ਕਰਤਾਰਪੁਰ ਕੌਰੀਡੋਰ: ਕੈਪਟਨ ਅਮਰਿੰਦਰ ਨੇ ਪਾਕ ਦੀ ਐਂਟਰੀ ਫੀਸ ਨੂੰ ਦੱਸਿਆ ਜ਼ਜ਼ੀਆ

ਕੈਪਟਨ ਅਮਰਿੰਦਰ ਸਿੰਘ
ਫੋਟੋ ਕੈਪਸ਼ਨ ਡੇਰਾ ਬਾਬਾ ਨਾਨਕ ਵਿਚ ਕੈਪਟਨ ਅਮਰਿੰਦਰ ਨੇ ਕੀਤੀ ਕੈਬਨਿਟ ਬੈਠਕ

ਕੌਰੀਡੋਰ ਰਾਹੀ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਲ਼ਈ ਪਾਕਿਸਤਾਨ ਸਰਕਾਰ ਵਲੋਂ 20 ਡਾਲਰ ਐਂਟਰੀ ਫੀਸ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਜ਼ੀਆ ਟੈਕਸ ਕਿਹਾ ਹੈ।

ਇਸ ਟੈਕਸ ਨੂੰ ਸਿੱਖ ਪਰੰਪਰਾ ਦੇ ਖ਼ਿਲਾਫ਼ ਦੱਸਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਨਾਲ ਸਹਿਮਤ ਨਹੀਂ ਹੈ।

ਕੈਪਟਨ ਅਮਰਿੰਦਰ ਸਿੰਘ ਡੇਰਾ ਬਾਬਾ ਨਾਨਕ ਵਿਚ ਪੰਜਾਬ ਕੈਬਨਿਟ ਦੀ ਵਿਸ਼ੇਸ਼ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਸਵਾਲਾਂ ਦੇ ਜਵਾਬ ਦਿੰਦਿਆਂ ਕੈਪਟਨ ਨੇ ਕਿਹਾ, 'ਮੈਂ ਇਹ ਗੱਲ ਕਹੀ ਹੈ ਪਹਿਲਾਂ ਵੀ ਕਿ ਸਾਡੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਸਾਡੀ ਪਰੰਪਰਾ ਹੈ, ਸਾਡਾ ਧਰਮ ਹੈ। ਜਦੋਂ ਮਰਜ਼ੀ ਕੋਈ ਜਾਰੇ ਕਿਸੇ ਵੀ ਗੁਰੂਦੁਆਰਾ ਸਾਹਿਬ ਵਿਚ ਜਾ ਕੇ ਮੱਥਾ ਟੇਕ ਸਕਦਾ ਹੈ'।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਪਾਕ ਵੱਲੋਂ ਲਾਈ ਜਾ ਰਹੀ 20 ਡਾਲਰ ਫ਼ੀਸ ਜਜ਼ੀਆ ਟੈਕਸ: ਕੈਪਟਨ ਅਮਰਿੰਦਰ ਸਿੰਘ

ਉਨ੍ਹਾਂ ਅੱਗੇ ਕਿਹਾ, 'ਇਹ 20 ਡਾਲਰ ਪ੍ਰਤੀ ਵਿਅਕਤੀ ਸਾਡੀ ਪਰੰਪਰਾ ਨਹੀਂ ਹੈ। ਇਹ ਜਜ਼ੀਆ ਟੈਕਸ ਪਹਿਲਾਂ ਵੀ ਲੱਗਿਆ ਸੀ ਜਿਸ ਨੂੰ ਅਕਬਰ ਨੇ ਹਟਾਇਆ ਸੀ, ਇਹ ਫਿਰ ਜਜ਼ੀਆਂ ਟੈਕਸ ਲਾਉਣ ਲੱਗੇ ਪਏ, ਅਸੀ ਇਸ ਜਜ਼ੀਆ ਟੈਕਸ ਦੇ ਖ਼ਿਲਾਫ਼ ਹਾਂ ਅਤੇ ਆਪਣੀ ਕੇਂਦਰ ਸਰਕਾਰ ਨੂੰ ਕਹਿ ਚੁੱਕੇ ਹਾਂ ਕਿ ਪੰਜਾਬ ਇਸ ਨਾਲ ਸਹਿਮਤ ਨਹੀਂ ਹੈ'।

ਇਹ ਵੀ ਪੜ੍ਹੋ :

ਕੌਰੀਡੋਰ ਕਾਰਜਾਂ ਦਾ ਜਾਇਜ਼ਾ

ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਦੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਦੇ ਸਮਾਗਮਾਂ ਨੂੰ ਦੋ ਮਹੀਨੇ ਬਾਕੀ ਹਨ।

ਮੁੱਖ ਮੰਤਰੀ ਨੇ ਪਾਕਿਸਤਾਨ ਵਿਚ ਬਾਬੇ ਨਾਨਕ ਨਾਲ ਸਬੰਧਤ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਤਿਆਰ ਹੋ ਰਹੇ ਕੌਰੀਡੋਰ ਦੇ ਨਿਰਮਾਣ ਕਾਰਜਾਂ ਦੇ ਜਾਇਜ਼ੇ ਲਈ ਵਿਸ਼ੇਸ਼ ਕੈਬਨਿਟ ਬੈਠਕ ਕੀਤੀ।

ਕੈਬਨਿਟ ਬੈਠਕ ਦੌਰਾਨ ਡੇਰਾ ਬਾਬਾ ਨਾਨਕ ਨੂੰ ਆਉਣ ਵਾਲੀਆਂ ਮੁੱਖ ਸੜਕਾਂ ਨੂੰ ਚੌੜਾ ਕਰਨ ਲਈ 75.23 ਕਰੋੜ ਅਤੇ ਵਿਰਾਸਤੀ ਅਤੇ ਫੂਡ ਸਟਰੀਟ ਲਈ 3.70 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ।

ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਸਲਾਹ ਉੱਤੇ ਮੁੱਖ ਮੰਤਰੀ ਨੇ ਅਗਲੀ ਅਜਿਹੀ ਹੀ ਵਿਸ਼ੇਸ਼ ਕੈਬਨਿਟ ਬੈਠਕ ਬਟਾਲਾ ਵਿਚ ਵੀ ਕਰਨ ਦਾ ਐਲਾਨ ਕੀਤਾ।

ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਮੰਤਰੀ ਨਿਤਨ ਗਡਕਰੀ ਨੂੰ ਪੱਤਰ ਲਿਖ ਕੇ ਸੁਲਤਾਨਪੁਰ ਲੋਧੀ ਤੋਂ ਡੇਰਾ ਬਾਬਾ ਨਾਨਕ ਨੂੰ ਵਾਇਆ ਬਿਆਸ ਤੇ ਬਟਾਲਾ ਜਾਣ ਵਾਲੀ ਸੜਕ ਦਾ ਨਾਂ ਸ੍ਰੀ ਗੁਰੂ ਨਾਨਕ ਕੌਮੀ ਮਾਰਗ ਰੱਖ ਲਈ ਕਿਹਾ ਹੈ।

ਮਿਲ ਕੇ ਮਨਾਵਾਂਗੇ ਸਮਾਗਮ

ਇੱਕ ਸਵਾਲ ਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਤੇ ਸ਼੍ਰੋਮਣੀ ਕਮੇਟੀ ਦੀ ਤਾਲਮੇਲ ਕਮੇਟੀ ਨੇ ਕਈ ਬੈਠਕਾਂ ਕੀਤੀਆਂ ਹਨ।

ਇਨ੍ਹਾਂ ਬੈਠਕਾਂ ਵਿਚ ਖੁੱਲ ਕੇ ਗੱਲਬਾਤ ਹੋਈ ਹੈ ਅਤੇ ਅਸੀ ਸ਼੍ਰੋਮਣੀ ਕਮੇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਵਾਂਗੇ ਅਤੇ ਉਨ੍ਹਾਂ ਤੋਂ ਵੀ ਸਹਿਯੋਗ ਲਵਾਂਗੇ।

ਇਹ ਬਾਬੇ ਨਾਨਕ ਦੇ ਸਮਾਗਮ ਹੈ ਇਨ੍ਹਾਂ ਵਿਚ ਕਿਸੇ ਕਿਸਮ ਦੀ ਸਿਆਸਤ ਨਹੀਂ ਹੋਣੀ ਚਾਹੀਦੀ।

ਸਮਾਗਮਾਂ ਦੀਆਂ ਤਿਆਰੀਆਂ ਜਾਰੀ ਹਨ ਅਤੇ ਸਾਰਿਆਂ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਉਦੋਂ ਤੱਕ ਸਾਰੇ ਕਾਰਜ ਪੂਰੇ ਕਰ ਲਏ ਜਾਣਗੇ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)