ਡੱਬਵਾਲੀ ਵਿੱਚ ਕਥਿਤ ਨਸ਼ਾ ਤਸਕਰ ਨੂੰ ਫੜਨ ਗਈ ਪੰਜਾਬ ਪੁਲਿਸ ਦੀ ਟੀਮ ਨਾਲ ਝੜਪ ਗੋਲੀਬਾਰੀ 'ਚ ਇੱਕ ਦੀ ਮੌਤ

ਡੱਬਵਾਲੀ Image copyright PArbhu dayal/bbc
ਫੋਟੋ ਕੈਪਸ਼ਨ ਸਿਰਸਾ ਵਿੱਚ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਲਿਆਂਦੀ ਗਈ, ਇਸ ਮੌਕੇ ਹਰਿਆਣਾ ਪੁਲਿਸ

ਬਠਿੰਡਾ ਨੇੜੇ ਹਰਿਆਣਾ ਦੇ ਡੱਬਵਾਲੀ ਦੇ ਪਿੰਡ ਦੇਸੂ ਜੋਧਾ ਵਿੱਚ ਕਈ ਲੋਕਾਂ ਦੀ ਅੱਜ ਸਵੇਰੇ ਦੀ ਜਾਗ ਗੋਲੀਆਂ ਦੀਆਂ ਆਵਾਜ਼ਾਂ ਨਾਲ ਖੁੱਲ੍ਹੀ।

ਪੁਲਿਸ ਮੁਤਾਬਕ ਇਸ ਪਿੰਡ ਵਿੱਚ ਕਥਿਤ ਤੌਰ 'ਤੇ ਨਸ਼ੇ ਦੀਆਂ ਗੋਲੀਆਂ ਵੇਚਣ ਵਾਲੇ ਸ਼ਖਸ ਕੁਲਵਿੰਦਰ ਨੂੰ ਫੜਨ ਲਈ ਪੁਲਿਸ ਦੀ ਇੱਕ ਟੀਮ ਪਿੱਛਾ ਕਰਦੀ ਪਹੁੰਚੀ ਸੀ।

ਪਿੰਡ ਵਿੱਚੋਂ ਇਸ ਘਟਨਾ ਦੀ ਵਾਇਰਲ ਵੀਡੀਓ ਮੁਤਾਬਕ ਕਥਿਤ ਤੌਰ 'ਤੇ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਗੋਲੀਬਾਰੀ ਕਰਦਾ ਦਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ

ਜਿਹੜੇ ਸ਼ਖਸ ਕੁਲਵਿੰਦਰ ਨੂੰ ਪੰਜਾਬ ਪੁਲਿਸ ਫੜਨ ਲਈ ਪਹੁੰਚੀ ਉਸ ਦੇ ਭਰਾ ਭਿੰਦਰ ਨੇ ਇਹ ਵੀਡੀਓ ਬਣਾਉਣ ਦਾ ਦਾਅਵਾ ਕੀਤਾ ਹੈ।

ਇਸ ਗੋਲੀਬਾਰੀ ਵਿੱਚ ਪਿੰਡ ਦੇ ਇੱਕ ਸ਼ਖਸ ਦੀ ਮੌਤ ਹੋ ਗਈ ਹੈ। ਗੋਲੀ ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਵੀ ਲੱਗੀ ਹੈ।

ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਭੜਕੇ ਪਿੰਡ ਵਾਲਿਆਂ ਨੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਘੇਰ ਲਿਆ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਇਨ੍ਹਾਂ ਵਿੱਚ ਇੱਕ ਮਹਿਲਾ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ।

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਨੂੰ ਉੱਥੋਂ ਕੱਢਿਆ।

ਇਹ ਵੀ ਪੜ੍ਹੋ

Image copyright kulbeer beera/bbc

ਪੁਲਿਸ ਦਾ ਕੀ ਕਹਿਣਾ ਹੈ?

ਬਠਿੰਡਾ ਵਿੱਚ ਐਸ.ਪੀ. (ਡੀ) ਜੀ.ਐਸ. ਸੰਘਾ ਜ਼ਖਮੀ ਪੁਲਿਸ ਮੁਲਾਜ਼ਮਾਂ ਦਾ ਹਾਲ ਜਾਨਣ ਲਈ ਪੁੱਜੇ ਹੋਏ ਸਨ।

ਉਨ੍ਹਾਂ ਨੇ ਕਿਹਾ, ''ਨਸ਼ੇ ਦੇ ਇੱਕ ਮਾਮਲੇ ਵਿੱਚ ਦੋ ਲੋਕਾਂ ਨੂੰ ਬਠਿੰਡਾ ਪੁਲਿਸ ਨੇ ਫੜਿਆ ਸੀ। ਉਨ੍ਹਾਂ ਨਾਲ ਪੁੱਛਗਿੱਛ ਵਿੱਚ ਡੱਬਵਾਲੀ ਦੇ ਦੇਸੂ ਜੋਧਾ ਪਿੰਡ ਦੇ ਕੁਲਵਿੰਦਰ ਦਾ ਨਾਂ ਸਾਹਮਣੇ ਆਇਆ ਸੀ। ਉਸ ਬਾਰੇ ਸੂਹ ਮਿਲੀ ਸੀ ਕਿ ਉਹ ਹਰਿਆਣਾ-ਪੰਜਾਬ ਬਾਰਡਰ 'ਤੇ ਆਇਆ ਹੋਇਆ ਹੈ। ਪੰਜਾਬ ਪੁਲਿਸ ਦੀ ਸੱਤ ਮੈਂਬਰੀ ਟੀਮ ਪਹੁੰਚੀ ਤਾਂ ਕੁਲਵਿੰਦਰ ਦੇਸੂ ਜੋਧਾ ਪਿੰਡ ਵੱਲ ਭੱਜਿਆ। ਪੁਲਿਸ ਫੜੇ ਗਏ ਜਿਹੜੇ ਬੰਦੇ ਗਗਨਦੀਪ ਨੂੰ ਨਾਲ ਲੈ ਕੇ ਗਈ ਸੀ ਉਸਨੂੰ ਵੀ ਪਿੰਡ ਵਾਲਿਆਂ ਨੇ ਛੁਡਾ ਲਿਆ। ਫੜੇ ਗਏ ਬੰਦੇ ਮੁਤਾਬਕ ਉਹ ਨਸ਼ੇ ਦੀਆਂ ਗੋਲੀਆਂ ਕੁਲਵਿੰਦਰ ਕੋਲੋਂ ਲਿਆਉਂਦੇ ਸਨ।''

Image copyright PArbhu dayal/bbc
ਫੋਟੋ ਕੈਪਸ਼ਨ ਪਿੰਡ ਦੇਸੂ ਜੋਧਾ ਵਿੱਚ ਗੋਲੀਬਾਰੀ ਦੌਰਾਨ ਮਾਰੇ ਗਏ ਸ਼ਖਸ ਦੇ ਪਰਿਵਾਰ ਵਾਲੇ

ਦੂਜੇ ਪਾਸੇ ਸਿਰਸਾ ਦੇ ਡੀਐਸਪੀ ਰਾਜੇਸ਼ ਕੁਮਾਰ ਨੇ ਕਿਹਾ, ''ਪਿੰਡ ਦੇ ਜਿਸ ਸ਼ਖਸ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ ਉਹ ਪੰਜਾਬ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ। ਮ੍ਰਿਤਕ ਦੀ ਲਾਸ਼ ਦੇ ਪੋਸਟਮਾਰਟਮ ਲਈ ਲਾਸ਼ ਸਿਰਸਾ ਲਿਆਂਦੀ ਗਈ ਹੈ। ਪੰਜਾਬ ਪੁਲਿਸ ਕੋਲ ਇੱਕ ਪਿਸਟਲ ਤੇ ਇੱਕ ਸਰਕਾਰੀ ਏਕੇ-47 ਰਾਈਫਲ ਸੀ। ਜਾਂਚ ਕਰਾਂਗੇ ਕਿ ਕਿਹੜੇ ਹਥਿਆਰ ਤੋਂ ਗੋਲੀ ਚੱਲੀ।''

ਮੰਡੀ ਡੱਬਵਾਲੀ ਦੇ ਸਿਟੀ ਪੁਲਿਸ ਥਾਣੇ ਵਿੱਚ ਮਾਮਲਾ ਦਰਜ ਹੋ ਗਿਆ ਹੈ। ਕੁਲਵਿੰਦਰ ਸਣੇ ਪੰਜ ਲੋਕਾਂ 'ਤੇ 14 ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਕੇਸ ਵਿੱਚ 40-50 ਅਣਪਛਾਤੇ ਲੋਕਾਂ ਖਿਲਾਫ਼ ਵੀ ਮਾਮਲਾ ਦਰਜ ਹੋਇਆ ਹੈ।

Image copyright PArbhu dayal/bbc
ਫੋਟੋ ਕੈਪਸ਼ਨ ਕੁਲਵਿੰਦਰ ਦਾ ਭਰਾ ਭਿੰਦਰ

ਕੁਲਵਿੰਦਰ ਦੇ ਪਰਿਵਾਰ ਦਾ ਕੀ ਕਹਿਣਾ ਹੈ?

ਜਿਹੜੇ ਸ਼ਖਸ਼ ਕੁਲਵਿੰਦਰ ਨੂੰ ਪੰਜਾਬ ਪੁਲਿਸ ਕਾਬੂ ਕਰਨ ਗਈ ਸੀ ਉਸਦੇ ਭਰਾ ਭਿੰਦਰ ਨੇ ਕਿਹਾ, ''ਪੁਲਿਸ ਵਾਲੇ ਸਵੇਰੇ ਸਵਾ ਪੰਜ ਵਜੇ ਆਏ ਸੀ। ਇਨ੍ਹਾਂ ਨਾਲ ਨਾ ਸਰਪੰਚ ਨਾ ਹਰਿਆਣਾ ਪੁਲਿਸ ਦਾ ਮੁਲਾਜ਼ਮ ਸੀ। ਆਉਣ ਸਾਰ ਹੀ ਮੇਰੇ ਭਰਾ ਨੂੰ ਫੜ ਲਿਆ। ਕਹਿੰਦੇ ਤੇਰੇ ਕੋਲ ਗੋਲੀਆਂ ਨੇ ਪਰ ਗੋਲੀਆਂ ਤਾਂ ਹੈ ਨਹੀਂ ਸੀ। ਫਿਰ ਉਹ ਕਹਿੰਦੇ ਕਿ ਦੋ ਲੱਖ ਰੁਪਏ ਦਿਓ। ਉਨ੍ਹਾਂ ਨੇ ਮੇਰੇ ਡੈਡੀ ਨੂੰ ਲੱਤ ਮਾਰੀ। ਫਿਰ ਪੁਲਿਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਗੋਲੀ ਮੇਰੇ ਚਾਚੇ ਦੇ ਲੱਗੀ।''

''ਜਿਹੜੇ ਪੁਲਿਸ ਮੁਲਾਜ਼ਮ ਨੂੰ ਗੋਲੀ ਵੱਜੀ ਹੈ ਉਸਨੇ ਆਪ ਹੀ ਆਪਣੇ ਆਪ ਨੂੰ ਗੋਲੀ ਮਾਰੀ ਹੈ। ਸਾਡੇ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ, ਪੁਲਿਸ ਵਾਲਿਆਂ ਨੇ ਬੇਅਦਬੀ ਕੀਤੀ ਹੈ ਅਤੇ ਬੂਟ ਲੈ ਕੇ ਅੰਦਰ ਵੜ ਗਏ।''

Image copyright PArbhu dayal/bbc
ਫੋਟੋ ਕੈਪਸ਼ਨ ਗੋਲੀਬਾਰੀ ਵਿੱਚ ਮਾਰਿਆ ਗਿਆ ਸ਼ਖਸ 55 ਸਾਲਾ ਜੱਗਾ ਸਿੰਘ

ਵੀਡੀਓ ਵਿੱਚ ਕੀ ਹੈ

ਇਸ ਵੀਡੀਓ ਵਿੱਚ ਕਥਿਤ ਤੌਰ 'ਤੇ ਦਿਖਾਈ ਦੇ ਰਿਹਾ ਹੈ ਕਿ ਇੱਕ ਕਮਰੇ ਅੰਦਰ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹਾਲਤ ਵਿੱਚ ਹੇਠਾਂ ਪਿਆ ਤੜਫ ਰਿਹਾ ਹੈ।

ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਪਿੰਡ ਵਾਲਿਆਂ ਵੱਲੋਂ ਘੇਰੇ ਗਏ ਸਾਦੇ ਕੱਪੜਿਆਂ ਵਿੱਚ ਦਿਖਾਈ ਦੇ ਰਹੇ ਡਰੇ ਹੋਏ ਦੋ ਪੁਲਿਸ ਮੁਲਾਜ਼ਮ ਲੋਕਾਂ ਨੂੰ ਕਹਿ ਰਹੇ ਹਨ ਕਿ ਪੁਲਿਸ ਦੀ ਗੋਲੀ ਨਾਲ ਹੀ ਪਿੰਡ ਵਾਲੇ ਸ਼ਖਸ ਦੀ ਮੌਤ ਹੋਈ ਹੈ ਅਤੇ ਸਾਡੇ ਆਪਣੇ ਸਾਥੀ ਪੁਲਿਸ ਵਾਲੇ ਨੇ ਹੀ ਆਪਣੇ ਆਪ ਨੂੰ ਗੋਲੀ ਮਾਰੀ ਹੈ।

ਵਾਇਰਲ ਵੀਡੀਓ ਵਿੱਚ ਗੁੱਸੇ ਵਿੱਚ ਦਿਖਾਈ ਦੇ ਰਹੇ ਪਿੰਡ ਵਾਲਿਆਂ ਨੇ ਪੰਜਾਬ ਪੁਲਿਸ ਦੀ ਮਹਿਲਾ ਪੁਲਿਸ ਮੁਲਾਜ਼ਮ ਨਾਲ ਵੀ ਖਿੱਚ ਧੂਹ ਕਰਦੇ ਦਿਖਾਈ ਦਿੱਤੇ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)