ਕਰਤਾਰਪੁਰ ਲਾਂਘੇ ਦਾ ਕੰਮ ਰੋਕ ਦਿੱਤਾ ਜਾਵੇ: ਸੁਬਰਾਮਨੀਅਮ ਸਵਾਮੀ - 5 ਅਹਿਮ ਖ਼ਬਰਾਂ

ਸੁਬ੍ਰਮਨੀਅਮ ਸਵਾਮੀ Image copyright Getty Images

ਭਾਜਪਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਕਿਹਾ ਹੈ ਕਿ ਰਾਸ਼ਟਰੀ ਹਿੱਤ ਵਿੱਚ ਕਰਤਾਰਪੁਰ ਲਾਂਘੇ ਦਾ ਕੰਮ ਰੋਕ ਦਿੱਤਾ ਜਾਵੇ ਅਤੇ ਪਾਕਿਸਤਾਨ ਨਾਲ ਕੋਈ ਗੱਲਬਾਤ ਨਾ ਕੀਤੀ ਜਾਵੇ।

'ਦਿ ਟ੍ਰਿਬਿਊਨ' ਮੁਤਾਬਕ ਸਵਾਮੀ ਨੇ ਚੰਡੀਗੜ੍ਹ ਵਿੱਚ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਹੋਣੀ ਚਾਹੀਦੀ ਅਤੇ ਕਰਤਾਰਪੁਰ ਲਾਂਘਾ ਬਣਾਉਣਾ ਵੀ ਇਸ ਵਿੱਚ ਸ਼ਾਮਲ ਹੈ।

ਉਨ੍ਹਾਂ ਨੇ ਕਿਹਾ, "ਸਿੱਖ ਭਾਈਚਾਰਾ ਦੇਸ ਦਾ ਅਟੁੱਟ ਹਿੱਸਾ ਹੈ। ਮੈਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਦਾ ਹਾਂ। ਪਰ ਸਿੱਖਾਂ ਨੂੰ ਸਮਝਣਾ ਚਾਹੀਦਾ ਹੈ ਕਿ ਪਾਕਿਸਤਾਨ ਦੇ ਇਰਾਦੇ ਸਹੀ ਨਹੀਂ ਹਨ ਅਤੇ ਇੰਨਾਂ ਨੂੰ ਸਹੀ ਕਰਨ ਦੀ ਲੋੜ ਹੈ।"

ਭਾਰਤ-ਸ਼ਾਸਿਤ ਜੰਮੂ-ਕਸ਼ਮੀਰ ਨੂੰ ਧਾਰਾ 370 ਤਹਿਤ ਮਿਲੇ ਵਿਸ਼ੇਸ਼ ਅਧਿਕਾਰ ਖ਼ਤਮ ਕੀਤੇ ਜਾਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵੱਧ ਗਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਉਮੀਦ ਜਤਾਈ ਸੀ ਕਿ ਇਸ ਕਾਰਨ ਕਰਤਾਰਪੁਰ ਲਾਂਘੇ ਦਾ ਕੰਮ ਰੋਕਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ:-

ਸ਼੍ਰੀਨਗਰ ਏਅਰਪੋਰਟ ਤੋਂ ਵਾਪਸ ਭੇਜੇ ਗਏ ਰਾਹੁਲ ਗਾਂਧੀ

Image copyright ANI

ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਅਤੇ ਵਿਰੋਧੀ ਧਿਰ ਦੇ ਕਈ ਆਗੂਆਂ ਦਾ ਇੱਕ ਵਫ਼ਦ ਸ਼ਨੀਵਾਰ ਨੂੰ ਭਾਰਤ -ਸ਼ਾਸਿਤ ਕਸ਼ਮੀਰ ਦੇ ਸ੍ਰੀਨਗਰ ਪਹੁੰਚਿਆ ਪਰ ਇਨ੍ਹਾਂ ਆਗੂਆਂ ਨੂੰ ਏਅਰਪੋਰਟ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ।

ਰਾਹੁਲ ਗਾਂਧੀ ਦੇ ਇਸ ਦੌਰੇ ਤੋਂ ਪਹਿਲਾਂ ਜੰਮੂ-ਕਸ਼ਮੀਰ ਪ੍ਰਸ਼ਾਸਨ ਦਾ ਇਹ ਬਿਆਨ ਆਇਆ ਸੀ ਕਿ ਇਹ ਨੇਤਾ ਕਸ਼ਮੀਰ ਨਾ ਆਉਣ ਤੇ ਸਹਿਯੋਗ ਕਰਨ।

ਵਿਰੋਧੀ ਧਿਰ ਦੇ ਵਫਦ ਵਿੱਚ ਰਾਹੁਲ ਗਾਂਧੀ ਤੋਂ ਇਲਾਵਾ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦਾ, ਆਨੰਦ ਸ਼ਰਮਾ, ਕੇਸੀ ਵੇਣੂਗੋਪਾਲ, ਸੀਪੀਏਐੱਮ ਦੇ ਸੀਤਾਰਾਮ ਯੇਚੁਰੀ, ਡੀਐੱਮਕੇ ਆਗੂ ਤਿਰੂਚੀ ਸ਼ਿਵਾ, ਸ਼ਰਦ ਯਾਦਵ ਸ਼ਾਮਿਲ ਸਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਤਿਹਾੜ ਜੇਲ੍ਹ ਤੋਂ ਖਜ਼ਾਨਾ ਮੰਤਰੀ ਬਣਨ ਤੱਕ ਅਰੁਣ ਜੇਤਲੀ ਦੀ ਕਹਾਣੀ

Image copyright Getty Images

ਨਰਿੰਦਰ ਮੋਦੀ ਸਰਕਾਰ ਵਿੱਚ ਖਜ਼ਾਨਾ ਮੰਤਰੀ ਰਹੇ ਭਾਜਪਾ ਦੇ ਸੀਨੀਅਰ ਲੀਡਰ ਅਰੁਣ ਜੇਤਲੀ ਦਾ ਦੇਹਾਂਤ ਹੋ ਗਿਆ ਹੈ।

ਸ਼ਨੀਵਾਰ 24 ਅਗਸਤ ਨੂੰ 66 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦਿੱਲੀ ਵਿੱਚ ਦੇਹਾਂਤ ਹੋ ਗਿਆ।

ਉਹ 9 ਅਗਸਤ ਤੋਂ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਈਂਸਜ਼ ਵਿੱਚ ਦਾਖਲ ਸਨ।

ਏਮਜ਼ ਦੀ ਸਪੋਕਸਪਰਸਨ ਆਰਤੀ ਵਿਜ ਨੇ ਪ੍ਰੈੱਸ ਰਿਲੀਜ਼ ਰਾਹੀਂ ਦੱਸਿਆ ਕਿ ਜੇਤਲੀ ਨੇ ਸ਼ਨੀਵਾਰ ਨੂੰ ਦੁਪਹਿਰ 12 ਵਜ ਕੇ 07 ਮਿੰਟ 'ਤੇ ਆਖਰੀ ਸਾਹ ਲਏ।

ਪਿਛਲੇ ਹਫਤੇ ਸ਼ਨੀਵਾਰ ਸ਼ਾਮ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਜੇਤਲੀ ਦਾ ਹਾਲ-ਚਾਲ ਲੈਣ ਹਸਪਤਾਲ ਪਹੁੰਚੇ ਸਨ।

ਉਸ ਤੋਂ ਪਹਿਲਾਂ 9 ਅਗਸਤ ਨੂੰ ਪੀਐੱਮ ਨਰਿੰਦਰ ਮੋਦੀ, ਸਿਹਤ ਮੰਤਰੀ ਡਾ.ਹਰਸ਼ਵਰਧਨ ਉਨ੍ਹਾਂ ਨੂੰ ਦੇਖਣ ਹਸਪਤਾਲ ਪਹੁੰਚੇ ਸਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਪੰਜਾਬ ਨੂੰ ਛੱਡ, ਕੇਂਦਰ ਸਰਕਾਰ ਦੀ ਟੀਮ ਹੜ੍ਹ ਪ੍ਰਭਾਵਿਤ ਸੂਬਿਆਂ ਦਾ ਦੌਰਾ ਕਰੇਗੀ

Image copyright Getty Images

ਹੜ੍ਹ ਪ੍ਰਭਾਵਿਤ ਸੂਬਿਆਂ ਦਾ ਦੌਰਾ ਕਰਨ ਲਈ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਟੀਮ ਵਿੱਚ ਪੰਜਾਬ ਦਾ ਨਾਮ ਨਾ ਹੋਣ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੈਰਾਨੀ ਪ੍ਰਗਟੀ ਕੀਤੀ ਹੈ।

ਉਨ੍ਹਾਂ ਨੇ ਟਵੀਟ ਕਰ ਕੇ ਹੈਰਾਨੀ ਜ਼ਾਹਿਰ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਸੈਂਟਰਲ ਟੀਮ ਨੂੰ ਨਿਰਦੇਸ਼ ਦਿੱਤੇ ਜਾਣ ਕਿ ਉਹ ਪੰਜਾਬ ਦਾ ਦੌਰਾ ਵੀ ਕਰੇ, ਜਿੱਥੇ ਹੜ੍ਹ ਕਾਰਨ ਕਾਫੀ ਨੁਕਸਾਨ ਹੋਇਆ ਹੈ।

ਦਰਅਸਲ ਕੇਂਦਰ ਸਰਕਾਰ ਵੱਲੋਂ ਇੰਟਰ-ਮਿਨੀਸਟਰੀਅਲ ਸੈਂਟ੍ਰਲ ਟੀਮ ਬਣਾਈ ਗਈ ਹੈ। ਜੋ ਹੜ੍ਹ ਪ੍ਰਭਾਵਿਤ ਸੂਬਿਆਂ ਦਾ ਦੌਰਾ ਕਰੇਗੀ।

ਗ੍ਰਹਿ ਮੰਤਰਾਲੇ ਵੱਲੋਂ ਇਸ ਸਬੰਧੀ ਇੱਕ ਪ੍ਰੈੱਸ ਰਿਲੀਜ਼ ਜਾਰੀ ਕੀਤੀ ਹੈ। ਉਸ ਵਿੱਚ ਦੱਸਿਆ ਗਿਆ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 19 ਅਗਸਤ ਨੂੰ ਹਾਈ ਲੈਵਲ ਕਮੇਟੀ ਬਣਾਈ ਗਈ ਹੈ।

ਇਹ ਵੀ ਪੜ੍ਹੋ:-

ਇਹ ਟੀਮ ਅਸਮ, ਮੇਘਾਲਿਆ, ਤ੍ਰਿਪੁਰਾ, ਬਿਹਾਰ, ਉਤਰਾਖੰਡ, ਹਿਮਾਚਲ ਪ੍ਰਦੇਸ਼, ਗੁਜਰਾਤ, ਰਾਜਸਥਾਨ, ਮਹਾਰਾਸ਼ਟਰਾ, ਕਰਨਾਟਕ ਅਤੇ ਕੇਰਲ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇਗੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਪਿਤਾ ਦਾ ਕਤਲ ਕਰਨ ਵਾਲੀਆਂ ਭੈਣਾਂ ਦੇ ਹੱਕ ਅਤੇ ਵਿਰੋਧ 'ਚ ਰੌਲਾ

Image copyright Getty Images
ਫੋਟੋ ਕੈਪਸ਼ਨ ਕਤਲ ਵੇਲੇ ਐਂਜਲੀਨਾ (ਖੱਬੇ) 18 ਸਾਲਾ, ਮਾਰੀਆ (ਵਿਚਾਲੇ) 17 ਸਾਲਾ ਤੇ ਕਰੀਸਟੀਨਾ 19 ਸਾਲ ਦੀ ਸੀ

ਜੁਲਾਈ 2018 ਵਿੱਚ ਤਿੰਨ ਭੈਣਾਂ ਨੇ ਸੁੱਤੇ ਪਏ ਪਿਤਾ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਸ ਵਾਰਦਾਤ ਨੂੰ ਅੰਜਾਮ ਉਨ੍ਹਾਂ ਦੇ ਮਾਸਕੋ ਸਥਿਤ ਘਰ ਵਿੱਚ ਹੀ ਦਿੱਤਾ ਗਿਆ।

ਜਾਂਚ ਅਧਿਕਾਰੀਆਂ ਦਾ ਦਾਅਵਾ ਹੈ ਕਿ ਕੁੜੀਆਂ ਦੇ ਪਿਤਾ ਸਰੀਰਕ ਤੇ ਮਾਨਸਿਕ ਤੌਰ 'ਤੇ ਉਨ੍ਹਾਂ ਉੱਤੇ ਕਈ ਸਾਲਾਂ ਤੋਂ ਤਸ਼ਦੱਦ ਕਰ ਰਹੇ ਸਨ।

ਕਤਲ ਕੇਸ ਵਿੱਚ ਦੋਸ਼ੀ ਤਿੰਨੋ ਭੈਣਾਂ ਨਾਲ ਕੀ ਹੋਣਾ ਚਾਹੀਦਾ ਹੈ, ਰੂਸ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਤਿੰਨ ਲੱਖ ਤੋਂ ਵੱਧ ਲੋਕਾਂ ਨੇ ਉਨ੍ਹਾਂ ਦੀ ਰਿਹਾਈ ਦੀ ਮੰਗ ਲਈ ਪਟੀਸ਼ਨ 'ਤੇ ਦਸਤਖ਼ਤ ਕੀਤੇ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)