Jio ਆਪਣੇ ਗਾਹਕਾਂ ਨੂੰ ਫ੍ਰੀ ਕਾਲ ਦੇਣ ਦੇ ਵਾਅਦੇ ਤੋਂ ਬਾਅਦ ਪੈਸੇ ਲਏਗਾ, ਸਮਝੋ ਪੂਰਾ ਮਾਮਲਾ

ਜੀਓ Image copyright Getty Images

ਜੇ ਤੁਸੀਂ ਇੱਕ ਰਿਲਾਇੰਸ ਯੂਜ਼ਰ ਹੋ ਤਾਂ 10 ਅਕਤੂਬਰ ਭਾਵ ਅੱਜ ਤੋਂ ਤੁਹਾਨੂੰ ਏਅਰਟੈੱਲ ਜਾਂ ਵੋਡਾਫ਼ੋਨ ਸਣੇ ਦੂਜੀ ਕਿਸੇ ਵੀ ਕੰਪਨੀ ਦੇ ਮੋਬਾਇਲ ਯੂਜ਼ਰ ਨੂੰ ਫ਼ੋਨ ਕਰਨ 'ਤੇ ਪ੍ਰਤੀ ਮਿੰਟ ਦੇ ਹਿਸਾਬ ਨਾਲ ਛੇ ਪੈਸੇ ਦਣੇ ਹੋਣਗੇ।

ਹਾਲਾਂਕਿ, ਜੇ ਤੁਸੀਂ ਰਿਲਾਇੰਸ ਜੀਓ ਵਰਤਦੇ ਹੋ ਤਾਂ ਕਿਸੇ ਹੋਰ ਜੀਓ ਯੂਜ਼ਰ ਨੂੰ ਫ਼ੋਨ ਕਰਨ 'ਤੇ ਤੁਹਾਨੂੰ ਕੋਈ ਕੀਮਤ ਨਹੀਂ ਅਦਾ ਕਰਨੀ ਪਵੇਗੀ।

ਜੀਓ ਨੇ ਦੂਜੇ ਨੈਟਵਰਕ 'ਚ ਕਾਲ ਕਰਨ ਲਈ 10 ਰੁਪਏ ਤੋਂ ਲੈ ਕੇ 100 ਰੁਪਏ ਤੱਕ ਦੇ ਰਿਚਾਰਜ ਵਾਉਚਰ ਮੁਹੱਈਆ ਕਰਵਾਏ ਹਨ।

ਇਨ੍ਹਾਂ ਵਾਉਚਰਾਂ ਦਾ ਇਸਤੇਮਾਲ ਕਰਨ 'ਤੇ ਜੀਓ ਉਪਭੋਗਤਾ ਨੂੰ ਕੁਝ ਆਈਯੂਸੀ ਮਿੰਟ ਮਿਲਣਗੇ। ਪਰ IUC ਦੇ ਵਾਉਚਰ 'ਤੇ ਜੀਓ ਯੂਜ਼ਰ ਜਿੰਨਾ ਪੈਸਾ ਖ਼ਰਚ ਕਰਨਗੇ, ਉਸ ਦੇ ਬਦਲੇ 'ਚ ਜੀਓ ਉਨ੍ਹਾਂ ਨੂੰ ਉਨੀਂ ਹੀ ਕੀਮਤ ਦਾ ਡੇਟਾ ਮੁਫ਼ਤ ਵਿੱਚ ਦੇਵੇਗਾ।

ਇਹ ਵੀ ਪੜ੍ਹੋ:

IUC ਚਾਰਜ ਕੀ ਹੈ?

ਆਈਯੂਸੀ ਯਾਨਿ ਕਨੈਕਸ਼ਨ ਯੂਜ਼ੇਜ ਚਾਰਜ ਉਹ ਕੀਮਤ ਹੈ ਜੋ ਦੋ ਟੈਲੀਕੌਮ ਕੰਪਨੀਆਂ ਆਪਣੇ ਗਾਹਕਾਂ ਦੀ ਆਪਸ 'ਚ ਗੱਲਬਾਤ ਕਰਵਾਉਣ ਲਈ ਵਸੂਲਦੀਆਂ ਹਨ।

ਅਸਾਨ ਸ਼ਬਦਾਂ 'ਚ ਕਹੀਏ ਤਾਂ ਜੇ ਤੁਹਾਡਾ ਕੋਈ ਦੋਸਤ ਏਅਰਟੈੱਲ ਦਾ ਸਿਮ ਵਰਤਦਾ ਹੈ ਅਤੇ ਤੁਸੀਂ ਰਿਲਾਇੰਸ ਜੀਓ ਦਾ ਸਿਮ ਵਰਤਦੇ ਹੋ ਤਾਂ ਜਦੋਂ ਵੀ ਤੁਸੀਂ ਆਪਣੇ ਰਿਲਾਇੰਸ ਜੀਓ ਵਾਲੇ ਫ਼ੋਨ ਨਾਲ ਏਅਰਟੈੱਲ ਵਾਲੇ ਨੰਬਰ 'ਤੇ ਫ਼ੋਨ ਕਰੋਗੋ ਤਾਂ ਜੀਓ ਨੂੰ ਆਈਯੂਸੀ ਚਾਰਜ ਦੇ ਰੂਪ ਵਿੱਚ ਏਅਰਟੈੱਲ ਨੂੰ ਛੇ ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਇੱਕ ਕੀਮਤ ਅਦਾ ਕਰਨੀ ਹੋਵੇਗੀ।

Image copyright Getty Images

ਰਿਲਾਇੰਸ ਜੀਓ ਨੇ ਆਪਣੀ ਲੌਂਚਿੰਗ ਤੋਂ ਲੈ ਕੇ ਹੁਣ ਤੱਕ ਆਈਯੂਸੀ ਦੇ ਰੂਪ 'ਚ ਦੂਜੀ ਟੈਲੀਕੌਮ ਕੰਪਨੀਆਂ ਨੂੰ 13, 500 ਕਰੋੜ ਰੁਪਏ ਦਿੱਤੇ ਹਨ।

ਰਿਲਾਇੰਸ ਨੇ ਇਹ ਵੀ ਦੱਸਿਆ ਕਿ ਜੀਓ ਨੈਟਵਰਕ 'ਤੇ ਹਰ ਰੋਜ਼ 25 ਤੋਂ 30 ਕਰੋੜ ਮਿਸਡ ਕਾਲ ਆਉਂਦੀਆਂ ਹਨ।

ਇਸ ਤੋਂ ਬਾਅਦ ਰਿਲਾਇੰਸ ਜੀਓ ਨੰਬਰਾਂ ਤੋਂ ਰੋਜ਼ 65 ਤੋਂ 70 ਕਰੋੜ ਦੀ ਕਾਲ ਦੂਜੇ ਨੈਟਵਰਕ 'ਤੇ ਆ ਜਾਂਦੀਆਂ ਹਨ।

ਅਜਿਹੇ 'ਚ ਜੀਓ ਨੂੰ ਇਨ੍ਹਾਂ ਕੰਪਨੀਆਂ ਨੂੰ ਆਈਯੂਸੀ ਚਾਰਜ ਦੇ ਰੂਪ 'ਚ ਛੇ ਪੈਸੇ ਪ੍ਰਤੀ ਮਿੰਟ ਦੇਣੇ ਪੈ ਰਹੇ ਹਨ।

ਜੀਓ ਨੇ ਕਿਉਂ ਚੁੱਕਿਆ ਇਹ ਕਦਮ?

ਜੀਓ ਨੇ ਕਿਹਾ ਹੈ ਕਿ IUC ਚਾਰਜ 'ਤੇ ਟੈਲੀਕੌਮ ਰੇਗੁਲੇਟਰੀ ਅਥਾਰਟੀ ਆਫ਼ ਇੰਡੀਆ ਦੀਆਂ ਬਦਲਦੀਆਂ ਨੀਤੀਆਂ ਦੀ ਵਜ੍ਹਾ ਨਾਲ ਉਹ ਇਹ ਫ਼ੈਸਲਾ ਲੈਣ ਲਈ ਮਜਬੂਰ ਹੋਈ ਹੈ।

ਉਹ ਲਗਾਤਾਰ ਲੰਬੇ ਸਮੇਂ ਤੋਂ ਆਈਯੂਸੀ ਦੇ ਰੂਪ 'ਚ ਵੱਡੀ ਕੀਮਤ ਦੂਜੀਆਂ ਕੰਪਨੀਆਂ ਨੂੰ ਦੇ ਰਹੀ ਹੈ। ਉਹ ਇਹ ਮੰਨ ਕੇ ਚੱਲ ਰਹੀ ਸੀ ਕਿ ਸਾਲ 2019 ਤੋਂ ਬਾਅਦ ਆਈਯੂਸੀ ਚਾਰਜ ਖ਼ਤਮ ਕਰ ਦਿੱਤਾ ਜਾਵੇਗਾ।

TRAI ਨੇ ਹੁਣ ਇਸ ਵਿਸ਼ੇ 'ਤੇ ਸਾਰੇ ਸਟੇਕ ਹੋਲਡਰਜ਼ ਦੇ ਵਿਚਾਰ ਮੰਗੇ ਹਨ।

ਇਹ ਵੀ ਪੜ੍ਹੋ:

ਪਰ ਜੇ ਆਈਯੂਸੀ ਚਾਰਜ ਦੇ ਇਤਿਹਾਸ 'ਤੇ ਨਿਗਾਹ ਪਾਈਏ ਤਾਂ ਸਾਲ 2011 ਤੋਂ ਬਾਅਦ ਆਈਯੂਸੀ ਚਾਰਜ ਖ਼ਤਮ ਕਰਨ ਨੂੰ ਲੈ ਕੇ ਕਵਾਇਦ ਜਾਰੀ ਹੈ।

Image copyright Getty Images

ਸਾਲ 2017 'ਚ ਟਰਾਈ ਨੇ ਪ੍ਰਤੀ ਮਿੰਟ ਆਈਯੂਸੀ ਚਾਰਜ ਨੂੰ 14 ਪੈਸੇ ਤੋਂ ਘਟਾ ਕੇ ਛੇ ਪੈਸੇ ਕੀਤੇ ਸੀ।

ਟਰਾਈ ਨੇ ਇਹ ਵੀ ਕਿਹਾ ਸੀ ਕਿ ਇੱਕ ਜਨਵਰੀ, 2020 ਤੋਂ ਇਸ ਚਾਰਜ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇਗਾ। ਹਾਲਾਂਕਿ, ਟਰਾਈ ਨੇ ਇਹ ਵੀ ਕਿਹਾ ਸੀ ਕਿ ਇਸ ਮਸਲੇ 'ਤੇ ਇੱਕ ਵਾਰ ਫ਼ਿਰ ਮੁੜ ਵਿਚਾਰ ਕੀਤਾ ਜਾ ਸਕਦਾ ਹੈ।

ਅਜਿਹੇ 'ਚ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਜੀਓ ਨੇ ਸਾਲ 2016 'ਚ ਆਪਣੀ ਲੌਂਚਿੰਗ ਦੌਰਾਨ ਕਿਹਾ ਸੀ ਕਿ ਉਹ ਵਾਇਸ ਕਾਲਿੰਗ ਲਈ ਕਦੇ ਵੀ ਆਪਣੇ ਗਾਹਕਾਂ ਤੋਂ ਪੈਸੇ ਨਹੀਂ ਲੈਣਗੇ।

ਅਤੇ ਹੁਣ ਯੂਜ਼ਰ ਬੇਸ ਦੇ ਲਿਹਾਜ਼ ਨਾਲ ਰਿਲਾਇੰਸ ਦੇਸ਼ ਦੀ ਸਭ ਤੋਂ ਵੱਡੀ ਟੈਲੀਕੌਮ ਕੰਪਨੀ ਹੈ ਤਾਂ ਉਨ੍ਹਾਂ ਇਹ ਫ਼ੈਸਲਾ ਕਿਉਂ ਲਿਆ।

ਟੈਲੀਕੌਮ ਮਾਮਲਿਆਂ ਦੇ ਜਾਣਕਾਰ ਪ੍ਰਸ਼ਾਂਤੋ ਬੈਨਰਜੀ ਮੰਨਦੇ ਹਨ ਕਿ ਰਿਲਾਇੰਸ ਜੀਓ ਹੁਣ ਉਸ ਦੌਰ ਤੋਂ ਨਿਕਲ ਚੁੱਕੀ ਹੈ ਜਦੋਂ ਉਹ ਕਿਸੇ ਤਰ੍ਹਾਂ ਦਾ ਨੁਕਸਾਨ ਬਰਦਾਸ਼ਤ ਕਰ ਸਕੇ।

ਉਹ ਕਹਿੰਦੇ ਹਨ, ''ਰਿਲਾਇੰਸ ਇਸ ਸਮੇਂ ਨਿਵੇਸ਼ ਦੇ ਦੌਰ ਤੋਂ ਅੱਗੇ ਨਿਕਲ ਚੁੱਕਿਆ ਹੈ। ਅਜਿਹੇ 'ਚ ਰਿਲਾਇੰਸ ਹੁਣ ਹਾਲਤ 'ਚ ਨਹੀਂ ਹੈ ਕਿ ਉਹ ਆਈਯੂਸੀ ਦੇ ਰੂਪ 'ਚ ਆਪਣੇ ਖ਼ਜ਼ਾਨੇ 'ਚੋਂ ਪੈਸਾ ਖ਼ਰਚ ਕਰਦਾ ਰਹੇ। ਉਹ ਹੁਣ ਲਾਭ ਹਾਸਿਲ ਕਰਨ ਦੇ ਦੌਰ 'ਚ ਹੈ। ਅਜਿਹੇ 'ਚ ਜੀਓ ਨਹੀਂ ਚਾਹੇਗੀ ਕਿ ਟਰਾਈ ਦੇ ਆਉਣ ਵਾਲੇ ਫ਼ੈਸਲੇ ਕਾਰਨ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਵੇ। ਇਸ ਲਈ ਰਿਲਾਇੰਸ ਨੇ ਆਪਣੀ ਨੀਤੀ 'ਚ ਬਦਲਾਅ ਕੀਤਾ ਹੈ।''

ਕੀ ਇਸ ਨਾਲ ਰਿਲਾਇੰਸ ਨੂੰ ਲਾਭ ਹੋਵੇਗਾ?

ਪਹਿਲੀ ਨਜ਼ਰ 'ਚ ਦੇਖਿਆ ਤਾਂ ਇੰਝ ਲਗਦਾ ਹੈ ਕਿ ਰਿਲਾਇੰਸ ਨੂੰ ਇਸ ਨਾਲ ਕਿਸੇ ਤਰ੍ਹਾਂ ਦਾ ਕੋਈ ਲਾਭ ਨਹੀਂ ਹੋਵੇਗਾ ਕਿਉਂਕਿ ਜੀਓ ਆਪਣੇ ਯੂਜ਼ਰਜ਼ ਤੋਂ ਜੋ ਪੈਸਾ ਲਵੇਗਾ, ਉਹ ਪੈਸਾ ਉਹ ਏਅਰਟੈਲ ਜਾਂ ਦੂਜੇ ਟੈਲੀਕੌਮ ਆਪਰੇਟਰਾਂ ਨੂੰ ਦੇਵੇਗਾ।

ਇਸ ਦੇ ਨਾਲ ਹੀ ਉਹ ਆਈਯੂਸੀ ਵਾਉਚਰ 'ਤੇ ਹੋਏ ਖ਼ਰਚ ਦੇ ਬਦਲੇ 'ਚ ਮੁਫ਼ਤ ਡੇਟਾ ਵੀ ਦੇਵੇਗਾ।

ਪਰ ਆਈਯੂਸੀ ਦੇ ਹਿਸਾਬ ਨੂੰ ਸਮਝੀਏ ਤਾਂ ਪਤਾ ਲਗਦਾ ਹੈ ਕਿ ਇਸ ਨਾਲ ਉਸ ਕੰਪਨੀ ਨੂੰ ਲਾਭ ਹੁੰਦੀ ਹੈ ਜਿਸਦਾ ਯੂਜ਼ਰ ਬੇਸ ਜ਼ਿਆਦਾ ਹੁੰਦਾ ਹੈ।

ਰਿਲਾਇੰਸ ਜੀਓ ਦੀ ਅਧਿਕਾਰਿਤ ਪ੍ਰੈੱਸ ਰੀਲੀਜ਼ ਮੁਤਾਬਕ, ਜੀਓ ਦੇ ਕੋਲ ਇਸ ਵੇਲੇ 35 ਕਰੋੜ ਯੂਜ਼ਰਜ਼ ਹਨ।

ਦੂਜੇ ਪਾਸੇ ਟਰਾਈ ਦੇ ਮੁਤਾਬਕ, ਏਅਰਟੈਲ ਕੋਲ 30 ਕਰੋੜ ਯੂਜ਼ਰਜ਼ ਹਨ।

ਪਹਿਲੀ ਨਜ਼ਰ 'ਚ ਏਅਰਟੈਲ ਅਤੇ ਰਿਲਾਇੰਸ ਜੀਓ 'ਚ ਯੂਜ਼ਰਜ਼ ਦੇ ਲਿਹਾਜ਼ ਨਾਲ ਵੱਡਾ ਫਰਕ ਦਿਖਾਈ ਨਹੀਂ ਦਿੰਦਾ।

ਪਰ ਰਿਲਾਇੰਸ ਜੀਓ ਲਗਾਤਾਰ ਨਵੀਆਂ ਅਤੇ ਦਿਲ ਖਿੱਚਵੀਆਂ ਯੋਜਨਾਵਾਂ ਲਾਗੂ ਕਰਕੇ ਹੌਲੀ-ਹੌਲੀ ਏਅਰਟੈਲ ਨੂੰ ਪਿੱਛੇ ਛੱਡਦਾ ਹੋਇਆ ਦਿਖ ਰਿਹਾ ਹੈ।

ਪ੍ਰਸ਼ਾਂਤੋ ਬਨਰਜੀ ਦੱਸਦੇ ਹਨ, ''ਇਹ ਸਹੀ ਹੈ ਕਿ ਇਸ ਫ਼ੈਸਲੇ ਨਾਲ ਰਿਲਾਇੰਸ ਨੂੰ ਸਿੱਧਾ-ਸਿੱਧਾ ਕੋਈ ਵੱਡਾ ਫ਼ਾਇਦਾ ਹੁੰਦਾ ਹੋਇਆ ਨਹੀਂ ਦਿਖ ਰਿਹਾ ਹੈ। ਰਿਲਾਇੰਸ ਦੀਆਂ ਸਾਰੀਆਂ ਯੋਜਨਾਵਾਂ ਆਈਯੂਸੀ ਚਾਰਜ ਦੇ ਖ਼ਤਮ ਹੋਣ 'ਤੇ ਟਿਕੀ ਹੋਈ ਸੀ। ਪਰ ਇਹ ਗੱਲ ਵੀ ਸਹੀ ਹੈ ਕਿ ਸਾਲ 2017 'ਚ ਜਦੋਂ ਟਰਾਈ ਨੇ ਆਈਯੂਸੀ ਨੂੰ ਘੱਟ ਕਰਨ ਦਾ ਫ਼ੈਸਲਾ ਕੀਤਾ ਸੀ ਉਦੋਂ ਰਿਲਾਇੰਸ ਨੂੰ ਇਸ ਦਾ ਬਹੁਤ ਫ਼ਾਇਦਾ ਮਿਲਿਆ ਸੀ। ਉਦੋਂ ਜੀਓ ਉਪਭੋਗਤਾਵਾਂ ਦੀ ਗਿਣਤੀ ਕਾਫ਼ੀ ਘੱਟ ਸੀ।''

''ਪਰ ਅਸੀਂ ਇੱਕ ਚੀਜ਼ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਰਿਲਾਇੰਸ ਦੇ ਇਸ ਫ਼ੈਸਲੇ ਤੋਂ ਬਾਅਦ ਜੀਓ ਯੂਜ਼ਰਜ਼ ਦੇ ਘੱਟ ਹੋਣ ਦੀ ਥਾਂ ਵਧਣ ਦੀ ਸੰਭਾਵਨਾ ਜ਼ਿਆਦਾ ਨਜ਼ਰ ਆਉਂਦੀ ਹੈ। ਜੇ ਇੱਕ ਪਰਿਵਾਰ ਦੇ ਪੰਜ ਲੋਕਾਂ ਵਿੱਚੋਂ ਤਿੰਨ ਕੋਲ ਜੀਓ ਹੈ ਤਾਂ ਇਸ ਫ਼ੈਸਲੇ ਤੋਂ ਬਾਅਦ ਬਾਕੀ ਬਚੇ ਦੋ ਲੋਕਾਂ ਦੇ ਜੀਓ 'ਚ ਸ਼ਾਮਿਲ ਹੋਣ ਦੀ ਸੰਭਾਵਨਾ ਮਜ਼ਬੂਤ ਹੁੰਦੀ ਦਿਖ ਰਹੀ ਹੈ।''

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)