Haryana Election: ਮਨੋਹਰ ਲਾਲ ਖੱਟਰ ਦੇ ‘ਜ਼ੀਰੋ ਤੋਂ ਹੀਰੋ’ ਬਣਨ ਦੇ 5 ਕਾਰਨ

ਮਨੋਹਰ ਲਾਲ ਖੱਟਰ Image copyright Getty Images

ਸਾਲ 2005 ਵਿੱਚ ਦੋ ਅਤੇ 2009 ਵਿਚ ਚਾਰ ਸੀਟਾਂ ਜਿੱਤਣ ਵਾਲੀ ਭਾਰਤੀ ਜਨਤਾ ਪਾਰਟੀ ਨੇ 2014 ਵਿੱਚ ਪਹਿਲੀ ਵਾਰ 90 ਵਿੱਚੋਂ 46 ਸੀਟਾਂ ਜਿੱਤ ਕੇ ਬਹੁਮਤ ਹਾਸਿਲ ਕੀਤਾ।

ਉਸ ਵੇਲੇ ਰਾਜਨੀਤੀ ਦੇ ਵਿਸ਼ਲੇਸ਼ਕ ਇਨ੍ਹਾਂ ਤਿੰਨਾਂ ਆਗੂਆਂ ਨੂੰ ਮੁੱਖ ਮੰਤਰੀ ਦੇ ਅਹੁਦੇ ਦੇ ਹੱਕਦਾਰ ਸਮਝਦੇ ਸੀ: ਕੈਪਟਨ ਅਭਿਮਨਿਯੂ, ਅਨਿਲ ਵਿਜ ਅਤੇ ਰਾਮ ਬਿਲਾਸ ਸ਼ਰਮਾ।

ਕਾਰਨ ਇਹ ਸੀ ਕਿ ਵਿੱਜ ਅਤੇ ਰਾਮ ਬਿਲਾਸ ਸ਼ਰਮਾ ਨੇ ਪਿਛਲੇ 25-30 ਸਾਲਾਂ ਦੌਰਾਨ ਕਈ ਵਾਰ ਚੋਣਾਂ ਜਿੱਤੀਆਂ ਸਨ ਅਤੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਉਹ ਕਾਫੀ ਨੇੜੇ ਸਨ।

ਜਾਟ ਨੇਤਾ ਹੋਣ ਕਾਰਨ ਕੈਪਟਨ ਅਭਿਮਨਿਯੂ ਨੂੰ ਸੂਬੇ ਦੇ ਮੁੱਖ ਮੰਤਰੀ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾਂਦਾ ਸੀ ਪਰ ਮਨੋਹਰ ਲਾਲ ਖੱਟਰ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਨੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇਸ ਤੋਂ ਬਾਅਦ ਕੁਝ ਸਵਾਲ ਵੀ ਲੋਕਾਂ ਦੇ ਦਿਮਾਗ 'ਚ ਆਉਣ ਲੱਗੇ, ਜਿਵੇਂ -

  • ਕੀ RSS ਦਾ ਇਹ ਵਰਕਰ ਜਿਸ ਦਾ ਕੋਈ ਪ੍ਰਬੰਧਕੀ ਅਤੇ ਰਾਜਨੀਤਿਕ ਤਜਰਬਾ ਨਹੀਂ ਸੀ, ਉਹ ਇਸ ਕੁਰਸੀ ਨਾਲ ਇਨਸਾਫ਼ ਕਰ ਸਕੇਗਾ?
  • ਕੀ ਉਹ ਰਾਮ ਬਿਲਾਸ ਸ਼ਰਮਾ, ਕੈਪਟਨ ਅਭਿਮਨਿਯੂ ਅਤੇ ਅਨਿਲ ਵਿੱਜ ਵਰਗੇ ਵੱਡੇ ਪਾਰਟੀ ਨੇਤਾਵਾਂ ਨੂੰ ਕਾਬੂ ਵਿੱਚ ਰੱਖ ਸਕਨਗੇ ਅਤੇ ਆਪਣੇ ਨਾਲ ਲੈ ਕੇ ਚੱਲ ਸਕਣਗੇ?
Image copyright Getty Images
ਫੋਟੋ ਕੈਪਸ਼ਨ ਅਨਿਲ ਵਿਜ, ਰਾਮ ਬਿਲਾਸ ਸ਼ਰਮਾ ਤੇ ਕੈਪਟਨ ਅਭਿਮਨਿਯੂ

ਤਜ਼ਰਬੇ ਦੀ ਘਾਟ ਜਲਦੀ ਹੀ ਵਿਗੜ ਰਹੀ ਕਾਨੂੰਨ ਵਿਵਸਥਾ ਵਿੱਚ ਦਿਸਣ ਲੱਗੀ। ਖ਼ਾਸ ਤੌਰ 'ਤੇ ਫ਼ਰਵਰੀ 2016 ਦੇ ਜਾਟ ਅੰਦੋਲਨ ਦੌਰਾਨ ਹੋਈ ਹਿੰਸਾ ਦੌਰਾਨ। ਇਸ ਅੰਦੋਲਨ ਵਿਚ 20 ਤੋਂ ਵੱਧ ਜਾਟ ਨੌਜਵਾਨ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ।

ਖੱਟਰ ਸਰਕਾਰ ਦਾ ਅਕਸ ਪੂਰੇ ਦੇਸ਼ ਵਿੱਚ ਫਿੱਕਾ ਪੈ ਗਿਆ। ਕਈ ਸਾਲਾਂ ਤੋਂ ਸੂਬੇ ਦੇ ਮੁੱਖ ਮੰਤਰੀ ਬਣੇ ਰਹਿਣ ਵਾਲੇ ਜਾਟਾਂ ਨੂੰ ਲੱਗਿਆ ਕਿ ਹੁਣ ਉਹ (ਜਾਟ) ਇਸ ਅਹੁਦੇ 'ਤੇ ਨਹੀਂ ਸਗੋਂ ਇੱਕ ਪੰਜਾਬੀ ਖੱਤਰੀ ਬੈਠਾ ਹੈ।

ਇਹ ਵੀ ਪੜ੍ਹੋ:

ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਆਖਦੇ ਹਨ, ''ਜਾਟ ਅੰਦੋਲਨ ਅਤੇ ਫੇਰ ਗੁਰਮੀਤ ਰਾਮ ਰਹੀਮ ਦੀ ਗਿਰਫ਼ਤਾਰੀ ਤੋਂ ਬਾਅਦ ਹੋਈ ਹਿੰਸਾ - ਇਹ ਦੋਵੇਂ ਮਾਮਲੇ ਅਜਿਹੇ ਸਨ ਜਿਨ੍ਹਾਂ ਵਿੱਚ ਖੱਟਰ ਬਹੁਤ ਕਮਜ਼ੋਰ ਪ੍ਰਸ਼ਾਸਕ ਸਾਬਤ ਹੋਏ ਸਨ।"

Image copyright Getty Images

ਇਸ ਦੇ ਬਾਵਜੂਦ ਇਸ ਸਾਲ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਸਾਰੀਆਂ 10 ਸੀਟਾਂ 'ਤੇ ਜਿੱਤ ਹਾਸਿਲ ਕੀਤੀ ਤੇ 90 ਵਿਧਾਨ ਸਭਾ ਹਲਕਿਆਂ ਵਿਚੋਂ 79 'ਤੇ ਉਹ ਅੱਗੇ ਸਨ। ਆਖ਼ਿਰਕਾਰ ਅਜਿਹਾ ਕੀ ਹੋਇਆ ਕਿ 65-ਸਾਲਾ ਖੱਟਰ ਭਾਜਪਾ ਦੇ ਅਹਿਮ ਨੇਤਾ ਬਣ ਗਏ?

ਬੇਸ਼ਕ ਚੋਣਾਂ 'ਚ ਪ੍ਰਧਾਨ ਮੰਤਰੀ ਮੋਦੀ ਦੀ ਛਾਪ ਸਾਫ਼ ਨਜ਼ਰ ਆਉਂਦੀ ਹੈ, ਪਰ ਖੱਟਰ ਦੇ ਆਪਣੇ ਅਕਸ ਵਿੱਚ ਵੀ ਕਾਫ਼ੀ ਸੁਧਾਰ ਹੋਇਆ ਹੈ ਤੇ ਉਸਦੇ ਇਹ ਹਨ 5 ਕਾਰਨ:

1. ਨੌਕਰੀਆਂ - ਹਰਿਆਣਾ 'ਚ ਇਹ ਮੰਨਿਆ ਜਾਂਦਾ ਸੀ ਕਿ ਨੌਕਰੀਆਂ ਜਾਂ ਤਾਂ ਜਾਤ ਜਾਂ ਖੇਤਰ ਦੇ ਆਧਾਰ 'ਤੇ ਮਿਲਦੀਆਂ ਸਨ। ਪਰ ਇਸ ਸਰਕਾਰ ਨੇ ਇਹ ਰੁਝਾਨ ਬਦਲਿਆ।

ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਨੇ ਕਿਹਾ, “ਭ੍ਰਿਸ਼ਟਾਚਾਰ ਇਸ ਸਰਕਾਰ ਵਿਚ ਘੱਟ ਵੇਖਣ ਨੂੰ ਮਿਲਿਆ ਹੈ। ਨੌਕਰੀਆਂ ਦਾ ਆਧਾਰ ਜਾਤ ਅਤੇ ਖੇਤਰ ਦੀ ਥਾਂ ਕਾਫੀ ਹੱਦ ਤਕ ਉਮੀਦਵਾਰਾਂ ਦੀ ਕਾਬਲੀਅਤ ਨੂੰ ਬਣਾਇਆ ਗਿਆ।''

ਉੱਧਰ ਚੰਡੀਗੜ੍ਹ ਦੇ ਸੀਨੀਅਰ ਪੱਤਰਕਾਰ ਸੰਜੀਵ ਸ਼ੁਕਲਾ ਦਾ ਕਹਿਣਾ ਹੈ ਕਿ ਲੋਕਾਂ ਨੂੰ ਸ਼ੁਰੂਆਤ ਵਿਚ ਖੱਟਰ ਉੱਤੇ ਭਰੋਸਾ ਨਹੀਂ ਸੀ। ਪਰ ਫਿਰ ਲੋਕ ਨੌਕਰੀਆਂ ਅਤੇ ਨਿਯੁਕਤੀਆਂ ਕਰਨ ਦੇ ਢੰਗ ਤੋਂ ਬਹੁਤ ਖ਼ੁਸ਼ ਹੋਏ ਕਿਉਂਕਿ ਇਹ ਯੋਗਤਾ 'ਤੇ ਆਧਾਰਿਤ ਸੀ, ਨਾ ਕਿ ਭ੍ਰਿਸ਼ਟਾਚਾਰ ਅਤੇ ਜਾਤੀਵਾਦ ਦੇ ਪੈਮਾਨੇ ਉੱਤੇ।

Image copyright Getty Images

ਪੜ੍ਹੇ ਲਿਖੇ ਨੌਜਵਾਨਾਂ ਲਈ ਬੇਰੁਜ਼ਗਾਰੀ ਭੱਤੇ ਵਰਗੀਆਂ ਯੋਜਨਾਵਾਂ ਨੇ ਵੀ ਲੋਕਾਂ ਨੂੰ ਵੱਡੀ ਰਾਹਤ ਦਿੱਤੀ, ਪੋਸਟ-ਗ੍ਰੈਜੂਏਟ ਨੂੰ 3,000 ਰੁਪਏ ਪ੍ਰਤੀ ਮਹੀਨਾ ਮਿਲਦਾ ਹੈ ਜਦਕਿ ਘੱਟ ਯੋਗਤਾ ਪ੍ਰਾਪਤ ਕਰਨ ਵਾਲਿਆਂ ਨੂੰ ਪ੍ਰਤੀ ਮਹੀਨਾ 1500 ਰੁਪਏ ਮਿਲਣੇ ਸ਼ੁਰੂ ਹੋ ਗਏ।

ਕੁਝ ਰਾਜਨੀਤਿਕ ਵਿਸ਼ਲੇਸ਼ਕ ਤਾਂ ਇਹ ਵੀ ਕਹਿ ਰਹੇ ਹਨ ਕਿ ਉਨ੍ਹਾਂ ਦੀ ਆਪਣੀ ਹੀ ਪਾਰਟੀ ਵਿੱਚ ਕੋਈ ਖਾਸ ਅਹਿਮੀਅਤ ਨਹੀਂ ਸੀ ਪਰ ਹੁਣ ਉਹ 'ਜ਼ੀਰੋ ਤੋਂ ਹੀਰੋ' ਹੋ ਗਏ ਹਨ।

ਸੰਜੀਵ ਸ਼ੁਕਲਾ ਦਾ ਕਹਿਣਾ ਹੈ ਕਿ ਇਸਦਾ ਕਾਰਨ ਇਹ ਹੈ ਕਿ ਉਨ੍ਹਾਂ ਦੀ ਪਾਰਟੀ ਉਨ੍ਹਾਂ ਦੀ ਅਗਵਾਈ ਹੇਠ ਨਿਰੰਤਰ ਜਿੱਤ ਹਾਸਲ ਕਰ ਰਹੀ ਹੈ।

ਸਰਕਾਰ ਦਾ ਦਾਅਵਾ ਹੈ ਕਿ ਪਿਛਲੇ 5 ਸਾਲਾਂ ਵਿਚ ਤਕਰੀਬਨ 72,000 ਲੋਕਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ। ਹਾਲਾਂਕਿ ਵਿਰੋਧੀ ਧਿਰ ਸਰਕਾਰ ਦੇ ਦਾਅਵਿਆਂ ਨੂੰ ਚੁਣੌਤੀ ਦੇ ਰਹੀ ਹੈ ਅਤੇ ਕਹਿੰਦੀ ਹੈ ਕਿ ਹਰਿਆਣਾ ਵਿੱਚ ਬੇਰੁਜ਼ਗਾਰੀ ਬਹੁਤ ਜ਼ਿਆਦਾ ਵਧੀ ਹੈ।

2. ਖੱਟਰ ਦੀ ਨਵੀਂ ਸ਼ੈਲੀ - ਇਹ ਨਹੀਂ ਕਿ ਖੱਟਰ ਬੋਲਣ ਅਤੇ ਕੰਮ ਕਰਨ ਵਿੱਚ ਬਹੁਤ ਸਟਾਈਲਿਸ਼ ਹਨ, ਪਰ ਉਨ੍ਹਾਂ ਦਾ ਸਰਲ ਤਰੀਕਾ ਲੋਕਾਂ ਨੂੰ ਚੰਗਾ ਲੱਗਣ ਲੱਗਿਆ।

ਸੰਜੀਵ ਸ਼ੁਕਲਾ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਦੌਰਾਨ ਭ੍ਰਿਸ਼ਟਾਚਾਰ ਅਤੇ ਜਬਰ-ਜ਼ਿਨਾਹ ਕਾਰਨ ਲੋਕਾਂ ਦੇ ਮਨਾਂ ਵਿੱਚ ਡਰ ਸੀ।

ਪੰਜਾਬ ਯੂਨੀਵਰਸਿਟੀ ਦੇ ਪ੍ਰੋ: ਆਸ਼ੂਤੋਸ਼ ਕੁਮਾਰ ਕਹਿੰਦੇ ਹਨ, "ਫੇਰ ਖੱਟਰ ਆਏ। ਮੈਂ ਕਹਾਂਗਾ ਕਿ ਖਰਚੀ (ਯਾਨੀ ਰਿਸ਼ਵਤ) ਬੰਦ ਹੈ ਜਾਂ ਘੱਟ ਹੈ ਪਰ ਪਰਚੀ (ਯਾਨੀ ਸਿਫਾਰਿਸ਼) ਅਜੇ ਵੀ ਜਾਰੀ ਹੈ।''

ਉਹ ਕਹਿੰਦੇ ਹੈ ਕਿ ਲੋਕ ਰਾਹਤ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨਾਲ ਜਬਰਦਸਤੀ ਨਹੀਂ ਹੋ ਰਹੀ। ਖੱਟਰ ਦੇ 'ਸੀ ਐੱਮ ਵਿੰਡੋ' ਵਰਗੇ ਪ੍ਰੋਗਰਾਮਾਂ ਜ਼ਰੀਏ ਲੋਕ ਆਪਣੀਆਂ ਸ਼ਿਕਾਇਤਾਂ ਨਾਲ ਉਨ੍ਹਾਂ ਤੱਕ ਪਹੁੰਚਣਾ ਸ਼ੁਰੂ ਹੋ ਗਏ ਜਿਸ ਨਾਲ ਉਨ੍ਹਾਂ ਵਿਚ ਵਿਸ਼ਵਾਸ ਬਣਨ ਲੱਗਿਆ। ਇਹ ਸਭ ਕੁਝ ਹਰਿਆਣਾ ਵਿੱਚ ਨਵਾਂ ਸੀ।

ਇਹ ਵੀ ਪੜ੍ਹੋ:

ਸੀਨੀਅਰ ਪੱਤਰਕਾਰ ਸੰਜੀਵ ਸ਼ੁਕਲਾ ਦਾ ਕਹਿਣਾ ਹੈ ਕਿ ਉਦਾਹਰਣ ਵਜੋਂ, ਖੱਟਰ ਸਰਕਾਰ ਵਿਚ ਤਬਾਦਲੇ ਨਾ ਸਿਰਫ ''ਆਨਲਾਈਨ'' ਕੀਤੇ ਗਏ ਹਨ ਬਲਕਿ ਲੋਕਾਂ ਨੂੰ ਉਨ੍ਹਾਂ ਦੀ ਤਰਜੀਹ ਬਾਰੇ ਵੀ ਪੁੱਛਿਆ ਗਿਆ ਹੈ।

ਸੰਜੀਵ ਸ਼ੁਕਲਾ ਦਾ ਕਹਿਣਾ ਹੈ, "ਫੇਰ ਤੁਸੀਂ ਵੇਖ ਸਕਦੇ ਹੋ ਕਿ ਕਿਸੇ ਵੀ ਭਰਤੀ ਨੂੰ ਲੈ ਕੇ ਕੋਈ ਅਦਾਲਤ ਵਿਚ ਨਹੀਂ ਗਿਆ ਹੈ ਜੋ ਕਿ ਵੱਡੀ ਗੱਲ ਹੈ।"

3. ਜਾਟ ਬਨਾਮ ਗੈਰ ਜਾਟ - ਕਾਂਗਰਸ ਦੇ ਭਜਨ ਲਾਲ ਯਾਨੀ ਸਾਲ 1996 ਤੋਂ ਬਾਅਦ, ਮਨੋਹਰ ਲਾਲ ਖੱਟਰ ਪਹਿਲੇ ਗੈਰ-ਜਾਟ ਮੁੱਖ ਮੰਤਰੀ ਬਣੇ। ਇੱਕ ਵਿਸ਼ਲੇਸ਼ਕ ਅਨੁਸਾਰ ਇਸ ਕਰ ਕੇ ਕਾਫ਼ੀ ਜਾਟਾਂ ਨੇ 'ਪਾਵਰ' ਜਾਣ ਤੋਂ ਬਾਅਦ ਬਹੁਤ ਅਸੁਰੱਖਿਅਤ ਮਹਿਸੂਸ ਕੀਤਾ।

ਪਰ ਹਿੰਸਕ ਜਾਟ ਅੰਦੋਲਨ ਦੇ ਮਾੜੇ ਤਜਰਬੇ ਤੋਂ ਬਾਅਦ ਗ਼ੈਰ-ਜਾਟ ਖੱਟਰ ਵਿਚ ਆਪਣੇ ਨੇਤਾ ਵੇਖਣ ਲੱਗੇ। ਦੂਜੇ ਪਾਸੇ ਖੱਟਰ ਨੇ ਆਪਣੇ ਆਪ ਨੂੰ ਜਾਟ ਬਨਾਮ ਗ਼ੈਰ-ਜਾਟ ਦੀ ਹਰਿਆਣਾ ਦੀ ਪੁਰਾਣੀ ਰਾਜਨੀਤੀ ਤੋਂ ਦੂਰ ਰੱਖਿਆ।

ਨਤੀਜੇ ਵਜੋਂ, ਜਾਟਾਂ ਨੇ ਵੀ ਉਨ੍ਹਾਂ ਨੂੰ ਆਪਣਾ ਆਗੂ ਮੰਨਣਾ ਸ਼ੁਰੂ ਕਰ ਦਿੱਤਾ ਹੈ। ਜਾਟ ਨੇਤਾਵਾਂ ਦਾ ਖੱਟਰ ਵੱਲ ਰੁਝਾਨ ਵੀ ਇਹ ਸਾਬਤ ਕਰਦਾ ਹੈ।

ਹਾਲਾਂਕਿ ਕੁਝ ਲੋਕ ਜਿਵੇਂ ਕਿ ਪੱਤਰਕਾਰ ਸੰਜੀਵ ਸ਼ੁਕਲਾ ਇਸ ਨਾਲ ਸਹਿਮਤ ਨਹੀਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਜਾਟ ਜਾਂ ਹੋਰ ਬਹੁਤ ਸਾਰੇ ਲੋਕ ਵੀ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ ਕਿਉਂਕਿ ਪਾਰਟੀ ਦੀ ਮਜ਼ਬੂਤ ਸਥਿਤੀ ਹੋਣ ਕਾਰਨ ਉਨ੍ਹਾਂ ਨੂੰ ਇਥੇ ਜਿੱਤਣ ਦੀ ਵਧੇਰੇ ਸੰਭਾਵਨਾ ਨਜ਼ਰ ਆ ਰਹੀ ਹੈ।

ਉਹ ਕਹਿੰਦੇ ਹਨ, "ਜਿਵੇਂ ਕਈ ਨੇਤਾਵਾਂ ਨੇ ਚੌਟਾਲਾ ਦੀ ਇਨੈਲੋ ਨੂੰ ਛੱਡ ਦਿੱਤਾ ਹੈ ਅਤੇ ਬੀਜੇਪੀ ਵਿੱਚ ਆ ਗਏ ਹਨ, ਕਿਉਂਕਿ ਉਹ ਇੱਥੇ ਆਪਣਾ ਭਵਿੱਖ ਵਧੇਰੇ ਸੁਰੱਖਿਅਤ ਵੇਖਦੇ ਹਨ।"

4. ਕਮਜ਼ੋਰ ਵਿਰੋਧੀ ਧਿਰ - ਮਨੋਹਰ ਲਾਲ ਖੱਟਰ ਦੇ ਮਜ਼ਬੂਤ ਹੋਣ ਦਾ ਇੱਕ ਅਹਿਮ ਕਾਰਨ ਵਿਰੋਧੀ ਨੇਤਾਵਾਂ ਦਾ ਕਮਜ਼ੋਰ ਹੋਣਾ ਵੀ ਸੀ। ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਭੁਪਿੰਦਰ ਸਿੰਘ ਹੁੱਡਾ ਵੱਖ-ਵੱਖ ਕਾਨੂੰਨੀ ਕੇਸਾਂ ਨਾਲ ਜੂਝ ਰਹੇ ਹਨ।

ਇਨੈਲੋ ਆਗੂ ਓਮ ਪ੍ਰਕਾਸ਼ ਚੌਟਾਲਾ ਤੇ ਉਨ੍ਹਾਂ ਦੇ ਪੁੱਤਰ ਅਜੇ ਚੌਟਾਲਾ ਅਧਿਆਪਕ ਭਰਤੀ ਮਾਮਲੇ ਵਿੱਚ ਜੇਲ੍ਹ ਵਿੱਚ ਹਨ। ਫਿਰ ਉਨ੍ਹਾਂ ਦੀ ਪਾਰਟੀ ਵੀ ਟੁੱਟ ਗਈ ਅਤੇ ਦੋਵੇਂ ਬੇਟੇ ਅਜੈ ਅਤੇ ਅਭੈ ਚੌਟਾਲਾ ਵੱਖ-ਵੱਖ ਰਸਤਿਆਂ 'ਤੇ ਤੁਰ ਪਏ ਹਨ।

ਵਿਸ਼ਲੇਸ਼ਕ ਇਸ ਨੂੰ ਭਾਜਪਾ ਅਤੇ ਖੱਟਰ ਦੋਵਾਂ ਲਈ ਵੱਡਾ ਫ਼ਾਇਦਾ ਸਮਝਦੇ ਹਨ।

ਪੰਜਾਬ ਯੂਨੀਵਰਸਿਟੀ ਦੇ ਪ੍ਰੋ: ਆਸ਼ੂਤੋਸ਼ ਕੁਮਾਰ ਦਾ ਕਹਿਣਾ ਹੈ ਕਿ ਇਨੈਲੋ ਅਤੇ ਕਾਂਗਰਸ ਦੀ ਸਥਿਤੀ ਇਸ ਤਰ੍ਹਾਂ ਹੈ ਜਿਵੇਂ ਕਿਸੇ ਨੇ ਸਰਾਪ ਦਿੱਤਾ ਹੈ ਕਿ ਉਹ ਆਪਸ ਵਿੱਚ ਲੜਦੇ ਰਹਿਣਗੇ ਜਿਸ ਦਾ ਸਿੱਧਾ ਖੱਟਰ ਨੂੰ ਫਾਇਦਾ ਹੋ ਰਿਹਾ ਹੈ।

5. ਮੋਦੀ ਦਾ ਸਮਰਥਨ - ਹਰ ਕੋਈ ਜਾਣਦਾ ਸੀ ਕਿ ਖੱਟਰ ਪਾਰਟੀ ਦੀ ਹਾਈ ਕਮਾਂਡ ਦੀ ਚੋਣ ਸੀ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦਾ ਪੂਰਾ ਵਿਸ਼ਵਾਸ ਹਾਸਲ ਸੀ - ਇਹ ਗੱਲ ਉਦੋਂ ਜ਼ਾਹਿਰ ਹੋਈ ਜਦੋਂ ਪਾਰਟੀ ਨੇ ਖੱਟਰ ਦੇ ਮਾੜੇ ਦਿਨਾਂ ਵਿਚ ਵੀ ਉਨ੍ਹਾਂ 'ਤੇ ਭਰੋਸਾ ਕਾਇਮ ਰੱਖਿਆ।

ਸ਼ੁਰੂ ਵਿਚ ਪਾਰਟੀ ਦੇ ਕਈ ਸੀਨੀਅਰ ਆਗੂ ਖੱਟਰ ਲਈ ਚੁਣੌਤੀ ਬਣ ਗਏ ਅਤੇ ਉਨ੍ਹਾਂ ਨੇ ਖੱਟਰ ਦਾ ਰਾਹ ਵੀ ਕੁਝ ਮੁਸ਼ਕਿਲ ਕਰਨ ਦੀ ਕੋਸ਼ਿਸ਼ ਕੀਤੀ।

ਯਾਦ ਕਰੋ ਸਿਹਤ ਮੰਤਰੀ ਅਨਿਲ ਵਿਜ ਦਾ ਸਾਲ 2015 ਦੇ ਫਰਵਰੀ ਮਹੀਨੇ ਦਾ ਟਵੀਟ ਜਦੋਂ ਖੱਟਰ ਨੂੰ ਮੁੱਖ ਮੰਤਰੀ ਬਣੇ ਕੁਝ ਹੀ ਮਹੀਨੇ ਹੋਏ ਸਨ।

ਉਨ੍ਹਾਂ ਆਪਣੇ ਟਵੀਟ 'ਚ ਲਿਖਿਆ ਸੀ, ''Thank You Chief Minister For Taking Keen Interest into My Departments. I am Relaxed.ਕੁਝ ਲੋਕ ਮੈਨੂੰ ਮੇਰੇ ਕੰਮ ਕਰਨ ਦੇ ਤਰੀਕੇ ਤੋਂ ਰੋਕਣਾ ਚਾਹੁੰਦੇ ਹਨ ਪਰ ਉਹ ਕਦੇ ਵੀ ਕਾਮਯਾਬ ਨਹੀਂ ਹੋਣਗੇ। ਮੈਂ ਆਪਣੇ ਤਰੀਕੇ ਨਾਲ ਕੰਮ ਕਰਦਾ ਰਹਾਂਗਾ।

ਪਰ ਇਸ ਸਭ ਦੇ ਬਾਵਜੂਦ,ਉਨ੍ਹਾਂ ਨੂੰ ਪਾਰਟੀ ਦਾ ਸਮਰਥਨ ਮਿਲਦਾ ਰਿਹਾ। ਇਸ ਮਗਰੋਂ ਹਰਿਆਣਾ ਦੇ ਨੇਤਾਵਾਂ ਨੇ ਵੀ ਖੱਟਰ ਦੇ ਨਾਲ ਹੋਣ 'ਚ ਹੀ ਸਮਝਦਾਰੀ ਮਹਿਸੂਸ ਕੀਤੀ।

ਸੀਨੀਅਰ ਪੱਤਰਕਾਰ ਸੰਜੀਵ ਸ਼ੁਕਲਾ ਦਾ ਕਹਿਣਾ ਹੈ ਕਿ 1990 ਦੇ ਦਹਾਕੇ ਵਿੱਚ ਜਦੋਂ ਮੋਦੀ ਇੱਥੇ ਪਾਰਟੀ ਦੇ ਪ੍ਰਭਾਰੀ ਸਨ ਉਦੋਂ ਤੋਂ ਹੀ ਖੱਟਰ ਮੋਦੀ ਦੇ ਸਾਥੀ ਰਹੇ ਹਨ।

"ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਨ੍ਹਾਂ ਨੂੰ ਇਸ ਨਜ਼ਦੀਕੀ ਤੋ ਇਲਾਵਾ ਇਮਾਨਦਾਰੀ ਅਤੇ ਵਫ਼ਾਦਾਰੀ ਦਾ ਇਨਾਮ ਮਿਲਿਆ ਹੈ।"

ਹਰਿਆਣੇ ਦੇ ਲੋਕ ਇੱਕ ਹੀ ਪਾਰਟੀ ਨੂੰ ਆਮ ਤੌਰ 'ਤੇ ਸੱਤਾ ਦੁਬਾਰਾ ਨਹੀਂ ਸੌਂਪਦੇ।

ਸੰਜੀਵ ਸ਼ੁਕਲਾ ਦਾ ਕਹਿਣਾ ਹੈ ਕਿ ਇੱਥੋਂ ਦੇ ਵੋਟਰ ਭ੍ਰਿਸ਼ਟਾਚਾਰ, ਸਾਫ਼-ਸੁਥਰੇ ਪ੍ਰਸ਼ਾਸਨ ਦੀ ਘਾਟ ਅਤੇ ਸਰਕਾਰਾਂ ਖਿਲਾਫ ਨਸਲਵਾਦ ਦੇ ਦੋਸ਼ਾਂ ਕਾਰਨ ਹਰ ਚੋਣ ਵਿੱਚ ਨਵੀਂ ਸਰਕਾਰ ਦੀ ਚੋਣ ਕਰਦੇ ਆ ਰਹੇ ਹਨ।

Image copyright Getty Images

ਹਾਂ, ਇਹ ਸਾਲ 2009 ਵਿੱਚ ਹੋਇਆ ਸੀ ਜਦੋਂ ਹੁੱਡਾ ਦੀ ਕਾਂਗਰਸ ਸਰਕਾਰ ਨੂੰ ਲੋਕਾਂ ਨੇ ਦੂਜਾ ਮੌਕਾ ਦਿੱਤਾ ਸੀ ਅਤੇ 1972 ਤੋਂ ਬਾਅਦ ਸੂਬੇ ਵਿੱਚ ਇਹ ਪਹਿਲੀ ਵਾਰ ਹੋਇਆ ਸੀ। ਹੁਣ ਫਿਰ ਤੋਂ ਸਵਾਲ ਪੈਦਾ ਹੁੰਦਾ ਹੈ ਕਿ, ਕੀ ਹਰਿਆਣਾ ਦੇ ਵੋਟਰ ਖੱਟਰ ਅਤੇ ਭਾਜਪਾ 'ਤੇ ਭਰੋਸਾ ਕਰਕੇ ਉਨ੍ਹਾਂ ਨੂੰ ਮੁੜ ਸੱਤਾ 'ਤੇ ਕਾਬਜ਼ ਕਰਨਗੇ, ਇਹ ਚੋਣਾਂ ਦਾ ਨਤੀਜਾ ਦੱਸੇਗਾ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)