਬਿਲਕੁਲ ਨਹੀਂ ਆਉਂਦਾ ਸੀ। ਉਨ੍ਹਾਂ ਨੂੰ ਕਦੇ ਡਰਾਈਵਿੰਗ ਕਰਨੀ ਵੀ ਨਹੀਂ ਆਈ। ਜਦੋਂ ਤੱਕ ਡਰਾਈਵਰ ਰੱਖਣ ਦੀ ਸਮਰੱਥਾ ਨਹੀਂ ਹੋਈ, ਉਨ੍ਹਾਂ ਦੀ ਪਤਨੀ ਸੰਗੀਤਾ ਹੀ ਉਨ੍ਹਾਂ ਦੀ ਕਾਰ ਚਲਾਉਂਦੇ ਸਨ।''

ਮਹਿੰਗੀਆਂ ਚੀਜ਼ਾਂ ਦੇ ਸ਼ੌਕੀਨ

ਦਿਲਚਸਪ ਗੱਲ ਹੈ ਕਿ ਅਰੁਣ ਜੇਤਲੀ ਦਾ ਵਿਆਹ ਸੰਗੀਤਾ ਡੋਗਰਾ ਨਾਲ ਹੋਇਆ ਜੋ ਕਾਂਗਰਸ ਦੇ ਵੱਡੇ ਆਗੂ ਗਿਰਧਾਰੀ ਲਾਲ ਡੋਗਰਾ ਦੀ ਬੇਟੀ ਹਨ ਅਤੇ ਉਹ ਜੰਮੂ-ਕਸ਼ਮੀਰ ਸਰਕਾਰ ਵਿੱਚ ਮੰਤਰੀ ਵੀ ਰਹੇ ਹਨ।

ਇਨ੍ਹਾਂ ਦੇ ਵਿਆਹ ਵਿੱਚ ਅਟਲ ਬਿਹਾਰੀ ਵਾਜਪਾਈ ਅਤੇ ਇੰਦਰਾ ਗਾਂਧੀ ਦੋਵੇਂ ਸ਼ਾਮਿਲ ਹੋਏ ਸਨ। ਅਰੁਣ ਜੇਤਲੀ ਆਪਣੇ ਜ਼ਮਾਨੇ ਵਿੱਚ ਭਾਰਤ ਦੇ ਚੋਟੀ ਦੇ ਵਕੀਲ ਸਨ ਜਿਨ੍ਹਾਂ ਦੀ ਫੀਸ ਬਹੁਤ ਮਹਿੰਗੀ ਹੁੰਦੀ ਸੀ।

ਉਨ੍ਹਾਂ ਨੂੰ ਮਹਿੰਗੀਆਂ ਘੜੀਆਂ ਖਰੀਦਣ ਦਾ ਸ਼ੌਕ ਹਮੇਸ਼ਾ ਤੋਂ ਰਿਹਾ ਹੈ। ਉਨ੍ਹਾਂ ਨੇ ਉਸ ਵੇਲੇ 'ਪੈਟੇਕ ਫ਼ਿਲਿਪ' ਘੜੀ ਖ਼ਰੀਦੀ ਸੀ ਜਦੋਂ ਜ਼ਿਆਦਾਤਰ ਭਾਰਤੀ 'ਓਮੇਗਾ' ਤੋਂ ਅੱਗੇ ਸੋਚ ਨਹੀਂ ਪਾਉਂਦੇ ਸਨ।

ਅਰੁਣ ਜੇਤਲੀ ਦਾ 'ਮੋ ਬਲਾਂ' ਪੈੱਨਾਂ ਅਤੇ ਜਾਮਵਾਰ ਸ਼ਾਲਾਂ ਦਾ ਇਕੱਠ ਵੀ ਸ਼ਾਨਦਾਰ ਹੈ। 'ਮੋ ਬਲਾਂ' ਪੈੱਨ ਦਾ ਨਵਾਂ ਐਡੀਸ਼ਨ ਸਭ ਤੋਂ ਪਹਿਲਾਂ ਖ਼ਰੀਦਣ ਵਾਲਿਆਂ ਵਿੱਚ ਜੇਤਲੀ ਸਭ ਤੋਂ ਅੱਗੇ ਸਨ।

Image copyright Getty Images

ਕਈ ਵਾਰ ਉਹ ਪੈਨ ਜਦੋਂ ਭਾਰਤ ਵਿੱਚ ਨਹੀਂ ਮਿਲਦੇ ਸਨ ਤਾਂ ਉਨ੍ਹਾਂ ਦੇ ਦੋਸਤ ਰਾਜੀਵ ਨਈਅਰ ਜੋ ਮਸ਼ਹੂਰ ਪੱਤਰਕਾਰ ਕੁਲਦੀਪ ਨਈਅਰ ਦੇ ਪੁੱਤਰ ਹਨ , ਉਹ ਵਿਦੇਸ਼ ਤੋਂ ਆਪਣੇ ਜਾਣਕਾਰਾਂ ਤੋਂ ਪੈੱਨ ਮੰਗਵਾਉਂਦੇ ਸਨ।

ਉਨ੍ਹਾਂ ਦਿਨੀਂ ਅਰੁਣ ਲੰਡਨ ਵਿੱਚ ਬਣੀਆਂ 'ਬੇਸਪੋਕ' ਕਮੀਜ਼ਾਂ ਅਤੇ ਹੱਥਾਂ ਨਾਲ ਬਣਾਏ 'ਜੌਨ ਲੌਬ' ਦੇ ਜੂਤੇ ਹੀ ਪਾਉਂਦੇ ਸਨ। ਉਹ ਹਮੇਸ਼ਾ 'ਜਿਆਫ਼ ਟਰੰਪਰ' ਦੀ ਸ਼ੇਵਿੰਗ ਕ੍ਰੀਮ ਅਤੇ ਬ੍ਰਸ਼ ਇਸਤੇਮਾਲ ਕਰਦੇ ਸਨ।

ਵਧੀਆ ਖਾਣੇ ਦੇ ਸ਼ੌਕੀਨ ਸਨ

ਅਰੁਣ ਜੇਤਲੀ ਵਧੀਆ ਖਾਣੇ ਦੇ ਹਮੇਸ਼ਾ ਸ਼ੌਕੀਨ ਰਹੇ ਸਨ। ਦਿੱਲੀ ਦੇ ਸਭ ਤੋਂ ਪੁਰਾਣੇ ਕਲੱਬਾਂ ਵਿਚੋਂ ਇੱਕ ਰੋਸ਼ਨਾਰਾ ਕਲੱਬ ਦਾ ਖਾਣਾ ਉਨ੍ਹਾਂ ਨੂੰ ਪਸੰਦ ਸੀ। ਕਨਾਟ ਪਲੇਸ ਦੇ ਮਸ਼ਹੂਰ 'ਕੁਆਲਿਟੀ' ਰੇਸਟੋਰੈਂਟ ਦੇ ਛੋਲੇ-ਭਟੂਰਿਆਂ ਦੇ ਤਾਂ ਉਹ ਤਾਉਮਰ ਮੁਰੀਦ ਰਹੇ।

Image copyright Getty Images

ਅਰੁਣ ਪੁਰਾਣੀ ਦਿੱਲੀ ਦੀਆਂ ਜਲੇਬੀਆਂ, ਕਚੌੜੀਆਂ ਅਤੇ ਰਬੜੀ ਫਾਲੂਦਾ ਖਾਂਦਿਆਂ ਵੱਡੇ ਹੋਏ ਸਨ ਪਰ ਜਿਵੇਂ ਹੀ ਇਹ ਪਤਾ ਲੱਗਾ ਕਿ ਉਨ੍ਹਾਂ ਨੂੰ ਡਾਇਬਾਟੀਜ਼ ਹੈ, ਉਨ੍ਹਾਂ ਦੇ ਸਾਰੇ ਸ਼ੌਂਕ ਅੱਧ ਵਿਚਾਲੇ ਰਹਿ ਗਏ ਅਤੇ ਉਨ੍ਹਾਂ ਦਾ ਖਾਣਾ ਸਿਰਫ਼ ਇੱਕ ਰੋਟੀ ਤੇ ਸ਼ਾਕਾਹਾਰੀ ਭੋਜਨ ਤੱਕ ਹੀ ਸੀਮਤ ਹੋ ਗਿਆ ਸੀ।

ਜਦੋਂ ਉਨ੍ਹਾਂ ਨੇ 2014 ਦਾ ਬਜਟ ਭਾਸ਼ਣ ਦਿੱਤਾ ਤਾਂ ਇਸ ਵਿਚਾਲੇ ਉਨ੍ਹਾਂ ਨੇ ਲੋਕ ਸਭਾ ਸਪੀਕਰ ਕੋਲੋਂ ਬੈਠ ਕੇ ਭਾਸ਼ਣ ਪੜ੍ਹਨ ਦੀ ਆਗਿਆ ਮੰਗੀ ਸੀ।

ਨਿਯਮ ਮੁਤਾਬਕ ਵਿੱਤ ਮੰਤਰੀ ਨੂੰ ਹਮੇਸ਼ਾ ਖੜ੍ਹੇ ਹੋ ਕੇ ਆਪਣਾ ਬਜਟ ਪੜ੍ਹਨਾ ਹੁੰਦਾ ਹੈ ਪਰ ਸੁਮਿਤਰਾ ਮਹਾਜਨ ਨੇ ਉਨ੍ਹਾਂ ਨੂੰ ਬੈਠ ਕੇ ਭਾਸ਼ਣ ਪੜ੍ਹਨ ਦੀ ਖ਼ਾਸ ਤੌਰ 'ਤੇ ਇਜਾਜ਼ਤ ਦੇ ਦਿੱਤੀ ਸੀ।

Image copyright Rstv

ਉਸ ਵੇਲੇ ਗੈਲਰੀ 'ਚ ਬੈਠੀ ਉਨ੍ਹਾਂ ਦੀ ਪਤਨੀ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਅਰੁਣ ਨਾਲ ਕੁਝ ਗੜਬੜ ਹੈ, ਕਿਉਂਕਿ ਉਹ ਵਾਰ-ਵਾਰ ਆਪਣੇ ਲੱਕ ਨੂੰ ਫੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ ਕਿਉਂਕਿ ਉੱਥੇ ਉਨ੍ਹਾਂ ਨੂੰ ਦਰਦ ਹੋ ਰਹੀ ਸੀ।

ਬੋਫੋਰਸ ਦੀ ਜਾਂਚ 'ਚ ਮਹੱਤਵਪੂਰਨ ਭੂਮਿਕਾ

1989 ਵਿੱਚ ਜਦੋਂ ਵੀਪੀ ਸਿੰਘ ਦੀ ਸਰਕਾਰ ਸੱਤਾ ਵਿੱਚ ਆਈ ਤਾਂ ਸਿਰਫ਼ 37 ਸਾਲ ਦੀ ਉਮਰ 'ਚ ਜੇਤਲੀ ਨੂੰ ਭਾਰਤ ਦਾ ਐਡੀਨਸ਼ਲ ਸਾਲਿਸਟਰ ਜਨਰਲ ਬਣਾਇਆ ਗਿਆ ਸੀ।

ਜਨਵਰੀ 1990 ਵਿੱਚ ਜੇਤਲੀ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀ ਭੂਰੇ ਲਾਲ ਅਤੇ ਸੀਬੀਆਈ ਦੇ ਡੀਆਈਜੀ ਐਮ.ਕੇ. ਮਾਧਵਨ ਨਾਲ ਬੋਫੋਰਸ ਮਾਮਲੇ ਦੀ ਜਾਂਚ ਕਰਨ ਲਈ ਕਈ ਵਾਰ ਸਵਿੱਟਜ਼ਰਲੈਂਡ ਅਤੇ ਸਵੀਡਨ ਗਏ ਪਰ ਅੱਠ ਮਹੀਨਿਆਂ ਬਾਅਦ ਵੀ ਉਨ੍ਹਾਂ ਦੇ ਹੱਥ ਕੋਈ ਠੋਸ ਸਬੂਤ ਨਹੀਂ ਲਗਿਆ।

ਉਦੋਂ ਇੱਕ ਸੰਸਦ ਮੈਂਬਰ ਨੇ ਟਿੱਚਰ ਕੀਤੀ ਸੀ ਕਿ ਜੇਤਲੀ ਦੀ ਟੀਮ ਜੇਕਰ ਇਸੇ ਤਰ੍ਹਾਂ ਵਿਦੇਸ਼ ਵਿੱਚ ਬੋਫੋਰਸ ਦੀ ਜਾਂਚ ਕਰਦੀ ਰਹੀ ਤਾਂ ਛੇਤੀ ਹੀ ਉਨ੍ਹਾਂ ਨੂੰ 'ਐਨਆਰਆਈ' ਦਾ ਦਰਜਾ ਮਿਲ ਜਾਵੇਗਾ।

ਜੈਨ ਹਵਾਲਾ ਕੇਸ ਵਿੱਚ ਡਵਾਨੀ ਦਾ ਬਚਾਅ

1991 ਦੀਆਂ ਲੋਕ ਸਭਾ ਚੋਣਾਂ ਵਿੱਚ ਜੇਤਲੀ ਨਵੀਂ ਦਿੱਲੀ ਸੰਸਦੀ ਖੇਤਰ ਤੋਂ ਲਾਲ ਕ੍ਰਿਸ਼ਣ ਅਡਵਾਨੀ ਦੇ ਚੋਣ ਏਜੰਟ ਸਨ।

Image copyright Getty Images

ਬਹੁਤ ਮਸ਼ੱਕਤ ਤੋਂ ਬਾਅਦ ਉਹ ਅਡਵਾਨੀ ਨੂੰ ਫਿਲਮ ਸਟਾਰ ਰਾਜੇਸ਼ ਖੰਨਾ ਦੇ ਖ਼ਿਲਾਫ਼ ਮਾਮੂਲੀ ਜਿਹੇ ਫਰਕ ਨਾਲ ਹੀ ਜਿੱਤ ਦਿਵਾ ਸਕੇ ਸਨ। ਹਾਂ, ਅਦਾਲਤਾਂ 'ਚ ਜ਼ਰੂਰ ਉਨ੍ਹਾਂ ਨੇ ਅਡਵਾਨੀ ਦੇ ਪੱਖ ਵਿੱਚ ਪਹਿਲਾਂ ਬਾਬਰੀ ਮਸਜਿਦ ਨੂੰ ਤੋੜੇ ਜਾਣ ਦਾ ਕੇਸ ਲੜਿਆ ਅਤੇ ਫਿਰ ਮਸ਼ਹੂਰ ਜੈਨ ਹਵਾਲਾ ਕੇਸ ਵਿੱਚ ਸਫ਼ਲਤਾ ਸਹਿਤ ਅਡਵਾਨੀ ਨੂੰ ਬਰੀ ਕਰਵਾਇਆ।

90 ਦੇ ਦਹਾਕੇ ਵਿੱਚ ਟੈਲੀਵਿਜ਼ਨ ਸਮਾਚਾਰਾਂ ਨੇ ਭਾਰਤੀ ਸਿਆਸਤ ਦੇ ਰੂਪ ਨੂੰ ਹੀ ਬਦਲ ਦਿੱਤਾ। ਜਿਵੇਂ-ਜਿਵੇਂ ਟੈਲੀਵਿਜ਼ਨ ਦਾ ਮਹੱਤਵ ਵਧਿਆ, ਭਾਰਤੀ ਸਿਆਸਤ ਵਿੱਚ ਅਰੁਣ ਜੇਤਲੀ ਦਾ ਕਦ ਵੀ ਵਧਿਆ।

ਸਾਲ 2000 ਵਿੱਚ 'ਏਸ਼ੀਆਵੀਕ' ਮੈਗ਼ਜ਼ੀਨ ਨੇ ਜੇਤਲੀ ਨੂੰ ਭਾਰਤ ਦੇ ਉਭਰਦੇ ਹੋਏ ਨੌਜਵਾਨ ਨੇਤਾਵਾਂ ਦੀ ਸੂਚੀ ਵਿੱਚ ਰੱਖਿਆ। ਮੈਗ਼ਜ਼ੀਨ ਨੇ ਉਨ੍ਹਾਂ ਨੂੰ ਭਾਰਤ ਦਾ ਆਧੁਨਿਕ ਚਿਹਰਾ ਦੱਸਿਆ ਜਿਸ ਦਾ ਅਕਸ ਬਿਲਕੁਲ ਸਾਫ਼ ਸੀ।

ਨਰਿੰਦਰ ਮੋਦੀ ਨਾਲ ਦੋਸਤੀ

1999 ’ਚ ਜੇਤਲੀ ਨੂੰ ਅਸ਼ੋਕ ਰੋਡ ਦੇ ਪਾਰਟੀ ਹੈੱਡਕੁਆਟਰ ਦੇ ਨੇੜੇ ਸਰਕਾਰੀ ਬੰਗਲਾ ਅਲਾਟ ਕੀਤਾ ਗਿਆ।

ਉਨ੍ਹਾਂ ਨੇ ਆਪਣਾ ਘਰ ਭਾਜਪਾ ਆਗੂਆਂ ਨੂੰ ਦੇ ਦਿੱਤਾ ਤਾਂ ਜੋ ਪਾਰਟੀ ਦੇ ਜਿਨ੍ਹਾਂ ਆਗੂਆਂ ਨੂੰ ਰਾਜਧਾਨੀ 'ਚ ਮਕਾਨ ਨਾ ਮਿਲ ਸਕੇ, ਉਨ੍ਹਾਂ ਦੇ ਸਿਰ 'ਤੇ ਇੱਕ ਛੱਤ ਹੋਵੇ।

ਇਸੇ ਘਰ ਵਿੱਚ ਕ੍ਰਿਕਟਰ ਵਿਰੇਂਦਰ ਸਹਿਵਾਗ ਦਾ ਵਿਆਹ ਹੋਇਆ ਅਤੇ ਵਿਰੇਂਦਰ ਕਪੂਰ, ਸ਼ੇਖਰ ਗੁਪਤਾ ਅਤੇ ਚੰਦਨ ਮਿਤਰਾ ਦੇ ਬੱਚਿਆਂ ਦਾ ਵੀ ਵਿਆਹ ਹੋਇਆ।

Image copyright Getty Images

ਇਸ ਦੌਰਾਨ ਜਿਸ ਸੰਬੰਧ ਨੂੰ ਜੇਤਲੀ ਨੇ ਸਭ ਤੋਂ ਵੱਧ ਤਰਜੀਹ ਦਿੱਤੀ, ਉਹ ਸੀ ਗੁਜਰਾਤ ਦੇ ਆਗੂ ਨਰਿੰਦਰ ਮੋਦੀ ਨਾਲ ਜਿਸ ਦਾ ਬਾਅਦ 'ਚ ਉਨ੍ਹਾਂ ਨੂੰ ਬਹੁਤ ਲਾਭ ਵੀ ਮਿਲਿਆ।

1995 ਵਿੱਚ ਜਦੋਂ ਗੁਜਰਾਤ 'ਚ ਭਾਜਪਾ ਸੱਤਾ ਵਿੱਚ ਆਈ ਅਤੇ ਨਰਿੰਦਰ ਮੋਦੀ ਨੂੰ ਦਿੱਲੀ ਭੇਜ ਦਿੱਤਾ ਗਿਆ ਤਾਂ ਜੇਤਲੀ ਨੇ ਉਨ੍ਹਾਂ ਹੱਥੋਂ - ਹੱਥੀ ਲਿਆ। ਉਸ ਸਮੇਂ ਦੇ ਪੱਤਰਕਾਰਾਂ ਦਾ ਕਹਿਣਾ ਹੈ ਕਿ ਉਸ ਜ਼ਮਾਨੇ 'ਚ ਮੋਦੀ ਅਕਸਰ ਜੇਤਲੀ ਦੇ ਕੈਲਾਸ਼ ਕਾਲੌਨੀ ਵਾਲੇ ਘਰ ਵਿੱਚ ਦੇਖੇ ਜਾਂਦੇ ਸਨ।

ਭਾਜਪਾ 'ਚ ਹਮੇਸ਼ਾ ਮਿਸਫ਼ਿਟ ਰਹੇ

ਜੇਤਲੀ ਦੀ ਜ਼ਿੰਦਗੀ ਦਾ ਮੂਲ ਮੰਤਰ ਸੀ 'ਚੰਗਾ ਖਾਣਾ ਤੇ ਚੰਗਾ ਪਾਉਣਾ' ਭਾਵ ਚੰਗਾ ਖਾਣਾ ਅਤੇ ਚੰਗੇ ਕੱਪੜੇ ਪਹਿਨਣੇ।

ਉਨ੍ਹਾਂ ਲਈ ਇਸ ਗੱਲ ਦੇ ਬਹੁਤ ਮਾਅਨੇ ਸਨ ਕਿ ਤੁਸੀਂ ਕਿਸ ਤਰ੍ਹਾਂ ਗੱਲ ਕਰਦੇ ਹੋ, ਕਿਸ ਤਰ੍ਹਾਂ ਦੇ ਕੱਪੜੇ ਪਹਿਨਦੇ ਹੋ, ਕਿੱਥੇ ਰਹਿੰਦੇ ਹੋ ਅਤੇ ਕਿਸ ਤਰ੍ਹਾਂ ਦੀ ਗੱਡੀ 'ਚ ਸਫ਼ਰ ਕਰਦੇ ਹੋ।

ਕਈ ਲੋਕ ਜਿਨ੍ਹਾਂ 'ਚ ਭਾਰਤੀ ਜਨਤਾ ਪਾਰਟੀ ਦੇ ਇੱਕ ਸਾਬਕਾ ਜਨਰਲ ਸਕੱਤਰ ਵੀ ਸ਼ਾਮਿਲ ਹਨ, ਦਾ ਕਹਿਣਾ ਹੈ ਕਿ ਕਿ ਜੇਤਲੀ ਭਾਜਪਾ ਦੇ ਪ੍ਰਧਾਨ ਕਦੇ ਨਹੀਂ ਬਣ ਸਕੇ ਕਿਉਂਕਿ ਉਨ੍ਹਾਂ ਦੇ ਨਾਲ 'ਅਲੀਟ' ਹੋਣ ਦਾ ਟੈਗ ਹਮੇਸ਼ਾ ਲੱਗਿਆ ਰਿਹਾ।

ਇਸਦਾ ਉਨ੍ਹਾਂ ਨੂੰ ਸਿਆਸੀ ਨੁਕਸਾਨ ਵੀ ਹੋਇਆ। ਉਨ੍ਹਾਂ ਦਾ ਇਸ ਤਰ੍ਹਾਂ ਦਾ ਅਕਸ ਉਨ੍ਹਾਂ ਦੀ ਪਾਰਟੀ ਦੇ ਪੁਰਾਤਨਪੰਥੀ ਅਤੇ 'ਹਾਰਡਲਾਈਨ' ਅਕਸ ਨਾਲ ਕਦੇ ਤਾਲਮੇਲ ਨਹੀਂ ਬਿਠਾ ਸਕਿਆ ਅਤੇ ਉਨ੍ਹਾਂ ਨੂੰ ਪਾਰਟੀ 'ਚ ਹਮੇਸ਼ਾ ਸ਼ੱਕ ਦੀ ਨਿਗਾਹ ਨਾਲ ਦੇਖਿਆ ਗਿਆ।

ਉਹ ਆਰਐੱਸਐੱਸ ਦੇ 'ਇਨਸਾਈਡਰ' ਕਦੇ ਨਹੀਂ ਬਣੇ। ਸਾਲ 2011 'ਚ 'ਦਿ ਹਿੰਦੂ' ਅਖ਼ਬਾਰ ਨੇ 'ਵਿਕੀਲੀਕਸ' ਦੇ ਹਵਾਲੇ ਨਾਲ ਇਹ ਕਿਹਾ ਕਿ ਅਮਰੀਕੀ ਕੂਟਨੀਤਿਕ ਅਧਿਕਾਰੀ ਆਪਸ ਵਿੱਚ ਗੱਲ ਕਰਦਿਆਂ ਇਹ ਕਹਿੰਦੇ ਸਨ ਕਿ ਜੇਤਲੀ ਹਿੰਦੁਤਵ ਦੇ ਮੁੱਦੇ ਨੂੰ ਮੌਕਾਪ੍ਰਸਤੀ ਮੰਨਦੇ ਸਨ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਇਸ ਗੱਲ ਨੂੰ ਰੱਦ ਕੀਤਾ।

Image copyright Getty Images

ਪਰ ਇਸਦਾ ਦੂਜਾ ਪਹਿਲੂ ਵੀ ਹੈ। ਜੇਤਲੀ ਦੇ ਪੁਰਾਣੇ ਦੋਸਤ ਸਵਪਨ ਦਾਸਗੁਪਤਾ ਕਹਿੰਦੇ ਹਨ ਕਿ ਜੇਤਲੀ ਨੇ 'ਇਮੇਜ' ਸਮੱਸਿਆ ਨਾਲ ਜੂਝ ਰਹੀ ਭਾਜਪਾ ਨੂੰ ਉੱਭਰਦੇ ਹੋਏ ਮੱਧ ਵਰਗ ਦੀ ਸਵੀਕਾਰਤਾ ਦੁਆਈ।

ਜੇਤਲੀ ਦੇ ਬਾਰੇ ਹਮੇਸ਼ਾ ਕਿਹਾ ਜਾਂਦਾ ਰਿਹਾ ਹੈ ਕਿ 'ਉਹ ਗ਼ਲਤ ਪਾਰਟੀ 'ਚ ਸਹੀ ਵਿਅਕਤੀ ਹਨ' ਪਰ ਜੇਤਲੀ ਨੂੰ ਆਪਣੀ ਇਹ ਵਿਆਖਿਆ ਕਦੇ ਪਸੰਦ ਨਹੀਂ ਆਈ।

ਬਹੁਤੇ ਚਾਹੁਣ ਵਾਲੇ ਨਾ ਹੋਣ ਦਾ ਨੁਕਸਾਨ

ਅਰੁਣ ਜੇਤਲੀ ਹਮੇਸ਼ਾ ਰਾਜਸਭਾ ਤੋਂ ਚੁਣ ਕੇ ਸੰਸਦ ਵਿੱਚ ਪਹੁੰਚੇ। ਬਹੁਤ ਚੰਗੇ ਬੁਲਾਰੇ ਹੋਣ ਦੇ ਬਾਵਜੂਦ ਬਹੁਤੇ ਚਾਹੁਣ ਵਾਲੇ ਨਾ ਹੋਣ ਕਰਕੇ ਜੇਤਲੀ ਉਨ੍ਹਾਂ ਸਿੱਖਰਾਂ ਤੱਕ ਨਹੀਂ ਪਹੁੰਚ ਸਕੇ ਜਿਸ ਦੀ ਉਨ੍ਹਾਂ ਤੋਂ ਉਮੀਦ ਸੀ।

ਸੰਸਦ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਇੰਨਾ ਚੰਗਾ ਸੀ ਕਿ ਭਾਜਪਾ ਦੇ ਅਦਰੂਨੀ ਹਲਕਿਆਂ ਵਿੱਚ ਉਨ੍ਹਾਂ ਨੂੰ ਭਵਿੱਖ ਦੇ ਪ੍ਰਧਾਨ ਮੰਤਰੀ ਤੱਕ ਕਿਹਾ ਜਾਂਦਾ ਸੀ। ਜੁਲਾਈ 2005 ਵਿੱਚ ਅਰੁਣ ਜੇਤਲੀ ਪਹਿਲੀ ਵਾਰ ਗੰਭੀਰ ਰੂਪ 'ਚ ਬਿਮਾਰ ਪਏ ਅਤੇ ਉਨ੍ਹਾਂ ਦੀ ਟ੍ਰਿਪਲ ਬਾਈਪਾਸ ਸਰਜਰੀ ਹੋਈ।

Image copyright Getty Images

ਜਦੋਂ ਦਸੰਬਰ ਵਿੱਚ ਲਾਲ ਕ੍ਰਿਸ਼ਣ ਅਡਵਾਣੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਤਾਂ ਜੇਤਲੀ ਨੇ ਕਿਆਸ ਲਗਾਇਆ ਕਿ ਹੁਣ ਉਨ੍ਹਾਂ ਦੀ ਵਾਰੀ ਆਵੇਗੀ।

ਕੁਝ ਸਾਲ ਪਹਿਲਾਂ ਉਨ੍ਹਾਂ ਦੇ ਸਮਕਾਲੀ ਵੈਂਕੇਆ ਨਾਇਡੂ ਇਹ ਅਹੁਦਾ ਸੰਭਾਲ ਚੁੱਕੇ ਸਨ ਪਰ ਜੇਤਲੀ ਨੂੰ ਨਿਰਾਸ਼ ਹੋਣਾ ਪਿਆ। ਉਨ੍ਹਾਂ ਦੀ ਥਾਂ ਭਾਜਪਾ ਨੇ ਉੱਤਰ ਪ੍ਰਦੇਸ਼ ਦੇ ਠਾਕੁਰ ਨੇਤਾ ਰਾਜਨਾਥ ਸਿੰਘ ਨੂੰ ਪਾਰਟੀ ਦੀ ਅਗਵਾਈ ਸੌਂਪੀ।

ਸਰਕਾਰੀ ਗੈਸਟ ਹਾਊਸ ਦਾ ਕਿਰਾਇਆ ਆਪਣੀ ਜੇਬ ਤੋਂ

ਅਰੁਣ ਜੇਤਲੀ ਜਦੋਂ ਵਾਜਪਾਈ ਮੰਤਰੀ ਮੰਡਲ 'ਚ ਮੰਤਰੀ ਬਣੇ ਤਾਂ ਉਹ ਆਪਣੇ ਕੁਝ ਦੋਸਤਾਂ ਦੇ ਨਾਲ ਨੈਨੀਤਾਲ ਗਏ ਜਿੱਥੇ ਉਨ੍ਹਾਂ ਨੂੰ ਰਾਜ ਭਵਨ ਦੇ ਗੈਸਟ ਹਾਊਸ 'ਚ ਠਹਿਰਾਇਆ ਗਿਆ।

ਉਨ੍ਹਾਂ ਦੇ ਦੋਸਤ ਸੁਹੇਲ ਸੇਠ ਨੇ 'ਓਪਨ' ਮੈਗਜ਼ੀਨ 'ਚ ਇੱਕ ਲੇਖ ਲਿਖਿਆ - 'ਮਾਈ ਫ੍ਰੈਂਡ ਅਰੁਣ ਜੇਤਲੀ।' ਇਸ 'ਚ ਉਨ੍ਹਾਂ ਲਿਖਿਆ ਕਿ 'ਚੇਕ ਆਊਟ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਸਾਰੇ ਕਮਰਿਆਂ ਦਾ ਕਿਰਾਇਆ ਆਪਣੀ ਜੇਬ ਤੋਂ ਦਿੱਤਾ। ਉੱਥੋਂ ਦੇ ਕਰਮਚਾਰੀਆਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਪਹਿਲੇ ਕਿਸੇ ਕੇਂਦਰੀ ਮੰਤਰੀ ਨੂੰ ਇਸ ਤਰ੍ਹਾਂ ਆਪਣਾ ਬਿਲ ਦਿੰਦੇ ਨਹੀਂ ਦੇਖਿਆ।'

Image copyright Getty Images

ਸੁਹੇਲ ਸੇਠ ਦਾ ਕਹਿਣਾ ਹੈ ਕਿ ਕਈ ਵਾਰ ਲੰਡਨ ਜਾਣ 'ਤੇ ਉੱਥੋਂ ਦੇ ਚੋਟੀ ਦੇ ਕਾਰੋਬਾਰੀ ਉਨ੍ਹਾਂ ਲਈ ਹਵਾਈ ਅੱਡੇ 'ਤੇ ਵੱਡੀਆਂ-ਵੱਡੀਆਂ ਗੱਡੀਆਂ ਭੇਜਦੇ ਸਨ, ਪਰ ਅਰੁਣ ਹਮੇਸ਼ਾ ਹੀਥਰੋ ਹਵਾਈ ਅੱਡੇ ਤੋਂ ਲੰਡਨ ਆਉਣ ਲਈ 'ਟਿਊਬ' (ਜ਼ਮੀਨ ਦੇ ਹੇਠਾਂ ਚੱਲਣ ਵਾਲੀ ਰੇਲ) ਦੀ ਵਰਤੋਂ ਕਰਦੇ ਸਨ।

ਬਹੁਤੇ ਲੋਕ ਅਜਿਹਾ ਉਦੋਂ ਕਰਦੇ ਹਨ ਜਦੋਂ ਲੋਕ ਉਨ੍ਹਾਂ ਨੂੰ ਦੇਖ ਰਹੇ ਹੋਣ, ਪਰ ਅਰੁਣ ਉਦੋਂ ਵੀ ਅਜਿਹਾ ਕਰਦੇ ਸੀ ਜਦੋਂ ਉਨ੍ਹਾਂ ਨੂੰ ਕੋਈ ਨਹੀਂ ਦੇਖ ਰਿਹਾ ਹੁੰਦਾ ਸੀ।

ਯਾਰਾਂ ਦੇ ਯਾਰ

ਅਰੁਣ ਦੇ ਘਰ ਵਿੱਚ ਇੱਕ ਕਮਰਾ ਹੁੰਦਾ ਸੀ ਜਿਸ ਨੂੰ 'ਜੇਤਲੀ ਡੇਨ' ਕਿਹਾ ਜਾਂਦਾ ਸੀ, ਜਿੱਥੇ ਉਹ ਆਪਣੇ ਖ਼ਾਸ ਦੋਸਤਾਂ ਨੂੰ ਮਿਲਦੇ ਸਨ ਜੋ ਵੱਖੋ-ਵੱਖ ਵਪਾਰ ਅਤੇ ਦਲਾਂ ਤੋਂ ਆਉਂਦੇ ਸਨ।

ਅਕਸਰ ਜਿਹੜੇ ਲੋਕ ਉੱਥੇ ਦੇਖੇ ਜਾਂਦੇ ਸਨ, ਉਨ੍ਹਾਂ ਵਿੱਚ ਸੁਹੇਲ ਸੇਠ, ਵਕੀਲ ਰੇਯਾਨ ਕਰੰਜਾਵਾਲਾ ਅਤੇ ਰਾਜੀਵ ਨਈਅਰ, ਹਿੰਦੁਸਤਾਨ ਟਾਈਮਜ਼ ਦੀ ਮਾਲਕਿਨ ਸ਼ੋਭਨਾ ਭਾਰਤੀਯਾ ਅਤੇ ਕਾਂਗਰਸ ਦੇ ਨੇਤਾ ਜਯੋਤਿਰਾਦਿਤਿਆ ਸਿੰਧਿਆ।

2014 'ਚ ਮੋਦੀ 'ਤੇ ਲਗਾਇਆ ਦਾਅ

ਵਾਜਪਾਈ ਦੇ ਜ਼ਮਾਨੇ 'ਚ ਜੇਤਲੀ ਨੂੰ ਹਮੇਸ਼ਾ ਅਡਵਾਣੀ ਦਾ ਆਦਮੀ ਸਮਝਿਆ ਜਾਂਦਾ ਸੀ ਪਰ 2013 ਆਉਂਦੇ-ਆਉਂਦੇ ਉਹ ਆਡਵਾਣੀ ਕੈਂਪ ਛੱਡ ਕੇ ਪੂਰੀ ਤਰ੍ਹਾਂ ਨਰਿੰਦਰ ਮੋਦੀ ਕੈਂਪ ਵਿੱਚ ਆ ਚੁੱਕੇ ਸਨ।

2002 'ਚ ਗੁਜਰਾਤ ਦੰਗਿਆਂ ਤੋਂ ਬਾਅਦ ਜਦੋਂ ਵਾਜਪਾਈ ਨੇ ਮੋਦੀ ਨੇ 'ਰਾਜ ਧਰਮ' ਦੀ ਨਸੀਹਤ ਦਿੱਤੀ ਸੀ ਤਾਂ ਜੇਤਲੀ ਨੇ ਨਾ ਸਿਰਫ਼ ਮੋਦੀ ਦਾ ਨੈਤਿਕ ਸਮਰਥਨ ਕੀਤਾ ਸੀ ਸਗੋਂ ਉਨ੍ਹਾਂ ਦੇ ਅਹੁਦੇ 'ਤੇ ਬਣੇ ਰਹਿਣ 'ਚ ਵੀ ਅਹਿਮ ਭੂਮਿਕਾ ਨਿਭਾਈ ਸੀ। ਗੁਜਰਾਤ ਦੰਗਾ ਕੇਸ ਵਿੱਚ ਵੀ ਉਨ੍ਹਾਂ ਨੇ ਅਦਾਲਤ 'ਚ ਮੋਦੀ ਤਰਫ਼ੋ ਵਕਾਲਤ ਕੀਤੀ ਸੀ।

Image copyright Getty Images

2014 'ਚ ਅੰਮ੍ਰਿਤਸਰ ਤੋਂ ਲੋਕਸਭਾ ਚੋਣ ਹਾਰਣ ਤੋਂ ਬਾਅਦ ਵੀ ਨਰਿੰਦਰ ਮੋਦੀ ਨੇ ਨਾ ਸਿਰਫ਼ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਰੱਖਿਆ, ਸਗੋਂ ਉਨ੍ਹਾਂ ਨੂੰ ਵਿੱਤ ਅਤੇ ਰੱਖਿਆ ਵਰਗੋ ਦੋ ਵੱਡੇ ਮੰਤਰਾਲਿਆਂ ਦੀ ਜ਼ਿੰਮੇਵਾਰੀ ਵੀ ਦਿੱਤੀ।

ਉਨ੍ਹਾਂ ਦੇ ਵਿੱਤ ਮੰਤਰੀ ਰਹਿੰਦੇ ਹੀ ਨਰਿੰਦਰ ਮੋਦੀ ਨੇ ਨੋਟਬੰਦੀ ਅਤੇ ਜੀਐੱਸਟੀ ਲਾਗੂ ਕਰਨ ਦਾ ਵੱਡਾ ਫ਼ੈਸਲਾ ਲਿਆ ਸੀ। ਪਿਛਲੇ ਸਾਲ ਜੇਤਲੀ ਦੇ ਗੁਰਦਿਆਂ ਦਾ ਟਰਾਂਸਪਲਾਂਟ ਹੋਇਆ ਸੀ। ਖ਼ਰਾਬ ਸਿਹਤ ਕਾਰਨ ਹੀ ਉਨ੍ਹਾਂ ਨੇ 2019 ਦੀ ਚੋਣ ਨਹੀਂ ਲੜੀ। ਉਨ੍ਹਾਂ ਨੇ ਖ਼ੁਦ ਹੀ ਐਲਾਨ ਕੀਤਾ ਕਿ ਉਹ ਨਰਿੰਦਰ ਮੋਦੀ ਟੀਮ ਦੇ ਮੈਂਬਰ ਨਹੀਂ ਹੋਣਾ ਚਾਹੁਣਗੇ।

ਇਸ ਸਮੇਂ ਅਮਿਤ ਸ਼ਾਹ ਨੂੰ ਨਰਿੰਦਰ ਮੋਦੀ ਦੇ ਸਭ ਤੋਂ ਨੇੜੇ ਮੰਨਿਆ ਜਾਂਦਾ ਹੈ ਪਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਭਾਜਪਾ ਦੀ ਕੇਂਦਰੀ ਅਗਵਾਈ ਵਿੱਚ ਮੋਦੀ ਦੇ ਸਭ ਤੋਂ ਖ਼ਾਸਮਖ਼ਾਸ ਹੁੰਦੇ ਸਨ - ਅਰੁਣ ਜੇਤਲੀ।

ਇਹ ਵੀਡੀਓਜ਼ ਤੁਸੀਂ ਵੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)