ਮੋਦੀ ਅੱਗੇ ਅਮਰੀਕੀ ਸਿੱਖਾਂ ਨੇ ਰੱਖਿਆ ਵੱਖਰੀ ਪਛਾਣ ਦਾ ਮੁੱਦਾ - 5 ਅਹਿਮ ਖ਼ਬਰਾਂ

ਅਮਰੀਕਾ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਦੇ ਵਫਦਾ ਨਾਲ ਮੁਲਾਕਾਤ ਕੀਤੀ। Image copyright ANI

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਮਰੀਕੀ ਦੌਰੇ ਦੌਰਾਨ ਸਿੱਖਾਂ ਦੇ ਵਫ਼ਦ ਨਾਲ ਮੁਲਾਕਾਤ ਕੀਤੀ। ਸਿੱਖਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਆਪਣੀਆਂ ਮੰਗਾਂ ਲਈ ਇੱਕ ਮੈਮੋਰੈਂਡਮ ਸੌਂਪਿਆ ਗਿਆ।

ਨਰਿੰਦਰ ਮੋਦੀ ਇੱਕ ਹਫ਼ਤੇ ਦੇ ਦੌਰੇ ’ਤੇ ਅਮਰੀਕਾ ਗਏ ਹਨ ਅਤੇ ਅੱਜ ਯਾਨਿ ਕਿ ਐਤਵਾਰ ਨੂੰ ਉਹ ਟੈਕਸਸ 'ਚ ਹਿਊਸਟਨ ਵਿੱਚ ਸੰਬੋਧਨ ਕਰ ਵਾਲੇ ਹਨ।

ਖ਼ਬਰ ਏਜੰਸੀ ਪੀਟੀਆਈ ਦੀ ਖ਼ਬਰ ਮੁਤਾਬਕ ਇਸ ਦੌਰਾਨ ਉਨ੍ਹਾਂ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੀ ਉਨ੍ਹਾਂ ਦੇ ਨਾਲ ਹੋਣਗੇ।

ਇਹ ਵੀ ਪੜ੍ਹੋ-

ਇਸ ਪ੍ਰੋਗਰਾਮ ਦਾ ਨਾਮ 'ਹਾਊਡੀ ਮੋਦੀ' ਰੱਖਿਆ ਗਿਆ ਹੈ ਅਤੇ ਇਸ ਵਿੱਚ ਕਰੀਬ 50 ਹਜ਼ਾਰ ਤੋਂ ਵੱਧ ਲੋਕਾਂ ਦੇ ਪਹੁੰਚਣ ਦੀ ਆਸ ਕੀਤੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੌਰਾਨ ਸਿੱਖਾਂ ਨੇ ਜੋ ਮੈਮੋਰੈਂਡਮ ਸੌਂਪਿਆ ਉਸ ਵਿੱਚ ਉਨ੍ਹਾਂ ਨੇ ਭਾਰਤੀ ਸੰਵਿਧਾਨ ਵਿੱਚ ਆਰਟੀਕਲ 25 ਵਿੱਚ ਸੋਧ ਕਰਨ ਦੀ ਮੰਗ ਕੀਤੀ ਤਾਂ ਜੋ ਸਿੱਖਾਂ ਨੂੰ ਹਿੰਦੂਆਂ ਤੋਂ ਵੱਖਰੀ ਪਛਾਣ ਮਿਲ ਸਕੇ।

ਇਸ ਦੇ ਨਾਲ ਹੀ ਸਿੱਖਾਂ ਵੱਲੋਂ 1984 ਦੇ ਸਿੱਖ ਨਸਲਕੁਸ਼ੀ ਦਾ ਮਸਲਾ, ਦਿੱਲੀ ਦੇ ਏਅਰਪੋਰਟ ਨੂੰ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਰੱਖਣ ਸਣੇ ਕਈ ਹੋਰ ਮੁੱਦਿਆਂ ਬਾਰੇ ਵੀ ਗੱਲ ਕੀਤੀ ਗਈ।

ਪਾਕ-ਸ਼ਾਸਿਤ ਕਸ਼ਮੀਰ 'ਚੋਂ ਕੌਣ ਚੁੱਕ ਰਿਹਾ ਹੈ 'ਆਜ਼ਾਦ ਕਸ਼ਮੀਰ' ਲਈ ਆਵਾਜ਼

ਪਾਕਿਸਤਾਨ, ਕਸ਼ਮੀਰ ਦੇ ਸਮਰਥਨ ਵਿੱਚ ਰੈਲੀਆਂ ਕਰ ਰਿਹਾ ਹੈ। ਉਹ ਵਾਦੀ ਵਿੱਚ ਜਾਰੀ ਕਰਫਿਊ ਨੂੰ ਆਧਾਰ ਬਣਾ ਕੇ ਕੌਮੀ ਸਮਰਥਨ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਹਾਲ ਹੀ ਵਿੱਚ ਪਾਕਿਸਤਾਨ-ਸ਼ਾਸਿਤ ਕਸ਼ਮੀਰ ਦੇ ਤਾਤਰੀਨੋਟ ਸੈਕਟਰ ਵਿੱਚ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ ਜਿੱਥੇ ਆਜ਼ਾਦੀ ਪੱਖੀ 12 ਤੋਂ ਵੱਧ ਜਥੇਬੰਦੀਆਂ ਨੇ ਧਾਰਾ 370 ਨੂੰ ਰੱਦ ਕਰਨ ਕਾਰਨ ਭਾਰਤ ਖਿਲਾਫ਼ ਅਤੇ ਪਾਕਿਸਤਾਨ ਵਲੋਂ ਉਨ੍ਹਾਂ ਨੂੰ ਦਬਾਉਣ ਕਾਰਨ ਵਿਰੋਧ ਪ੍ਰਦਰਸ਼ਨ ਕੀਤਾ ਸੀ।

Image copyright EPA

ਇਸ ਸਮੇਂ ਪਾਕਿਸਤਾਨ-ਸ਼ਾਸਿਤ ਕਸ਼ਮੀਰ ਵਿੱਚ 14 ਤੋਂ ਵੱਧ ਰਾਸ਼ਟਰਵਾਦੀ ਅਤੇ ਆਜ਼ਾਦੀ ਪੱਖੀ ਸਮੂਹ ਹਨ। ਹਾਲ ਹੀ ਵਿਚ ਉਨ੍ਹਾਂ ਵਿਚੋਂ 12 ਤੋਂ ਵੱਧ ਆਜ਼ਾਦੀ ਪੱਖੀ ਸਮੂਹਾਂ ਨੇ ਗੱਠਜੋੜ ਕਰ ਲਿਆ ਹੈ ਜਿਸ ਦਾ ਨਾਮ 'ਪੀਪਲਜ਼ ਨੈਸ਼ਨਲ ਅਲਾਈਂਸ' ਹੈ।

ਇਹ ਗਠਜੋੜ ਕਸ਼ਮੀਰ ਨੂੰ ਭਾਰਤ ਅਤੇ ਪਾਕਿਸਤਾਨ ਤੋਂ ਮੁਕੰਮਲ ਆਜ਼ਾਦੀ ਦਿਵਾਉਣ ਲਈ ਮੁਹਿੰਮ ਚਲਾ ਰਿਹਾ ਹੈ ਅਤੇ ਉਨ੍ਹਾਂ ਜਥੇਬੰਦੀਆਂ ਖ਼ਿਲਾਫ਼ ਹੈ ਜੋ ਪਾਕਿਸਤਾਨ ਵੱਲ ਹਨ ਜਾਂ ਉਸ ਨਾਲ ਰਲਣਾ ਚਾਹੁੰਦੇ ਹਨ।

ਕਸ਼ਮੀਰ ਨੂੰ ਇੱਕ ਵੱਡੀ ਜੇਲ੍ਹ ਵਿੱਚ ਬਦਲ ਦਿੱਤਾ ਗਿਆ ਹੈ: ਇਲਤਜ਼ਾ ਮਹਿਬੂਬਾ

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਧੀ ਨੇ ਆਪਣੀ ਮਾਂ ਦੇ ਟਵਿੱਟਰ ਹੈਂਡਲ ਤੋਂ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਅਤੇ ਸਥਾਨਕ ਗ੍ਰਹਿ ਸਕੱਤਰ ਨੂੰ ਪੁੱਛਿਆ ਹੈ ਕਿ 5 ਅਗਸਤ ਤੋਂ ਹੁਣ ਤੱਕ ਜਿਹੜੇ 6 ਹਫ਼ਤੇ ਬੀਤੇ ਹਨ ਉਨ੍ਹਾਂ ਦੌਰਾਨ ਕਿੰਨੇ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਵਿੱਚ ਕਿੰਨੇ ਬੱਚੇ ਹਨ, ਕਿੰਨੀਆਂ ਔਰਤਾਂ ਹਨ, ਇਸ ਸਬੰਧੀ ਸਾਰੀ ਜਾਣਕਾਰੀ ਉਨ੍ਹਾਂ ਨੇ ਸਰਕਾਰ ਕੋਲੋਂ ਮੰਗੀ ਹੈ।

ਰਿਪੋਰਟਾਂ ਮੁਤਾਬਕ 3,000 ਲੋਕ ਹਿਰਾਸਤ 'ਚ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਵਿੱਚ ਨਾਬਾਲਗ਼ ਵੀ ਹਨ।

ਇਸ ਬਾਰੇ ਬੀਬੀਸੀ ਸਹਿਯੋਗੀ ਰਿਆਜ਼ ਮਸਰੂਰ ਨੇ ਦੱਸਿਆ ਹੈ ਕਿ ਹੁਣ ਜਦੋਂ ਜੁਵੇਨਾਇਲ ਜਸਟਿਸ ਕਮੇਟੀ ਨੂੰ ਸੁਪਰੀਮ ਕੋਰਟ ਦਾ ਆਦੇਸ਼ ਆਇਆ ਹੈ ਤਾਂ ਉਸ ਨੂੰ ਰਿਪੋਰਟ ਬਣਾਉਣੀ ਪਵੇਗੀ ਅਤੇ ਉਹੀ ਤੈਅ ਕਰੇਗੀ ਕਿ ਕਸ਼ਮੀਰ ਵਿੱਚ 5 ਅਗਸਤ ਤੋਂ ਬਾਅਦ ਅਸਲ 'ਚ ਕਿੰਨੇ ਬੱਚੇ ਗ੍ਰਿਫ਼ਤਾਰ ਹੋਏ ਹਨ।

ਇਸ ਤੋਂ ਇਲਾਵਾ ਜਦੋਂ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਸੁਪਰੀਮ ਕੋਰਟ ਦੀ ਮਨਜ਼ੂਰੀ ਨਾਲ ਘਾਟੀ ਆ ਰਹੇ ਹਨ ਤਾਂ ਉਨ੍ਹਾਂ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਕੋਈ ਸਿਆਸੀ ਰੈਲੀ ਜਾਂ ਸਮਾਗਮ 'ਚ ਨਹੀਂ ਜਾ ਰਹੇ। ਖ਼ਬਰ ਵਿਸਥਾਰ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਅਮਿਤ ਪੰਘਾਲ ਨੇ ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਸਿਲਵਰ ਮੈਡਲ

ਭਾਰਤ ਦੇ ਬਾਕਸਰ ਅਮਿਤ ਪੰਘਾਲ ਨੇ ਰੂਸ ਵਿੱਚ ਹੋਈ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਹਾਸਲ ਕੀਤਾ ਹੈ। ਅਜਿਹੀ ਪ੍ਰਾਪਤੀ ਹਾਸਲ ਕਰਨ ਵਾਲੇ ਅਮਿਤ ਪਹਿਲੇ ਭਾਰਤੀ ਮੁੱਕੇਬਾਜ਼ ਬਣ ਗਏ ਹਨ।

Image copyright AMIT PANGHAL

ਫਾਇਨਲ ਮੁਕਾਬਲੇ ਵਿੱਚ 52 ਕਿਲੋਗਰਾਮ ਭਾਰ ਵਰਗ ਵਿੱਚ ਉਜ਼ਬੇਕਿਸਤਾਨ ਦੇ ਮੁੱਕੇਬਾਜ਼ ਐਸ. ਜੋਇਰੋਵ ਨੇ ਕਰੜੇ ਮੁਕਾਬਲੇ ਵਿੱਚ ਅਮਿਤ ਨੂੰ ਹਰਾਇਆ।

ਇਸ ਭਾਰ ਵਰਗ ਵਿੱਚ ਅਮਿਤ ਉਜ਼ਬੇਕਿਸਤਾਨ ਦੇ ਮੁੱਕੇਬਾਜ਼ ਤੋਂ 30-27 30-27 29-28 29-28 -29-28 ਦੇ ਸਕੋਰ ਤੋਂ ਹਾਰ ਗਏ।

ਸਿਲਵਰ ਜਿੱਤਣ ਤੋ ਬਾਅਦ ਅਮਿਤ ਪੰਘਾਲ ਨੇ ਕਿਹਾ, ''ਉਮੀਦ ਤਾਂ ਲਗਾ ਕੇ ਆਇਆ ਸੀ ਕਿ ਗੋਲਡ ਲੈ ਕੇ ਜਾਵਾਂਗਾ ਪਰ ਜੋ ਕਮੀਆਂ ਰਹਿ ਗਈਆਂ ਹਨ ਉਨ੍ਹਾਂ 'ਤੇ ਅੱਗੇ ਕੰਮ ਕਰਾਂਗਾ।'' ਪੂਰੀ ਖ਼ਬਰ ਇੱਥੇ ਕਲਿੱਕ ਕਰ ਕੇ ਪੜ੍ਹੋ।

ਵਿਆਹ ਲਈ ਆਪਣੀ ਗਰਲ ਫਰੈਂਡ ਨੂੰ ਪ੍ਰਪੋਜ਼ ਕਰਦਿਆਂ ਡੁੱਬਿਆ ਨੌਜਵਾਨ

ਅਮਰੀਕਾ ਦੇ ਇੱਕ ਜੋੜਾ ਤਨਜ਼ਾਨੀਆ 'ਚ ਛੁੱਟੀਆਂ ਮਨਾਉਣ ਗਿਆ ਸੀ, ਜਿੱਥੇ ਉਨ੍ਹਾਂ ਨੇ ਇੱਕ ਰਿਜ਼ੋਰਟ 'ਚ ਪਾਣੀ ਹੇਠਾਂ ਬਣਾ ਕਮਰਾ ਲਿਆ ਹੋਇਆ ਸੀ।

ਜੋ ਪਾਣੀ 'ਚ ਤਕਰੀਬਨ 820 ਫੁੱਟ ਹੇਠਾਂ ਸੀ।

Image copyright KENESHA ANTOINE

ਵੈਬਰ ਨੇ ਡਾਈਵਿੰਗ ਦੌਰਾਨ ਆਪਣੀ ਗਰਲ ਫਰੈਂਡ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਅਤੇ ਕਮਰੇ 'ਚ ਬਣੀ ਕੱਚ ਦੀ ਖਿੜਕੀ ਰਾਹੀਂ ਇੱਕ ਚਿੱਠੀ ਦਿਖਾ ਕੇ ਵਿਆਹ ਦਾ ਮਤਾ ਰੱਖਿਆ ਪਰ ਉਹ ਆਪਣੀ ਗਰਲ ਫਰੈਂਡ ਐਂਟੋਨ ਦਾ ਜਵਾਬ ਸੁਣਨ ਤੋਂ ਪਹਿਲਾਂ ਉਹ ਡੁੱਬ ਗਏ।

ਰਿਜ਼ੋਰਟ ਮੁਤਾਬਕ ਵੀਰਵਾਰ ਨੂੰ ਵੈਬਰ ਦੀ ਮੌਤ ਪਾਣੀ ਹੇਠਾਂ ਕਮਰੇ ਤੋਂ ਬਾਹਰ ਇਕੱਲਿਆਂ ਡਾਈਵਿੰਗ ਦੌਰਾਨ ਹੋਈ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)