ਕੀ ਮੋਦੀ ਨੂੰ ਮੌਬ ਲਿੰਚਿੰਗ ਤੇ ਹੋਰ ਮਸਲਿਆਂ ਬਾਰੇ ਚਿੱਠੀ ਲਿਖਣ ’ਤੇ ਵਿਦਿਆਰਥੀ ਸਸਪੈਂਡ ਹੋਏ

ਨਰਿੰਦਰ ਮੋਦੀ Image copyright Getty Images

ਮਹਾਰਾਸ਼ਟਰ ਦੇ ਵਰਧਾ ਵਿੱਚ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ ਦੇ 6 ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖਣ ਕਰਕੇ ਸਸਪੈਂਡ ਕੀਤਾ ਗਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਇਨ੍ਹਾਂ ਇਲਜ਼ਾਮਾਂ ਨੂੰ ਗਲਤ ਦੱਸਿਆ ਹੈ।

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਜਨੀਸ਼ ਕੁਮਾਰ ਸ਼ੁਕਲਾ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਯੂਨੀਵਰਸਿਟੀ ਵਿੱਚ ਕਾਨੂੰਨ ਵਿਵਸਥਾ ਤੇ ਸ਼ਾਂਤੀ ਬਣਾਏ ਰੱਖਣ ਦੇ ਮਕਸਦ ਨਾਲ 6 ਵਿਦਿਆਰਥੀਆਂ 'ਤੇ ਕਾਰਵਾਈ ਕੀਤੀ ਹੈ।"

ਇਨ੍ਹਾਂ ਵਿਦਿਆਰਥੀਆਂ ਨੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਂਸ਼ੀਰਾਮ ਦੀ ਯਾਦ ਵਿੱਚ ਇੱਕ ਪ੍ਰੋਗਰਾਮ ਦਾ ਪ੍ਰਬੰਧ ਕਰਨ ਲਈ ਇਜਾਜ਼ਤ ਮੰਗੀ ਸੀ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਮਿਲੀ ਹੈ।

ਇਹ ਵੀ ਪੜ੍ਹੋ:

ਕੀ ਹੈ ਪੂਰਾ ਮਾਮਲਾ?

ਯੂਨੀਵਰਸਿਟੀ ਦੇ 6 ਵਿਦਿਆਰਥੀ ਚੰਦਨ ਸਰੋਜ, ਰਜਨੀਸ਼ ਕੁਮਾਰ ਆਂਬੇਡਕਰ, ਵੈਭਵ ਪਿੰਪਲਕਰ, ਰਾਜੇਸ਼ ਸਾਰਥੀ, ਨੀਰਜ ਕੁਮਾਰ ਅਤੇ ਪੰਕਜ ਬੇਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਦੇਸ ਦੇ ਕਈ ਮੁੱਦਿਆਂ 'ਤੇ ਧਿਆਨ ਦੇਣ ਦੀ ਗੁਜ਼ਾਰਿਸ਼ ਕੀਤੀ ਸੀ।

ਇਸ ਵਿੱਚ ਵਿਦਿਆਰਥੀਆਂ ਨੇ ਮੌਬ ਲਿੰਚਿੰਗ, ਸਰੀਰਕ ਸ਼ੋਸ਼ਣ, ਬਲਾਤਕਾਰ, ਕਸ਼ਮੀਰ ਦੇ ਹਾਲਾਤ ਅਤੇ ਐੱਨਆਰਸੀ ਵਰਗੇ ਮੁੱਦਿਆਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਸੀ।

ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖਣ ਵਾਲੇ 49 ਬੁੱਧੀਜੀਵੀਆਂ 'ਤੇ ਦੇਸਧ੍ਰੋਹ ਦਾ ਮਾਮਲਾ ਦਰਜ ਕੀਤੇ ਜਾਣ ( ਬਾਅਦ ਵਿੱਚ ਇਹ ਕੇਸ ਵਾਪਸ ਲੈ ਲਿਆ ਗਿਆ ਸੀ) ਦੇ ਬਾਰੇ ਵੀ ਆਪਣੀ ਗੱਲ ਰੱਖੀ ਸੀ।

ਸਸਪੈਂਡ ਹੋਏ ਵਿਦਿਆਰਥੀ ਰਜਨੀਸ਼ ਆਂਬੇਡਕਰ ਨੇ ਦੱਸਿਆ, "ਅਸੀਂ ਕਾਸ਼ੀਰਾਮ ਦੀ ਬਰਸੀ ਮੌਕੇ ਇੱਕ ਪ੍ਰੋਗਰਾਮ ਦਾ ਪ੍ਰਬੰਧ ਕਰਨ ਲ਼ਈ ਇਜਾਜ਼ਤ ਮੰਗੀ ਸੀ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਾਨੂੰ ਜਾਣਬੁੱਝ ਕੇ ਇਜਾਜ਼ਤ ਨਹੀਂ ਦਿੱਤੀ ਸੀ।"

ਸਸਪੈਂਡ ਹੋਏ ਵਿਦਿਆਰਥੀ ਰਜਨੀਸ਼ ਆਂਬੇਡਕਰ ਨੇ ਦੱਸਿਆ, "ਅਸੀਂ ਕਾਂਸ਼ੀਰਾਮ ਦੀ ਬਰਸੀ 'ਤੇ ਇੱਕ ਪ੍ਰੋਗਰਾਮ ਦਾ ਪ੍ਰਬੰਧ ਕਰਨ ਲਈ ਇਜਾਜ਼ਤ ਮੰਗੀ ਸੀ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਾਨੂੰ ਜਾਣਬੁੱਝ ਕੇ ਇਜਾਜ਼ਤ ਨਹੀਂ ਦਿੱਤੀ। ਇਸ ਤੋਂ ਬਾਅਦ ਅਸੀਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਦੇਸ ਦੇ ਕਈ ਮੁੱਦਿਆਂ 'ਤੇ ਚਰਚਾ ਕਰਨ ਦੀ ਇਜਾਜ਼ਤ ਮੰਗੀ ਸੀ।"

ਰਜਨੀਸ਼ ਦੱਸਦੇ ਹਨ, "ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਬੇਨਤੀ ਕੀਤੀ ਸੀ ਕਿ ਉਹ ਯੂਨੀਵਰਸਿਟੀ ਕੰਪਲੈਕਸ ਵਿੱਚ ਚਰਚਾ ਨੂੰ ਤਰਜੀਹ ਦੇਣ। ਅਸੀਂ ਯੂਨੀਵਰਸਿਟੀ ਤੋਂ ਇਜਾਜ਼ਤ ਨਾ ਮਿਲਣ ਦੇ ਬਾਵਜੂਦ ਕਾਂਸ਼ੀਰਾਮ ਦੀ ਬਰਸੀ ਵੀ ਮਨਾਈ ਅਤੇ ਸਾਨੂੰ ਪ੍ਰੋਗਰਾਮ ਵਿਚਾਲੇ ਹੀ ਰੋਕ ਦਿੱਤਾ ਗਿਆ। ਚਰਚਾ ਦੌਰਾਨ ਹੀ ਸਾਨੂੰ ਦੇਰ ਰਾਤ ਸਸਪੈਂਡ ਕਰ ਦਿੱਤਾ ਗਿਆ।"

ਯੂਨੀਵਰਸਿਟੀ ਪ੍ਰਸ਼ਾਸਨ ਦਾ ਪੱਖ

ਯੂਨੀਵਰਸਿਟੀ ਦੇ ਚਾਂਸਲਰ ਰਜਨੀਸ਼ ਸ਼ੁਕਲਾ ਨੇ ਵਿਦਿਆਰਥੀਆਂ ਦੇ ਇਸ ਦਾਅਵੇ ਦਾ ਖੰਡਨ ਕੀਤਾ ਕਿ ਉਨ੍ਹਾਂ ਨੇ ਕਾਂਸ਼ੀਰਾਮ ਦੀ ਬਰਸੀ 'ਤੇ ਪ੍ਰੋਗਰਾਮ ਲਈ ਇਜਾਜ਼ਤ ਮੰਗੀ ਸੀ।

ਚਾਂਸਲਰ ਦਾ ਕਹਿਣਾ ਹੈ ਕਿ ਸੂਬੇ ਵਿੱਚ ਚੋਣਾਂ ਦਾ ਮਾਹੌਲ ਹੈ ਅਤੇ ਚੋਣ ਜ਼ਾਬਤਾ ਲਾਗੂ ਹੈ। ਉਨ੍ਹਾਂ ਨੇ ਕਿਹਾ, "ਅਸੀਂ ਵਿਦਿਆਰਥੀਆਂ ਨੂੰ ਸਮਝਾਇਆ ਕਿ ਅਜਿਹੇ ਮਾਹੌਲ ਵਿੱਚ ਯੂਨੀਵਰਸਿਟੀ ਕਿਸੇ ਵੀ ਤਰ੍ਹਾਂ ਦੇ ਸਿਆਸੀ ਪ੍ਰੋਗਰਾਮ ਦੀ ਇਜਾਜ਼ਤ ਨਹੀਂ ਦੇ ਸਕਦੀ ਹੈ।"

Image copyright MGAHV

ਚਾਂਸਲਰ ਨੇ ਬੀਬੀਸੀ ਨੂੰ ਦੱਸਿਆ, "ਸਾਡੇ ਇਨਕਾਰ ਕਰਨ ਦੇ ਬਾਵਜੂਦ ਵਿਦਿਆਰਥੀਆਂ ਨੇ 9 ਅਕਤੂਬਰ ਨੂੰ ਗਾਂਧੀ ਹਿਲ ਵਿੱਚ ਇਕੱਠੇ ਹੋ ਕੇ ਅੰਦੋਲਨ ਕੀਤਾ। ਇਸ ਤੋਂ ਬਾਅਦ ਅਸੀਂ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ।"

ਚੋਣ ਅਧਿਕਾਰੀ ਕੀ ਕਹਿੰਦੇ ਹਨ?

ਚੋਣ ਨਿਰੀਖਿਅਕ ਦੀ ਜ਼ਿੰਮੇਵਾਰੀ ਹੈ ਕਿ ਉਹ ਜਾਂਚ ਕਰੇ ਕਿ ਚੋਣ ਜ਼ਾਬਤੇ ਦੀ ਪਾਲਣਾ ਹੋ ਰਹੀ ਹੈ ਜਾਂ ਨਹੀਂ।

ਇਹ ਪੁੱਛੇ ਜਾਣ 'ਤੇ ਕਿ ਚੋਣ ਜ਼ਾਬਤੇ ਦੀ ਪਾਲਣਾ ਨਾ ਕਰਨ ਲਈ ਵਿਦਿਆਰਥੀਆਂ 'ਤੇ ਕਾਰਵਾਈ ਕਿਉਂ ਕੀਤੀ ਗਈ।

ਚਾਂਸਲਰ ਨੇ ਕਿਹਾ, "ਹਾਲੇ ਚੋਣ ਮਾਹੌਲ ਹੈ। ਇਸ ਦੌਰਾਨ ਸਾਨੂੰ ਯੂਨੀਵਰਸਿਟੀ ਕੰਪਲੈਕਸ ਵਿੱਚ ਕਿਸੇ ਵੀ ਸਿਆਸੀ ਪ੍ਰੋਗਰਾਮਾਂ ਦੀ ਇਜਾਜ਼ਤ ਨਹੀਂ ਹੈ। ਜੇ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਹੋਈ ਤਾਂ ਹਾਲਤ ਵਿਗੜਣ 'ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਅਸੀਂ ਇਸ ਬਾਰੇ ਚੋਣ ਅਧਿਕਾਰੀਆਂ ਨੂੰ ਵੀ ਸੂਚਨਾ ਦਿੱਤੀ ਹੈ।"

ਇਹ ਵੀ ਪੜ੍ਹੋ:

ਉੱਥੇ ਹੀ ਚੋਣ ਅਧਿਕਾਰੀ ਸੁਰੇਸ਼ ਬਾਗਲੇ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਪੱਤਰ ਭੇਜਿਆ ਤਾਂ ਸੀ ਪਰ ਉਨ੍ਹਾਂ ਵੱਲੋਂ ਕੋਈ ਜਵਾਬ ਭੇਜੇ ਜਾਣ ਤੋਂ ਪਹਿਲਾਂ ਹੀ ਵਿਦਿਆਰਥੀਆਂ ਖਿਲਾਫ਼ ਕਾਰਵਾਈ ਕਰ ਦਿੱਤੀ ਗਈ।

ਬਾਗਲੇ ਨੇ ਕਿਹਾ, "ਸਾਨੂੰ ਹਾਲੇ ਯੂਨੀਵਰਸਿਟੀ ਪ੍ਰਸ਼ਾਸਨ ਦੀ ਚਿੱਠੀ ਦਾ ਜਵਾਬ ਨਹੀਂ ਦਿੱਤਾ ਹੈ। ਉਨ੍ਹਾਂ ਪੁੱਛਗਿਛ ਪੂਰੀ ਹੋਣ ਤੋਂ ਬਾਅਦ ਹੀ ਫੈਸਲਾ ਲੈਣਾ ਚਾਹੀਦਾ ਸੀ। ਸਾਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਫੈਸਲਾ ਲਿਆ ਹੈ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।"

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)