#100WOMEN: ਬੀਬੀਸੀ 100 ਵੂਮੈਨ 2019 ਦੀ ਸੂਚੀ ਵਿੱਚ 7 ਭਾਰਤੀ ਔਰਤਾਂ ਨੂੰ ਮਿਲੀ ਥਾਂ

100 Women

ਬੀਬੀਸੀ 2013 ਤੋਂ 'ਬੀਬੀਸੀ 100 ਵੂਮੈਨ'ਤਹਿਤ ਪ੍ਰੇਰਣਾਮਈ ਔਰਤਾਂ ਦੀਆਂ ਕਹਾਣੀਆਂ ਆਪਣੇ ਵਿਸ਼ਵ ਵਿਆਪੀ ਦਰਸ਼ਕਾਂ ਤੱਕ ਪਹੁੰਚਾ ਰਿਹਾ ਹੈ।

ਲੰਘੇ ਸਾਲਾਂ ਵਿੱਚ ਅਸੀਂ ਮੇਕ-ਅੱਪ ਉੱਦਮੀ ਬੌਬੀ ਬਰਾਊਨ, ਸੰਯੁਕਤ ਰਾਸ਼ਟਰ ਦੀ ਉਪ-ਸਕੱਤਰ ਜਨਰਲ ਅਮੀਨਾ ਮੁਹੰਮਦ, ਕਾਰਕੁਨ ਮਲਾਲਾ ਯੂਸੁਫਜਾਈ, ਅਥਲੀਟ ਸਿਮੋਨ ਬਾਇਲਸ, ਸੁਪਰਮਾਡਲ ਅਲੈਕ ਵੇਕ, ਸੰਗੀਤਕਾਰ ਅਲੀਸ਼ਾ ਕੀਜ਼ ਅਤੇ ਉਲੰਪਿਕ ਚੈਂਪੀਅਨ ਮੁੱਕੇਬਾਜ਼ ਨਿਕੋਲਾ ਐਡਮਜ਼ ਸਣੇ ਕਈ ਵਿਲੱਖਣ ਪ੍ਰਾਪਤੀਆਂ ਵਾਲੀਆਂ ਔਰਤਾਂ ਨੂੰ ਸਨਮਾਨਤ ਕੀਤਾ ਹੈ।

ਇਸ ਸਾਲ ਬੀਬੀਸੀ ਐਵਾਰਡ ਜੇਤੂ ਸੀਰੀਜ਼ ਛੇਵੇਂ ਸਾਲ ਵਿੱਚ ਪਹੁੰਚੀ ਹੈ। ਇਸ ਸਾਲ 'ਬੀਬੀਸੀ 100 ਵੂਮੈਨ'ਔਰਤਾਂ ਦੇ ਭਵਿੱਖ ਬਾਰੇ ਹੋਵੇਗੀ ਤੇ ਨਾਂ ਹੋਵੇਗਾ 'ਦਿ ਫ਼ੀਮੇਲ ਫਿਊਚਰ।'

100 ਵੂਮੈਨ, 2019 ਦੀ ਸੂਚੀ ਵਿੱਚ ਜਿਨ੍ਹਾਂ ਔਰਤਾਂ ਨੇ ਥਾਂ ਬਣਾਈ, ਉਹ ਜਾਰੀ ਕੀਤੀ ਜਾ ਚੁੱਕੀ ਹੈ।

ਵਿਸ਼ਵ ਪੱਧਰ ਦੀਆਂ ਇਨ੍ਹਾਂ 100 ਔਰਤਾਂ ਦੀ ਸੂਚੀ ਵਿੱਚ 7 ਭਾਰਤੀ ਵੀ ਸ਼ਾਮਿਲ ਹਨ।

ਅਰਣਿਆ ਜੌਹਰ, ਕਵਿੱਤਰੀ

ਅਰਣਿਆ ਲਿੰਗ ਸਮਾਨਤਾ, ਮਾਨਸਿਕ ਸਿਹਤ ਅਤੇ ਸਰੀਰ ਦੀ ਸਕਾਰਾਤਮਕਤਾ ਵਰਗੇ ਮੁੱਦਿਆਂ ਨੂੰ ਸੰਬੋਧਿਤ ਕਰਨ ਲਈ ਬੀਟ ਕਾਵਿ ਦੀ ਵਰਤੋਂ ਕਰਦੀ ਹੈ।

ਉਸ ਦੀ 'ਏ ਬਰਾਊਨ ਗਰਲਜ਼ ਗਾਈਡ ਟੂ ਬਿਊਟੀ' ਕਵਿਤਾ ਨੂੰ ਯੂ-ਟਿਊਬ 'ਤੇ ਤਿੰਨ ਮਿਲੀਅਨ ਤੋਂ ਜ਼ਿਆਦਾ ਵਾਰ ਦੇਖਿਆ ਗਿਆ।

ਭਵਿੱਖ ਪ੍ਰਤੀ ਉਸ ਦਾ ਨਜ਼ਰੀਆ:

''ਜੇ ਔਰਤਾਂ ਕਾਰਜ ਖੇਤਰ ਵਿੱਚ ਸ਼ਾਮਿਲ ਹੁੰਦੀਆਂ ਹਨ ਤਾਂ ਗਲੋਬਲ ਜੀਡੀਪੀ 28 ਟ੍ਰਿਲਿਅਨ ਡਾਲਰ ਤੱਕ ਵਧ ਸਕਦੀ ਹੈ। ਅਸੀਂ ਵਿਸ਼ਵ ਦੀ ਅੱਧੀ ਆਬਾਦੀ ਅਤੇ ਉਨ੍ਹਾਂ ਦੀ ਸਮਰੱਥਾ ਨੂੰ ਸੀਮਤ ਕਿਉਂ ਕਰ ਰਹੇ ਹਾਂ? ਲਿੰਗ ਸਮਾਨਤਾ ਵਾਲੀ ਦੁਨੀਆ ਕਿਹੋ ਜਿਹੀ ਲੱਗੇਗੀ? ਅਸੀਂ ਇਸ ਤੋਂ ਕਿੰਨਾ ਦੂਰ ਹਾਂ?''

ਸੁਸਮਿਤਾ ਮੋਹੰਤੀ, ਪੁਲਾੜ ਉੱਦਮੀ

'ਭਾਰਤ ਦੀ ਪੁਲਾੜ ਔਰਤ'ਦੇ ਰੂਪ ਵਿੱਚ ਪ੍ਰਸਿੱਧ ਪੁਲਾੜ ਯਾਨ ਡਿਜ਼ਾਈਨਰ ਸੁਸਮਿਤਾ ਨੇ ਭਾਰਤ ਦੇ ਪਹਿਲੇ ਪੁਲਾੜ ਸਟਾਰਟ-ਅਪ ਦੀ ਸਥਾਪਨਾ ਕੀਤੀ ਹੈ।

ਵਾਤਾਵਰਨ ਨੂੰ ਲੈ ਕੇ ਜਨੂੰਨੀ ਇਹ ਔਰਤ ਆਪਣੇ ਕਾਰੋਬਾਰ ਦਾ ਇਸਤੇਮਾਲ ਪੁਲਾੜ ਤੋਂ ਵਾਤਾਵਰਨ ਤਬਦੀਲੀ ਦੀ ਨਿਗਰਾਨੀ ਰੱਖਣ ਅਤੇ ਇਸ ਨੂੰ ਸਮਝਣ ਵਿੱਚ ਮਦਦ ਕਰਨ ਲਈ ਕਰਦੀ ਹੈ।

ਭਵਿੱਖ ਪ੍ਰਤੀ ਸੁਸਮਿਤਾ ਦਾ ਵਿਜ਼ਨ:

''ਮੈਨੂੰ ਡਰ ਹੈ ਕਿ ਸਾਡਾ ਗ੍ਰਹਿ ਤਿੰਨ ਤੋਂ ਚਾਰ ਪੀੜ੍ਹੀਆਂ ਤੋਂ ਬਾਅਦ ਰਹਿਣ ਲਾਇਕ ਨਹੀਂ ਰਹੇਗਾ। ਮੈਨੂੰ ਉਮੀਦ ਹੈ ਕਿ ਵਾਤਾਵਰਨ ਪ੍ਰਤੀ ਮਨੁੱਖਤਾ ਜਾਗੇਗੀ। ''

ਵੰਦਨਾ ਸ਼ਿਵਾ, ਵਾਤਾਵਰਨ ਪ੍ਰੇਮੀ

ਵੰਦਨਾ 1970 ਵਿੱਚ ਉਸ ਲਹਿਰ ਦਾ ਹਿੱਸਾ ਸੀ ਜਿਸ ਤਹਿਤ ਰੁੱਖਾਂ ਨੂੰ ਕੱਟਣ ਤੋਂ ਬਚਾਉਣ ਲਈ ਚਿਪਕੋ ਅੰਦੋਲਨ ਚਲਾਇਆਗ ਗਿਆ ਸੀ।

ਹੁਣ ਉਹ ਵਿਸ਼ਵ ਪ੍ਰਸਿੱਧ ਵਾਤਾਵਰਨ ਪ੍ਰੇਮੀ ਅਤੇ 'ਈਕੋਫੈਮੀਨਿਸਟ'ਐਵਾਰਡ ਜੇਤੂ ਹਨ, ਜਿਸ ਨੂੰ ਦੂਜਾ ਨੋਬਲ ਐਵਾਰਡ ਵੀ ਕਿਹਾ ਜਾਂਦਾ ਹੈ। ਵੰਦਨਾ ਔਰਤਾਂ ਨੂੰ ਕੁਦਰਤ ਦੇ ਰਖਵਾਲੇ ਦੇ ਰੂਪ ਵਿੱਚ ਦੇਖਦੀ ਹੈ।

ਭਵਿੱਖ ਪ੍ਰਤੀ ਵੰਦਨਾ ਦਾ ਨਜ਼ਰੀਆ:

''ਮੈਨੂੰ ਉਮੀਦ ਹੈ ਕਿ ਔਰਤਾਂ ਤਬਾਹੀ ਅਤੇ ਪਤਨ ਤੋਂ ਦੂਰ ਜਾਣ ਵਿੱਚ ਮੋਹਰੀ ਭੂਮਿਕਾ ਨਿਭਾਉਣਗੀਆਂ ਅਤੇ ਸਾਡੇ ਬਿਹਤਰ ਭਵਿੱਖ ਦੇ ਬੀਜ ਬੀਜਣਗੀਆਂ।''

ਨਤਾਸ਼ਾ ਨੋਇਲ, ਯੋਗ ਮਾਹਿਰ

ਨਤਾਸ਼ਾ ਇੱਕ ਯੋਗਿਨੀ ਹਨ, ਜੋ ਯੋਗ ਅਤੇ ਤੰਦਰੁਸਤੀ ਨੂੰ ਲੈ ਕੇ ਕੋਚ ਹਨ।

ਤਿੰਨ ਸਾਲ ਦੀ ਨਿੱਕੀ ਜਿਹੀ ਉਮਰ ਵਿੱਚ ਆਪਣੀ ਮਾਂ ਨੂੰ ਗੁਆਉਣ ਅਤੇ ਬਾਲ ਸ਼ੋਸ਼ਣ ਦਾ ਸ਼ਿਕਾਰ ਹੋਣ ਤੋਂ ਬਾਅਦ ਸਕਾਰਾਤਮਕਤਾ ਦਾ ਸੱਦਾ ਦੇਣ ਵਾਲੀ ਇਹ ਕੁੜੀ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਦਰਦ ਭਰੇ ਬਚਪਨ ਦੀ ਕਹਾਣੀ ਬਿਆਨ ਕਰਦੀ ਹੈ।

ਭਵਿੱਖ ਪ੍ਰਤੀ ਨਤਾਸ਼ਾ ਦਾ ਨਜ਼ਰੀਆ:

''ਮੈਨੂੰ ਉਮੀਦ ਹੈ ਕਿ ਭਵਿੱਖ ਵਿੱਚ ਹਰ ਇਨਸਾਨ ਇੱਕ ਸਸ਼ਕਤ ਦੁਨੀਆ ਵਿੱਚ ਰਹੇਗਾ। ਬਰਾਬਰ ਮੌਕਿਆਂ ਅਤੇ ਬਰਾਬਰੀ ਦੀ ਬੁਨਿਆਦੀ ਆਜ਼ਾਦੀ...ਹਰ ਕੋਈ ਆਪਣੇ ਭਾਵਨਾਤਮਕ ਹੁਨਰ (ਈਕਿਊ) ਅਤੇ ਬੁੱਧੀਮਾਨੀ (ਆਈਕਿਊ) ਨੂੰ ਬਿਹਤਰ ਬਣਾਉਣ ਲਈ ਕੰਮ ਕਰੇ। ਇਸ ਤਰ੍ਹਾਂ ਸੰਜੀਤਾ ਅਤੇ ਸੁਚੇਤ ਇਨਸਾਨ ਬਣੋ।''

ਪ੍ਰਗਤੀ ਸਿੰਘ, ਡਾਕਟਰ

ਜਦੋਂ ਯੋਗ ਡਾਕਟਰ ਪ੍ਰਗਤੀ ਸਿੰਘ ਨੇ 'ਕਾਮ ਪ੍ਰਤੀ ਉਦਾਸੀਨਤਾ'(ਅਸੈਕਸੂਐਲਿਟੀ- ਯੌਨ ਸਬੰਧਾਂ ਦੀ ਇੱਛਾ ਨਾ ਹੋਣਾ ਜਾਂ ਦੂਜਿਆਂ ਪ੍ਰਤੀ ਆਕਰਸ਼ਣ ਨਾ ਹੋਣਾ) ਬਾਰੇ ਖੋਜ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਅਜਿਹੀਆਂ ਔਰਤਾਂ ਦੇ ਸੰਦੇਸ਼ ਮਿਲੇ ਜੋ ਅਰੇਂਜ ਮੈਰਿਜ ਦੀਆਂ ਸਮੱਸਿਆਵਾਂ ਨਾਲ ਜੂਝ ਰਹੀਆਂ ਸਨ ਅਤੇ ਸੈਕਸ ਨਹੀਂ ਕਰਨਾ ਚਾਹੁੰਦੀਆਂ ਸਨ।

ਇਸ ਲਈ ਉਨ੍ਹਾਂ ਨੇ ਅਜਿਹੇ ਲੋਕਾਂ ਨੂੰ ਇੱਕ ਥਾਂ ਮਿਲਾਉਣਾ ਸ਼ੁਰੂ ਕਰ ਦਿੱਤਾ। ਹੁਣ ਉਹ ਕਾਮ ਪ੍ਰਤੀ ਉਦਾਸੀਨਤਾ ਰੱਖਣ ਵਾਲਿਆਂ ਲਈ ਆਨਲਾਈਨ ਕਮਿਊਨਿਟੀ - ਇੰਡੀਅਨ ਏਸੇਜ਼ ਚਲਾਉਂਦੇ ਹਨ।

ਭਵਿੱਖ ਪ੍ਰਤੀ ਪ੍ਰਗਤੀ ਦਾ ਵਿਜ਼ਨ:

''ਹੁਣ ਵੇਲਾ ਆ ਗਿਆ ਹੈ ਕਿ ਸਾਨੂੰ ਆਪਣੇ ਨਾਰੀਵਾਦ 'ਚ ਵੱਧ ਤੋਂ ਵੱਧ ਨਾਰੀਵਾਦੀ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ।''

ਸੁਭਾਲਕਸ਼ਮੀ ਨੰਦੀ, ਲਿੰਗਕ ਸਮਾਨਤਾ ਮਾਹਿਰ

ਔਰਤਾਂ 'ਤੇ ਖੋਜ ਕਰਨ ਵਾਲੇ ਅੰਤਰਰਾਸ਼ਟਰੀ ਸੈਂਟਰ ਨਾਲ ਸਬੰਧਿਤ ਸੁਭਾਲਕਸ਼ਮੀ ਨੇ ਏਸ਼ੀਆ ਵਿੱਚ ਲਿੰਗ ਸਮਾਨਤਾ 'ਚ ਸੁਧਾਰ ਕਰਨ ਲਈ 15 ਸਾਲ ਤੋਂ ਵੱਧ ਸਮਾਂ ਕੰਮ ਕੀਤਾ ਹੈ।

ਉਨ੍ਹਾਂ ਦਾ ਧਿਆਨ ਔਰਤ ਕਿਸਾਨਾਂ ਦੇ ਅਧਿਕਾਰਾਂ, ਔਰਤਾਂ ਖਿਲਾਫ਼ ਹਿੰਸਾ ਨੂੰ ਖ਼ਤਮ ਕਰਨਾ ਅਤੇ ਔਰਤਾਂ ਦੀ ਸਿੱਖਿਆ ਵਿੱਚ ਸੁਧਾਰ ਕਰਨ 'ਤੇ ਕੇਂਦਰਿਤ ਹੈ।

ਭਵਿੱਖ ਪ੍ਰਤੀ ਨੰਦੀ ਦਾ ਨਜ਼ਰੀਆ:

''ਉਮੀਦ ਹੈ ਕਿ ਔਰਤਾਂ ਪਰਦੇ ਪਿੱਛੇ ਅਤੇ ਅਣਗੌਲਿਆਂ ਨਹੀਂ ਰਹਿਣਗੀਆਂ, ਉਹ ਖੇਤਾਂ, ਜੰਗਲਾਂ, ਫੈਕਟਰੀਆਂ ਵਿੱਚ, ਸੜਕਾਂ 'ਤੇ ਅਤੇ ਘਰਾਂ ਵਿੱਚ ਜੋ ਕੰਮ ਕਰਦੀਆਂ ਹਨ, ਸਭ ਨੂੰ ਮਾਨਤਾ ਮਿਲੇਗੀ ਅਤੇ ਉਹ ਯੋਗ ਬਣਨਗੀਆਂ। ਉਹ ਖੁਦ ਸੰਗਠਿਤ ਹੋਣਗੀਆਂ ਅਤੇ ਪੂਰੀ ਅਰਥਵਿਵਸਥਾ ਅਤੇ ਸਮਾਜ ਨੂੰ ਬਣਾ ਕੇ ਰੱਖਣ ਲਈ ਜੋ ਵੀ ਕੰਮ ਕਰਨਗੀਆਂ, ਉਹ ਬਿਹਤਰ ਤਰੀਕੇ ਨਾਲ ਕਰਨਗੀਆਂ। ਸਰਕਾਰੀ ਅੰਕੜੇ ਅਤੇ ਨੀਤੀਆਂ ਵੀ ਉਨ੍ਹਾਂ ਦੇ ਕੰਮ ਦੀ ਹਕੀਕਤ ਨੂੰ ਧਿਆਨ ਵਿੱਚ ਰੱਖਣਗੀਆਂ, ਭਾਵੇਂ ਉਹ ਤਨਖਾਹ ਲੈਂਦੀਆਂ ਹਨ ਜਾਂ ਨਹੀਂ। ''

ਪਰਵੀਨਾ ਅਹੰਗਰ, ਭਾਰਤ-ਸ਼ਾਸਿਤ ਕਸ਼ਮੀਰ ਦੀ ਮਨੁੱਖੀ ਅਧਿਕਾਰ ਕਾਰਕੁਨ

ਪਰਵੀਨਾ 'ਕਸ਼ਮੀਰ ਦੀ ਆਇਰਨ ਲੇਡੀ'ਦੇ ਨਾਂ ਨਾਲ ਜਾਣੇ ਜਾਂਦੇ ਹਨ। ਉਨ੍ਹਾਂ ਦਾ ਪੁੱਤਰ ਛੋਟੀ ਉਮਰ ਵਿੱਚ ਹੀ 1990 ਵਿੱਚ ਉਦੋਂ ਲਾਪਤਾ ਹੋ ਗਿਆ ਸੀ, ਜਦੋਂ ਕਸ਼ਮੀਰ ਵਿੱਚ ਭਾਰਤ ਖ਼ਿਲਾਫ਼ ਬਗਾਵਤ ਸਿੱਖਰਾਂ 'ਤੇ ਸੀ।

Image copyright Bcc

ਪਰਵੀਨਾ ਦਾ ਪੁੱਤਰ ਕਸ਼ਮੀਰ ਵਿੱਚ ਲਾਪਤਾ ਹੋਣ ਵਾਲੇ ਇੱਕ ਹਜ਼ਾਰ ਲੋਕਾਂ ਵਿੱਚੋਂ ਇੱਕ ਸੀ। ਇਸੇ ਕਰਕੇ ਪਰਵੀਨਾ ਨੇ ਲਾਪਤਾ ਹੋਏ ਲੋਕਾਂ ਦੇ ਪਰਿਵਾਰ ਵਾਲਿਆਂ ਦਾ ਇੱਕ ਸੰਗਠਨ (ਐਸੋਸੀਏਸ਼ਨ ਆਫ ਪੇਰੈਂਟਸ ਆਫ ਡਿਸਅਪੀਅਰਡ ਪਰਸਜਨਜ਼-ਏਪੀਡੀਪੀ) ਬਣਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ। ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਮੁੜ ਤੋਂ ਦੇਖਣ ਦੀ ਉਮੀਦ ਨਹੀਂ ਛੱਡੀ ਹੈ, ਅਗਲੇ ਸਾਲ ਉਨ੍ਹਾਂ ਦੇ ਪੁੱਤਰ ਦੇ ਲਾਪਤਾ ਹੋਣ ਦਾ 30ਵਾਂ ਵਰ੍ਹਾ ਹੋਵੇਗਾ।

ਭਵਿੱਖ ਪ੍ਰਤੀ ਪਰਵੀਨਾ ਦਾ ਨਜ਼ਰੀਆ:

''ਜ਼ਬਰਦਸਤੀ ਲਾਪਤਾ ਕੀਤੇ ਜਾਣ ਦੇ ਕਾਰਨ ਆਪਣੇ ਪੁੱਤਰ ਨੂੰ ਖੋਹਣ ਦੀ ਤਕਲੀਫ਼ ਨੇ ਮੈਨੂੰ ਨਿਆਂ ਨਿਆਂ ਅਤੇ ਜਵਾਬਦੇਹੀ ਤੈਅ ਕਰਨ ਲਈ ਸੰਘਰਸ਼ ਕਰਨ ਲਈ ਪ੍ਰੇਰਿਤ ਕੀਤਾ ਹੈ। ਮੈਂ ਦੁਨੀਆ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਇੱਛਾ ਰੱਖਦੀ ਹਾਂ, ਖਾਸ ਕਰਕੇ ਔਰਤਾਂ ਲਈ। ਇਹ ਜ਼ਰੂਰੀ ਹੈ ਕਿ ਅੱਜ ਦੀ ਦੁਨੀਆ ਵਿੱਚ ਔਰਤਾਂ ਦੇ ਮੁੱਦਿਆਂ ਨੂੰ ਅਹਿਮੀਅਤ ਦਿੱਤੀ ਜਾਵੇ, ਖਾਸ ਕਰਕੇ ਸੰਘਰਸ਼ ਅਤੇ ਯੁੱਧ ਖੇਤਰਾਂ ਵਿੱਚ ਰਹਿਣ ਵਾਲੀਆਂ ਔਰਤਾਂ ਨੂੰ।''

ਤੁਸੀਂ 22 ਅਕਤੂਬਰ ਨੂੰ ਦਿੱਲੀ ਵਿੱਚ ਹੋਣ ਜਾ ਰਹੇ 100 ਔਰਤਾਂ ਦੇ ਭਵਿੱਖ ਦੇ ਸੰਮੇਲਨ ਵਿੱਚ ਇਨ੍ਹਾਂ ਔਰਤਾਂ ਨੂੰ ਮਿਲ ਸਕਦੇ ਹੋ।

#100WOMEN: ਬੀਬੀਸੀ 100 ਵੂਮੈਨ ਸੂਚੀ ਵਿੱਚ ਸ਼ਾਮਿਲ ਸਾਰੀਆਂ ਔਰਤਾਂ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)