POK ਇੱਕ ਦਿਨ ਭਾਰਤ ਦਾ ਭੂਗੋਲਿਕ ਹਿੱਸਾ ਹੋਵੇਗਾ: ਐਸ ਜੈਸ਼ੰਕਰ - 5 ਅਹਿਮ ਖ਼ਬਰਾਂ

ਵਿਦੇਸ਼ ਮੰਤਰੀ, ਐਸ ਜੈਸ਼ੰਕਰ Image copyright Reuters

ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਕਹਿਣਾ ਹੈ ਕਿ ਇੱਕ ਦਿਨ ਪਾਕਿਸਤਾਨ ਸ਼ਾਸਿਤ ਕਸ਼ਮੀਰ (ਪੀਓਕੇ) ਭਾਰਤ ਦਾ ਭੂਗੋਲਿਕ ਹਿੱਸਾ ਹੋਵੇਗਾ।

ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ 100 ਦਿਨ ਪੂਰੇ ਹੋਣ ਮੌਕੇ ਰੱਖੀ ਗਈ ਇੱਕ ਪ੍ਰੈਸ ਕਾਨਫਰੰਸ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ, "ਪੀਓਕੇ ਬਾਰੇ ਭਾਰਤ ਦੀ ਸਥਿਤੀ ਸਪਸ਼ਟ ਹੈ। ਪੀਓਕੇ ਭਾਰਤ ਦਾ ਇੱਕ ਹਿੱਸਾ ਹੈ ਅਤੇ ਸਾਨੂੰ ਉਮੀਦ ਹੈ ਕਿ ਇੱਕ ਦਿਨ ਇਹ ਭਾਰਤ ਦਾ ਭੂਗੋਲਿਕ ਹਿੱਸਾ ਹੋਵੇਗਾ।

ਵਿਦੇਸ਼ ਮੰਤਰੀ ਨੇ ਧਾਰਾ 370 'ਤੇ ਕਿਹਾ,' 'ਇਹ ਕੋਈ ਦੁਵੱਲਾ ਮੁੱਦਾ ਨਹੀਂ ਹੈ ਅਤੇ ਇਹ ਭਾਰਤ ਦਾ ਅੰਦਰੂਨੀ ਮਸਲਾ ਹੈ। ਪਾਕਿਸਤਾਨ ਨਾਲ 370 ਦਾ ਮੁੱਦਾ ਹੈ ਹੀ ਨਹੀਂ। ਉਸ ਨਾਲ ਅੱਤਵਾਦ ਦਾ ਮਸਲਾ ਹੈ।''

ਦਲਿਤ ਬਾਈਕਾਟ ਦਾ ਮਾਮਲਾ ਸੁਲਝਿਆ

ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਪਿੰਡ ਖੀਵਾ ਦਿਆਲੂਵਾਲਾ ਵਿਖੇ ਦਲਿਤ ਭਾਈਚਾਰੇ ਦੇ ਪਿੰਡ ਦੇ ਜਨਰਲ ਵਰਗ ਨਾਲ ਸਬੰਧਤ ਕੁਝ ਲੋਕਾਂ ਵਲੋਂ ਕੀਤੇ ਗਏ ਬਾਈਕਾਟ ਦਾ ਮਾਮਲਾ ਫ਼ਿਲਹਾਲ ਸੁਲਝ ਗਿਆ ਹੈ।

ਇਹ ਵੀ ਪੜ੍ਹੋ:

ਦੋ ਦਿਨ ਤੱਕ ਚੱਲੀ ਗਹਿਮਾ ਗਹਿਮੀ ਤੋਂ ਬਾਅਦ ਮੰਗਲਵਾਰ ਨੂੰ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਦੋਹਾਂ ਧਿਰਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰ ਦਿੱਤਾ। ਜਨਰਲ ਵਰਗ ਨੇ ਦਲਿਤ ਭਾਈਚਾਰੇ ਦਾ ਬਾਈਕਾਟ ਦਾ ਸੱਦਾ ਵਾਪਸ ਲੈ ਲਿਆ।

ਅਸਲ ਵਿਚ ਐਤਵਾਰ ਨੂੰ ਇੱਕ ਮਾਮਲੇ ਨੂੰ ਲੈ ਕੇ ਜ਼ਿਮੀਦਾਰ ਭਾਈਚਾਰੇ ਨੇ ਦਲਿਤ ਭਾਈਚਾਰੇ ਦਾ ਬਾਈਕਾਟ ਕਰ ਦਿੱਤਾ ਸੀ।

ਬਾਈਕਾਟ ਦਾ ਸੱਦਾ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਕੇ ਕੀਤਾ ਸੀ, ਜਿਸ ਤੋਂ ਬਾਅਦ ਮਾਨਸਾ ਪੁਲਿਸ ਨੇ SC/ST ਕਾਨੂੰਨ ਤਹਿਤ ਜ਼ਿਮੀਦਾਰ ਵਰਗ ਦੇ ਕੁੱਝ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ।

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਸਿਰਸਾ 'ਚ ਕਾਲਜ ਪ੍ਰਿੰਸੀਪਲ ਦੀ ਸ਼ਰਤ 'ਤੇ ਵਿਵਾਦ

ਸਿਰਸਾ ਦੇ ਸਰਕਾਰੀ ਮਹਿਲਾ ਕਾਲਜ ਦੀਆਂ ਵਿਦਿਆਰਥਣਾਂ ਵਿੱਚ ਰੋਸ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਸਕਾਲਰਸ਼ਿਪ ਫਾਰਮ 'ਤੇ ਪ੍ਰਿੰਸੀਪਲ ਦੇ ਦਸਤਖਤ ਕਰਵਾਉਣ ਲਈ ਪ੍ਰਿੰਸੀਪਲ ਵੱਲੋਂ ਇਕ ਸੌ ਰੁਪਏ ਦੀ ਪੁਸਤਕ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਕੁੜੀਆਂ ਨੇ ਕਾਲਜ ਪ੍ਰਿੰਸੀਪਲ ਉੱਤੇ ਮਰਦ ਪ੍ਰਧਾਨ ਸੋਚ ਥੋਪਣ ਦਾ ਇਲਜ਼ਾਮ ਵੀ ਲਾਇਆ।

ਹਾਲਾਂਕਿ ਕਾਲਜ ਪ੍ਰਿੰਸੀਪਲ ਤੇਜਾ ਰਾਮ ਦਾ ਦਾਅਵਾ ਹੈ, "ਜਿਨ੍ਹਾਂ ਦੇ 75 ਫੀਸਦ ਤੋਂ ਘੱਟ ਨੰਬਰ ਹਨ ਉਨ੍ਹਾਂ ਦਾ ਫਾਰਮ ਮੈਂ ਤੁਰੰਤ ਮਨਜ਼ੂਰ ਕਰ ਦਿੰਦਾ ਹਾਂ। ਜਿਨ੍ਹਾਂ ਦੇ 75 ਫੀਸਦ ਤੋਂ ਵੱਧ ਅੰਕ ਹਨ ਉਨ੍ਹਾਂ ਨੂੰ ਮੈਂ ਕਹਿੰਦਾ ਹਾਂ ਕਿ ਇਹ ਕਿਤਾਬ ਤੁਹਾਡੇ ਲਈ ਹੈ, ਇਸ ਨੂੰ ਪੜ੍ਹੋ ਤੇ ਫਿਰ ਪ੍ਰੀਖਿਆ ਵਿੱਚ ਬੈਠੋ।"

ਪੂਰੀ ਖ਼ਬਰ ਜਾਣਨ ਲਈ ਇੱਥੇ ਕਲਿੱਕ ਕਰੋ।

ਅਫ਼ਗਾਨਿਸਤਾਨ 'ਚ ਅਗਸਤ 'ਚ ਹਰ ਰੋਜ਼ 74 ਲੋਕ ਮਾਰੇ ਗਏ

ਅਫ਼ਗਾਨਿਸਤਾਨ ਵਿੱਚ ਅਗਸਤ ਮਹੀਨੇ ਦੌਰਾਨ ਹਰ ਰੋਜ਼ ਔਰਤਾਂ ਤੇ ਬੱਚਿਆ ਸਣੇ ਔਸਤ 74 ਮੌਤਾਂ ਹੋਈਆਂ ਹਨ। ਇਹ ਜਾਣਕਾਰੀ ਬੀਬੀਸੀ ਦੀ ਖ਼ਾਸ ਪੜਤਾਲ ਵਿੱਚ ਸਾਹਮਣੇ ਆਈ ਹੈ।

ਪੜਤਾਲ ਦੇ ਨਤੀਜੇ ਦੱਸਦੇ ਨੇ ਕਿ ਪੂਰੇ ਮੁਲਕ ਨੂੰ ਘਿਨਾਉਣੀ ਹਿੰਸਾ ਦਾ ਸਾਹਮਣਾ ਕਰਨਾ ਪੈ ਕਿਹਾ ਹੈ। ਜੰਗੀ ਹਾਲਾਤ ਨਾਲ ਜੂਝ ਰਹੇ ਅਫ਼ਗਾਨਿਸਤਾਨ ਵਿੱਚੋਂ 18 ਸਾਲ ਬਾਅਦ ਅਮਰੀਕਾ ਆਪਣੀਆਂ ਫੌਜਾਂ ਨੂੰ ਵਾਪਸ ਬੁਲਾਉਣ ਨੂੰ ਲੈ ਕੇ ਦੁਬਿਧਾ ਵਿੱਚ ਹੈ।

ਬੀਬੀਸੀ ਦੀ ਪੜ੍ਹਤਾਲ ਤੋਂ ਅਗਸਤ ਮਹੀਨੇ ਦੌਰਾਨ 611 ਹਿੰਸਕ ਵਾਰਦਾਤਾਂ ਵਿੱਚ 2307 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੁੰਦੀ ਹੈ। ਇਨ੍ਹਾਂ ਮਾਮਲਿਆਂ ਵਿੱਚ 1,948 ਲੋਕ ਜ਼ਖਮੀ ਹੋਏ ਹਨ।

ਹਾਲਾਂਕਿ ਇਹ ਸਿਰਫ਼ ਅੰਕੜੇ ਹਨ ਪਰ ਹਾਲ ਹੀ ਵਿੱਚ ਇਕੱਠੇ ਕੀਤੇ ਗਏ ਡਾਟਾ ਤੋਂ ਪਤਾ ਲਗਦਾ ਹੈ ਕਿ ਹਾਲ ਵਿੱਚ ਜ਼ਿਆਦਾਤਰ ਮੌਤਾਂ ਆਮ ਨਾਗਰਿਕਾਂ ਅਤੇ ਤਾਲਿਬਾਨ ਲੜਾਕਿਆਂ ਦੀਆਂ ਹੋਈਆਂ ਹਨ।

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਅਮਰੀਕਾ ਨਾਲ ਗੱਲਬਾਤ ਲਈ ਰਾਹ ਖੁਲ੍ਹੇ-ਤਾਲਿਬਾਨ

ਅਫ਼ਗਾਨ ਤਾਲਿਬਾਨ ਦੇ ਮੁੱਖ ਬੁਲਾਰੇ ਨੇ ਅਮਰੀਕੀ ਰਾਸ਼ਟਰਪਤੀ ਨਾਲ ਗੱਲਬਾਤ ਦੇ ਰਾਹ 'ਤੇ ਮੁੜ ਪਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਜੰਗ ਦਾ ਖ਼ਾਤਮਾ ਅਮਰੀਕਾ ਅਤੇ ਤਾਲਿਬਾਨ ਦੋਹਾਂ ਦੇ ਹਿੱਤ ਵਿੱਚ ਹੈ।

Image copyright AFP

ਬੀਬੀਸੀ ਨੂੰ ਦਿੱਤੇ ਇੰਟਰਵਿਊ ਵਿੱਚ ਤਾਲਿਬਾਨ ਦੇ ਮੁੱਖ ਬੁਲਾਰੇ ਸ਼ੇਰ ਮੁਹੰਮਦ ਅੱਬਾਸ ਨੇ ਜ਼ੋਰ ਦੇ ਕੇ ਕਿਹਾ ਹੈ ਕਿ "ਗੱਲਬਾਤ ਅਫ਼ਗਾਨਿਸਤਾਨ ਵਿੱਚ ਸ਼ਾਂਤੀ ਦਾ ਇੱਕੋ ਰਾਹ ਹੈ"।

ਦੋਹਾਂ ਧਿਰਾਂ ਵਿਚਾਲੇ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਇਸ ਮਹੀਨੇ ਦੇ ਸ਼ੁਰੂਈਆਤੀ ਦਿਨਾਂ ਵਿੱਚ ਅਜਿਹਾ ਲੱਗ ਰਿਹਾ ਸੀ ਕਿ ਤਾਲਿਬਾਨ ਅਤੇ ਅਮਰੀਕਾ ਵਿੱਚ ਸਮਝੌਤਾ ਹੋ ਜਾਵੇਗਾ ਜਿਸ ਨਾਲ ਅਫ਼ਗਾਨਿਸਤਾਨ ਵਿੱਚ 18 ਸਾਲ ਤੋਂ ਜਾਰੀ ਸੰਘਰਸ਼ ਖ਼ਤਮ ਹੋ ਜਾਵੇਗਾ।

ਤਾਲਿਬਾਨ ਦੇ ਬੁਲਾਰੇ ਨੇ ਕਿਹਾ, "ਸਾਡੇ ਵਲੋਂ ਸਮਝੌਤੇ ਲਈ ਦਰਵਾਜ਼ੇ ਖੁਲ੍ਹੇ ਹੋਏ ਹਨ। ਅਸੀਂ ਉਮੀਦ ਕਰਦੇ ਹਾਂ ਕਿ ਉਹ ਵੀ ਇਸ ਬਾਰੇ ਦੁਬਾਰਾ ਸੋਚਣਗੇ।"

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)