ਪਿਆਜ਼ ਦੀਆਂ ਕੀਮਤਾਂ ਵਿੱਚ ਅਚਾਨਕ ਇੰਨਾ ਵਾਧਾ ਕਿਉਂ ਹੋ ਗਿਆ

  • ਨਵੀਨ ਨੇਗੀ
  • ਬੀਬੀਸੀ ਪੱਤਰਕਾਰ

ਪਿਆਜ਼ ਦੀਆਂ ਕੀਮਤਾਂ ਇੱਕ ਵਾਰ ਮੁੜ ਆਸਮਾਨ ਛੂਹ ਰਹੀਆਂ ਹਨ। ਦਿੱਲੀ ਦੇ ਬਾਜ਼ਾਰ ਵਿੱਚ ਕੁਝ ਦਿਨ ਪਹਿਲਾਂ ਜਿਹੜਾ ਪਿਆਜ਼ 35 ਤੋਂ 40 ਰਪਏ ਕਿਲੋ ਵਿੱਕ ਰਿਹਾ ਸੀ। ਹੁਣ ਉਹ 60 ਤੋਂ 70 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਿਆ ਹੈ।

ਪਿਆਜ਼ ਦੀਆਂ ਕੀਮਤਾਂ ਆਮ ਆਦਮੀ ਦੇ ਅੱਥਰੂ ਕੱਢਵਾ ਰਹੀਆਂ ਹਨ। ਰਾਜਧਾਨੀ ਦਿੱਲੀ ਦੀ ਆਜ਼ਾਦਪੁਰ ਮੰਡੀ ਵਿੱਚ ਪਿਆਜ਼ ਦਾ ਥੋਕ ਰੇਟ 50 ਰੁਪਏ ਦੱਸਿਆ ਜਾ ਰਿਹਾ ਹੈ।

ਪਿਆਜ਼ ਨਾਲ ਜੁੜੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਕੀਮਤਾਂ ਦਾ ਇਹ ਉਛਾਲ ਪਿਆਜ਼ ਦੀ ਘੱਟ ਪੈਦਾਵਾਰ ਦਾ ਨਤੀਜਾ ਹੈ।

ਆਜ਼ਾਦਪੁਰ ਮੰਡੀ ਵਿੱਚ ਪਿਆਜ਼ ਵਪਾਰੀ ਸੰਘ ਦੇ ਪ੍ਰਧਾਨ ਸੁਰਿੰਦਰ ਬੁੱਧੀਰਾਜਾ ਕਹਿੰਦੇ ਹਨ ਕਿ ਪਿਛਲੇ ਸੀਜ਼ਨ ਵਿੱਚ ਪਿਆਜ਼ ਦੀ ਕੀਮਤ 4-5 ਰੁਪਏ ਪ੍ਰਤੀ ਕਿਲੋ ਪਹੁੰਚ ਗਈ ਸੀ, ਜਿਸ ਕਾਰਨ ਕਿਸਾਨਾਂ ਨੇ ਇਸ ਵਾਰ ਪਿਆਜ਼ ਦੀ ਖੇਤੀ ਘੱਟ ਕਰ ਦਿੱਤੀ ਹੈ।

ਇਹ ਵੀ ਪੜ੍ਹੋ:

ਸੁਰਿੰਦਰ ਕਹਿੰਦੇ ਹਨ ਕਿ ਇਹੀ ਕਾਰਨ ਇਹ ਹੈ ਕਿ ਹੁਣ ਪਿਆਜ਼ ਦਾ ਸਟੌਕ ਘੱਟ ਪੈ ਰਿਹਾ ਹੈ ਅਤੇ ਕੀਮਤਾਂ ਉੱਪਰ ਜਾ ਰਹੀਆਂ ਹਨ।

ਉਹ ਕਹਿੰਦੇ ਹਨ, ''ਇਸ ਵਾਰ ਕਿਸਾਨ ਨੇ ਪਿਆਜ਼ ਬਹੁਤ ਘੱਟ ਲਗਾਇਆ, ਲਗਭਗ 25 ਤੋਂ 30 ਫ਼ੀਸਦ ਘੱਟ ਪਿਆਜ਼ ਲਗਾਇਆ ਗਿਆ ਹੈ। ਇਸਦੇ ਨਾਲ ਹੀ ਬਰਸਾਤ ਕਾਰਨ ਵੀ ਕਾਫ਼ੀ ਪਿਆਜ਼ ਖ਼ਰਾਬ ਹੋ ਗਿਆ। ਇਸੇ ਤੋਂ ਡਰ ਕੇ ਕਿਸਾਨ ਨੇ ਪਿਆਜ਼ ਛੇਤੀ ਕੱਢ ਦਿੱਤਾ ਸੀ।''

''ਸਾਡਾ ਮਾਲ ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ ਅਤੇ ਰਾਜਸਥਾਨ ਤੋਂ ਆਉਂਦਾ ਹੈ। ਆਮ ਤੌਰ 'ਤੇ ਅਪ੍ਰੈਲ ਵਿੱਚ ਜੋ ਪਿਆਜ਼ ਕੱਢਿਆ ਜਾਂਦਾ ਹੈ ਉਹ ਦੀਵਾਲੀ ਤੱਕ ਚਲਦਾ ਹੈ ਪਰ ਇਸ ਵਾਰ ਉਹ ਪਿਆਜ਼ ਹੁਣ ਖ਼ਤਮ ਹੋ ਚੁੱਕਿਆ ਹੈ।''

ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਵਿੱਚ ਪਿਆਜ਼ ਦੀਆਂ ਕੀਮਤਾਂ

ਸੁਰਿੰਦਰ ਇਹ ਵੀ ਦੱਸਦੇ ਹਨ ਕਿ ਦਿੱਲੀ ਦੀਆਂ ਮੰਡੀਆਂ ਵਿੱਚ ਜ਼ਿਆਦਾਤਰ ਪਿਆਜ਼ ਮਹਾਰਾਸ਼ਟਰ ਤੋਂ ਮੰਗਵਾਇਆ ਜਾਂਦਾ ਹੈ ਅਤੇ ਮਹਾਰਾਸ਼ਟਰ ਤੋਂ ਹੀ ਘੱਟ ਪਿਆਜ਼ ਦਿੱਲੀ ਭੇਜਿਆ ਜਾ ਰਿਹਾ ਹੈ।

ਦਰਅਸਲ ਮਹਾਰਾਸ਼ਟਰ ਦੇ ਲਾਸਲਗਾਂਓ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਹੈ। ਦੇਸ ਭਰ ਵਿੱਚ ਪਿਆਜ਼ ਦੀਆਂ ਕੀਮਤਾਂ ਇਸ ਮੰਡੀ ਤੋਂ ਤੈਅ ਹੁੰਦੀਆਂ ਹਨ।

ਲਾਸਲਗਾਂਓ ਮੰਡੀ ਲਿੱਚਵੀ ਪਿਆਜ਼ ਦੀ ਕੀਮਤ 45-50 ਰੁਪਏ ਪ੍ਰਤੀ ਕਿਲੋ ਪਹੁੰਚ ਚੁੱਕੀਆਂ ਹਨ।

ਲਾਲਸਗਾਂਓ ਐਗਰੀਕਲਚਰ ਪ੍ਰੋਡਿਊਸਰ ਮਾਰਕਿਟ ਕਮੇਟੀ ਦੇ ਪ੍ਰਧਾਨ ਜੈਦੱਤਾ ਹੋਲਕਰ ਦੱਸਦੇ ਹਨ ਕਿ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ 'ਚ ਪਿਆਜ਼ ਕਿਸਾਨਾਂ ਨੂੰ ਮੌਸਮ ਦੀ ਮਾਰ ਝੱਲਣੀ ਪਈ ਹੈ। ਉਹ ਕਹਿੰਦੇ ਹਨ ਕਿ ਪਹਿਲਾਂ ਤਾਂ ਇੱਥੇ ਸੋਕਾ ਪਿਆ ਅਤੇ ਉਸ ਤੋਂ ਬਾਅਦ ਭਾਰੀ ਮੀਂਹ ਕਾਰਨ ਪਿਆਜ਼ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਹੋਇਆ ਹੈ।

ਜੈਦੱਤਾ ਦੱਸਦੇ ਹਨ ਕਿ ਮਹਾਰਾਸ਼ਟਰ ਤੋਂ ਤਾਂ ਓਨਾ ਹੀ ਪਿਆਜ਼ ਭੇਜਿਆ ਜਾ ਰਿਹਾ ਹੈ ਜਿੰਨੇ ਲੰਘੇ ਸਾਲਾਂ ਵਿੱਚ ਸੀ ਪਰ ਆਂਧਰਾ ਪ੍ਰਦੇਸ਼ ਸਮੇਤ ਹੋਰਾਂ ਸੂਬਿਆਂ ਤੋਂ ਪਿਆਜ਼ ਦੇ ਆਉਣ 'ਤੇ ਅਸਰ ਪਿਆ ਹੈ।

ਵਿਦੇਸ਼ ਤੋਂ ਪਿਆਜ਼ ਮੰਗਵਾਉਣ ਦੀ ਲੋੜ ਹੈ?

ਹਾਲਾਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਅਫ਼ਗਾਨਿਸਤਾਨ, ਈਰਾਨ ਅਤੇ ਮਿਸਰ ਤੋਂ ਪਿਆਜ਼ ਮੰਗਵਾਏਗੀ ਜਿਸ ਨਾਲ ਇਸਦੀ ਕਮੀ ਨੂੰ ਪੂਰਾ ਕਰ ਲਿਆ ਜਾਵੇਗਾ ਅਤੇ ਕੀਮਤਾਂ ਇੱਕ ਵਾਰ ਮੁੜ ਤੋਂ ਸਥਿਰ ਹੋ ਜਾਣਗੀਆਂ।

ਸਰਕਾਰੀ ਕੰਪਨੀ ਐਮਐਮਟੀਸੀ (ਮੇਲਟਸ ਐਂਡ ਮਿਨਰਲਜ਼ ਕਾਰਪੋਰੇਸ਼ਨ ਆਫ਼ ਇੰਡੀਆ) ਲਿਮੀਟੇਡ ਨੇ ਪਾਕਿਸਤਾਨ, ਮਿਸਰ, ਚੀਨ, ਅਫਗਾਨਿਸਤਾਨ ਤੇ ਹੋਰਨਾਂ ਦੇਸਾਂ ਤੋਂ ਪਿਆਜ਼ ਦੀ ਦਰਾਮਦ ਲਈ ਟੈਂਡਰ ਮੰਗਵਾਇਆ ਸੀ ਜਿਸ 'ਤੇ ਮਹਾਰਾਸ਼ਟਰ ਦੇ ਕਿਸਾਨਾਂ ਨੇ ਇਤਰਾਜ਼ ਜਤਾਇਆ ਸੀ।

ਇਸ ਸਬੰਧ ਵਿੱਚ ਜੈਦੱਤਾ ਹੌਲਕਰ ਕਹਿੰਦੇ ਹਨ, ''ਇਸ ਨਾਲ ਕੁਝ ਵੀ ਫਾਇਦਾ ਨਹੀਂ ਹੋਵੇਗਾ। ਜੇਕਰ ਬਾਹਰ ਤੋਂ ਪਿਆਜ਼ ਮੰਗਾਵਾਂਗੇ ਤਾਂ ਉਹ ਵੀ 30-35 ਰੁਪਏ ਪ੍ਰਤੀ ਕਿਲੋ ਪਵੇਗਾ, ਇਸ ਤੋਂ ਬਾਅਦ ਉਸਦੇ ਟਰਾਂਸਪੋਰਟ ਦਾ ਖਰਚਾ ਵੀ ਆਵੇਗਾ ਤਾਂ ਕੀਮਤਾਂ ਓਨੀਆਂ ਹੀ ਹੋ ਜਾਣਗੀਆਂ ਜਿੰਨੀਆਂ ਮੰਡੀ ਵਿੱਚ ਚੱਲ ਰਹੀਆਂ ਹਨ।''

ਜੈਦੱਤਾ ਇੱਥੋਂ ਤੱਕ ਕਹਿੰਦੇ ਹਨ ਕਿ ਸਰਕਾਰ ਵੱਲੋਂ ਪਿਆਜ਼ ਦੀ ਲਾਗਤ ਦੇ ਸਬੰਧ ਵਿੱਚ ਜੋ ਅੰਕੜੇ ਜਾਰੀ ਕੀਤੇ ਜਾ ਰਹੇ ਹਨ, ਉਹ ਫੇਕ ਹੁੰਦੇ ਹਨ।

ਇਹ ਵੀ ਪੜ੍ਹੋ:

ਸਰਕਾਰ ਵਿੱਚ ਨੀਤੀ ਦੀ ਕਮੀ

ਪਿਆਜ਼ ਦੀਆਂ ਕੀਮਤਾਂ ਨੂੰ ਕਾਬੂ ਵਿੱਚ ਕਰਨ ਲਈ ਸਰਕਾਰ ਵੱਲੋਂ ਵੀ ਕਈ ਕੋਸ਼ਿਸ਼ਾਂ ਹੋਈਆਂ ਪਰ ਇਹ ਨਾਕਾਫ਼ੀ ਸਾਬਿਤ ਹੋ ਰਹੀਆਂ ਹਨ। ਸਰਕਾਰ ਨੇ ਪਿਛਲੇ ਹਫ਼ਤੇ ਪਿਆਜ਼ ਦਾ ਘੱਟੋ-ਘੱਟ ਬਰਾਮਦ ਮੁੱਲ ਯਾਨਿ ਐਮਈਪੀ 850 ਡਾਲਰ ਪ੍ਰਤੀ ਟਨ ਤੈਅ ਕੀਤਾ ਸੀ।

ਜੈਦੱਤਾ ਹੌਲਕਰ ਕਹਿੰਦੇ ਹਨ, ''ਸਰਕਾਰੀ ਏਜੰਸੀ ਨੈਫੇਡ ਨੇ ਪਿਆਜ਼ ਨੂੰ ਸਸਤੇ ਰੇਟਾਂ 'ਤੇ ਖਰੀਦ ਕੇ ਸਟੋਰ ਵਿੱਚ ਰੱਖਿਆ ਹੈ। ਉਨ੍ਹਾਂ ਨੂੰ ਉਸ ਪਿਆਜ਼ ਨੂੰ ਬਾਜ਼ਾਰ ਵਿੱਚ ਲਿਆਉਣਾ ਚਾਹੀਦਾ ਹੈ। ਇਸ ਨਾਲ ਕੀਮਤਾਂ ਤੇ ਕੁਝ ਅਸਰ ਜ਼ਰੂਰ ਪਵੇਗਾ।''

ਉੱਥੇ ਹੀ ਜੈਦੱਤਾ ਹੌਲਕਰ ਦੱਸਦੇ ਹਨ ਕਿ ਸਰਕਾਰ ਕੇ ਕੋਲ ਪਿਆਜ਼ ਦੀਆਂ ਕੀਮਤਾਂ ਨਾਲ ਜੁੜੀ ਕੋਈ ਵੀ ਸਹੀ ਨੀਤੀ ਨਹੀਂ ਰਹੀ, ਜਿਸਦਾ ਅਸਰ ਪਿਆਜ਼ ਕਿਸਾਨਾਂ ਅਤੇ ਉਪਭੋਗਤਾਵਾਂ ਦੋਵਾਂ 'ਤੇ ਪੈਂਦਾ ਹੈ।

ਅਜਿਹੀ ਹੀ ਗੱਲ ਸੁਰਿੰਦਰ ਬੁੱਧੀਰਾਜਾ ਵੀ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ , ''ਸਰਕਾਰ ਨੇ ਕਦੇ ਵੀ ਪਿਆਜ਼ ਦੀਆਂ ਕੀਮਤਾਂ 'ਤੇ ਧਿਆਨ ਨਹੀਂ ਦਿੱਤਾ। ਜਦੋਂ ਕਦੇ ਇਸਦੀ ਕੀਮਤ 3 ਜਾਂ 4 ਰੁਪਏ ਪਹੁੰਚ ਜਾਂਦੀ ਹੈ, ਤਾਂ ਕਿਸਾਨ ਅੰਦੋਲਨ ਕਰਦੇ ਹਨ। ਪਰ ਸਰਕਾਰ ਇਸ ਪਾਸੇ ਧਿਆਨ ਨਹੀਂ ਦੇ ਰਹੀ।''

ਜੈਦੱਤਾ ਹੌਲਕਰ ਕਹਿੰਦੇ ਹਨ, ''ਕਿਸਾਨ ਕਦੇ ਵੀ ਨਹੀਂ ਚਾਹੁੰਦੇ ਕਿ ਕੀਮਤਾਂ ਬਹੁਤ ਹੇਠਾਂ ਜਾਂ ਉੱਪਰ ਜਾਣ। ਕਿਸਾਨ ਹਮੇਸ਼ਾ ਚਾਹੁੰਦਾ ਹੈ ਕਿ ਉਸਦੀ ਫ਼ਸਲ ਦੀਆਂ ਕੀਮਤਾਂ ਤੈਅ ਕਰ ਦਿੱਤੀਆਂ ਜਾਣ ਅਤੇ ਜੇਕਰ ਉਹ ਉਸ ਤੈਅ ਕੀਮਤ ਤੋਂ ਉੱਪਰ ਹੇਠਾਂ ਹੁੰਦੀਆਂ ਹਨ ਤਾਂ ਸਰਕਾਰ ਉਸ ਵਿੱਚ ਦਖ਼ਲ ਦੇਵੇ।''

ਲਗਭਗ ਹਰ ਤਰ੍ਹਾਂ ਦੀ ਸਬਜ਼ੀ ਵਿੱਚ ਪੈਣ ਵਾਲੇ ਪਿਆਜ਼ ਨੇ ਆਪਣੀਆਂ ਕੀਮਤਾਂ ਉੱਚੀਆਂ ਕਰਕੇ ਖਾਣੇ ਦਾ ਜ਼ਾਇਕਾ ਥੋੜ੍ਹਾ ਵਿਗਾੜ ਜ਼ਰੂਰ ਦਿੱਤਾ ਹੈ।

ਕੁੱਲ ਮਿਲਾ ਕੇ ਕੁਝ ਹੀ ਦਿਨਾਂ ਵਿੱਚ ਭਾਰਤ 'ਚ ਤਿਉਹਾਰਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਅਤੇ ਅਜਿਹੇ ਵਿੱਚ ਪਿਆਜ਼ ਦੀਆਂ ਕੀਮਤਾਂ ਦਾ ਵਧਣਾ ਇੱਕ ਮੱਧ ਵਰਗੀ ਪਰਿਵਾਰ ਦੇ ਘਰੇਲੂ ਬਜਟ ਲਈ ਚਿੰਤਾ ਦਾ ਸਬੱਬ ਬਣ ਸਕਦਾ ਹੈ।

ਇਹ ਵੀਡੀਓਜ਼ ਵੀ ਵੇਖੋ

Skip YouTube post, 1
Video caption, Warning: Third party content may contain adverts

End of YouTube post, 1

Skip YouTube post, 2
Video caption, Warning: Third party content may contain adverts

End of YouTube post, 2

Skip YouTube post, 3
Video caption, Warning: Third party content may contain adverts

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)