ਬਲਦੇਵ ਕੁਮਾਰ ਨੇ ਭਾਰਤ ਤੋਂ ਸ਼ਰਨ ਮੰਗਣ ਤੋਂ ਬਾਅਦ ਕੀ ਕਿਹਾ

ਬਲਦੇਵ

"ਹਾਲਾਤ ਇਹੋ ਜਿਹੇ ਹਨ ਕਿ ਘੱਟ ਗਿਣਤੀ ਪਾਕਿਸਤਾਨ ਵਿੱਚ ਸੁਰੱਖਿਅਤ ਨਹੀਂ ਹੈ। ਇੱਥੋਂ ਤੱਕ ਕਿ ਮੁਸਲਮਾਨ ਪਾਕਿਸਤਾਨ ਵਿੱਚ ਸੁਰੱਖਿਅਤ ਨਹੀਂ ਹਨ।"

ਇਹ ਕਹਿਣਾ ਹੈ ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਦਾ ਜੋ ਕਿ ਭਾਰਤ ਵਿੱਚ ਸ਼ਰਨ ਮੰਗ ਰਹੇ ਹਨ। ਉਹ ਪਾਕਿਸਤਾਨ ਦੇ ਹਾਲਾਤ ਬਾਰੇ ਦਾਅਵੇ ਕਰ ਰਹੇ ਹਨ, ਜਿਨ੍ਹਾਂ ਦੀ ਤਸਦੀਕ ਬੀਬੀਸੀ ਨਹੀਂ ਕਰ ਸਕਦਾ।

ਦੂਜੇ ਪਾਸੇ, ਬਲਦੇਵ ਦੇ ਭਰਾ ਨੇ ਕਿਹਾ ਕਿ ਉਹ ਇਹ ਸੁਣ ਕੇ ਬਹੁਤ ਉਦਾਸ ਸਨ ਕਿ ਉਨ੍ਹਾਂ ਦੇ ਭਰਾ ਨੇ ਭਾਰਤ ਵਿੱਚ ਸ਼ਰਨ ਮੰਗੀ ਹੈ।

ਖੈਬਰ ਪਖ਼ਤੂਨਖਵਾ ਦੀ ਬਾਰੀਕੋਟ ਰਾਖਵੀਂ ਸੀਟ ਤੋਂ ਵਿਧਾਇਕ ਰਹੇ ਬਲਦੇਵ ਕੁਮਾਰ ਇਸ ਵੇਲੇ ਭਾਰਤੀ ਪੰਜਾਬ ਦੇ ਖੰਨਾ ਵਿੱਚ ਆਪਣੇ ਸਹੁਰੇ ਘਰ ਵਿੱਚ ਪਹੁੰਚੇ ਹਨ।

ਬਲਦੇਵ ਕੁਮਾਰ ਦਾ ਕਹਿਣਾ ਹੈ, "ਪਾਕਿਸਤਾਨ ਵਿੱਚ ਹਿੰਦੂ ਤੇ ਸਿੱਖ ਬਹੁਤ ਮੁਸ਼ਕਿਲ ਨਾਲ ਰਹਿ ਰਹੇ ਹਨ। ਵਿਧਾਇਕ ਹੋ ਕੇ ਮੇਰੇ ਨਾਲ ਤਸ਼ੱਦਦ ਹੋਇਆ, ਹੋਰਨਾਂ ਨਾਲ ਵੀ ਹੁੰਦਾ ਹੋਵੇਗਾ, ਜੋ ਦੱਸ ਨਹੀਂ ਸਕਦੇ। ਮੈਂ ਹਕੀਕਤ ਬੋਲਦਾ ਹਾਂ।"

ਖ਼ੈਬਰ ਪਖ਼ਤੂਨਖ਼ਵਾ ਸੂਬਾਈ ਅਸੈਂਬਲੀ ਦੀ ਵੈੱਬਸਾਈਟ ਮੁਤਾਬਕ ਬਲਦੇਵ ਕੁਮਾਰ ਇੱਕ ਸਿੱਖ ਹਨ।

ਇਹ ਵੀ ਪੜ੍ਹੋ:

ਭਾਰਤ ਵਿੱਚ ਸ਼ਰਨ ਦੀ ਮੰਗ ਕਰਦਿਆਂ ਕਿਹਾ, "ਭਾਰਤ ਸਰਕਾਰ ਕੋਈ ਅਜਿਹਾ ਐਲਾਨ ਕਰੇ ਕਿ ਉਹ ਪਾਕਿਸਤਾਨ ਤੋਂ ਆ ਕੇ ਇੱਥੇ ਵੱਸ ਜਾਣ। ਮੋਦੀ ਸਾਹਿਬ ਉਨ੍ਹਾਂ ਲਈ ਕੁਝ ਕਰਨ। ਮੈਂ ਸ਼ਰਨ ਦੀ ਮੰਗ ਕਰਦਾ ਹਾਂ। ਮੈਂ ਪਾਕਿਸਤਾਨ ਨਹੀਂ ਜਾਵਾਂਗਾ।"

ਇਸ ਦੇ ਨਾਲ ਹੀ ਉਨ੍ਹਾਂ ਨੇ ਕਸ਼ਮੀਰ ਦੇ ਮੁੱਦੇ ਬਾਰੇ ਕਿਹਾ, "ਇੱਥੇ ਕੁਝ ਵੀ ਨਹੀਂ ਹੈ। ਜੋ ਕਸ਼ਮੀਰ ਦਾ 370 ਦਾ ਮਾਮਲਾ ਚੁੱਕਿਆ ਹੈ ਉਹ ਤਾਂ ਕੁਝ ਵੀ ਨਹੀਂ ਹੈ। ਇੱਥੇ ਕੋਈ ਬੰਬਾਰੀ ਤਾਂ ਨਹੀਂ ਹੋਈ। ਖੈਬਰ ਪਖ਼ਤੂਨਖਵਾ ਵਿੱਚ ਜੋ ਤਾਲੀਬਾਨ ਨੇ ਕੀਤਾ, ਉਦੋਂ ਹਾਲਾਤ ਬਹੁਤ ਖ਼ਰਾਬ ਸੀ। ਉੱਥੇ ਧਮਾਕੇ ਹੁੰਦੇ ਰਹਿੰਦੇ ਹਨ। ਮੈਂ ਉੱਥੇ ਖੁਦ ਲਾਸ਼ਾਂ ਚੁੱਕੀਆਂ ਹਨ।"

ਬਲਦੇਵ ਦੇ ਭਰਾ ਤੇ ਪੀਟੀਆਈ ਪਾਰਟੀ ਨੇ ਕੀ ਕਿਹਾ

ਪਾਕਿਸਤਾਨ ਤੋਂ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫਰੀ ਅਤੇ ਰਫੁੱਤਅਲਾਹ ਓਰਕਜ਼ਾਈ ਨੇ ਦੱਸਿਆ:-

ਬਲਦੇਵ ਕੁਮਾਰ ਦੇ ਭਰਾ ਤਿਲਕ ਕੁਮਾਰ, ਜਿਹੜੇ ਖੈਬਰ ਪਖਤੂਨਖਵਾ ਦੇ ਸਵਾਤ ਵਿੱਚ ਤਹਿਸੀਲ ਕਾਊਂਸਲਰ ਹਨ ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਦੇ ਭਰਾ ਨੇ ਭਾਰਤ ਵਿੱਚ ਸ਼ਰਨ ਮੰਗੀ ਹੈ।

ਉਨ੍ਹਾਂ ਕਿਹਾ ਬਲਦੇਵ ਕੁਮਾਰ ਦੀ ਧੀ ਥੈਲੇਸੀਮੀਆ ਨਾਲ ਜੂਝ ਰਹੀ ਹੈ। ਉਹ ਈਦ ਦੇ ਨੇੜੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਭਾਰਤ ਆਪਣੀ ਧੀ ਦਾ ਇਲਾਜ ਕਰਵਾਉਣ ਗਿਆ ਸੀ। ਉਨ੍ਹਾਂ ਕਿਹਾ ਉਹ ਇਹ ਸੁਣ ਕੇ ਬਹੁਤ ਉਦਾਸ ਸਨ ਕਿ ਉਨ੍ਹਾਂ ਦੇ ਭਰਾ ਨੇ ਭਾਰਤ ਵਿੱਚ ਸ਼ਰਨ ਮੰਗੀ ਹੈ।

ਬਲਦੇਵ ਕੁਮਾਰ ਦਾ ਪੂਰਾ ਪਰਿਵਾਰ, ਉਨ੍ਹਾਂ ਦੀ ਮਾਂ, ਉਨ੍ਹਾਂ ਦੇ ਭਰਾ ਸਭ ਸਵਾਤ ਦੇ ਬਰੀ ਕੋਟ ਇਲਾਕੇ ਵਿੱਚ ਰਹਿੰਦੇ ਹਨ। ਬਲਦੇਵ ਕੁਮਾਰ ਦੀ ਪਤਨੀ ਭਾਰਤ ਦੀ ਰਹਿਣ ਵਾਲੀ ਹੈ।

ਤਿਲਕ ਕੁਮਾਰ ਮੁਤਾਬਕ, "ਸਾਡਾ ਪੂਰਾ ਪਰਿਵਾਰ ਪਾਕਿਸਤਾਨ ਵਿੱਚ ਰਹਿੰਦਾ ਹੈ। ਇਹ ਸਾਡਾ ਦੇਸ ਹੈ। ਬਲਦੇਵ ਕੁਮਾਰ ਵੀ ਪਾਕਿਸਤਾਨ ਵਿੱਚ ਹੀ ਜੰਮਿਆ ਹੈ ਅਤੇ ਸਾਨੂੰ ਕਦੇ ਇੱਥੇ ਕੋਈ ਦਿੱਕਤ ਨਹੀਂ ਆਈ।"

ਉਨ੍ਹਾਂ ਕਿਹਾ ਉਨ੍ਹਾਂ ਦੇ ਵੱਡੇ ਭਰਾ ਨੂੰ ਇਹ ਸਭ ਸੁਣ ਕੇ ਬਹੁਤ ਦੁਖ਼ ਹੋਇਆ।

ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਉਮਰ ਚੀਮਾ ਨੇ ਬੀਬੀਸੀ ਨੂੰ ਦੱਸਿਆ ਕਿ ਬਲਦੇਵ ਕੁਮਾਰ 'ਤੇ ਅਜੇ ਵੀ ਮੁਕੱਦਮਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੋਰਨ ਸਿੰਘ ਕਤਲ ਕੇਸ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਸਾਈਡਲਾਈਨ ਕਰ ਦਿੱਤਾ ਸੀ ਤੇ ਉਨ੍ਹਾਂ ਨੂੰ ਸਹੁੰ ਚੁੱਕਣ ਤੋਂ ਵੀ ਰੋਕਿਆ ਸੀ।

'ਉਹ ਸ਼ਖ਼ਸ ਕਿਵੇਂ ਦੇਸ ਛੱਡ ਸਕਦਾ ਹੈ ਜਿਸ 'ਤੇ ਕੇਸ ਚੱਲ ਰਿਹਾ ਹੋਵੇ'

ਦੂਜੇ ਪਾਸੇ ਖੈਬਰ ਪਖਤੂਨਖਵਾ ਦੇ ਸੂਚਨਾ ਮੰਤਰੀ ਅਤੇ ਸੂਬਾ ਸਰਕਾਰ ਦੇ ਬੁਲਾਰੇ ਸ਼ੌਕਤ ਯੁਸੂਫ਼ਜ਼ਈ ਦਾ ਕਹਿਣਾ ਹੈ ਕਿ ਸੋਰਨ ਸਿੰਘ ਮਾਮਲੇ ਵਿੱਚ ਮੁਲਜ਼ਮ ਪਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ। ਉਹ ਲੰਬੇ ਸਮੇਂ ਤੱਕ ਪੀਟੀਆਈ ਦੇ ਮੈਂਬਰ ਨਹੀਂ ਰਹੇ।

ਤਹਿਰੀਕ-ਏ-ਇਨਸਾਫ਼ ਦੇ ਘੱਟਗਿਣਤੀ ਲੀਡਰ ਸਰਦਾਰ ਸੋਰਨ ਸਿੰਘ ਦਾ 2006 ਵਿੱਚ ਕਤਲ ਹੋਇਆ। ਬਲਦੇਵ ਸਿੰਘ ਸਮੇਤ 5 ਲੋਕਾਂ 'ਤੇ ਇਸ ਕਤਲ ਦਾ ਇਲਜ਼ਾਮ ਲੱਗਿਆ। ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦਾ ਕੇਸ ਐਂਟੀ ਟੈਰੇਰਿਜ਼ਮ ਕੋਰਟ ਵਿੱਚ ਚਲਾ ਗਿਆ।

ਦੋ ਸਾਲ ਬਾਅਦ ਬਲਦੇਵ ਕੁਮਾਰ ਨੂੰ ਸਬੂਤਾਂ ਦੀ ਘਾਟ ਕਾਰਨ ਛੱਡ ਦਿੱਤਾ ਗਿਆ।

ਸੋਰਨ ਸਿੰਘ ਤੋਂ ਬਾਅਦ ਪੀਟੀਆਈ ਵਿੱਚ ਬਲਦੇਵ ਕੁਮਾਰ ਦੂਜੇ ਘੱਟਗਿਣਤੀ ਲੀਡਰ ਸਨ। ਪਰ ਪੀਟੀਆਈ ਨੇ ਉਨ੍ਹਾਂ ਨੂੰ ਸਮਰਥਨ ਨਹੀਂ ਦਿੱਤਾ ਅਤੇ ਦੇਰੀ ਦਾ ਹਵਾਲਾ ਦੇ ਕੇ ਅਸੈਂਬਲੀ ਵਿੱਚ ਉਨ੍ਹਾਂ ਨੂੰ ਸਹੁੰ ਨਹੀਂ ਚੁੱਕਣ ਦਿੱਤੀ।

ਬਲਦੇਵ ਕੁਮਾਰ ਅਦਾਲਤ ਵਿੱਚ ਗਏ ਅਤੇ ਉਨ੍ਹਾਂ ਨੂੰ ਸਹੁੰ ਚੁੱਕਣ ਦੀ ਇਜਾਜ਼ਤ ਮਿਲ ਗਈ। ਪਰ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਕਾਰਨ ਬਲਦੇਵ ਕੁਮਾਰ 24 ਘੰਟੇ ਤੋਂ ਵੀ ਘੱਟ ਦੇ ਵਿਧਾਇਕ ਰਹੇ।

ਸੋਰਨ ਸਿੰਘ ਦੇ ਜਵਾਈ ਅਜੇ ਸਰਨ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਦਾਅਵਾ ਕੀਤਾ ਕਿ ਬਲਦੇਵ ਕੁਮਾਰ 'ਤੇ ਅਜੇ ਵੀ ਕੇਸ ਚੱਲ ਰਿਹਾ ਹੈ ਅਤੇ ਉਨ੍ਹਾਂ ਨੇ ਰਿਹਾ ਹੋਣ ਲਈ ਅਰਜ਼ੀ ਦਾਖ਼ਲ ਕੀਤੀ ਹੈ।

ਉਹ ਹੈਰਾਨ ਵੀ ਸਨ ਕਿ ਉਹ ਸ਼ਖ਼ਸ ਕਿਵੇਂ ਦੇਸ ਛੱਡ ਸਕਦਾ ਹੈ ਜਿਸ 'ਤੇ ਕੇਸ ਚੱਲ ਰਿਹਾ ਹੋਵੇ।

ਕੌਣ ਹਨ ਬਲਦੇਵ ਕੁਮਾਰ

  • ਖੈ਼ਬਰ ਪਖ਼ਤੂਨਖਵਾ ਵਿੱਚ ਬੀਬੀਸੀ ਉਰਦੂ ਦੇ ਸਹਿਯੋਗੀ ਪੱਤਰਕਾਰ ਅਨਵਰ ਸ਼ਾਹ ਮੁਤਾਬਕ ਬਲਦੇਵ ਕੁਮਾਰ ਇੱਕ ਵਿਧਾਇਕ ਦੇ ਕਤਲ ਦੇ ਮਾਮਲੇ ਵਿੱਚ ਦੋ ਸਾਲ ਜੇਲ੍ਹ ਵਿੱਚ ਵੀ ਰਹਿ ਚੁੱਕੇ ਹਨ।
  • ਸਾਲ 2013 ਵਿੱਚ ਜਦੋਂ ਪੀਟੀਆਈ ਦੀ ਸਰਕਾਰ ਸੀ ਤਾਂ ਘੱਟ-ਗਿਣਤੀ ਸਿੱਖ ਭਾਈਚਾਰੇ ਵਲੋਂ ਸੂਰਨ ਸਿੰਘ ਜੋ ਕਿ ਜਿਲ੍ਹਾ ਬੁਨੇਰ ਦੇ ਰਹਿਣ ਵਾਲੇ ਸਨ, ਉਨ੍ਹਾਂ ਨੂੰ ਮੈਂਬਰ ਅਸੈਂਬਲੀ ਚੁਣਿਆ ਗਿਆ।
  • ਸਾਲ 2016 ਵਿੱਚ ਸੂਰਨ ਸਿੰਘ ਦਾ ਕਤਲ ਹੋਇਆ। ਉਸ ਵਿੱਚ ਚਾਰ ਮੁਲਜ਼ਮਾਂ ਵਿੱਚ ਬਲਦੇਵ ਕੁਮਾਰ ਵੀ ਸ਼ਾਮਿਲ ਸੀ। 2 ਸਾਲ ਤੱਕ ਉਹ ਜੇਲ੍ਹ ਵਿੱਚ ਰਹੇ। ਕੇਸ ਚੱਲਦਾ ਰਿਹਾ। ਪਰ ਸਬੂਤਾਂ ਦੀ ਘਾਟ ਹੋਣ 'ਤੇ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰਾਰ ਦਿੱਤਾ। ਹਾਲਾਂਕਿ ਇਹ ਕੇਸ ਹਾਲੇ ਵੀ ਅਦਾਲਤ ਵਿੱਚ ਚੱਲ ਰਿਹਾ ਹੈ।
  • ਮ੍ਰਿਤਕ ਸੂਰਨ ਸਿੰਘ ਦੇ ਬੇਟੇ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਦੇ ਪਿਤਾ ਦਾ ਕਤਲ ਵਿਧਾਇਕ ਦੇ ਅਹੁਦੇ ਲਈ ਬਲਦੇਵ ਕੁਮਾਰ ਨੇ ਕੀਤਾ ਹੈ। ਬਲਦੇਵ ਕੁਮਾਰ ਚੋਣਾਂ ਵਿੱਚ ਦੂਜੇ ਨੰਬਰ 'ਤੇ ਆਏ ਸਨ ਇਸ ਲਈ ਸੂਰਨ ਸਿੰਘ ਦੇ ਕਤਲ ਮਗਰੋਂ ਉਨ੍ਹਾਂ ਨੂੰ ਅਸੈਂਬਲੀ ਦਾ ਮੈਂਬਰ 2018 ਵਿੱਚ ਬਣਾਇਆ ਗਿਆ।
  • 30 ਮਈ, 2018 ਜਦੋਂ ਪੀਟੀਆਈ ਦੀ ਹਕੂਮਤ ਖ਼ਤਮ ਹੋ ਰਹੀ ਸੀ ਤਾਂ ਉਸੇ ਦਿਨ ਬਲਦੇਵ ਕੁਮਾਰ ਨੇ ਸਹੁੰ ਚੁੱਕੀ, ਉਸੇ ਦਿਨ ਹੀ ਸਰਕਾਰ ਖ਼ਤਮ ਹੋ ਗਈ। ਯਾਨਿ ਕਿ ਸਿਰਫ਼ ਇੱਕ ਦਿਨ ਲਈ ਹੀ ਉਹ ਵਿਧਾਇਕ ਰਹੇ।
  • ਪੱਤਰਕਾਰ ਅਨਵਰ ਸ਼ਾਹ ਮੁਤਾਬਕ ਬਲਦੇਵ ਕੁਮਾਰ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਕੱਪੜੇ ਦਾ ਕਾਰੋਬਾਰ ਕਰਦੇ ਸਨ।

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)