ਪੰਜਾਬ ਦੀ ਕਿਸਾਨੀ ਦਾ ਸੰਕਟ : ਆਪਣੇ ਟੱਬਰ ਦੀਆਂ 4 ਪੀੜੀਆਂ 'ਚ 5ਵੀਂ ਖ਼ੁਦਕੁਸ਼ੀ ਦਾ ਦੁੱਖ ਹੰਢਾਉਣ ਵਾਲੀ ਗੁਰਦੇਵ ਕੌਰ

ਬਰਨਾਲਾ 'ਚ 22 ਸਾਲਾ ਕਿਸਾਨ ਲਵਪ੍ਰੀਤ ਨੇ ਕੀਤੀ ਖ਼ੁਦਕੁਸ਼ੀ Image copyright Sukhcharan preet/bbc

ਇਸ ਤੋਂ ਪਹਿਲਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝਾਰਖੰਡ ਤੋਂ 12 ਸਤੰਬਰ ਨੂੰ ਕਿਸਾਨਾਂ ਲਈ ਪੈਨਸ਼ਨ ਯੋਜਨਾ ਦਾ ਉਦਘਾਟਨ ਕਰਦੇ, ਲਵਪ੍ਰੀਤ ਸਿੰਘ ਨੇ ਜ਼ਿੰਦਗੀ ਨਾਲ ਉਹ ਪਿਆਰ ਤੋੜਨ ਦਾ ਫ਼ੈਸਲਾ ਕਰ ਲਿਆ ਜਿਸ ਦਾ ਜ਼ਿਕਰ ਉਨ੍ਹਾਂ ਦੇ ਨਾਮ ਵਿੱਚ ਦੋ ਵੱਖ-ਵੱਖ ਬੋਲੀਆਂ ਵਿੱਚ ਦੋ ਵਾਰ ਆਉਂਦਾ ਸੀ, ਲਵ ਅਤੇ ਪ੍ਰੀਤ।

ਕਰਜ਼ੇ ਕਾਰਨ ਕਿਸਾਨ ਖੁਦਕੁਸ਼ੀਆਂ ਦੀਆਂ ਹਰ ਰੋਜ਼ ਛਪਦੀਆਂ ਖ਼ਬਰਾਂ ਪੰਜਾਬ ਵਿੱਚ ਵਾਪਰ ਰਹੀ ਤ੍ਰਾਸਦੀ ਦਾ ਬੇਕਿਰਕ ਰੂਪ ਪੇਸ਼ ਕਰਦੀਆਂ ਹਨ।

ਬਰਨਾਲਾ ਜ਼ਿਲ੍ਹੇ ਦੇ ਪਿੰਡ ਭੋਤਨਾ ਦਾ 22 ਸਾਲਾ ਕਿਸਾਨ ਲਵਪ੍ਰੀਤ ਸਿੰਘ ਆਪਣੇ ਪਿਓ-ਦਾਦੇ-ਪੜਦਾਦੇ ਦੀਆਂ ਪੈੜਾਂ ਉੱਤੇ ਤੁਰਦਿਆਂ 10 ਸਤੰਬਰ ਨੂੰ ਖ਼ੁਦਕੁਸ਼ੀ ਕਰ ਗਿਆ। ਪੰਜਾਬ ਵਿੱਚ 'ਪਿਓ-ਦਾਦੇ ਦੇ ਕਦਮਾਂ ਉੱਤੇ ਚੱਲੀਂ' ਦਿੱਤੀ ਜਾਂਦੀ ਅਸੀਸ ਭੋਤਨਾ ਪਿੰਡ ਦੇ ਇਸ ਘਰ ਵਿੱਚ ਪਹੁੰਚ ਕੇ ਕੂਕ ਬਣ ਜਾਂਦੀ ਹੈ।

ਸਵਾ ਕੁ ਸਾਲ ਪਹਿਲਾਂ ਲਵਪ੍ਰੀਤ ਦੇ ਪਿਤਾ ਦੀ ਮੌਤ ਤੋਂ ਬਾਅਦ ਇਸ ਘਰ ਵਿੱਚ ਜਾਣ ਦਾ ਸਬੱਬ ਬਣਿਆ ਸੀ। ਇਸ ਪਰਿਵਾਰ ਦੇ ਦੁੱਖ ਦਾ ਅੰਦਾਜ਼ਾ ਕੌਣ ਲਗਾਵੇ, ਘਰ ਦੇ ਹਾਲਾਤ ਉਦੋਂ ਵੀ ਅਜਿਹੇ ਸਨ ਕਿ ਚੰਗਾ ਭਲਾ ਬੰਦਾ ਸੁਣ ਕੇ ਬੁੱਤ ਹੋ ਜਾਵੇ।

ਇਹ ਵੀ ਪੜ੍ਹੋ:

ਹਰਪਾਲ ਕੌਰ ਨੇ ਦੱਸਿਆ ਸੀ ਕਿ ਉਸ ਦੇ ਪਤੀ ਦੀ ਖ਼ੁਦਕੁਸ਼ੀ ਤੋਂ ਬਾਅਦ ਉਸ ਦੇ ਪੁੱਤ (ਲਵਪ੍ਰੀਤ) ਦੀ ਪੜ੍ਹਾਈ ਛੁੱਟ ਗਈ ਸੀ। ਲਵਪ੍ਰੀਤ ਉਸ ਦਿਨ ਘਰ ਨਹੀਂ ਸੀ ਪਰ ਮਾਂ ਨੇ ਦੱਸਿਆ ਸੀ ਕਿ ਉਹ ਗਿਆਰਵੀਂ ਦੇ ਇਮਤਿਹਾਨ ਪ੍ਰਾਈਵੇਟ ਵਿਦਿਆਰਥੀ ਵਜੋਂ ਦੇ ਰਿਹਾ ਹੈ।

ਮਾਂ ਨੂੰ ਆਪਣੇ ਪੁੱਤ ਦੀ ਪੜ੍ਹਾਈ ਛੁੱਟ ਜਾਣ ਦਾ ਅਤੇ ਛੋਟੀ ਉਮਰ ਵਿੱਚ ਵੱਡੀਆਂ ਜ਼ਿੰਮੇਵਾਰੀ ਉਸ ਦੇ ਸਿਰ ਪੈ ਜਾਣ ਦਾ ਝੋਰਾ ਸੀ। ਇਹ ਕਹਿਣਾ ਮੁਸ਼ਕਲ ਹੈ ਕਿ ਹਰਪਾਲ ਕੌਰ ਦੇ ਦਿਲ-ਦਿਮਾਗ ਵਿੱਚ ਆਪਣੇ ਪਤੀ, ਸਹੁਰੇ ਅਤੇ ਦਾਦਾ-ਸਹੁਰਾ ਦੀਆਂ ਖ਼ੁਦਕੁਸ਼ੀਆਂ ਦਾ ਹੌਲ ਨਹੀਂ ਪੈਂਦਾ ਸੀ।

Image copyright Sukhcharan preet/bbc
ਫੋਟੋ ਕੈਪਸ਼ਨ ਮ੍ਰਿਤਕ ਲਵਪ੍ਰੀਤ

ਇਸ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਕਰਜ਼ੇ ਦੇ ਬੋਝ ਨੇ ਨਿਗਲ ਲਈਆਂ ਹਨ। ਕਰਜ਼ੇ ਦੇ ਦੈਂਤ ਨੇ 65 ਸਾਲਾ ਬਜ਼ੁਰਗ ਕਿਸਾਨ ਤੋਂ ਲੈ ਕੇ 22 ਸਾਲਾ ਨੌਜਵਾਨ ਨੂੰ ਨਿਗਲ ਲਿਆ ਹੈ ਪਰ ਇਸ ਪਰਿਵਾਰ ਦਾ ਕਰਜ਼ਾ ਜਿਉਂ ਦਾ ਤਿਉਂ ਖੜ੍ਹਾ ਹੈ।

ਪਹਿਲਾਂ ਲਵਪ੍ਰੀਤ ਦੇ ਪਿਤਾ ਕੁਲਵੰਤ ਸਿੰਘ ਨੇ ਵੀ ਕਰਜ਼ੇ ਦੇ ਬੋਝ ਕਰਕੇ ਖ਼ੁਦਕੁਸ਼ੀ ਕਰ ਲਈ ਸੀ। ਉਸ ਤੋਂ ਪਹਿਲਾਂ ਕੁਲਵੰਤ ਸਿੰਘ ਜਦੋਂ ਵੀਹ ਕੁ ਸਾਲ ਦਾ ਸੀ ਤਾਂ ਉਸ ਦੇ ਪਿਓ (ਨਾਹਰ ਸਿੰਘ) ਨੇ ਵੀ ਕਰਜ਼ੇ ਕਾਰਨ ਖੁਦਕੁਸ਼ੀ ਕਰ ਲਈ ਅਤੇ ਉਸ ਤੋਂ ਪਹਿਲਾਂ ਉਸ ਦੇ ਦਾਦੇ ਨੇ ਵੀ ਆਰਥਿਕ ਸੰਕਟ ਕਰਕੇ ਮੌਤ ਦਾ ਰਾਹ ਚੁਣ ਲਿਆ ਸੀ।

Image copyright Sukhcharan preet/bbc
ਫੋਟੋ ਕੈਪਸ਼ਨ ਲਵਪ੍ਰੀਤ ਦੀ ਦਾਦੀ ਗੁਰਦੇਵ ਕੌਰ

ਘਰ ਵਿੱਚ ਪਿੰਡ ਦੇ ਮਰਦ-ਔਰਤਾਂ ਅਤੇ ਸਕੇ-ਸਨੇਹੀ ਪਰਿਵਾਰ ਨਾਲ ਦੁੱਖ ਵੰਡਾਉਣ ਆਏ ਹਨ। ਇੰਨੀਆਂ ਤ੍ਰਾਸਦੀਆਂ ਝੱਲਣ ਵਾਲੇ ਪਰਿਵਾਰ ਨੂੰ ਹੌਸਲਾ ਦੇਣ ਵਾਲਿਆਂ ਤੋਂ ਆਪ ਧਰਵਾਸ ਨਹੀਂ ਧਰਿਆ ਜਾ ਰਿਹਾ।

ਸੁਚਿਆਰ ਕੌਰ ਨਾਂ ਦੀ ਬਜ਼ੁਰਗ ਔਰਤ ਵੀ ਸੱਥਰ ਤੇ ਆਈ ਹੈ। ਇਸ ਬੇਬੇ ਨੇ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਦੇ ਪੰਜ ਕਮਾਊ ਬੰਦੇ ਕਰਜ਼ੇ ਦੇ ਮੂੰਹ ਜਾਂਦੇ ਅੱਖੀਂ ਵੇਖੇ ਹਨ।

ਸਚਿਆਰ ਕੌਰ ਦਾ ਪਰਿਵਾਰ ਦੀ ਹੋਣੀ ਦੱਸਦਿਆਂ ਗੱਚ ਭਰ ਆਉਂਦਾ ਹੈ, "ਪਹਿਲਾਂ ਸੋਲਾਂ-ਸਤਾਰਾਂ ਕਿੱਲੇ ਜ਼ਮੀਨ ਸੀ। ਜਿਉਂ-ਜਿਉਂ ਗ਼ਰੀਬੀ ਵਧਦੀ ਗਈ ਕਰਜ਼ਾ ਵੀ ਵਧੀ ਗਿਆ। ਹੁਣ ਇੱਕ ਕਿੱਲਾ ਜ਼ਮੀਨ ਬਚੀ ਹੈ ਕਰਜ਼ਾ ਅੱਠ ਲੱਖ ਤੋਂ ਉੱਤੇ ਹੈ।"

Image copyright Sukhcharan preet/bbc
ਫੋਟੋ ਕੈਪਸ਼ਨ ਸੁਚਿਆਰ ਕੌਰ ਨੇ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਦੇ ਪੰਜ ਕਮਾਊ ਬੰਦੇ ਕਰਜ਼ੇ ਦੇ ਮੂੰਹ ਜਾਂਦੇ ਅੱਖੀਂ ਵੇਖੇ ਹਨ

ਇਹ ਵੀ ਪੜ੍ਹੋ:

ਲਵਪ੍ਰੀਤ ਠੇਕੇ ਉੱਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ ਅਤੇ ਉਸ ਨੇ ਠੇਕੇ ਵਾਲੇ ਖੇਤ ਵਿੱਚ ਜਾ ਕੇ ਸਪਰੇਅ ਪੀ ਲਈ। ਸਚਿਆਰ ਕੌਰ ਦੱਸਦੀ ਹੈ, "ਪਹਿਲਾਂ ਲਵਪ੍ਰੀਤ ਦੇ ਪਿਓ ਨੇ ਵੀ ਚੌਦਾਂ ਕਿੱਲੇ ਜ਼ਮੀਨ ਠੇਕੇ ਉੱਤੇ ਲਈ ਸੀ।

ਗੜੇਮਾਰੀ ਕਰਕੇ ਸਾਰੀ ਫ਼ਸਲ ਖ਼ਰਾਬ ਹੋ ਗਈ ਸੀ। ਉਹ ਨੂੰ ਵੀ ਇਹੀ ਝੋਰਾ ਖਾ ਗਿਆ ਸੀ।" ਸਚਿਆਰ ਕੌਰ ਸ਼ਰੀਕੇ ਵਿੱਚੋਂ ਲਵਪ੍ਰੀਤ ਦੀ ਦਾਦੀ ਲਗਦੀ ਹੈ। ਉਹ ਤਫ਼ਸੀਲ ਦਿੰਦੀ ਹੈ, "ਲਵਪ੍ਰੀਤ ਦਾ ਪੜਦਾਦਾ (ਜੁਗਿੰਦਰ ਸਿੰਘ) ਰਿਸ਼ਤੇ ਵਿੱਚੋਂ ਮੇਰਾ ਚਾਚਾ ਸਹੁਰਾ ਲੱਗਦਾ ਸੀ। ਪਹਿਲਾਂ ਲਵਪ੍ਰੀਤ ਦੇ ਪੜਦਾਦੇ ਨੇ ਕਰਜ਼ੇ ਕਰਕੇ ਖ਼ੁਦਕੁਸੀ ਕੀਤੀ। ਫਿਰ ਇਸ ਦਾ ਦਾਦਾ ਨਾਹਰ ਸਿੰਘ ਅਤੇ ਦਾਦੇ ਦਾ ਭਰਾ ਭਗਵਾਨ ਸਿੰਘ ਕਰਜ਼ੇ ਕਾਰਨ ਖੁਦਕੁਸ਼ੀ ਕਰ ਗਏ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਉਹ ਕਿਸਾਨ ਪਰਿਵਾਰ, ਜਿਸਦੀਆਂ 4 ਪੀੜ੍ਹੀਆਂ 'ਚ ਹੋਈ ਪੰਜਵੀਂ ਖੁਦਕੁਸ਼ੀ

ਢੇਡ ਕੁ ਸਾਲ ਪਹਿਲਾਂ ਇਹਦਾ ਪਿਓ ਫਾਹਾ ਲੈ ਗਿਆ। ਫਿਰ ਇਹਦੇ ਚਾਚੇ ਦੀ ਬੀਮਾਰੀ ਕਾਰਨ ਮੌਤ ਹੋ ਗਈ। ਹੁਣ ਇਹ ਵੀ ਉਸੇ ਰਾਹ ਚਲਾ ਗਿਆ।" ਇਸ ਤੋਂ ਬਾਅਦ ਉਹ ਤੁਰਦੀ ਹੋਈ ਹਉਕਾ ਭਰਦੀ ਹੈ, "ਬਸ ਪੁੱਤ ਪੂਰਾ ਪਰਿਵਾਰ ਹੀ ਖ਼ਤਮ ਹੋ ਗਿਆ।"

ਮਨਜੀਤ ਕੌਰ ਨਾਲ ਦੇ ਪਿੰਡ ਚੁੰਘਾਂ ਤੋਂ ਹੈ। ਮਨਜੀਤ ਕੌਰ ਕੋਲ ਸਾਂਝਾ ਕਰਨ ਲਈ ਦੁੱਖਾਂ ਦਾ ਆਪਣਾ ਹਿੱਸਾ ਹੈ। ਉਹ ਦੱਸਦੀ ਹੈ, "ਲਵਪ੍ਰੀਤ ਮੇਰੇ ਬੇਟੇ ਨਾਲ ਪੜ੍ਹਦਾ ਸੀ। ਇਨ੍ਹਾਂ ਦੀ ਬਹੁਤ ਦੋਸਤੀ ਸੀ। ਜਦੋਂ ਦਾ ਇਹਦੀ ਮੌਤ ਦਾ ਪਤਾ ਲੱਗਿਆ ਹੈ ਉਹ ਨੂੰ ਸਾਂਭਣਾ ਔਖਾ ਹੋਇਆ ਪਿਆ ਹੈ।"

Image copyright Sukhcharan preet/bbc
ਫੋਟੋ ਕੈਪਸ਼ਨ ਲਵਪ੍ਰੀਤ ਦੀ ਭੈਣ ਮਨਜੀਤ ਕੌਰ

ਮਨਜੀਤ ਕੌਰ ਦਾ ਦੁੱਖ ਉਸ ਤੋਂ ਸਾਂਭਿਆ ਨਹੀਂ ਜਾਂਦਾ। ਉਹ ਗੱਲ ਅੱਗੇ ਤੋਰਦੀ ਹੈ, "ਲਵਪ੍ਰੀਤ ਮੇਰੇ ਨਾਲ ਹਰ ਦੁੱਖ-ਸੁੱਖ ਕਰ ਲੈਂਦਾ ਸੀ। ਪੈਸਾ ਟਕਾ ਵੀ ਲੋੜ ਵੇਲੇ ਮੈਥੋਂ ਲੈ ਜਾਂਦਾ ਸੀ। ਅਕਸਰ ਕਹਿੰਦਾ ਰਹਿੰਦਾ ਸੀ ਕਿ ਸਾਡੇ ਘਰ ਦਾ ਕੁੱਝ ਨਹੀਂ ਬਚਿਆ।

ਪਰਸੋਂ ਹੀ ਸਾਡੇ ਘਰ ਹੋ ਕੇ ਆਇਆ ਸੀ। ਮੈਨੂੰ ਆਪਣੀ ਭੈਣ ਦਾ ਰਿਸ਼ਤਾ ਕਰਵਾਉਣ ਲਈ ਕਹਿ ਕਿ ਆਇਆ ਸੀ। ਮੇਰੇ ਲਈ ਤਾਂ ਉਹ ਦੂਜਾ ਪੁੱਤ ਸੀ। ਮੇਰੀ ਤਾਂ ਜਿਵੇਂ ਜੋੜੀ ਟੁੱਟ ਗਈ।" ਸੋਗ ਦੇ ਇਸ ਮਾਹੌਲ ਵਿੱਚ ਉਸ ਕੁੜੀ ਨੂੰ ਲੱਭਣ ਦੀ ਹਿੰਮਤ ਨਹੀਂ ਹੁੰਦੀ ਜਿਸ ਦੇ ਵਿਆਹ ਦਾ ਫ਼ਿਕਰ ਕਰਦਾ ਲਵਪ੍ਰੀਤ ਮੋਹ ਦੀਆਂ ਤੰਦਾਂ ਤੋੜ ਗਿਆ ਹੈ।

ਗੁਰਨਾਮ ਸਿੰਘ ਨੇ ਉਮਰ ਦੇ ਸਾਢੇ ਛੇ ਦਹਾਕੇ ਹੰਢਾਏ ਹਨ। ਇਸ ਪਰਿਵਾਰ ਨਾਲ ਜਨਮ ਤੋਂ ਹੀ ਸਾਂਝ ਹੋਣ ਦੀ ਗੱਲ ਕਰਦਿਆਂ ਗੁਰਨਾਮ ਸਿੰਘ ਦੱਸਦੇ ਹਨ, "ਇਹ ਮੁੱਢ ਤੋਂ ਹੀ ਕਮਾਊ ਟੱਬਰ ਸੀ। ਖੇਤੀਬਾੜੀ ਦੇ ਨਾਲ-ਨਾਲ ਕਰਾਏ-ਭਾੜੇ ਦਾ ਕੰਮ ਵੀ ਕਰਦੇ ਸੀ।

ਇਸ ਮੁੰਡੇ ਦੇ ਪੜਦਾਦੇ ਨੇ ਵੀ ਬਹੁਤ ਕੰਮ ਕੀਤਾ ਪਰ ਕਰਜ਼ੇ ਨੇ ਢਾਹ ਲਿਆ। ਇਹ ਚੌਥੀ ਪੀੜ੍ਹੀ ਦੀ ਪੰਜਵੀਂ ਮੌਤ ਹੈ ਜੋ ਕਰਜ਼ੇ ਕਰਕੇ ਹੋਈ ਹੈ। ਲਵਪ੍ਰੀਤ ਦਾ ਪਿਓ ਵੀ ਬਹੁਤ ਸਿਰੜੀ ਸੀ। ਖੇਤੀਬਾੜੀ ਨਾਲ ਕੰਬਾਇਨ ਵੀ ਚਲਾਈ, ਹੜੰਬਾ ਵੀ ਚਲਾਇਆ, ਟਰੈਕਟਰ ਦੀ ਡਰਾਈਵਰੀ ਵੀ ਕੀਤੀ।

ਪੰਜਾਬ ਤੋਂ ਬਾਹਰ ਵੀ ਕਰਾਇਆ ਲਗਾਉਣ ਚਲਿਆ ਜਾਂਦਾ ਸੀ ਪਰ ਕਰਜ਼ਾ ਨਹੀਂ ਲੱਥਿਆ। ਕਬੀਲਦਾਰੀ ਸਮੇਟਦਿਆਂ ਕਰਜ਼ਾ ਚੜ੍ਹਦਾ ਗਿਆ। ਜੇ ਸਰਕਾਰ ਨੇ ਕੋਈ ਮੁਆਵਜ਼ਾ ਦਿੱਤਾ ਹੁੰਦਾ ਜਾਂ ਕਰਜ਼ਾ ਮੁਆਫ਼ ਕੀਤਾ ਹੁੰਦਾ ਤਾਂ ਬਚਾਅ ਹੋ ਜਾਂਦਾ। ਕਿਸੇ ਨੇ ਸਾਰ ਨਹੀਂ ਲਈ ਤਾਂ ਕਰਜ਼ਾ ਕਿੱਥੋਂ ਲੱਥਣਾ ਸੀ। ਸਰਕਾਰ ਜੇ ਚਾਹੁੰਦੀ ਤਾਂ ਸਭ ਕੁੱਝ ਕਰ ਸਕਦੀ ਸੀ।"

Image copyright Sukhcharan preet/bbc

ਲਵਪ੍ਰੀਤ ਦੀ ਦਾਦੀ ਗੁਰਦੇਵ ਕੌਰ ਕੋਲ ਸਰਕਾਰ ਕੋਲ ਕਰਨ ਨੂੰ ਫਰਿਆਦ ਹੀ ਹੈ, "ਮੇਰੇ ਸਹੁਰੇ ਦੇ ਮਰਨ ਤੋਂ ਲੈ ਕੇ ਮਾੜੇ ਸਮੇਂ ਨੇ ਸਾਡੇ ਘਰ ਦਾ ਖਹਿੜਾ ਹੀ ਨਹੀਂ ਛੱਡਿਆ। ਮੇਰਾ ਪੋਤਾ ਵੀ ਚਲਾ ਗਿਆ। ਘਰ ਵਿੱਚ ਹੁਣ ਮੇਰੀ ਨੂੰਹ ਅਤੇ ਪੋਤੀ ਹੀ ਬਚੀਆਂ ਹਨ। ਸਾਡੀ ਕਿਸੇ ਸਰਕਾਰ ਨੇ ਮਦਦ ਨਹੀਂ ਕੀਤੀ। ਮੇਰੀ ਇੱਕੋ ਅਰਜ ਹੈ ਕਿ ਸਰਕਾਰ ਮੇਰੀ ਪੋਤੀ ਨੂੰ ਸਰਕਾਰੀ ਨੌਕਰੀ ਦੇਵੇ। ਘੱਟੋ-ਘੱਟ ਇਹਦੀ ਜ਼ਿੰਦਗੀ ਤਾਂ ਸੌਖੀ ਹੋਵੇ।"

ਘਰ ਦੇ ਬਾਹਰ ਇੱਕ ਜਾਣਕਾਰ ਨਾਲ ਮੁਲਾਕਾਤ ਹੋਈ। ਉਸ ਦਾ ਕਹਿਣਾ ਸੀ, "ਬਾਈ ਐਸੀ ਹੋਣੀ ਨਾ ਕਦੇ ਦੇਖੀ ਹੈ ਨਾ ਸੁਣੀ ਹੈ। ਇਸ ਘਰ ਉੱਤੇ ਤਾਂ ਜਿਵੇਂ ਕੋਈ ਬਦਰੂਹਾਂ ਦਾ ਸਾਇਆ ਹੋਵੇ। ਸਾਡੇ ਦੇਖਦਿਆਂ-ਦੇਖਦਿਆਂ ਘਰ ਖ਼ਾਲੀ ਹੋ ਗਿਆ।"

Image copyright Sukhcharan preet/bbc

ਇਸ ਘਰ ਵਿੱਚ ਪਹਿਲਾਂ ਸਾਲ ਕੁ ਪਹਿਲਾਂ ਵੀ ਕਰਜ਼ੇ ਦੀ ਤ੍ਰਾਸਦੀ ਦੀ ਖ਼ਬਰ ਬਣਾਉਣ ਸਬੰਧੀ ਹੀ ਆਉਣ ਹੋਇਆ ਸੀ। ਇਸ ਘਰ ਦੀਆਂ ਖੁਸ਼ੀਆਂ ਖੇੜੇ ਤਾਂ ਉਸ ਤੋਂ ਵੀ ਪਹਿਲਾਂ ਦੇ ਖੰਭ ਲਾ ਕੇ ਉੱਡ ਚੁੱਕੇ ਸਨ। ਹੁਣ ਤਾਂ ਇਸ ਬੇਰੰਗੇ ਘਰ ਅਤੇ ਤ੍ਰਾਸਦੀ ਦੇ ਮਾਅਨੇ ਹੀ ਇੱਕ ਹੋ ਗਏ ਹਨ। ਹਾਲੇ ਵੀ ਬਜ਼ੁਰਗ ਔਰਤ ਬਚੇ-ਖੁਚੇ ਨੂੰ ਸੰਭਾਲਣ ਲਈ ਮਦਦ ਦੀ ਝੋਲੀ ਅੱਡੀ ਬੈਠੀ ਹੈ। ਬੇਰੰਗੇ ਘਰਾਂ ਦੇ ਵੀ ਤਾਂ ਸਰਨਾਵੇਂ ਹੁੰਦੇ ਹਨ। ਕੋਈ ਸੁੱਖ ਦਾ ਸੁਨੇਹਾ ਲੈ ਕੇ ਆਵੇ ਤਾਂ ਸਹੀਂ।

Image copyright Sukhcharan preet/bbc

ਕਰਜ਼ਾ ਮੁਆਫ਼ੀ

ਬੀਬੀਸੀ ਪੰਜਾਬੀ ਨੇ ਇਕੱਠੀ ਕੀਤੀ ਤਫ਼ਸੀਲ ਮੁਤਾਬਕ ਪੰਜਾਬ ਸਰਕਾਰ ਦੀ ਕਰਜ਼ਾ ਮੁਆਫ਼ੀ ਯੋਜਨਾ ਤਹਿਤ ਹਰਪਾਲ ਕੌਰ ਦੇ ਪਰਿਵਾਰ ਦਾ 53,000 ਰੁਪਈਆ ਮੁਆਫ਼ ਹੋਇਆ ਸੀ ਜੋ ਸਹਿਕਾਰੀ ਸਭਾ ਤੋਂ ਲਿਆ ਕਰਜ਼ਾ ਸੀ।

ਲਵਪ੍ਰੀਤ ਸਿੰਘ ਦੇ ਦਾਦਾ ਨਾਹਰ ਸਿੰਘ ਦੀ ਖ਼ੁਦਕੁਸ਼ੀ ਤੋਂ ਬਾਅਦ ਦੋ ਲੱਖ ਸਰਕਾਰੀ ਮੁਆਵਜ਼ਾ ਮਿਲਿਆ ਸੀ। ਲਵਪ੍ਰੀਤ ਸਿੰਘ ਦੇ ਪਿਤਾ ਕੁਲਵੰਤ ਸਿੰਘ ਦੀ ਖ਼ੁਦਕੁਸ਼ੀ ਤੋਂ ਬਾਅਦ ਸਰਕਾਰੀ ਮੁਆਵਜ਼ਾ ਨਹੀਂ ਮਿਲਿਆ।

Image copyright Sukhcharan preet/bbc

ਕਰਜ਼ੇ ਦਾ ਬੋਝ

ਇਸ ਵੇਲੇ ਲਵਪ੍ਰੀਤ ਸਿੰਘ ਦੇ ਪਰਿਵਾਰ ਉੱਤੇ ਬੈਂਕ ਦਾ ਡੇਢ ਲੱਖ ਰੁਪਏ ਦਾ ਕਰਜ਼ਾ ਹੈ। ਇਸ ਤੋਂ ਬਿਨਾਂ ਤਿੰਨ ਲੱਖ ਰੁਪਏ ਸੱਤ ਕਨਾਲਾਂ ਜ਼ਮੀਨ ਗਹਿਣੇ ਹੈ ਅਤੇ ਇਹੋ ਉਨ੍ਹਾਂ ਦੀ ਬਚੀ ਹੋਈ ਜ਼ਮੀਨ ਹੈ। ਇਸ ਤੋਂ ਬਿਨਾਂ ਸ਼ਾਹੂਕਾਰਾ ਕਰਜ਼ਾ ਰਲਾ ਕੇ ਕੁੱਲ ਅੱਠ ਲੱਖ ਰੁਪਏ ਦਾ ਕਰਜ਼ਾ ਬਣਦਾ ਹੈ।

ਖ਼ੁਦਕੁਸ਼ੀਆਂ ਦੀ ਮਰਦਮਸ਼ੁਮਾਰੀ

ਪੰਜਾਬ ਸਰਕਾਰ ਨੇ ਸਮੁੱਚੇ ਸੂਬੇ ਦੇ ਖੁਦਕੁਸ਼ੀ ਕਰਨ ਵਾਲੇ ਜੀਆਂ ਦੇ ਪਰਿਵਾਰਾਂ ਦੀ ਮਰਦਮਸ਼ੁਮਾਰੀ ਕਰਵਾਈ ਹੈ। ਸੂਬੇ ਵਿੱਚ ਸਰਕਾਰੀ ਅੰਕੜਿਆਂ ਮੁਤਾਬਕ 2000-2015 ਦੌਰਾਨ 16606 ਖੁਦਕੁਸ਼ੀਆਂ ਦਰਜ ਹੋਈਆਂ ਹਨ।

ਪੰਜਾਬ ਖੇਤੀਬਾੜੀ ਯੂਨੀਵਰਿਸਟੀ ਦੀ ਕੀਤੀ ਮਰਦਮਸ਼ੁਮਾਰੀ ਮੁਤਾਬਕ ਪੰਜਾਬ ਦੇ ਛੇ ਜ਼ਿਲਿਆਂ ਦੀਆਂ 14,667 ਕੇਸਾਂ ਵਿੱਚੋਂ ਲੁਧਿਆਣਾ ਵਿੱਚ 1238, ਮੋਗਾ ਵਿੱਚ 1423, ਬਰਨਾਲਾ ਵਿੱਚ 1706, ਬਠਿੰਡਾ ਵਿੱਚ 3094, ਸੰਗਰੂਰ ਵਿੱਚ 3818 ਅਤੇ ਮਾਨਸਾ ਵਿੱਚ 3338 ਕੇਸ ਸਾਹਮਣੇ ਆਏ ਹਨ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਰਥਸ਼ਾਸਤਰੀ ਪ੍ਰੋ. ਸੁਖਪਾਲ ਸਿੰਘ ਨੇ ਦਸੰਬਰ 2018 ਵਿੱਚ ਬੀਬੀਸੀ ਨਾਲ ਗੱਲਾਬਾਤ ਕਰਦਿਆਂ ਦੱਸਿਆ ਸੀ, "ਖੁਦਕੁਸ਼ੀਆਂ ਕਰਨ ਵਾਲੇ 16606 ਲੋਕਾਂ ਵਿੱਚੋਂ 9243 ਕਿਸਾਨ ਅਤੇ 7363 ਮਜ਼ਦੂਰ ਹਨ। ਸੂਬੇ ਵਿੱਚ ਸਾਲਾਨਾ 1038 ਅਤੇ ਰੋਜ਼ਾਨਾ ਤਿੰਨ ਖੁਦਕੁਸ਼ੀਆਂ ਹੋ ਰਹੀਆਂ ਹਨ।"

ਇਹ ਵੀ ਪੜ੍ਹੋ:

Image copyright Sukhcharan preet/bbc

ਕਰਜ਼ਿਆਂ ਦੀ ਬੋਝ ਅਤੇ ਮਨੋਰੋਗਾਂ ਦੀ ਮਾਰ

ਪੰਜਾਬ ਵਿੱਚ ਖ਼ੁਦਕੁਸ਼ੀਆਂ ਦੇ ਰੁਝਾਨ ਦੇ ਮਾਨਸਿਕ ਪੱਖ ਨੂੰ ਸਮਝਣ ਲਈ ਬੀਬੀਸੀ ਪੰਜਾਬੀ ਦੇ ਸਰਬਜੀਤ ਸਿੰਘ ਧਾਲੀਵਾਲ ਨੇ ਚੰਡੀਗੜ੍ਹ ਦੇ ਸੈਕਟਰ 32 ਵਾਲੇ ਸਰਕਾਰੀ ਹਸਪਤਾਲ ਵਿੱਚ ਮਨੋਰੋਗ ਮਾਹਿਰ ਵਜੋਂ ਕੰਮ ਕਰਦੇ ਕਮਲੇਸ਼ ਕੁਮਾਰ ਸਾਹੂ ਨਾਲ ਗੱਲਬਾਤ ਕੀਤਾ।

ਉਨ੍ਹਾਂ ਦਾ ਕਹਿਣਾ ਹੈ, "ਖ਼ੁਦਕੁਸ਼ੀਆਂ ਦਾ ਮਨੋ-ਸਮਾਜਿਕ ਪੱਖ ਬਹੁਤ ਅਹਿਮ ਹੈ। ਸਾਡੇ ਸਮਾਜ ਵਿੱਚ ਮਨੋਦਸ਼ਾ ਬਾਬਤ ਮਾਹਰਾਂ ਨਾਲ ਮਸ਼ਵਰਾ ਕਰਨ ਦਾ ਰੁਝਾਨ ਨਹੀਂ ਹੈ। ਸਮਾਜ ਖ਼ੁਦਕੁਸ਼ੀ ਪੀੜਤ ਪਰਿਵਾਰ ਨੂੰ ਸਦਮੇ ਦੇ ਮਨੋਵੇਗ ਵਿੱਚੋਂ ਬਾਹਰ ਨਿਕਲਣ ਵਿੱਚ ਸਹਾਈ ਨਹੀਂ ਹੁੰਦਾ।"

ਡਾਕਟਰ ਕਮਲੇਸ਼ ਕੁਮਾਰ ਸਾਹੂ ਦੱਸਦੇ ਹਨ, "ਖ਼ੁਦਕੁਸ਼ੀ ਪੀੜਤ ਪਰਿਵਾਰ ਨੂੰ ਸਦਮੇ ਵਿੱਚੋਂ ਨਿਕਲਣ ਲਈ ਮਾਹਰਾਂ ਦਾ ਮਸ਼ਵਰਾ ਦਰਕਾਰ ਹੁੰਦਾ ਹੈ ਜੋ ਆਮ ਤੌਰ ਉੱਤੇ ਨਦਾਰਦ ਹੁੰਦਾ ਹੈ। ਇਸ ਤੋਂ ਇਲਾਵਾ ਆਪਣੀ ਅਣਜਾਣਤਾ ਕਾਰਨ ਸਮਾਜ ਵੀ ਇਸ ਸਦਮੇ ਦੀ ਪੀੜ ਘਟਣ ਨਹੀਂ ਦਿੰਦਾ।"

ਜਦੋਂ ਕਮਲੇਸ਼ ਕੁਮਾਰ ਸਾਹੂ ਤੋਂ ਲਵਪ੍ਰੀਤ ਦੇ ਮਾਮਲੇ ਦੀ ਤਫ਼ਤੀਲ ਦੱਸ ਕੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜੁਆਬ ਸੀ, "ਖ਼ੁਦਕੁਸ਼ੀਆਂ ਦੇ ਵੱਖ-ਵੱਖ ਕਾਰਨ ਹਨ। ਉਮਰ ਵੀ ਮਾਅਨੇ ਰੱਖਦੀ ਹੈ। ਨੌਜਵਾਨਾਂ ਵਿੱਚ ਬੇਰੋਜ਼ਗਾਰੀ ਖ਼ੁਦਕੁਸ਼ੀ ਦਾ ਵੱਡਾ ਕਾਰਨ ਬਣਦੀ ਹੈ। ਸਮਾਜਿਕ ਰੁਤਬੇ ਨੂੰ ਲੱਗਿਆ ਖੋਰਾ ਵੀ ਖ਼ੁਦਕੁਸ਼ੀ ਦਾ ਕਾਰਨ ਬਣਦਾ ਹੈ।"

ਇਹ ਵੀਡੀਓਜ਼ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)