ਕਰਤਾਰਪੁਰ ਲਾਂਘਾ: 20 ਡਾਲਰ ਫੀਸ ਬਾਰੇ ਸੁਖਜਿੰਦਰ ਸਿੰਘ ਰੰਧਾਵਾ ਨੇ ਕੀ ਕਿਹਾ

ਸੁਖਜਿੰਦਰ ਸਿੰਘ ਰੰਧਾਵਾ Image copyright Gurpreetsinghchawla/bbc

"ਮੇਰੇ ਖ਼ਿਆਲ 'ਚ ਸੰਗਤ ਦੇ ਦਿਮਾਗ਼ 'ਚ 20 ਡਾਲਰ ਬਹੁਤ ਛੋਟੀ ਚੀਜ਼ ਹੈ। ਜੇਕਰ ਵੱਡੀ ਵੀ ਹੁੰਦੀ ਤਾਂ ਉਹ ਆਪਣੇ ਗੁਰੂ ਲਈ ਕੋਈ ਵੀ ਚੀਜ਼ ਕੁਰਬਾਨ ਕਰਨ ਲਈ ਤਿਆਰ ਹਨ ਪਰ ਫਿਰ ਵੀ ਅਸੀਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ।"

ਅਜਿਹਾ ਕਹਿਣਾ ਹੈ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ, ਜਿਨ੍ਹਾਂ ਨੇ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਤੇ ਨੈਸ਼ਨਲ ਹਾਈਵੇ ਅਥਾਰਟੀ ਨਾਲ ਅੱਜ ਮੀਟਿੰਗ ਕੀਤੀ।

ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਗੁਰੂ ਨਾਨਕ ਨਾਮ ਲੇਵਾ ਸੰਗਤ 'ਤੇ ਕ੍ਰਿਪਾ ਹੋਣ ਲੱਗੀ ਹੈ ਕਿ 77 ਸਾਲਾਂ ਬਾਅਦ ਕਰਤਾਰਪੁਰ ਸਾਹਿਬ ਦਾ ਰਸਤਾ ਖੁੱਲ੍ਹ ਰਿਹਾ ਹੈ।

ਇਸ ਦੇ ਨਾਲ ਹੀ ਉਹਨਾਂ ਆਖਿਆ ਕਿ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜਿਵੇਂ ਮੁਸਲਿਮ ਧਰਮ ਦੇ ਲੋਕਾਂ ਲਈ ਹਜ ਯਾਤਰਾ ਲਈ ਸਰਕਾਰ ਹਰ ਸਹੂਲਤ ਦੇ ਰਹੀ ਹੈ ਉਸੇ ਹੀ ਤਰਜ਼ 'ਤੇ ਕਰਤਾਰਪੁਰ ਸਾਹਿਬ ਵੀ ਜਾਣ ਵਾਲੀ ਸੰਗਤ ਲਈ ਕੇਂਦਰ ਸਰਕਾਰ ਅੱਗੇ ਆਵੇ।

ਇਹ ਵੀ ਪੜ੍ਹੋ-

ਅਤਿ-ਆਧੁਨਿਕ ਸੁਵਿਧਾਵਾਂ

ਇਸ ਤੋਂ ਇਲਾਵਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਦਿਆਂ ਕਿਹਾ ਕਿ ਐੱਨਐੱਚਆਈਏ ਤੇ ਲੈਂਡਪੋਰਟ ਅਥਾਰਿਟੀ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ ਕਿ ਲਾਂਘੇ ਦਾ ਕੰਮ 31 ਅਕਤੂਬਰ ਤੱਕ ਪੂਰਾ ਕਰਨ ਲੈਣ ਨੂੰ ਯਕੀਨੀ ਬਣਾਇਆ ਜਾਵੇ।

ਇਸ ਤੋਂ ਇਲਾਵਾ ਉਨ੍ਹਾਂ ਨੇ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਲਈ ਆਪ ਉਥੇ ਜਾਣ ਦੀ ਵੀ ਗੱਲ ਆਖੀ।

ਉਨ੍ਹਾਂ ਨੇ ਅੱਗੇ ਲਿਖਿਆ, "ਇੰਟਰਗ੍ਰੇਟਡ ਚੈੱਕ ਪੋਸਟ 'ਚ ਸ਼ਰਧਾਲੂਆਂ ਲਈ ਅਤਿ-ਆਧੁਨਿਕ ਸੁਵਿਧਾਵਾਂ ਹੋਣਗੀਆਂ। ਕੇਂਦਰ ਸਰਕਾਰ ਵੱਲੋਂ ਫਾਇਰ ਸਟੇਸ਼ਨ ਤੇ ਪੁਲਿਸ ਸਟੇਸ਼ਨ ਵਰਗੀਆਂ ਕਈ ਸੇਵਾਵਾਂ ਲਈ ਭੁਗਤਾਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ।"

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਦਰਸ਼ਨੀ ਦਿਉੜੀ ਦੀ ਦਿੱਖ ਬਾਰੇ ਵੀ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਤੇ ਦੱਸਿਆ ਕਿ ਦਿਉੜੀ ਵਿੱਚ ਧਾਰਮਿਕ ਮਾਹੌਲ ਸਿਰਜਣ ਲਈ ਕੀਰਤਨ ਚੱਲਦਾ ਰਹੇਗਾ।

ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ 19 ਸਤੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਪੰਜਾਬ ਦੀ ਇੱਕ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ ਅਤੇ ਇਸ ਮੀਟਿੰਗ 'ਚ ਪੰਜਾਬ ਦੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਹੋਣਗੇ।

ਦਰਸ਼ਨ ਸਥਲ

ਲੈਂਡ ਪੋਰਟ ਅਥਾਰਿਟੀ ਆਫ ਇੰਡੀਆ ਦੇ ਮੈਂਬਰ ਅਖਿਲ ਸਕਸੈਨਾ ਨੇ ਆਖਿਆ ਕਿ ਜੋ ਕਰਤਾਰਪੁਰ ਲਾਂਘੇ ਲਈ ਮੁੱਖ ਤੌਰ 'ਤੇ ਇੰਟਰਗ੍ਰੇਟਡ ਚੈਕ ਪੋਸਟ ਨੂੰ ਜਲਦ ਮੁਕੰਮਲ ਕਰਨ ਬਾਰੇ ਗੱਲ ਹੋਈ।

ਉਨ੍ਹਾਂ ਨੇ ਦੱਸਿਆ ਕਿ ਸੰਗਤ ਲਈ ਜੋ ਪਹਿਲਾ ਦੂਰਬੀਨ ਨਾਲ ਦਰਸ਼ਨ ਕਰਨ ਲਈ ਦਰਸ਼ਨ ਸਥਲ ਸੀ ਉਸ ਨੂੰ ਮੁੜ ਬਣਾਉਣ 'ਤੇ ਵੀ ਇਕ ਫ਼ੈਸਲਾ ਲਿਆ ਗਿਆ ਹੈ।

ਲੈਂਡ ਪੋਰਟ ਅਥਾਰਿਟੀ ਵਲੋਂ ਉਨ੍ਹਾਂ ਸ਼ਰਧਾਲੂਆਂ ਲਈ ਜੋ ਸਰਹੱਦ ਪਾਰ ਦਰਸ਼ਨ ਨਹੀਂ ਕਰਨਾ ਚਾਹੁੰਦੇ ਜਾਂ ਨਹੀਂ ਜਾ ਸਕਦੇ ਉਨ੍ਹਾਂ ਲਈ ਇੱਕ ਦਰਸ਼ਨ ਸਥਲ ਬਣਾਇਆ ਜਾਵੇਗਾ।

ਉਨ੍ਹਾਂ ਨੇ ਕਿਹਾ, "ਪਹਿਲੇ ਫੇਜ਼ ਦਾ ਕੰਮ ਅਕਤੂਬਰ ਦੇ ਅਖ਼ੀਰ 'ਚ ਮੁਕੰਮਲ ਕਰ ਲਿਆ ਜਾਵੇਗਾ ਤਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਕਰਤਾਰਪੁਰ ਲਾਂਘਾ ਸ਼ੁਰੂ ਹੋ ਸਕੇ।"

ਕਰਤਾਰਪੁਰ ਲਾਂਘੇ ਨਾਲ ਜੁੜੀਆਂ ਇਹ ਖ਼ਬਰਾਂ ਵੀ ਪੜ੍ਹੋ-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)