ਚਿੰਨਮਿਆਨੰਦ 'ਤੇ ਰੇਪ ਕੇਸ ਕਿਉਂ ਨਹੀਂ ਦਰਜ ਕਰ ਰਹੀ ਉੱਤਰ ਪ੍ਰਦੇਸ਼ ਪੁਲਿਸ?

ਚਿੰਨਮਿਆਨੰਦ Image copyright Getty Images

ਸ਼ਾਹਜਹਾਂਪੁਰ ਵਿੱਚ ਲਾਅ ਕਾਲਜ ਦੀ ਵਿਦਿਆਰਥਣ ਦੇ ਇਲਜ਼ਾਮਾਂ ਅਤੇ ਸ਼ਿਕਾਇਤ ਦੇ ਬਾਵਜੂਦ ਉੱਤਰ ਪ੍ਰਦੇਸ਼ ਪੁਲਿਸ ਨੇ ਹਾਲੇ ਤੱਕ ਸਾਬਕਾ ਗ੍ਰਹਿ ਰਾਜ ਮੰਤਰੀ ਚਿੰਨਮਿਆਨੰਦ ਦੇ ਖਿਲਾਫ਼ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਨਹੀਂ ਕੀਤਾ ਹੈ।

ਹਾਲਾਂਕਿ ਇਹ ਮਾਮਲਾ ਹੁਣ ਐਸਆਈਟੀ ਨੂੰ ਸੌਂਪ ਦਿੱਤਾ ਗਿਆ ਹੈ ਪਰ ਕੁੜੀ ਅਤੇ ਉਸ ਦੇ ਪਿਤਾ ਵਲੋਂ ਵਾਰੀ-ਵਾਰੀ ਕੀਤੀ ਜਾ ਰਹੀ ਮੰਗ ਦੇ ਬਾਵਜੂਦ ਇਸ ਮਾਮਲੇ ਵਿੱਚ ਐਫ਼ਆਈਆਰ ਦਰਜ ਨਾ ਹੋਣ ਨਾਲ ਕਈ ਸਵਾਲ ਉੱਠ ਰਹੇ ਹਨ।

ਬੁੱਧਵਾਰ ਨੂੰ ਇਸ ਮਾਮਲੇ ਵਿੱਚ ਇੱਕ ਵਾਇਰਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇੱਕ ਨਵਾਂ ਮੋੜ ਆਇਆ ਜਿਸ ਵਿੱਚ ਕਥਿਤ ਤੌਰ 'ਤੇ ਸਵਾਮੀ ਚਿੰਨਮਿਆਨੰਦ ਕਿਸੇ ਕੁੜੀ ਤੋਂ ਮਸਾਜ ਕਰਾਉਂਦੇ ਅਤੇ ਮੋਬਾਈਲ ਫੋਨ 'ਤੇ ਕੁਝ ਟਾਈਪ ਕਰਦੇ ਦਿਖ ਰਹੇ ਹਨ।

ਇਸ ਤੋਂ ਬਾਅਦ ਇੱਕ ਦੂਜਾ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਸਵਾਮੀ ਚਿੰਨਮਿਆਨੰਦ ਤੋਂ ਕਥਿਤ ਤੌਰ 'ਤੇ ਪੰਜ ਕਰੋੜ ਦੀ ਫਿਰੌਤੀ ਮੰਗਣ ਸਬੰਧੀ ਗੱਲਬਾਤ ਹੈ। ਬੀਬੀਸੀ ਇਨ੍ਹਾਂ ਦੋਨਾਂ ਹੀ ਵੀਡੀਓਜ਼ ਦੀ ਤਸਦੀਕ ਨਹੀਂ ਕਰ ਸਕਦਾ।

ਇਹ ਵੀ ਪੜ੍ਹੋ:

ਇਸ ਮਾਮਲੇ ਵਿੱਚ ਸਵਾਮੀ ਚਿੰਨਮਿਆਨੰਦ ਦੇ ਬੁਲਾਰੇ ਓਮ ਸਿੰਘ ਵਲੋਂ ਵੀ ਇੱਕ ਐਫ਼ਆਈਆਰ ਦਰਜ ਕਰਵਾਈ ਗਈ ਸੀ।

ਪਿਛਲੇ ਮਹੀਨੇ ਹੀ ਕੁੜੀ ਦੇ ਪਿਤਾ ਦੀ ਸ਼ਿਕਾਇਤ 'ਤੇ ਸ਼ਾਹਜਹਾਂਪੁਰ ਪੁਲਿਸ ਨੇ ਸਵਾਮੀ ਚਿੰਨਮਿਆਨੰਦ ਅਤੇ ਹੋਰ ਲੋਕਾਂ ਦੇ ਖਿਲਾਫ਼ ਅਗਵਾ ਅਤੇ ਧਮਕਾਉਣ ਦਾ ਮਾਮਲਾ ਦਰਜ ਕੀਤਾ ਸੀ।

ਸ਼ੋਸ਼ਣ ਅਤੇ ਧਮਕੀ ਸਬੰਧੀ ਕੁੜੀ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁਝ ਵਕੀਲਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਇਸ ਮਾਮਲੇ ਦਾ ਨੋਟਿਸ ਲਿਆ ਅਤੇ ਕੁੜੀ ਦੇ ਸੁਰੱਖਿਅਤ ਮਿਲਣ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੂੰ ਜਾਂਚ ਲਈ ਐਸਐਈਟੀ ਬਣਾਉਣ ਦਾ ਨਿਰਦੇਸ਼ ਦਿੱਤਾ।

'ਜ਼ਿਲ੍ਹਾ ਅਧਿਕਾਰੀ ਸਾਨੂੰ ਧਮਕਾ ਰਹੇ ਹਨ'

ਸੋਮਵਾਰ ਨੂੰ ਐਸਆਈਟੀ ਨੇ ਕੁੜੀ ਤੋਂ ਤਕਰੀਬਨ 11 ਘੰਟੇ ਤੱਕ ਪੁੱਛਗਿੱਛ ਕੀਤੀ।

ਇਸ ਤੋਂ ਬਾਅਦ ਕੁੜੀ ਅਤੇ ਉਨ੍ਹਾਂ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਕੀਤੀ ਜਿਸ ਵਿੱਚ ਉਨ੍ਹਾਂ ਨੇ ਇੱਕ ਵਾਰੀ ਫਿਰ ਇਹ ਇਲਜ਼ਾਮ ਦੁਹਰਾਇਆ ਕਿ ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਦੇ ਦਬਾਅ ਵਿੱਚ ਸਵਾਮੀ ਚਿੰਨਮਿਆਨੰਦ ਦੇ ਖ਼ਿਲਾਫ਼ ਬਲਾਤਕਾਰ ਦੀ ਰਿਪੋਰਟ ਦਰਜ ਨਹੀਂ ਕੀਤੀ ਜਾ ਰਹੀ ਹੈ।

Image copyright FB @SWAMI CHINMAYANAND

ਕੁੜੀ ਦਾ ਕਹਿਣਾ ਸੀ, "ਚਿੰਨਮਿਆਨੰਦ ਪਿਛਲੇ ਇੱਕ ਸਾਲ ਤੋਂ ਮੇਰਾ ਸ਼ੋਸ਼ਣ ਕਰ ਰਹੇ ਹਨ। ਮੇਰੇ ਕੋਲ ਇਸ ਦੇ ਸਬੂਤ ਵੀ ਹਨ ਜਿਨ੍ਹਾਂ ਨੂੰ ਮੈਂ ਉਚਿਤ ਸਮੇਂ 'ਤੇ ਜਾਂਚ ਏਜੰਸੀਆਂ ਨੂੰ ਦਿਖਾ ਵੀ ਸਕਦੀ ਹਾਂ ਫਿਰ ਵੀ ਪੁਲਿਸ ਮੇਰੀ ਸ਼ਿਕਾਇਤ ਦਰਜ ਨਹੀਂ ਕਰ ਰਹੀ ਹੈ।"

ਕੁੜੀ ਦਾ ਇਹ ਵੀ ਕਹਿਣਾ ਸੀ ਕਿ ਉਸ ਨੇ ਇਹ ਸ਼ਿਕਾਇਤ ਦਿੱਲੀ ਪੁਲਿਸ ਵਿੱਚ ਦਿੱਤੀ ਸੀ ਜਿਸ ਵਿੱਚ ਸ਼ਾਹਜਹਾਂਪੁਰ ਪੁਲਿਸ ਕੋਲ ਵਧਾ ਦਿੱਤਾ ਗਿਆ ਪਰ ਇਸ ਗੱਲ ਦੀ ਪੁਸ਼ਟੀ ਨਾ ਤਾਂ ਦਿੱਲੀ ਪੁਲਿਸ ਨੇ ਕੀਤੀ ਹੈ ਅਤੇ ਨਾ ਹੀ ਸ਼ਾਹਜਹਾਂਪੁਰ ਪੁਲਿਸ ਨੇ।

ਉੱਥੇ ਹੀ ਕੁੜੀ ਦੇ ਪਿਤਾ ਦਾ ਇਲਜ਼ਾਮ ਹੈ ਕਿ ਜਦੋਂ ਤੋਂ ਇਹ ਮਾਮਲੇ ਸਾਹਮਣੇ ਆਇਆ ਹੈ ਸ਼ਾਹਜਹਾਂਪੁਰ ਦੇ ਜ਼ਿਲ੍ਹਾ ਅਧਿਕਾਰੀ ਉਨ੍ਹਾਂ ਨੂੰ ਲਗਾਤਾਰ ਧਮਕੀ ਦੇ ਰਹੇ ਹਨ।

'ਪੁਲਿਸ ਅਧਿਕਾਰੀ ਵੀ ਖਾਮੋਸ਼'

ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ, "ਜਦੋਂ ਸਾਡੀ ਕੁੜੀ ਲਾਪਤਾ ਹੋਈ ਸੀ ਤਾਂ ਵੀ ਅਸੀਂ ਆਪਣੀ ਸ਼ਿਕਾਇਤ ਵਿੱਚ ਰੇਪ ਦੀ ਗੱਲ ਕਹੀ ਸੀ ਪਰ ਡੀਐਮ ਸਾਹਿਬ ਨੇ ਸਾਨੂੰ ਧਮਕਾਉਂਦੇ ਹੋਏ ਕਿਹਾ ਕਿ ਕੁੜੀ ਦੇ ਅਗਵਾ ਹੋਣ ਦੀ ਸ਼ਿਕਾਇਤ ਲਿਖੋ।"

"ਉਨ੍ਹਾਂ ਨੇ ਸਾਨੂੰ ਇਸ ਮਾਮਲੇ ਨੂੰ ਖ਼ਤਮ ਕਰਨ ਅਤੇ ਅੱਗੇ ਨਾ ਵਧਣ ਨੂੰ ਵੀ ਕਿਹਾ ਹੈ। ਮੇਰੀ ਮੰਗ ਹੈ ਕਿ ਡੀਐਮ ਨੂੰ ਤਤਕਾਲ ਇੱਥੋਂ ਹਟਾਇਆ ਜਾਵੇ ਕਿਉਂਕਿ ਉਨ੍ਹਾਂ ਦੇ ਰਹਿੰਦੇ ਨਿਰਪੱਖ ਕਾਰਵਾਈ ਨਹੀਂ ਹੋ ਸਕਦੀ।"

Image copyright FB @SWAMI CHINMAYANAND

ਇਨ੍ਹਾਂ ਇਲਜ਼ਾਮਾਂ 'ਤੇ ਸ਼ਾਹਜਹਾਂਪੁਰ ਦੇ ਜ਼ਿਲ੍ਹਾ ਅਧਿਕਾਰੀ ਇੰਦਰ ਵਿਕਰਮ ਸਿੰਘ ਦਾ ਪ੍ਰਤੀਕਰਮ ਜਾਣਨ ਦੀ ਕਈ ਵਾਰੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦਾ ਪ੍ਰਤੀਕਰਮ ਨਹੀਂ ਮਿਲ ਸਕਿਆ।

ਸ਼ਾਹਜਹਾਂਪੁਰ ਦੇ ਪੁਲਿਸ ਅਧਿਕਾਰੀ ਐਸ ਚਿਨੱਪਾ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਸਿਰਫ਼ ਇੰਨਾ ਕਿਹਾ, "ਇਹ ਪੂਰਾ ਮਾਮਲਾ ਸੁਪਰੀਮ ਕੋਰਟ ਦੇ ਨੋਟਿਸ ਵਿੱਚ ਹੈ ਅਤੇ ਉਨ੍ਹਾਂ ਦੇ ਨਿਰਦੇਸ਼ ਅਨੁਸਾਰ ਐਸਆਈਟੀ ਜਾਂਚ ਕਰ ਰਹੀ ਹੈ। ਪੂਰੀ ਵਿਵੇਚਨਾ ਐਸਆਈਟੀ ਹੀ ਕਰ ਰਹੀ ਹੈ ਅਤੇ ਹੁਣ ਜਿਵੇਂ ਉਹ ਚਾਹੁਣਗੇ, ਉਸ ਮੁਤਾਬਕ ਹੀ ਕਾਰਵਾਈ ਹੋਵੇਗੀ।"

ਪਰ ਇਸ ਸਵਾਲ 'ਤੇ ਕਿ ਕੀ ਹੁਣ ਇਸ ਮਾਮਲੇ ਵਿੱਚ ਜ਼ਿਲ੍ਹਾ ਪੁਲਿਸ ਦੀ ਕੋਈ ਭੂਮਿਕਾ ਨਹੀਂ ਰਹਿ ਗਈ ਹੈ, ਪੁਲਿਸ ਅਧਿਕਾਰੀ ਨੇ ਫੋਨ ਕੱਟ ਦਿੱਤਾ।

ਕੀ ਹੁਣ ਜ਼ਿਲ੍ਹਾ ਪੁਲਿਸ ਦੀ ਕੋਈ ਭੂਮੀਕਾ ਨਹੀਂ?

ਯੂਪੀ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਇਸ ਪੂਰੇ ਮਾਮਲੇ ਵਿੱਚ ਸ਼ਾਹਜਹਾਂਪੁਰ ਪੁਲਿਸ ਕਿਤੇ ਹੈ ਜਾਂ ਨਹੀਂ, ਇਸ ਲਈ ਉਸ ਨੇ ਰਿਪੋਰਟ ਕਿਉਂ ਨਹੀਂ ਲਿਖੀ, ਇਹ ਸਵਾਲ ਹੀ ਸਹੀ ਨਹੀਂ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਦਾ ਕਹਿਣਾ ਸੀ, "ਕੁੜੀ ਦੇ ਪਿਤਾ ਨੇ ਜੋ ਸ਼ਿਕਾਇਤ ਦਿੱਤੀ ਸੀ ਉਸ ਦੇ ਆਧਾਰ 'ਤੇ ਅਗਵਾ ਅਤੇ ਧਮਕੀ ਦਾ ਮਾਮਲਾ ਦਰਜ ਕੀਤਾ ਗਿਆ। ਕੁੜੀ ਦੇ ਵੀਡੀਓ ਦੇ ਆਧਾਰ 'ਤੇ ਵੀ ਇਹੀ ਕੇਸ ਬਣਦਾ ਸੀ ਕਿਉਂਕਿ ਉਸ ਨੇ ਵੀ ਰੇਪ ਦੀ ਗੱਲ ਨਹੀਂ ਕੀਤੀ ਸੀ।"

"ਸਗੋਂ ਕਿਹਾ ਸੀ ਕਿ ਧਰਮ-ਸਮਾਜ ਦੇ ਇੱਕ ਵੱਡੇ ਵਿਅਕਤੀ ਨੇ ਕੁੜੀਆਂ ਦਾ ਸ਼ੋਸ਼ਣ ਕੀਤਾ ਹੈ। ਉਸ ਤੋਂ ਬਾਅਦ ਕਾਰਵਾਈ ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ ਐਸਆਈਟੀ ਦਾ ਗਠਨ ਹੋਇਆ ਹੈ। ਹੁਣ ਇੱਥੇ ਜ਼ਿਲ੍ਹਾ ਪੁਲਿਸ ਦੀ ਕੋਈ ਭੂਮੀਕਾ ਹੀ ਨਹੀਂ ਹੈ।"

Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਹਾਲਾਂਕਿ ਅਜਿਹਾ ਨਹੀਂ ਹੈ ਕਿ ਐਸਆਈਟੀ ਦੀ ਜਾਂਚ ਦੇ ਦੌਰਾਨ ਜ਼ਿਲ੍ਹਾ ਪੁਲਿਸ ਕੋਈ ਨਵਾਂ ਮਾਮਲਾ ਨਹੀਂ ਦਰਜ ਕਰ ਸਕਦੀ ਹੈ।

ਲੰਮੇਂ ਸਮੇਂ ਤੋਂ ਅਪਰਾਧ ਦੀਆਂ ਖ਼ਬਰਾਂ ਦੀ ਰਿਪੋਰਟਿੰਗ ਕਰਨ ਵਾਲੇ ਪੱਤਰਕਾਰ ਵਿਵੇਕ ਤ੍ਰਿਪਾਠੀ ਕਹਿੰਦੇ ਹਨ, "ਜ਼ਿਲ੍ਹਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਉਹ ਦਰਜ ਕਰ ਸਕਦੀ ਹੈ। ਨਵਾਂ ਕੇਸ ਐਸਆਈਟੀ ਵੀ ਦਰਜ ਕਰ ਸਕਦੀ ਹੈ। ਅਜਿਹਾ ਨਹੀਂ ਹੈ ਕਿ ਐਸਆਈਟੀ ਕਾਰਨ ਜ਼ਿਲ੍ਹਾ ਪੁਲਿਸ ਦੀ ਭੂਮਿਕਾ ਖ਼ਤਮ ਹੋ ਗਈ ਹੈ।"

ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੇਰ-ਸਵੇਰ ਰੇਪ ਦਾ ਮਾਮਲਾ ਜ਼ਰੂਰ ਦਰਜ ਹੋ ਜਾਏਗਾ ਕਿਉਂਕਿ ਜੇ ਅਜਿਹਾ ਨਹੀਂ ਹੋਇਆ ਤਾ ਪੱਕੇ ਤੌਰ 'ਤੇ ਸੁਪਰੀਮ ਕੋਰਟ ਦਖ਼ਲ ਕਰੇਗਾ।

ਚਿੰਨਮਿਆਨੰਦ ਨੂੰ ਬਚਾਉਣ ਦੀ ਕੋਸ਼ਿਸ਼?

ਕੁੜੀ ਦੇ ਪਿਤਾ ਨੇ ਤਾਂ ਪ੍ਰਸ਼ਾਸਨ ਦੇ ਦਬਾਅ ਦਾ ਇਲਜ਼ਾਮ ਲਾਇਆ ਹੀ ਹੈ, ਸਿਆਸੀ ਗਲਿਆਰਿਆਂ ਵਿੱਚ ਵੀ ਇਸ ਦੀ ਜੰਮਕੇ ਚਰਚਾ ਹੋ ਰਹੀ ਹੈ।

ਹਾਲਾਂਕਿ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੋ ਸਕਦਾ ਹੈ ਕਿ ਉਨ੍ਹਾਂ ਪ੍ਰਤੀ 'ਸਿਆਸੀ ਹਮਦਰਦੀ' ਹੋ ਜਾਵੇ ਪਰ ਹੁਣ ਤੱਕ ਜਿਸ ਹੌਲੀ ਰਫ਼ਤਾਰ ਨਾਲ ਕਾਰਵਾਈ ਹੋ ਰਹੀ ਹੈ, ਉਸ ਨੂੰ ਦੇਖਦੇ ਹੋਏ ਉਨ੍ਹਾਂ ਦੇ ਪ੍ਰਭਾਵ ਨੂੰ ਨਜ਼ਰਅੰਦਾਜ਼ ਨਹੀਂ ਕੀਜਾ ਜਾ ਸਕਦਾ।

ਸੀਨੀਅਰ ਪੱਤਰਕਾਰ ਸ਼ਰਦ ਪ੍ਰਧਾਨ ਕਹਿੰਦੇ ਹਨ, "ਸਰਕਾਰ ਅਤੇ ਖ਼ਾਸਕਰ ਮੁੱਖ ਮੰਤਰੀ ਦੇ ਉਹ ਬੇਹੱਦ ਕਰੀਬੀ ਹੀ ਹਨ। ਸੁਪਰੀਮ ਕੋਰਟ ਦਖ਼ਲ ਨਾ ਦਿੰਦਾ ਤਾਂ ਉਨ੍ਹਾਂ ਦੇ ਉੱਪਰ ਭਲਾ ਕੌਣ ਹੱਥ ਪਾ ਸਕਦਾ ਸੀ।"

"ਹੁਣ ਵੀ ਕੋਸ਼ਿਸ਼ਾਂ ਬਹੁਤ ਹੋ ਰਹੀਆਂ ਹਨ ਪਰ ਸੁਪਰੀਮ ਕੋਰਟ ਦੀ ਸਖ਼ਤੀ ਨੂੰ ਦੇਖਦੇ ਹੋਏ ਲਗਦਾ ਨਹੀਂ ਕਿ ਸੂਬਾ ਸਰਕਾਰ ਉਨ੍ਹਾਂ ਨੂੰ ਬਚਾ ਸਕੇਗੀ।"

Image copyright FB @SWAMI CHINMAYANAND

ਭਾਜਪਾ ਦੇ ਸਾਬਕਾ ਸੰਸਦ ਮੈਂਬਰ ਚਿੰਨਮਿਆਨੰਦ ਅਟਲ ਬਿਹਾਰੀ ਵਾਜਪੇਈ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿੱਚ ਗ੍ਰਹਿ ਮੰਤਰੀ ਰਹਿ ਚੁੱਕੇ ਹਨ ਅਤੇ ਰਾਮ ਮੰਦਿਰ ਅੰਦੋਲਨ ਦੇ ਵੱਡੇ ਆਗੂਆਂ ਵਿੱਚ ਸ਼ਾਮਿਲ ਰਹੇ ਹਨ।

ਸ਼ਾਹਜਹਾਂਪੁਰ ਵਿੱਚ ਉਨ੍ਹਾਂ ਦਾ ਆਸ਼ਰਮ ਹੈ ਅਤੇ ਉਹ ਕਈ ਸਿੱਖਿਅਕ ਅਦਾਰਿਆਂ ਦੇ ਪ੍ਰਬੰਧ ਨਾਲ ਵੀ ਜੁੜੇ ਹੋਏ ਹਨ।

ਕੌਣ ਹੈ ਚਿੰਨਮਿਆਨੰਦ?

ਭਾਜਪਾ ਦੇ ਸਾਬਕਾ ਸੰਸਦ ਮੈਂਬਰ ਸਵਾਮੀ ਚਿਨਮਿਆਨੰਦ ਅਟਲ ਬਿਹਾਰੀ ਵਾਜਪਈ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿੱਚ ਗ੍ਰਹਿ ਰਾਜ ਮੰਤਰੀ ਰਹਿ ਚੁੱਕੇ ਹਨ ਅਤੇ ਰਾਮ ਮੰਦਿਰ ਅੰਦੋਲਨ ਦੇ ਵੱਡੇ ਨੇਤਾਵਾਂ ਵਿੱਚ ਸ਼ਾਮਿਲ ਸਨ।

ਸ਼ਾਹਜਹਾਨਪੁਰ ਵਿੱਚ ਉਨ੍ਹਾਂ ਦਾ ਆਸ਼ਰਮ ਹੈ ਤੇ ਉਹ ਕਈ ਸਿੱਖਿਕ ਸੰਸਥਾਵਾਂ ਦੇ ਪ੍ਰਬੰਧਨ ਨਾਲ ਜੁੜੇ ਹੋਏ ਹਨ।

ਇਹ ਵੀ ਪੜ੍ਹੋ:

ਅੱਠ ਸਾਲ ਪਹਿਲਾਂ ਸ਼ਾਹਜਹਾਨਪੁਰ ਦੀ ਹੀ ਇੱਕ ਹੋਰ ਔਰਤ ਨੇ ਵੀ ਸਵਾਮੀ ਚਿੰਨਮਿਆਨੰਦ 'ਤੇ ਜਿਨਸੀ ਸ਼ੋਸ਼ਣ ਦਾ ਮੁਕੱਦਮਾ ਦਰਜ ਕਰਵਾਇਆ ਸੀ। ਉਹ ਪਹਿਲਾਂ ਸਵਾਮੀ ਚਿੰਨਮਿਆਨੰਦ ਦੇ ਹੀ ਆਸ਼ਰਮ ਵਿੱਚ ਰਹਿੰਦੀ ਸੀ।

ਹਲਾਂਕਿ ਭਾਜਪਾ ਸਰਕਾਰ ਬਣਨ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਖਿਲਾਫ਼ ਇਹ ਮੁਕੱਦਮਾ ਵਾਪਸ ਲੈ ਲਿਆ ਸੀ ਪਰ ਪੀੜਤ ਪਾਰਟੀ ਨੇ ਸਰਕਾਰ ਦੇ ਫੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ। ਫਿਲਹਾਲ ਇਸ ਮਾਮਲੇ ਵਿੱਚ ਹਾਈ ਕੋਰਟ ਤੋਂ ਸਟੇਅ ਮਿਲਿਆ ਹੈ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)