ਕਸ਼ਮੀਰ ਵਿੱਚ ਤੁਹਾਡੀ ਯਾਤਰਾ ਲਈ ਮਾਹੌਲ ਕਿਵੇਂ ਹੈ

ਕਸ਼ਮੀਰ, ਸ੍ਰੀਨਗਰ Image copyright EPA
ਫੋਟੋ ਕੈਪਸ਼ਨ ਡਲ ਝੀਲ ਸੈਲਾਨੀਆ ਦੀ ਖਿੱਚ ਦਾ ਅਹਿਮ ਕੇਂਦਰ ਹੈ ਪਰ ਸਥਾਨਵਾਸੀਆਂ ਮੁਤਾਬਕ 5 ਅਗਸਤ ਤੋਂ ਇੱਥੇ ਕਾਰੋਬਾਰ ਬੰਦ ਹੈ

ਸ਼੍ਰੀਨਗਰ ਦੀ ਡਲ ਝੀਲ ਵਿੱਚ ਮੁਹੰਮਦ ਸੁਲਤਾਨ ਦੂਨੋ ਦੀ ਹਾਊਸਬੋਟ 5 ਅਗਸਤ ਤੋਂ ਹੀ ਬੰਦ ਹੈ। ਸੂਬੇ ਦਾ ਵਿਸ਼ੇਸ਼ ਦਰਜਾ ਖ਼ਤਮ ਹੋਣ ਤੋਂ ਬਾਅਦ ਕਸ਼ਮੀਰ ਵਿਚ ਸੈਰ-ਸਪਾਟੇ ਦਾ ਲੱਕ ਟੁੱਟ ਗਿਆ ਹੈ।

ਹੁਣ ਸੈਲਾਨੀਆਂ ਲਈ ਯਾਤਰਾ ਦੀ ਚੇਤਾਵਨੀ ਹਟਾ ਲਈ ਗਈ ਹੈ ਪਰ ਸਥਾਨਕ ਲੋਕਾਂ ਨੂੰ ਲਗਦਾ ਹੈ ਕਿ ਇਸ ਤਰ੍ਹਾਂ ਹਾਲਾਤ ਆਮ ਨਹੀਂ ਨਹੀਂ ਹੋਣਗੇ।

ਉਹ ਕਹਿੰਦੇ ਹਨ, "ਪਿਛਲੇ ਦੋ ਮਹੀਨਿਆਂ ਤੋਂ ਅਸੀਂ ਇੱਕ ਰੁਪੱਈਆ ਵੀ ਨਹੀਂ ਕਮਾਇਆ। ਤੁਸੀਂ ਦੇਖ ਸਕਦੇ ਹੋ ਕਿ ਹਾਊਸਬੋਟ ਖਾਲੀ ਹਨ। ਮੌਜੂਦਾ ਹਾਲਾਤ ਕਾਰਨ ਗਾਹਕ ਇੱਥੇ ਨਹੀਂ ਆ ਰਹੇ। ਸਿਰਫ਼ ਪ੍ਰਮਾਤਮਾ ਜਾਣਦਾ ਹੈ ਕਿ ਅਸੀਂ ਇਸ ਮੁਸ਼ਕਿਲ ਸਮੇਂ ਵਿਚ ਕਿਵੇਂ ਜ਼ਿੰਦਾ ਰਹਿ ਰਹੇ ਹਾਂ।"

ਮੁਹੰਮਦ ਸੁਲਤਾਨ ਕਹਿੰਦੇ ਹਨ, "ਸਾਨੂੰ ਕਿਤੋਂ ਵੀ ਕੋਈ ਮਦਦ ਨਹੀਂ ਮਿਲ ਰਹੀ ਹੈ, ਭਾਵੇਂ ਉਹ ਸੈਰ-ਸਪਾਟਾ ਵਿਭਾਗ ਹੋਵੇ ਜਾਂ ਕੋਈ ਹੋਰ। ਇੱਥੋਂ ਤੱਕ ਕਿ ਚੇਤਾਵਨੀ ਹਟਾ ਲੈਣ ਦੀ ਗੱਲ ਹੈ, ਮੈਂ ਇਸ ਦਾ ਸਵਾਗਤ ਕਰਦਾ ਹਾਂ। ਜੇ ਇਸ ਨਾਲ ਕੋਈ ਅਸਰ ਪਵੇਗਾ ਤਾਂ ਅਸੀਂ ਆਪਣੀ ਜ਼ਿੰਦਗੀ ਚਲਾ ਸਕਾਂਗੇ। ਜੇ ਹਾਲਾਤ ਇੰਝ ਹੀ ਰਹੇ ਤਾਂ ਅਸੀਂ ਜ਼ਿੰਦਾ ਨਹੀਂ ਬਚਾਂਗੇ।"

ਮੁਹੰਮਦ ਸੁਲਤਾਨ ਨੇ ਦੱਸਿਆ ਕਿ ਜਦੋਂ ਤੱਕ ਸੰਚਾਰ ਪ੍ਰਬੰਧ ਬਹਾਲ ਨਹੀਂ ਹੁੰਦਾ ਹੈ, ਇਹ ਸੰਭਵ ਨਹੀਂ ਹੈ ਕਿ ਸੈਰ-ਸਪਾਟੇ ਉਦਯੋਗ ਵਿੱਚ ਲੱਗੇ ਲੋਕ ਆਪਣਾ ਕਾਰੋਬਾਰ ਸੌਖਿਆਂ ਚਲਾ ਸਕਣਗੇ।

ਉਨ੍ਹਾਂ ਨੇ ਕਿਹਾ, "ਅਸੀਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇੰਟਰਨੈਟ ਤੋਂ ਪਾਬੰਦੀ ਹਟਾਈ ਜਾਵੇ। ਬਿਨਾ ਇੰਟਰਨੈਟ ਦੇ ਅਸੀਂ ਕਿਵੇਂ ਆਪਣੇ ਗਾਹਕਾਂ ਨਾਲ ਸੰਪਰਕ ਕਰਾਂਗੇ। ਸਿਰਫ਼ ਲੈਂਡਲਾਈਨ ਟੈਲੀਫੋਨ ਹੀ ਕਾਫ਼ੀ ਨਹੀਂ ਹਨ। ਲੈਂਡਲਾਈਨ ਤੋਂ ਅਸੀਂ ਇੰਟਰਨੈਸ਼ਲ ਫੋਨ ਵੀ ਨਹੀਂ ਕਰ ਪਾ ਰਹੇ ਹਾਂ।"

ਇਹ ਵੀ ਪੜ੍ਹੋ:

ਜੰਮੂ-ਕਸ਼ਮੀਰ ਸਰਕਾਰ ਨੇ ਸੱਤ ਅਕਤੂਬਰ ਨੂੰ ਐਲਾਨ ਕੀਤਾ ਸੀ ਕਿ 10 ਅਕਤੂਬਰ ਤੋਂ ਸਫ਼ਰ ਸਬੰਧੀ ਚੇਤਾਵਨੀ ਹਟਾ ਲਈ ਜਾਵੇਗੀ ਅਤੇ ਸੈਲਾਨੀ ਕਸ਼ਮੀਰ ਆ ਸਕਦੇ ਹਨ।

ਸੂਬੇ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਤੋਂ ਪਹਿਲਾਂ ਦੋ ਅਗਸਤ ਨੂੰ ਸਾਰੇ ਸੈਲਾਨੀਆਂ ਅਤੇ ਅਮਰਨਾਥ ਯਾਤਰੀਆਂ ਨੂੰ ਜਿੰਨੀ ਜਲਦੀ ਹੋਵੇ ਸੂਬੇ ਤੋਂ ਬਾਹਰ ਜਾਣ ਲਈ ਕਿਹਾ ਗਿਆ ਸੀ।

ਇਹ ਸੈਰ-ਸਪਾਟੇ ਸੀਜ਼ਨ ਨਹੀਂ

ਕਸ਼ਮੀਰ ਹਾਊਸਬੋਟ ਓਨਰਜ਼ ਐਸੋਸੀਏਸ਼ ਦੇ ਜਨਰਲ ਸਕੱਤਰ ਅਬਦੁਲ ਰਾਸ਼ਿਦ ਨੇ ਕਿਹਾ ਕਿ ਇਹੀ ਸਰਕਾਰ ਸੀ ਜਿਸ ਨੇ ਸੈਲਾਨੀਆਂ ਨੂੰ ਕਸ਼ਮੀਰ ਤੋਂ ਚਲੇ ਜਾਣ ਨੂੰ ਕਿਹਾ ਸੀ ਅਤੇ ਹੁਣ ਇਸ ਸੀਜ਼ਨ ਵਿੱਚ ਖੁਦ ਕਮਾਈ ਦੀ ਉਮੀਦ ਨਹੀਂ ਕਰ ਸਕਦੇ।

Image copyright Getty Images
ਫੋਟੋ ਕੈਪਸ਼ਨ ਸੈਰ ਸਪਾਟੇ ਉਦਯੋਗ ਨਾਲ ਸਬੰਧਤ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸੰਚਾਰ ਪ੍ਰਬੰਧ ਬਹਾਲ ਨਹੀਂ ਹੁੰਦਾ, ਸੈਲਾਨੀਆਂ ਦੀ ਆਮਦ ਮੁਸ਼ਕਿਲ ਹੈ

ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, "ਸਰਕਾਰ ਨੇ ਸੈਲਾਨੀਆਂ ਨੂੰ ਵਾਦੀ ਖਾਲੀ ਕਰਨ ਲਈ ਕਿਹਾ ਸੀ। ਹੁਣ ਠੰਢ ਸ਼ੁਰੂ ਹੋਣ ਵਾਲੀ ਹੈ ਅਤੇ ਹੁਣ ਕੋਈ ਨਵੀਂ ਬੁਕਿੰਗ ਸੰਭਵ ਨਹੀਂ ਹੈ।”

“ਯਾਤਰਾ ਚੇਤਾਵਨੀ ਹਟਾਉਣ ਦੇ ਨਾਲ ਹੀ ਸੰਚਾਰ ਨੂੰ ਪੂਰੀ ਤਰ੍ਹਾਂ ਬਹਾਲ ਕਰਨਾ ਹੋਵੇਗਾ। ਜੇ ਅਜਿਹਾ ਨਹੀਂ ਹੁੰਦਾ ਹੈ ਤਾਂ ਅਸੀਂ ਆਪਣੇ ਗਾਹਕਾਂ ਨੂੰ ਕਿਵੇਂ ਸੰਪਰਕ ਕਰਾਂਗੇ ਅਤੇ ਦੱਸਾਂਗੇ ਕਿ ਕਸ਼ਮੀਰ ਦਾ ਮਾਹੌਲ ਸੈਲੀਆਂ ਲਈ ਚੰਗਾ ਹੈ। ਹਾਲੇ ਤੱਕ ਹਾਲਾਤ ਨਹੀਂ ਸੁਧਰੇ ਹਨ ਕਿ ਉਹ ਕਸ਼ਮੀਰ ਵਿੱਚ ਸਿੱਧੇ ਆ ਸਕਣ।"

ਰਾਸ਼ਿਦ ਨੇ ਕਿਹਾ ਕਿ ਇਸ ਮੌਸਮ ਵਿੱਚ ਹਾਊਸਬੋਟ ਮਾਲਿਕ ਇਨ੍ਹਾਂ ਦੀ ਮੁਰੰਮਤ ਅਤੇ ਸਰਦੀਆਂ ਦੀ ਤਿਆਰੀ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਕਿਉਂਕਿ ਉਹ ਮੁਰੰਮਤ ਨਹੀਂ ਕਰ ਪਾ ਰਹੇ ਹਨ ਇਸ ਲਈ ਇਹ ਵੀ ਖਦਸ਼ਾ ਹੈ ਕਿ ਇਨ੍ਹਾਂ 'ਚੋਂ ਕੁਝ ਕਿਸ਼ਤੀਆਂ ਡੁੱਬ ਸਕਦੀਆਂ ਹਨ।

ਉਹ ਕਹਿੰਦੇ ਹਨ, "ਇਸ ਮੌਸਮ ਵਿੱਚ ਅਸੀਂ ਆਪਣੀ ਹਾਊਸਬੋਟ ਦੀ ਮੁਰੰਮਤ ਕਰਦੇ ਹਾਂ ਅਤੇ ਹਰੇਕ ਕਿਸ਼ਤੀ ਦੀ ਮੁਰੰਮਤ ਲਈ ਇੱਕ ਤੋਂ ਦੋ ਲੱਖ ਰੁਪਏ ਦੀ ਲੋੜ ਹੁੰਦੀ ਹੈ ਪਰ ਮੌਜੂਦਾ ਹਾਲਾਤ ਕਾਰਨ ਕਮਾਈ ਨਹੀਂ ਹੋ ਸਕੀ ਤਾਂ ਅਸੀਂ ਕਿਵੇਂ ਮੁਰੰਮਤ ਕਰਾਂਗੇ?"

ਡਲ ਝੀਲ ਵਿੱਚ 900 ਤੋਂ ਵੱਧ ਹਾਊਸਬੋਟ ਹਨ

ਕਸ਼ਮੀਰ ਹੋਟਲ ਐਸੋਸੀਏਸ਼ਨ ਦੇ ਚੇਅਰਮੈਨ ਮੁਸ਼ਤਾਕ ਅਹਿਮਦ ਕਾਹੀਆ ਕਹਿੰਦੇ ਹਨ, "ਤੁਸੀਂ ਕਸ਼ਮੀਰ ਦੇ ਹੋਟਲਾਂ ਨੂੰ ਦੇਖੋ। ਸਾਰੀ ਖਾਲੀ ਪਏ ਹਨ। ਇਹ ਨੁਕਸਾਨ ਖੁਦ ਸਰਕਾਰ ਨੇ ਕੀਤਾ ਹੈ। ਮਾਮੂਲੀ ਐਲਾਨ ਤੋਂ ਕੁਝ ਨਹੀਂ ਹੋਣ ਵਾਲਾ। ਕਸ਼ਮੀਰ ਵਿੱਚ ਜ਼ਮੀਨੀ ਹਾਲਾਤ ਉਹ ਨਹੀਂ ਹਨ ਜੋ ਸਰਕਾਰ ਦੱਸ ਰਹੀ ਹੈ।"

ਫੋਟੋ ਕੈਪਸ਼ਨ ਕਸ਼ਮੀਰ ਹਾਊਸਬੋਟ ਓਨਰਜ਼ ਐਸੋਸੀਏਸ਼ ਦੇ ਜਨਰਲ ਸਕੱਤਰ ਅਬਦੁਲ ਰਾਸ਼ਿਦ ਮੁਤਾਬਕ ਇੱਕ ਹਾਊਸਬੋਟ ਦੀ ਮੁਰੰਮਤ 'ਤੇ ਇੱਕ ਤੋਂ ਦੋ ਲੱਖ ਰੁਪਏ ਦਾ ਖਰਚ ਆਉਂਦਾ ਹੈ

ਉਹ ਅੱਗੇ ਕਹਿੰਦੇ ਹਨ, "ਸਰਕਾਰ ਨੂੰ ਪਹਿਲਾਂ ਸਾਡੀ ਭਰਪਾਈ ਕਰਨੀ ਚਾਹੀਦੀ ਹੈ। ਸੈਰ-ਸਪਾਟਾ ਸਨਅਤ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਹੈ। ਸਾਡੇ ਹੋਟਲ ਖਾਲੀ ਹਨ। ਉਨ੍ਹਾਂ ਨੂੰ ਸਾਡੇ ਕਰਜ਼ ਮਾਫ਼ ਕਰਨੇ ਚਾਹੀਦੇ ਹਨ। ਜ਼ਿਆਦਾਤਰ ਮੁਲਾਜ਼ਮ ਆਪਣੀ ਨੌਕਰੀ ਗਵਾ ਚੁੱਕੇ ਹਨ। ਸੈਰ-ਸਪਾਟੇ ਨਾਲ ਸਿੱਧੇ ਜਾਂ ਅਸਿੱਧੇ ਰੂਪ ਨਾਲ ਤਕਰੀਬਨ ਸੱਤ ਲੱਖ ਲੋਕ ਜੁੜੇ ਸਨ। ਉਹ ਸਾਰੇ ਸੜਕ 'ਤੇ ਆ ਗਏ ਹਨ।"

ਸੈਰ-ਸਪਾਟਾ ਵਿਭਾਗ ਦਾ ਕੀ ਕਹਿਣਾ ਹੈ?

ਸਰਕਾਰ ਨੂੰ ਉਮੀਦ ਹੈ ਕਿ ਉਹ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਨਾਲ ਸੈਰ-ਸਪਾਟੇ ਨੂੰ ਖਿੱਚੇਗੀ।

ਟੂਰਿਜ਼ਮ ਕਸ਼ਮੀਰ ਦੇ ਡਾਇਰੈਕਟਰ ਨਿਸਾਰ ਅਹਿਮਦ ਵਾਨੀ ਨੇ ਬੀਬੀਸੀ ਨੂੰ ਕਿਹਾ ਕਿ ਉਨ੍ਹਾਂ ਦੇ ਵਿਭਾਗ ਨੇ ਕਈ ਤਰ੍ਹਾਂ ਦੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ।

ਉਹ ਕਹਿੰਦੇ ਹਨ, "ਕਸ਼ਮੀਰ ਵਿੱਚ ਅਸ਼ਾਂਤੀ ਦੇ ਚਲਦੇ ਸਰਕਾਰ ਨੇ ਚੰਗੀ ਇੱਛਾ ਨਾਲ ਹਿਦਾਇਤ ਜਾਰੀ ਕੀਤੀ ਸੀ। ਹੁਣ ਸਰਕਾਰ ਨੂੰ ਲੱਗਿਆ ਕਿ ਕਸ਼ਮੀਰ ਵਿੱਚ ਹਾਲਾਤ ਹੌਲੀ-ਹੌਲੀ ਪਟੜੀ 'ਤੇ ਪਰਤ ਰਹੇ ਹਨ ਇਸ ਲਈ ਉਸਨੇ ਹਿਦਾਇਤ ਵਾਪਸ ਲਈ ਹੈ।”

“ਸਾਡੀ ਕੋਸ਼ਿਸ਼ ਹੋਵੇਗੀ ਕਿ ਵੱਧ ਤੋਂ ਵੱਧ ਸੈਲਾਨੀਆਂ ਨੂੰ ਖਿੱਚ ਸਕੀਏ। ਅਸੀਂ ਵੱਖ-ਵੱਖ ਸੂਬਿਆਂ ਵਿੱਚ ਰੋਡ ਸ਼ੋਅ ਕਰਾਂਗੇ, ਅਜਿਹਾ ਅਸੀਂ ਪਹਿਲਾਂ ਵੀ ਕਰਦੇ ਰਹੇ ਹਾਂ। ਅਸੀਂ ਵਿਦੇਸ਼ਾਂ ਵਿੱਚ ਵੀ ਰੋਡ ਸ਼ੋਅ ਕਰਾਂਗੇ। ਅਸੀਂ ਅਖ਼ਬਾਰਾਂ, ਟੀਵੀ, ਰੇਡੀਓ ਅਤੇ ਹੋਰਨਾਂ ਏਜੰਸੀਆਂ ਤੇ ਹਵਾਈ ਅੱਡਿਆਂ 'ਤੇ ਮਸ਼ਹੂਰੀ ਦੇਵਾਂਗੇ।"

ਫੋਟੋ ਕੈਪਸ਼ਨ ਟੂਰਿਜ਼ਮ ਕਸ਼ਮੀਰ ਦੇ ਡਾਇਰੈਕਟਰ ਨਿਸਾਰ ਅਹਿਮਦ ਵਾਨੀ ਮੁਤਾਬਕ ਸੈਰ ਸਪਾਟੇ ਨੂੰ ਫਿਰ ਸ਼ੁਰੂ ਕਰਨ ਲਈ ਵੱਖ-ਵੱਖ ਸੂਬਿਆਂ ਵਿੱਚ ਰੋਡ ਸ਼ੋਅ ਕੱਢੇ ਜਾਣਗੇ

ਹਾਲਾਂਕਿ ਉਹ ਇਹ ਵੀ ਮੰਨਦੇ ਹਨ ਕਿ ਕਸ਼ਮੀਰ ਵਿੱਚ ਹਾਲਾਤ ਹੁਣ ਵੀ ਚੰਗੇ ਨਹੀਂ ਹਨ ਪਰ ਉਹ ਉਮੀਦ ਜਤਾਉਂਦੇ ਹਨ ਕਿ ਇਹ ਸੁਧਰਨਗੇ ਅਤੇ ਵਾਦੀ ਵਿੱਚ ਸੈਲਾਨੀ ਵੀ ਪਰਤਣਗੇ।

ਸੰਚਾਰ ਦੇ ਮਾਮਲਿਆਂ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਲੈਂਡਲਾਈਨ ਕੰਮ ਕਰ ਰਿਹਾ ਹੈ।

ਉਹ ਕਹਿੰਦੇ ਹਨ, "ਅਸੀਂ 100 ਫੀਸਦ ਤਾਂ ਨਹੀਂ ਕਹਿ ਸਕਦੇ ਕਿ ਸੰਚਾਰ ਦੇ ਮੀਡੀਅਮ ਪੂਰੀ ਤਰ੍ਹਾਂ ਠੱਪ ਸੀ ਕਿਉਂਕਿ ਲੈਂਡਲਾਈਨ ਫੋਨ ਕੰਮ ਕਰ ਰਹੇ ਹਨ। ਅੱਜ ਹੀ ਮੈਨੂੰ ਬਾਹਰੋਂ ਕਈ ਟੂਰ ਆਪਰੇਟਰਾਂ ਦੇ ਲੈਂਡਲਾਈਨ 'ਤੇ ਫੋਨ ਆਏ। ਅਸੀਂ ਹੋਰਨਾਂ ਸੂਬਿਆਂ ਵਿੱਚ ਰਹਿ ਰਹੇ ਆਪਣੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਅਤੇ ਉਹ ਆਉਣ ਵਾਲੇ ਸਮੇਂ ਵਿੱਚ ਟੂਰ ਆਪਰੇਟਰਾਂ ਨੂੰ ਸੰਪਰਕ ਕਰਨਗੇ।"

ਇਹ ਵੀ ਪੜ੍ਹੋ:

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸੈਲਾਨੀ ਕਿਵੇਂ ਆਉਣਗੇ ਜਦਕਿ ਕਸ਼ਮੀਰ ਵਿੱਚ ਹਾਲੇ ਵੀ ਲਾਕਡਾਊਨ ਦੀ ਹਾਲਤ ਹੈ, ਤਾਂ ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦਾ ਵਿਸ਼ਾ ਨਹੀਂ ਹੈ।

ਉਨ੍ਹਾਂ ਨੇ ਕਿਹਾ, "ਕਾਨੂੰਨ ਪ੍ਰਬੰਧ ਦੀ ਹਾਲਤ ਨੂੰ ਇਸ ਨਾਲ ਸਬੰਧਤ ਏਜੰਸੀਆਂ ਦੇਖਾਂਗੀ। ਮੇਰਾ ਕੰਮ ਹੈ ਕਿ ਸੈਲਾਨੀਆਂ ਨੂੰ ਖਿੱਚਣਾ ਹੈ।"

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)