ਪੰਜਾਬ ਨੂੰ ਛੱਡ, ਕੇਂਦਰ ਸਰਕਾਰ ਦੀ ਟੀਮ ਹੜ੍ਹ ਪ੍ਰਭਾਵਿਤ ਸੂਬਿਆਂ ਦਾ ਦੌਰਾ ਕਰੇਗੀ, ਕੈਪਟਨ ਅਮਰਿੰਦਰ ਨੇ ਜਤਾਈ ਹੈਰਾਨੀ

ਕੈਪਟਨ Image copyright Getty Images

ਹੜ੍ਹ ਪ੍ਰਭਾਵਿਤ ਸੂਬਿਆਂ ਦਾ ਦੌਰਾ ਕਰਨ ਲਈ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਟੀਮ ਵਿੱਚ ਪੰਜਾਬ ਦਾ ਨਾਮ ਨਾ ਹੋਣ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੈਰਾਨੀ ਪ੍ਰਗਟੀ ਕੀਤੀ ਹੈ।

ਉਨ੍ਹਾਂ ਨੇ ਟਵੀਟ ਕਰ ਕੇ ਹੈਰਾਨੀ ਜ਼ਾਹਿਰ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਸੈਂਟਰਲ ਟੀਮ ਨੂੰ ਨਿਰਦੇਸ਼ ਦਿੱਤੇ ਜਾਣ ਕਿ ਉਹ ਪੰਜਾਬ ਦਾ ਦੌਰਾ ਵੀ ਕਰੇ, ਜਿੱਥੇ ਹੜ੍ਹ ਕਾਰਨ ਕਾਫੀ ਨੁਕਸਾਨ ਹੋਇਆ ਹੈ।

ਦਰਅਸਲ ਕੇਂਦਰ ਸਰਕਾਰ ਵੱਲੋਂ ਇੰਟਰ-ਮਿਨੀਸਟਰੀਅਲ ਸੈਂਟ੍ਰਲ ਟੀਮ ਬਣਾਈ ਗਈ ਹੈ। ਜੋ ਹੜ੍ਹ ਪ੍ਰਭਾਵਿਤ ਸੂਬਿਆਂ ਦਾ ਦੌਰਾ ਕਰੇਗੀ।

ਗ੍ਰਹਿ ਮੰਤਰਾਲੇ ਵੱਲੋਂ ਇਸ ਸਬੰਧੀ ਇੱਕ ਪ੍ਰੈੱਸ ਰਿਲੀਜ਼ ਜਾਰੀ ਕੀਤੀ ਹੈ। ਉਸ ਵਿੱਚ ਦੱਸਿਆ ਗਿਆ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 19 ਅਗਸਤ ਨੂੰ ਹਾਈ ਲੈਵਲ ਕਮੇਟੀ ਬਣਾਈ ਗਈ ਹੈ।

ਇਹ ਟੀਮ ਅਸਮ, ਮੇਘਾਲਿਆ, ਤ੍ਰਿਪੁਰਾ, ਬਿਹਾਰ, ਉਤਰਾਖੰਡ, ਹਿਮਾਚਲ ਪ੍ਰਦੇਸ਼, ਗੁਜਰਾਤ, ਰਾਜਸਥਾਨ, ਮਹਾਰਾਸ਼ਟਰਾ, ਕਰਨਾਟਕ ਅਤੇ ਕੇਰਲ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇਗੀ।

ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਤੋਂ ਪਹਿਲਾਂ ਅਜਿਹੀ ਕਮੇਟੀ ਪ੍ਰਭਾਵਿਤ ਸੂਬੇ ਵੱਲੋਂ ਮੈਮੋਰੈਂਡਮ ਮਿਲਣ ’ਤੇ ਹੀ ਦੌਰਾ ਕਰਦੀ ਸੀ। ਗ੍ਰਹਿ ਮੰਤਰਾਲੇ ਵੱਲੋਂ ਅੱਗੇ ਕਿਹਾ ਗਿਆ ਹੈ ਕਿ ਜਦੋਂ ਹੜ੍ਹ ਨਾਲ ਹੋਏ ਨੁਕਸਾਨ ਦੇ ਵੇਰਵੇ ਬਾਰੇ ਮੈਂਮੋਰੈਂਡਮ ਮਿਲ ਜਾਣਗੇ ਤਾਂ ਟੀਮ ਵੱਲੋਂ ਮੁੜ ਤੋਂ ਉਨ੍ਹਾਂ ਸੂਬਿਆਂ ਦਾ ਦੌਰਾ ਕੀਤਾ ਜਾਵੇਗਾ।

ਉਸ ਦੌਰੇ ਤੋਂ ਬਾਅਦ ਹੀ ਟੀਮ ਵੱਲੋਂ ਸਰਕਾਰ ਨੂੰ ਸਿਫਾਰਿਸ਼ਾਂ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ-

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਪੰਜਾਬ ਵਿੱਚ ਹੜ੍ਹ: ‘ਸਾਨੂੰ ਸਾਰੇ ਪਾਸਿਓਂ ਪਾਣੀ ਨੇ ਘੇਰ ਲਿਆ ਸੀ’

ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੜ੍ਹ ਕਾਰਨ ਸੂਬੇ 'ਚ ਹੋਏ ਨੁਕਸਾਨ ਦੇ ਮੱਦੇਨਜ਼ਰ ਬੁੱਧਵਾਰ ਨੂੰ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ 1000 ਕਰੋੜ ਰੁਪਏ ਦਾ ਵਿਸ਼ੇਸ਼ ਹੜ੍ਹ ਰਾਹਤ ਪੈਕੇਜ ਦੀ ਮੰਗ ਕੀਤੀ ਸੀ।

ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਲਿਖਿਆ, "ਸੂਬੇ ਵਿੱਚ ਆਏ ਹੜ੍ਹ ਕਾਰਨ ਹੋਏ ਨੁਕਸਾਨ ਨਾਲ ਪ੍ਰਭਾਵਿਤ ਕਿਸਾਨਾਂ ਦਾ ਕਰਜ਼ ਮੁਆਫ਼ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਜਾਣ।"

ਹੜ੍ਹ ਦੀ ਮਾਰ ਹੇਠ ਪੰਜਾਬ

ਪੰਜਾਬ ਦੇ ਦੁਆਬਾ, ਮਾਝਾ ਅਤੇ ਪੁਆਧ ਦੇ ਇਲਾਕੇ ਹੜ੍ਹ ਕਾਰਨ ਪ੍ਰਭਾਵਿਤ ਹੋਏ ਹਨ। ਜਲੰਧਰ ਦੇ ਹੀ ਕਰੀਬ 81 ਪਿੰਡਾਂ ਵਿੱਚ ਹੜ੍ਹ ਦਾ ਪਾਣੀ ਆਉਣ ਕਰਕੇ ਲੋਕਾਂ ਨੂੰ ਪਿੰਡ ਖਾਲੀ ਕਰਨੇ ਪਏ।

ਪਿਛਲੇ ਦਿਨੀਂ ਭਾਰੀ ਬਰਸਾਤ ਕਾਰਨ ਗੋਵਿੰਦ ਸਾਗਰ ਵਿੱਚ ਪਾਣੀ ਭਰਨ ਕਰਕੇ ਭਾਖੜਾ ਤੋਂ ਪਾਣੀ ਛੱਡਿਆ ਗਿਆ।

ਇਸ ਦੌਰਾਨ ਕਈ ਪਿੰਡਾਂ ਵਿੱਚ ਪਾਣੀ ਭਰ ਗਿਆ ਅਤੇ ਲੋਕਾਂ ਨੂੰ ਐਨਡੀਆਰਐਫ ਅਤੇ ਫੌਜ ਦੇ ਜਵਾਨਾਂ ਵੱਲੋਂ ਬਾਹਰ ਕੱਢਿਆ ਗਿਆ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)