ਡੇਰਾ ਬਿਆਸ ਮੁਖੀ ਦਾ ਦਾਅਵਾ: ਰੈਨਬੈਕਸੀ, ਰੈਲੀਗੇਅਰ ਦੇ ਸਾਬਕਾ ਮਾਲਿਕਾਂ ਦਾ ਕੋਈ ਬਕਾਇਆ ਨਹੀਂ

ਸ਼ਵਿੰਦਰ ਸਿੰਘ ਤੇ ਮਲਵਿੰਦਰ Image copyright Getty Images

ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦਿੱਲੀ ਹਾਈਕੋਰਟ ਅੱਗੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਆਰਐਚਸੀ ਹੋਲਡਿੰਗ ਪ੍ਰਾਈਵੇਟ ਲਿਮ. ਦੇ ਪ੍ਰਮੋਟਰਾਂ ਸ਼ਵਿੰਦਰ ਸਿੰਘ ਅਤੇ ਮਲਵਿੰਦਰ ਸਿੰਘ ਦਾ ਕੋਈ ਪੈਸਾ ਬਕਾਇਆ ਨਹੀਂ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਗੁਰਿੰਦਰ ਸਿੰਘ ਢਿੱਲੋਂ ਨੇ ਅਦਾਲਤ ਵਿਚ ਅਰਜ਼ੀ ਰਾਹੀਂ ਆਰਐਚਸੀ ਦੇ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਹੈ।

ਆਰਐਚਸੀ ਨੇ ਕੰਪਨੀ ਦੇ 3500 ਕਰੋੜ ਗੁਰਿੰਦਰ ਸਿੰਘ ਢਿੱਲੋਂ ਵੱਲ ਬਕਾਇਆ ਹੋਣ ਦਾ ਦਾਅਵਾ ਕੀਤਾ ਸੀ ਜਿਸ ਤੋਂ ਬਾਅਦ ਦਿੱਲੀ ਹਾਈ ਕੋਰਟ ਨੇ ਆਰਐਚਸੀ ਦੇ ਦਾਅਵੇ ਮੁਤਾਬਕ 3500 ਕਰੋੜ ਰੁਪਏ ਦਾ ਆਰਬਿਟੇਸ਼ਨ ਅਵਾਰਡ ਲਾਗੂ ਕਰਵਾਉਣ ਦੇ ਹੁਕਮ ਦਿੱਤੇ ਸਨ।

ਪਰ ਹੁਣ ਗੁਰਿੰਦਰ ਸਿੰਘ ਢਿੱਲੋਂ ਦੇ ਦਾਅਵੇ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਵਿਚ ਗ੍ਰਿਫਤਾਰ ਸ਼ਵਿੰਦਰ ਸਿੰਘ ਤੇ ਮਲਵਿੰਦਰ ਸਿੰਘ ਤੋਂ ਜਵਾਬ ਮੰਗਿਆ ਹੈ।

ਅਦਾਲਤ ਨੇ ਦੋਵਾਂ ਧਿਰਾਂ ਨੂੰ ਅਦਾਲਤ ਅੱਗੇ ਹਲਫ਼ਨਾਮਾ ਦਾਇਰ ਕਰਕੇ ਆਪੋ-ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ 14 ਨਵੰਬਰ ਨੂੰ ਹੋਣੀ ਹੈ।

ਇਹ ਵੀ ਪੜ੍ਹੋ-

ਸਿੰਘ ਭਰਾਵਾਂ ਦਾ ਦਾਅਵਾ

ਸਿੰਘ ਭਰਾਵਾਂ ਨੇ ਰੈਨਬੈਕਸੀ ਕੰਪਨੀ ਦਾ ਆਪਣਾ ਹਿੱਸਾ 2008 ਵਿਚ ਜਪਾਨ ਦੀ ਦਾਇਚੀ ਕੰਪਨੀ ਨੂੰ ਵੇਚ ਦਿੱਤਾ ਸੀ।

ਦਾਇਚੀ ਨੇ ਸਿੰਘਾਪੁਰ ਦੇ ਟ੍ਰਿਬਿਊਨਲ ਵਿਚ ਕੇਸ ਕਰਕੇ ਸਿੰਘ ਭਰਾਵਾਂ ਉੱਤੇ ਕੰਪਨੀ ਦੀਆਂ ਪਾਬੰਦੀਸ਼ੁਦਾ ਦਵਾਈਆਂ ਬਾਰੇ ਜਾਣਕਾਰੀ ਲੁਕਾਉਣ ਦਾ ਇਲਜ਼ਾਮ ਲਾਇਆ ਸੀ। ਦਾਇਚੀ ਨੇ ਦਿੱਲੀ ਵਿਚ ਵੀ ਸ਼ਵਿੰਦਰ ਸਿੰਘ ਤੇ ਮਲਵਿੰਦਰ ਸਿੰਘ ਉੱਤੇ ਕੇਸ ਕੀਤਾ ਸੀ।

ਇਸ ਅਦਾਲਤੀ ਕਾਰਵਾਈ ਦੌਰਾਨ ਸਿੰਘ ਭਰਾਵਾਂ ਨੇ ਦਾਅਵਾ ਕੀਤਾ ਸੀ ਕਿ ਸਤਿਸੰਗ ਬਿਆਸ ਵੱਲ ਉਨ੍ਹਾਂ ਦੀ ਕੰਪਨੀ ਆਰਐਚਸੀ ਦੇ 3500 ਕਰੋੜ ਰੁਪਏ ਬਕਾਇਆ ਹਨ।

Image copyright Getty Images

ਇਸ ਉੱਤੇ ਦਿੱਲੀ ਹਾਈਕੋਰਟ ਨੇ ਰਾਧਾ ਸਵਾਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ, ਉਨ੍ਹਾਂ ਦੀ ਪਤਨੀ, ਦੋ ਪੁੱਤਰਾਂ ਅਤੇ ਨੂੰਹ ਸਣੇ 55 ਵਿਅਕਤੀਆਂ ਨੂੰ 6 ਹਜ਼ਾਰ ਕਰੋੜ ਰੁਪਏ ਦਾ ਭੁਗਤਾਨ ਕਰਨ ਦੇ ਹੁਕਮ ਸੁਣਾਏ ਸਨ।

ਕੀ ਹੈ ਮਾਮਲਾ

ਦਿੱਲੀ ਪੁਲਿਸ ਨੇ ਸ਼ਵਿੰਦਰ ਸਿੰਘ ਤੇ ਮਲਵਿੰਦਰ ਸਿੰਘ ਨੂੰ 330 ਮਿਲੀਅਨ ਡਾਲਰ ਦੀ ਵਿੱਤੀ ਗੜਬੜੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੋਇਆ ਹੈ।

ਸ਼ਵਿੰਦਰ ਸਿੰਘ ਤੇ ਮਲਵਿੰਦਰ ਸਿੰਘ ਭਾਰਤ ਦੀ ਦਵਾਈਆਂ ਦੀ ਵੱਡੀ ਕੰਪਨੀ ਰੈਨਬੈਕਸੀ ਸਾਬਕਾ ਮਾਲਕ ਹਨ। ਦੋਵਾਂ ਭਰਾਵਾਂ ਦੀ ਤੇ ਫੋਰਟਿਸ ਨਾਂ ਦੇ ਹਸਪਤਾਲਾਂ ਦੀ ਲੜੀ ਵੀ ਹੈ।

ਵੀਰਵਾਰ ਅਤੇ ਸ਼ੁੱਕਰਵਾਰ ਨੂੰ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖ਼ਾ ਨੇ ਗ੍ਰਿਫ਼ਤਾਰ ਕੀਤਾ ਸੀ।

ਇਨ੍ਹਾਂ ਦੋਵਾਂ ਉੱਤੇ ਠੱਗੀ, ਅਪਰਾਧਿਕ ਸਾਜ਼ਿਸ ਅਤੇ ਧੋਖਾਧੜੀ ਦੇ ਇਲਜ਼ਾਮ ਹਨ, ਜਿਨ੍ਹਾਂ ਨੂੰ ਇਹ ਰੱਦ ਕਰ ਰਹੇ ਹਨ।

ਵਿੱਤੀ ਸੇਵਾ ਕੰਪਨੀ ਰੈਲੀਗੇਅਰ ਫਿਨਵੈਸਟ ਨੇ ਦੋਵਾਂ ਭਰਾਵਾਂ ਖ਼ਿਲਾਫ਼ ਧੋਖਾਧੜੀ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਸ਼ਿਕਾਇਤ ਮੁਤਾਬਕ ਰੈਲੀਗੇਅਰ ਤੇ ਇਸ ਨਾਲ ਸਬੰਧਤ ਕੰਪਨੀਆਂ ਦੇ ਨਾਂ ਉੱਤੇ ਕਰਜ਼ ਲੈ ਕੇ ਪੈਸਾ ਦੂਜੇ ਪਾਸੇ ਲਗਾਇਆ ਗਿਆ। ਇਹ ਪੈਸਾ ਦੂਜੇ ਪਾਸੇ ਵਰਤੇ ਜਾਣ ਕਾਰਨ ਰੈਲੀਗੇਅਰ ਫਿਨਵੈਸਟ ਮਾੜੀ ਮਾਲੀ ਹਾਲਤ ਵਿਚ ਪੁੱਜ ਗਈ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)