ਤਰਨ ਤਾਰਨ 'ਚ 'ਅਣਖ ਖਾਤਰ' ਦੋਹਰਾ ਕਤਲ: 'ਉਹ ਕਹਿੰਦੇ ਸੀ ਕੁੜੀ ਘਰੇ ਆਈ ਤਾਂ ਮਾਰ ਦਿਆਂਗੇ'

ਸੁਖਦੇਵ ਸਿੰਘ, ਮ੍ਰਿਤਕ ਅਮਨਦੀਪ ਦੇ ਪਿਤਾ Image copyright Ravinder Singh Robin/BBC

ਤਰਨ ਤਾਰਨ ਦੇ ਪਿੰਡ ਨੌਸ਼ਹਿਰਾ ਢੱਲਾ ਵਿੱਚ ਦਿਨ-ਦਿਹਾੜੇ ਪਤੀ-ਪਤਨੀ ਨੂੰ ਘੇਰ ਕੇ ਗੋਲੀਆਂ ਮਾਰ ਕੇ ਹਲਾਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਪੁਲਿਸ ਨੇ ਕਥਿਤ ਤੌਰ 'ਤੇ ਅਣਖ਼ ਲਈ ਕੀਤੇ ਗਏ ਕਤਲ ਦੇ ਇਸ ਮਾਮਲੇ ਵਿੱਚ 7 ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ।

ਪੁਲਿਸ ਦੇ ਐਸਪੀ ਜੇ ਐਸ ਵਾਲੀਆਂ ਮੁਤਾਬਕ ਦੋਹਰੇ ਕਤਲ ਕੇਸ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਕੁੜੀ ਦੇ ਮਾਂ-ਬਾਪ ਨੂੰ ਪੁਲਿਸ ਨੇ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਸੀ ਪਰ ਬਾਅਦ ਵਿੱਚ ਛੱਡ ਦਿੱਤਾ ਗਿਆ।

15 ਸਤੰਬਰ ਨੂੰ ਦਰਜ ਕੀਤੀ ਗਈ ਐਫਆਈਆਰ ਮੁਤਾਬਕ 23 ਸਾਲਾ ਅਮਨਦੀਪ ਸਿੰਘ ਆਪਣੀ 21 ਸਾਲਾ ਪਤਨੀ ਅਮਨਪ੍ਰੀਤ ਕੌਰ ਨਾਲ ਗੁਰੂਦੁਆਰਾ ਬਾਬਾ ਬੁੱਢਾ ਸਾਹਿਬ ਮੱਥਾ ਟੇਕ ਕੇ ਮੌਟਰ ਸਾਇਕਲ ਉੱਤੇ ਵਾਪਿਸ ਆ ਰਹੇ ਸਨ ਕਿ ਉਨ੍ਹਾਂ ਦਾ ਪਿੱਛਾ ਕਰ ਰਹੀ ਕਾਰ ਨੇ ਟੱਕਰ ਮਾਰ ਕੇ ਸੁੱਟ ਦਿੱਤਾ। ਫਿਰ ਅੱਧੇ ਦਰਜਨ ਦੇ ਕਰੀਬ ਬੰਦਿਆਂ ਨੇ ਜੋੜੇ ਉੱਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ।

ਇਹ ਵੀ ਪੜ੍ਹੋ:

ਐਫ਼ਆਈਆਰ ਮੁਤਾਬਕ ਗੋਲੀਬਾਰੀ ਤੋਂ ਬਾਅਦ ਦੋਵਾਂ ਨੂੰ ਚੁੱਕ ਕੇ ਗੱਡੀ ਵਿੱਚ ਸੁੱਟ ਲਿਆ ਅਤੇ ਅਮਨਦੀਪ ਦੇ ਘਰ ਅੱਗੇ ਸੁੱਟ ਗਏ। ਅਮਨਦੀਪ ਸਿੰਘ ਦੀ ਥਾਹੇ ਮੌਤ ਹੋ ਗਈ, ਜਦਕਿ ਅਮਨਪ੍ਰੀਤ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ।

ਰਿਸ਼ਤੇਦਾਰਾਂ ਦੀ ਨਰਾਜ਼ਗੀ

ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਅਮਨਦੀਪ ਅਤੇ ਅਮਨਪ੍ਰੀਤ ਨੇ ਘਰਦਿਆਂ ਦੀ ਮਰਜ਼ੀ ਦੇ ਖ਼ਿਲਾਫ਼ ਵਿਆਹ ਕਰਵਾਇਆ ਸੀ।

ਪਹਿਲਾਂ ਕੁੜੀ ਵਾਲੇ ਨਰਾਜ਼ ਸਨ ਪਰ ਬਾਅਦ ਵਿੱਚ ਉਹ ਮੰਨ ਗਏ ਤੇ ਦੋਵਾਂ ਪਰਿਵਾਰਾਂ ਵਿੱਚ ਆਉਣ ਜਾਣ ਸ਼ੁਰੂ ਹੋ ਗਿਆ ਸੀ।

Image copyright Ravinder Singh Robin/BBC
ਫੋਟੋ ਕੈਪਸ਼ਨ ਮ੍ਰਿਤਕ ਅਮਨਦੀਪ ਦੇ ਘਰ ਬਾਹਰ ਲੋਕ ਪਰਿਵਾਰ ਦਾ ਦੁਖ ਵੰਡਾਉਣ ਆਏ ਹਨ

ਅਮਨਪ੍ਰੀਤ ਕੌਰ ਦੇ ਪਿਤਾ ਅਮਰਜੀਤ ਸਿੰਘ ਮੁਤਾਬਕ ਇਸ ਵਿਆਹ ਤੋਂ ਉਸਦੇ ਚਾਚੇ ਤਾਏ ਦੇ ਪਰਿਵਾਰ ਖੁਸ਼ ਨਹੀਂ ਸਨ ਅਤੇ ਮਾਰਨ ਦੀਆਂ ਧਮਕੀਆਂ ਵੀ ਦੇ ਚੁੱਕੇ ਸਨ।

ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆਂ, "ਅਮਨ ਤੇ ਅਮਨਪ੍ਰੀਤ ਦੋਵੇਂ ਬਾਬਾ ਬੁੱਢਾ ਜੀ ਮੱਥਾ ਟੇਕ ਕੇ ਮੋਟਰ ਸਾਇਕਲ ਉੱਤੇ ਪਰਤ ਰਹੇ ਸਨ। ਸਵੇਰ ਅੱਠ ਕੂ ਵਜੇ ਦੇ ਕਰੀਬ ਟਾਇਮ ਸੀ। ਪਿੱਛੋਂ ਕਾਰ ਨਾਲ ਉਨ੍ਹਾਂ ਨੂੰ ਟੱਕਰ ਮਾਰ ਕੇ ਸੁੱਟ ਲਿਆ ਅਤੇ ਫਿਰ ਗੋਲੀਆਂ ਮਾਰੀਆਂ।"

"ਮੁੰਡੇ ਦੀ ਮੌਤ ਤਾਂ ਥਾਹੇ ਹੋ ਗਈ, ਕੁੜੀ ਅਜੇ ਸਹਿਕਦੀ ਸੀ। ਦੋਵਾਂ ਨੂੰ ਗੱਡੀ ਵਿੱਚ ਸੁੱਟ ਕੇ ਸਾਡੇ ਘਰ ਅੱਗੇ ਲਿਆਏ ਅਤੇ ਫਿਰ ਗੋਲੀਆਂ ਮਾਰੀਆਂ। ਸਾਨੂੰ ਕਿਸੇ ਨੇ ਆਕੇ ਦੱਸਿਆ ਕਿ ਤੁਹਾਡੇ ਮੁੰਡੇ ਦੇ ਕਿਸੇ ਨੇ ਗੋਲੀਆਂ ਮਾਰੀਆਂ ਹਨ।"

ਸੁਖਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਨਾਲ ਕੋਈ ਝਗੜਾ ਵੀ ਨਹੀਂ ਸੀ। ਲੜਕੀ ਦਾ ਪਰਿਵਾਰ ਵੀ ਉਨ੍ਹਾਂ ਨਾਲ ਮਿਲਦਾ ਵਰਤਦਾ ਸੀ।

ਉਨ੍ਹਾਂ ਇਲਜ਼ਾਮ ਲਾਇਆ ਕਿ ਇਹ ਕਤਲ ਕੁੜੀ ਦੇ ਚਾਚੇ ਦੇ ਮੁੰਡਿਆਂ ਨੇ ਕੀਤੇ ਹਨ, ਜੋ ਹੁਣ ਫਰਾਰ ਹਨ।

Image copyright Ravinder Singh Robin/BBC
ਫੋਟੋ ਕੈਪਸ਼ਨ ਮ੍ਰਿਤਕ ਅਮਨਪ੍ਰੀਤ ਕੌਰ ਦੇ ਪਿਤਾ ਅਮਰਜੀਤ ਸਿੰਘ ਨੂੰ ਡਰ ਹੈ ਕਿ ਕਿਤੇ ਉਨ੍ਹਾਂ ਨਾਲ ਵੀ ਕੋਈ ਹਾਦਸਾ ਨਾ ਵਾਪਰ ਜਾਵੇ

ਉੱਧਰ ਕੁੜੀ ਦੇ ਪਿਤਾ ਅਮਰਜੀਤ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੇ ਚਾਚੇ ਤਾਏ ਦੇ ਮੁੰਡਿਆਂ ਵਲੋਂ ਕਿਹਾ ਜਾ ਰਿਹਾ ਸੀ, ਕਿ ਉਹ ਪਿੰਡ ਨਹੀਂ ਆਉਣੀ ਚਾਹੀਦੀ। ਜੇਕਰ ਉਹ ਆਈ ਤਾਂ ਉਹ ਕੁੜੀ ਨੂੰ ਮਾਰ ਦੇਣਗੇ। ਉਨ੍ਹਾਂ ਨੇ ਉਹੀ ਕੁਝ ਕਰਕੇ ਦਿਖਾ ਦਿੱਤਾ।

"ਮੈਂ ਉਸ ਨੂੰ ਸਾਲ ਵਿੱਚ ਇੱਕ ਵਾਰ ਘਰ ਲੈਕੇ ਆਇਆ ਸੀ ਅਤੇ ਉਹ 5 ਕੂ ਦਿਨ ਘਰ ਰਹੀ ਸੀ।"

ਇਹ ਵੀ ਪੜ੍ਹੋ:

ਪਰਿਵਾਰ ਨੂੰ ਡਰ

ਅਮਰਜੀਤ ਮੁਤਾਬਕ ਕੁੜੀ ਨੇ ਬੀਏ ਤੋਂ ਬਾਅਦ ਨਰਸਿੰਗ ਦਾ ਕੋਰਸ ਕੀਤਾ ਹੋਇਆ ਸੀ ਅਤੇ ਉਸ ਨੇ ਬਾਹਰ ਜਾਣ ਲਈ ਆਈਲੈੱਟਸ ਵਿੱਚ 7 ਬੈਂਡ ਹਾਸਲ ਕੀਤੇ ਸਨ।

"ਮੈਨੂੰ ਉਸ ਦੇ ਵਿਆਹ ਉੱਤੇ ਕੋਈ ਇਤਰਾਜ਼ ਨਹੀਂ ਸੀ, ਕਿਉਂਕਿ ਜਦੋਂ ਉਹ ਖੁਸ਼ ਸੀ ਤਾਂ ਸਾਨੂੰ ਕੀ ਇਤਰਾਜ਼ ਹੋਣਾ ਸੀ।"

Image copyright Ravinder Singh Robin/BBC

ਅਮਰਜੀਤ ਸਿੰਘ ਦਾ ਇਲਜ਼ਾਮ ਸੀ ਕਿ ਮੁੰਡੇ ਨੂੰ ਮਾਰ ਕੇ ਡਿੱਗੀ ਵਿਚ ਸੁੱਟ ਲਿਆ ਅਤੇ ਕੁੜੀ ਨੂੰ ਇਨ੍ਹਾਂ ਭਜਾ ਕੇ ਗੋਲੀਆਂ ਮਾਰੀਆਂ।

ਅਮਰਜੀਤ ਸਿੰਘ ਨੇ ਰੋਂਦਿਆਂ ਕਿਹਾ, "ਜਵਾਈ ਦੀ ਲਾਸ਼ ਪਈ ਸੀ ਤੇ ਕੁੜੀ ਸਾਡੀ ਉਸ ਤੋਂ ਢਾਈ ਘੰਟੇ ਬਾਅਦ ਤੱਕ ਜ਼ਿਉਂਦੀ ਰਹੀ। ਮੈਂ ਉੱਥੇ ਗਿਆ ਤਾਂ ਪੁਲਿਸ ਮੈਂਨੂੰ ਤੇ ਪਤਨੀ ਨੂੰ ਗੱਡੀ ਵਿੱਚ ਬਿਠਾ ਕੇ ਥਾਣੇ ਲੈ ਗਈ ਅਤੇ ਸ਼ਾਮੀ ਪੰਜ ਵਜੇ ਛੱਡਿਆ।"

"ਸਾਡੇ ਨਾਲ ਬਹੁਤ ਮਾੜੀ ਹੋਈ, ਬੜੀ ਮਿਹਨਤ ਨਾਲ ਬੱਚੀ ਪੜ੍ਹਾਈ। ਅੱਜ ਸਾਡੇ ਪੱਲੇ ਕੁਝ ਵੀ ਨਹੀਂ ਬਚਿਆ।"

"ਮੈਨੂੰ ਵੀ ਡਰ ਲੱਗ ਰਿਹਾ ਹੈ, ਆਪਣੇ ਵੀ ਕੰਮ ਨਹੀਂ ਆਏ... ਮੈਨੂੰ ਵੀ ਚਾਰ ਬੰਦੇ ਘੇਰ ਕੇ ਮਾਰ ਦੇਣਗੇ ਮੈਂ ਕੀ ਕਰ ਲਵਾਂਗਾ।"

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)