ਮੋਗਾ ਦੇ ਤੂਰ ਦਾ ਸਫ਼ਰ : ਪੁੱਤ ਦਾ ਖੇਡ ਤੋਂ ਧਿਆਨ ਨਾ ਭਟਕੇ, ਪਿਓ ਨੇ ਕੈਂਸਰ ਦੀ ਬਿਮਾਰੀ ਦਾ ਰੱਖਿਆ ਸੀ ਲੁਕੋ

ਤਜਿੰਦਰਪਾਲ ਸਿੰਘ Image copyright Getty Images

"ਅੱਜ ਮੈਂ ਚੰਗੀ ਫਾਰਮ ਵਿਚ ਸੀ, ਮੇਰਾ ਨਿਸ਼ਾਨਾਂ 21.30 ਤੋਂ 21.40 ਮੀਟਰ ਸੀ ਅਤੇ ਮੈਨੂੰ ਲੱਗਦਾ ਸੀ ਕਿ ਮੈਂ ਆਖਰੀ ਵਾਰੀ ਵਿਚ ਇਹ ਪਾਰ ਕਰ ਲਵਾਂਗਾ,ਪਰ ਅਫ਼ਸੋਸ ਅਜਿਹਾ ਨਾ ਹੋ ਸਕਿਆ ਤੇ ਇਹ ਫਾਊਲ ਹੋ ਗਿਆ। ਮੈਂ ਓਲੰਪਿਕ ਕੁਆਲੀਫਾਈ ਕਰਨ ਲਈ ਅਗਲੇ ਮਹੀਨੇ ਚੀਨ ਵਿਚ ਹੋਣ ਜਾ ਰਹੀਆਂ ਵਿਸ਼ਵ ਮਿਲਟਰੀ ਗੇਮਜ਼ ਵਿਚ ਕੋਸ਼ਿਸ਼ ਕਰਾਂਗਾ," ਤੇਜਿੰਦਰਪਾਲ ਸਿੰਘ ਤੂਰ ਦੇ ਇਹ ਸ਼ਬਦ ਰਾਂਚੀ ਵਿਚ ਪੀਟੀਆਈ ਨਾਲ ਗੱਲਬਾਤ ਦੇ ਹਨ।

ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਤੂਰ ਨੇ ਲਗਾਤਾਰ ਦੂਜੇ ਸਾਲ ਗੋਲਾ ਸੁੱਟਣ ਵਿਚ ਕੌਮੀ ਰਿਕਾਰਡ ਤੋੜਿਆ ਹੈ। ਰਾਂਚੀ ਵਿਚ ਕੌਮੀ ਖੇਡਾਂ ਦੌਰਾਨ ਤੂਰ ਨੇ 20.92 ਮੀਟਰ ਗੋਲਾ ਸੁੱਟ ਕੇ 2018 ਵਿਚ ਜਕਾਰਤਾ ਖੇਡਾਂ ਦੌਰਾਨ ਬਣਾਇਆ ਆਪਣਾ 20.75 ਮੀਟਰ ਦਾ ਰਿਕਾਰਡ ਤੋੜ ਦਿੱਤਾ।

ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਲਈ ਤੂਰ ਨੂੰ 21.10 ਮੀਟਰ ਦੀ ਟੀਚਾ ਹਾਸਲ ਕਰਨਾ ਪੈਣਾ ਸੀ, ਪਰ ਉਹ ਇਸ ਤੋਂ ਖੁੰਝ ਗਏ। ਇਸੇ ਲਈ ਉਨ੍ਹਾਂ ਦੇ ਉਕਤ ਸ਼ਬਦਾਂ ਵਿਚ ਮਾਯੂਸੀ ਝਲਕਦੀ ਹੈ।

ਇਹ ਵੀ ਪੜ੍ਹੋ :

(ਜਕਾਰਤਾ ਏਸ਼ੀਆਈ ਖੇਡਾਂ ਵਿਚ ਸੋਨ ਤਗਮਾ ਜਿੱਤਣ ਤੋਂ ਬਾਅਦ ਪਿੰਡ ਮੁੜਨ ਤੋਂ ਕੁਝ ਸਮਾਂ ਪਹਿਲਾਂ ਤੇਜਿੰਦਰਪਾਲ ਸਿੰਘ ਤੂਰ ਦੇ ਪਿਤਾ ਕਰਮ ਸਿੰਘ ਦਾ ਦੇਹਾਂਤ ਹੋ ਗਿਆ ਸੀ। ਉਦੋ ਬੀਬੀਸੀ ਦੀ ਟੀਮ ਤੂਰ ਦੇ ਘਰ ਗਈ ਸੀ। ਉਦੋਂ ਤੂਰ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਸਫ਼ਲਤਾ ਦੇ ਰਾਹ ਵਿਚ ਆਈਆਂ ਔਕੜਾਂ ਦੀ ਜੋ ਕਹਾਣੀ ਦੱਸੀ ਸੀ ਉਸ ਨੂੰ ਹੂਬਹੂ ਪਾਠਕਾਂ ਲਈ ਪੇਸ਼ ਕਰ ਰਹੇ ਹਾਂ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਤੇਜਿੰਦਰਪਾਲ ਤੂਰ ਕਿਉਂ ਕਹਿੰਦਾ ਸੀ 'ਉਲੰਪਿਕਸ ਤੱਕ ਵਿਆਹ ਨਹੀਂ ਕਰਾਉਣਾ'

ਏਸ਼ੀਆਂ ਸੋਨ ਤਗਮੇ ਦੀ ਖੁਸ਼ੀ ਗਮੀ 'ਚ ਬਦਲ ਗਈ ਸੀ

ਤੇਜਿੰਦਰਪਾਲ ਦੇ ਪਿਤਾ ਦੇ ਦੋਸਤ ਅਸ਼ੋਕ ਸ਼ਰਮਾ ਨੇ ਦੱਸਿਆ ਸੀ, '' ਜਕਾਰਤਾ ਏਸੀਆ ਸੋਨ ਤਗਮਾ ਜਿੱਤਣ ਮਗਰੋਂ ਤੇਜਿੰਦਰਪਾਲ ਜਿਸ ਦਿਨ ਸਵੇਰੇ 5 ਵਜੇ ਦੇ ਕਰੀਬ ਪਿੰਡ ਪਹੁੰਚਿਆ ਉਸ ਤੋਂ ਇੱਕ ਦਿਨ ਪਹਿਲਾਂ ਉਸਦੇ ਪਿਤਾ ਕਰਮ ਸਿੰਘ ਨੇ ਸ਼ਾਮੀ ਸਾਢੇ ਚਾਰ ਵਜੇ ਆਖਰੀ ਸਾਹ ਲਏ ਸਨ।'

ਅਸ਼ੋਕ ਸ਼ਰਮਾ ਮੁਤਾਬਕ ਪਿੰਡ ਵਾਲੇ ਤਾਂ ਤੇਜਿੰਦਰਪਾਲ ਦੇ ਜ਼ੋਰਦਾਰ ਸਵਾਗਤ ਦੀ ਤਿਆਰੀ ਕਰੀ ਬੈਠੇ ਸਨ ਪਰ ਇਹ ਖ਼ੁਸ਼ੀਆਂ ਤੇਜਿੰਦਰਪਾਲ ਦੇ ਘਰ ਮੁੜਨ ਤੋਂ ਪਹਿਲਾਂ ਹੀ ਗ਼ਮ ਵਿਚ ਬਦਲ ਗਈਆਂ।

18ਵੀਆਂ ਏਸ਼ਿਆਈ ਖੇਡਾਂ ਵਿੱਚ ਗੋਲਾ ਸੁੱਟਣ (ਸ਼ਾਟ ਪੁੱਟ) ਵਿੱਚ ਤੇਜਿੰਦਰਪਾਲ ਸਿੰਘ ਦੇ ਸੋਨ ਤਗ਼ਮਾ ਜਿੱਤਣ ਤੋਂ ਬਾਅਦ ਬੀਬੀਸੀ ਪੰਜਾਬੀ ਨੇ ਤੂਰ ਦੇ ਪਿਤਾ ਕਰਮ ਸਿੰਘ ਨਾਲ ਵੀ ਗੱਲਬਾਤ ਕੀਤੀ ਸੀ।

ਤੇਜਿੰਦਰਪਾਲ ਨੂੰ ਨਹੀਂ ਦੱਸਿਆ ਸੀ ਸੱਚ

ਕਰਮ ਸਿੰਘ ਨੇ ਕਿਹਾ ਸੀ, ''ਤੇਜਿੰਦਰ ਜਦੋਂ ਏਸ਼ਿਆਈ ਖੇਡਾਂ ਵਿੱਚ ਮੈਡਲ ਜਿੱਤਣ ਲਈ ਪ੍ਰੈਕਟਿਸ ਕਰ ਰਿਹਾ ਸੀ ਤਾਂ ਨਾਮੁਰਾਦ ਕੈਂਸਰ ਕਰਕੇ ਮੇਰੀ ਵਿਗੜੀ ਸਿਹਤ ਤੋਂ ਫ਼ਿਕਰਮੰਦ ਹੋਣ ਕਰਕੇ ਉਸ ਦਾ ਧਿਆਨ ਵਾਰ-ਵਾਰ ਭਟਕ ਜਾਂਦਾ ਸੀ ਇਸ ਲਈ ਆਪਣੀ ਵਿਗੜਦੀ ਹਾਲਤ ਬਾਰੇ ਮੈਂ ਕੁਝ ਨਹੀਂ ਦੱਸਿਆ।"

ਉਨ੍ਹਾਂ ਨੇ ਦੱਸਿਆ ਸੀ, "ਕੋਚ ਮਹਿੰਦਰ ਸਿੰਘ ਢਿੱਲੋਂ ਧਿਆਨ ਕੇਂਦਰਿਤ ਕਰਨ 'ਤੇ ਜ਼ੋਰ ਦਿੰਦੇ। ਅਜਿਹੇ ਵਿੱਚ ਮੇਰਾ ਪੁੱਤਰ ਦੋ ਫਰੰਟਾਂ 'ਤੇ ਜੂਝ ਰਿਹਾ ਸੀ। ਇਕ ਪਾਸੇ ਉਸ 'ਤੇ ਏਸ਼ਿਆਈ ਖੇਡਾਂ ਵਿੱਚ ਦੇਸ ਲਈ ਮੈਡਲ ਜਿੱਤ ਕੇ ਲਿਆਉਣ ਦਾ ਦਬਾਅ ਸੀ। ਜਿਸ ਲਈ ਉਸ ਨੇ 10 ਸਾਲ ਦੀ ਉਮਰ ਵਿੱਚੋਂ ਬਾਕੀ ਸ਼ੌਕ ਛੱਡ ਕੇ ਗੋਲਾ ਸੁੱਟਣ ਨੂੰ ਹੀ ਆਪਣਾ ਸ਼ੌਕ ਬਣਾ ਲਿਆ ਸੀ।"

Image copyright jasbir shetra/bbc
ਫੋਟੋ ਕੈਪਸ਼ਨ ਕੈਂਸਰ ਨਾਲ ਪੀੜਤ ਸਨ ਤੇਜਿੰਦਰਪਾਲ ਸਿੰਘ ਤੂਰ ਦੇ ਪਿਤਾ ਕਰਮ ਸਿੰਘ

ਕਰਮ ਸਿੰਘ ਨੇ ਕਿਹਾ ਸੀ, "ਦੂਜੇ ਪਾਸੇ ਮੇਰੀ ਡਿੱਗ ਰਹੀ ਸਿਹਤ ਦਾ ਝੋਰਾ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਇਸ ਦੇ ਬਾਵਜੂਦ ਉਸ ਨੇ ਆਪਣਾ ਤੇ ਸਾਡਾ ਉਹ ਸੁਪਨਾ ਪੂਰਾ ਕਰਕੇ ਦਿਖਾਇਆ। ਜਿਸ ਲਈ 13 ਸਾਲਾਂ ਤੋਂ ਅਣਥੱਕ ਮਿਹਨਤ ਹੋ ਰਹੀ ਸੀ।"

ਕਰਮ ਸਿੰਘ ਖ਼ੁਦ ਰੱਸਾਕੱਸ਼ੀ ਦੇ ਚੋਟੀ ਦੇ ਖਿਡਾਰੀ ਰਹੇ ਸਨ, ਉਨ੍ਹਾਂ ਨੂੰ ਸਥਾਨਕ ਲੋਕ 'ਹੀਰੋ' ਕਹਿ ਕੇ ਬੁਲਾਉਂਦੇ ਸਨ।

ਤੇਜਿੰਦਰਪਾਲ ਦੀ ਸੁਨਹਿਰੀ ਜਿੱਤ ਮੌਕੇ ਉਸਦੀ ਮਾਂ ਪ੍ਰਿਤਪਾਲ ਕੌਰ ਦੀਆਂ ਅੱਖਾਂ ਵਿੱਚੋਂ ਖ਼ੁਸ਼ੀ ਅਤੇ ਗ਼ਮੀ ਦੇ ਰਲਵੇਂ ਹੰਝੂ ਕਿਰਦੇ ਸਨ ਤੇ ਉਸ ਨੇ ਜਜ਼ਬਾਤੀ ਹੋ ਕੇ ਕਿਹਾ ਸੀ, ''ਪ੍ਰੈਕਟਿਸ ਤੋਂ ਲੈ ਕੇ ਹੁਣ ਤੱਕ ਤੇਜਿੰਦਰ ਰੋਜ਼ ਫੋਨ ਕਰਕੇ ਆਪਣੇ ਪਿਤਾ ਦੀ ਸਿਹਤ ਬਾਰੇ ਪੁੱਛਦਾ ਤਾਂ ਅਸੀਂ ਸਿਹਤ ਅੱਗੇ ਨਾਲੋਂ ਬਿਹਤਰ ਹੋਣ ਦੀ ਗੱਲ ਆਖਦੇ ਜਦਕਿ ਸਿਹਤ ਵਿੱਚ ਸੁਧਾਰ ਦੀ ਥਾਂ ਨਿਘਾਰ ਹੋ ਰਿਹਾ ਸੀ।"

Image copyright jasbir shetra/bbc
ਫੋਟੋ ਕੈਪਸ਼ਨ ਸੋਨ ਤਗ਼ਮਾ ਜੇਤੂ ਖਿਡਾਰੀ ਤੇਜਿੰਦਰਪਾਲ ਸਿੰਘ ਦੀ ਮਾਤਾ ਪ੍ਰਿਤਪਾਲ ਕੌਰ ਤੇ ਨਾਨਾ ਅਜਮੇਰ ਸਿੰਘ ਮਾਨ

"ਪਿਤਾ ਦੇ ਰੋਟੀ ਖਾਣ ਬਾਰੇ ਪੁੱਛਦਾ ਸੀ ਤਾਂ ਵੀ ਅਸੀਂ ਇਹੀਓ ਕਹਿੰਦੇ ਕਿ ਰੋਜ਼ਾਨਾ ਖਾ ਰਹੇ ਹਨ ਜਦਕਿ ਰੋਟੀ ਉਨ੍ਹਾਂ ਦੇ ਲੰਘਦੀ ਨਹੀਂ ਸੀ। ਇਹ ਸਾਰਾ ਕੁਝ ਇਸ ਲਈ ਕੀਤਾ ਕਿ ਕਿਧਰੇ ਤੇਜਿੰਦਰ ਦਾ ਮਨ ਨਾ ਡੋਲ ਜਾਵੇ ਤੇ ਉਹ ਕਮਜ਼ੋਰ ਪੈ ਕੇ ਕਾਮਨਵੈਲਥ ਖੇਡਾਂ ਵਾਂਗ ਪੱਛੜ ਨਾ ਜਾਵੇ।"

ਇਹ ਵੀ ਪੜ੍ਹੋ:

ਪਰਿਵਾਰ ਨੇ ਚੁੱਕਿਆ ਖੇਡ ਦਾ ਖਰਚ

ਉਸ ਦੇ ਮਾਂ-ਪਿਉ ਨੂੰ ਅੱਜ ਤੱਕ ਸਰਕਾਰ ਵੱਲੋਂ ਸਾਰ ਨਾ ਲਏ ਜਾਣ 'ਤੇ ਡਾਢਾ ਰੋਸ ਸੀ। ਉਹ ਕਹਿੰਦੇ ਸਨ, ''ਰੋਜ਼ਾਨਾ ਦੋ ਤੋਂ ਢਾਈ ਹਜ਼ਾਰ ਰੁਪਏ ਦਾ ਖਰਚਾ ਕਰਕੇ ਤੇਜਿੰਦਰ ਇਹ ਮੈਡਲ ਜਿੱਤਣ ਜੋਗਾ ਹੋਇਆ।"

''ਹੁਣ ਤੱਕ ਜਿੱਤੇ ਮੈਡਲਾਂ ਤੋਂ ਬਾਅਦ ਵੀ ਕੋਈ ਸਰਕਾਰੀ ਮਦਦ ਨਹੀਂ ਮਿਲੀ। ਜੇ ਸਾਡੇ ਕੋਲ ਥੋੜ੍ਹੀ ਬਹੁਤੀ ਜ਼ਮੀਨ ਤੇ ਸਮਰੱਥਾ ਨਾ ਹੁੰਦੀ ਤਾਂ ਤੇਜਿੰਦਰ ਦਾ ਸੁਪਨਾ ਕਦੇ ਸਾਕਾਰ ਨਹੀਂ ਸੀ ਹੋਣਾ।"

Image copyright jasbir shetra/bbc
ਫੋਟੋ ਕੈਪਸ਼ਨ ਪਿੰਡ ਵਾਲਿਆਂ ਨੂੰ ਪਹਿਲਾਂ ਹੀ ਆਸ ਸੀ ਕਿ ਇਹ ਮੁੰਡਾ ਕੁਝ ਵੱਖਰਾ ਕਰੇਗਾ

ਬੀਬੀਸੀ ਦੀ ਟੀਮ ਜਦੋਂ ਮੋਗਾ-ਜ਼ੀਰਾ ਰੋਡ 'ਤੇ ਸਥਿਤ ਪਿੰਡ ਖੋਸਾ ਪਾਂਡੋ ਗਈ ਸੀ ਹੈ ਤਾਂ ਚੌਰਾਹੇ 'ਤੇ ਤਾਸ਼ ਖੇਡਦੇ ਨੌਜਵਾਨਾਂ ਨੇ ਕੁਝ ਪੁੱਛਣ ਤੋਂ ਪਹਿਲਾਂ ਹੀ ਆਪ ਹੀ ਆਖ ਦਿੱਤਾ, ''ਉਹ ਸਾਹਮਣਾ ਘਰ ਹੈ ਜੀ।"

ਪੁੱਛਣ 'ਤੇ ਕਹਿੰਦੇ ਹਨ ਕਿ ਪਿੰਡ ਦੇ ਨੌਜਵਾਨ ਦੀ ਇਸ ਵੱਡੀ ਪ੍ਰਾਪਤੀ ਕਰਕੇ ਦੋ ਦਿਨ ਤੋਂ ਜਿਹੜਾ ਇਸ ਰਾਹ ਪੈਂਦਾ ਹੈ ਉਸ ਦੀ ਮੰਜ਼ਿਲ ਇਹੋ ਹੀਰੋ ਦਾ ਘਰ 'ਤੂਰ ਨਿਵਾਸ' ਹੋਣ ਕਰਕੇ ਉਹ ਬੁੱਝ ਲੈਂਦੇ ਹਨ।

ਇਹ ਵੀ ਪੜ੍ਹੋ:

ਗੁਰਬਚਨ ਕੌਰ ਤੇ ਕੁਲਦੀਪ ਕੌਰ ਨਾਲ ਬੈਠੀ ਜਸਵਿੰਦਰ ਕੌਰ ਬੋਲੀ, ''ਇਹ ਮੁੰਡਾ ਤਾਂ ਬਚਪਨ ਤੋਂ ਹੀ ਅਲਹਿਦਾ ਕਿਸਮ ਦਾ ਸੀ।

ਬਾਕੀ ਬੱਚੇ ਹੋਰ ਖੇਡਾਂ ਖੇਡਦੇ ਤਾਂ ਇਹ ਆਪਣੇ ਚਾਚੇ ਗੁਰਦੇਵ ਸਿੰਘ ਨਾਲ ਦਸ ਸਾਲ ਦੀ ਉਮਰ ਵਿੱਚ ਹੀ ਪਿੰਡ ਦੀ ਗਰਾਊਂਡ ਵਿੱਚ ਜਾਣ ਲੱਗਾ। ਅਸੀਂ ਉਸ ਨੂੰ ਕਦੇ ਬਾਹਰ ਮੁੰਡਿਆਂ ਵਿੱਚ ਬੈਠਾ ਵੀ ਨਹੀਂ ਸੀ ਦੇਖਿਆ।"

Image copyright jasbir shetra/bbc
ਫੋਟੋ ਕੈਪਸ਼ਨ ਤੇਜਿੰਦਰਪਾਲ ਸਿੰਘ ਓਲੰਪਿਕਸ ਖੇਡਾਂ ਵਿੱਚ ਜਿੱਤਣਾ ਚਾਹੁੰਦਾ ਹੈ ਮੈਡਲ

'ਉਲੰਪਿਕਸ ਤੱਕ ਵਿਆਹ ਨਹੀਂ ਕਰਾਉਣਾ'

ਮਾਂ ਪ੍ਰਿਤਪਾਲ ਕੌਰ ਮੁਤਾਬਕ, ''ਪਿਤਾ ਦੀ ਸਿਹਤ ਨਾਸਾਜ਼ ਰਹਿੰਦੀ ਹੋਣ ਕਰਕੇ ਉਹ ਤੇਜਿੰਦਰ 'ਤੇ ਵਿਆਹ ਲਈ ਬਹੁਤ ਜ਼ੋਰ ਪਾਉਂਦੀ ਰਹੀ । ਪਰ ਉਸਦਾ ਗੋਲਾ ਸੁੱਟਣ ਦੀ ਖੇਡ ਨਾਲ ਇੰਨਾ ਪਿਆਰ ਹੈ ਕਿ ਹਰ ਵਾਰ ਇਕੋ ਜਵਾਬ ਦਿੰਦਾ ਸੀ ਉਹ ਕਿ ਉਲੰਪਿਕਸ ਖੇਡਾਂ ਵਿੱਚ ਹਿੱਸਾ ਲੈਣ ਤੋਂ ਬਾਅਦ ਹੀ ਵਿਆਹ ਕਰਵਾਏਗਾ।"

ਫਿਰ ਉੱਚੀ ਆਵਾਜ਼ ਵਿੱਚ ਹੱਸਦੇ ਹੋਏ ਬੋਲੀ ਸੀ , ''ਭਾਵੇਂ ਉਦੋਂ ਤੱਕ ਕੁੜੀਆਂ ਹੀ ਮੁੱਕ ਜਾਣ।"

ਕਰਮ ਸਿੰਘ ਹੀਰੋ ਦੀ ਮਿਜ਼ਾਜਪੁਰਸ਼ੀ ਲਈ ਆਏ ਪਿੰਡ ਤੋਂ ਹੀ ਉਨ੍ਹਾਂ ਦੇ ਦੋਸਤ ਅਸ਼ੋਕ ਸ਼ਰਮਾ ਦੱਸਦੇ ਹਨ, ''ਛੇ ਫੁੱਟ ਤਿੰਨ ਇੰਚ ਕੱਦ ਵਾਲੇ ਅਤੇ ਸਵਾ ਕੁਇੰਟਲ ਦੇ ਕਰੀਬ ਵਜ਼ਨ ਵਾਲੇ ਤੇਜਿੰਦਰ ਤੋਂ ਦੇਸ ਨੂੰ ਬਹੁਤ ਉਮੀਦਾਂ ਹਨ।

ਉਹ ਪਿੰਡ ਵਿੱਚ 18 ਮੀਟਰ ਦੂਰ ਗੋਲਾ ਸੁੱਟਦਾ ਰਿਹਾ ਤੇ ਇਸ ਖੇਡ ਦੇ ਖਿਡਾਰੀ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਆਪਣੇ ਚਾਚੇ ਗੁਰਦੇਵ ਸਿੰਘ ਤੋਂ ਸਿਖਲਾਈ ਲੈਣ ਤੋਂ ਬਾਅਦ ਉਹ 20 ਮੀਟਰ ਪਾਰ ਕਰ ਗਿਆ।

ਬਾਅਦ ਵਿੱਚ ਕੋਚ ਮਹਿੰਦਰ ਸਿੰਘ ਢਿੱਲੋਂ ਕੋਲੋਂ ਜਲੰਧਰ ਵਿੱਚ ਰਹਿ ਕੇ ਸਿਖਲਾਈ ਲਈ ਅਤੇ ਹੁਣ ਜਕਾਰਤਾ ਏਸ਼ੀਆਈ ਖੇਡਾਂ ਵਿੱਚ 20.75 ਮੀਟਰ ਨਾਲ ਪੁਰਾਣੇ ਰਿਕਾਰਡ ਤੋੜ ਕੇ ਸੋਨੇ ਦਾ ਤਗ਼ਮਾ ਜਿੱਤ ਲਿਆ।"

ਉਹ ਇਸ ਪਿੱਛੇ ਤੇਜਿੰਦਰ ਤੋਂ ਇਲਾਵਾ ਬਾਕੀ ਟੱਬਰ ਦੀ ਮਿਹਨਤ ਦਾ ਵੀ ਜ਼ਿਕਰ ਕਰਨਾ ਨਹੀਂ ਭੁੱਲਦੇ ਜਿਨ੍ਹਾਂ ਨੇ ਔਖੇ ਹਾਲਾਤ ਵਿੱਚ ਵੀ ਤੇਜਿੰਦਰ ਦਾ ਪੂਰਾ ਸਾਥ ਦਿੱਤਾ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)