ਭਾਰਤ-ਸ਼ਾਸਿਤ ਕਸ਼ਮੀਰ 'ਚ ਹੋਏ ਗ਼ੈਰ-ਕਸ਼ਮੀਰੀਆਂ ਦੇ ਕਤਲ ਬਾਰੇ ਕੀ ਕਹਿੰਦਾ ਹੈ ਮੀਡੀਆ

ਕਸ਼ਮੀਰ Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਬੁੱਧਵਾਰ ਨੂੰ ਅੱਤਵਾਦੀਆਂ ਨੇ ਇੱਕ ਪਰਵਾਸੀ ਮਜ਼ਦੂਰ ਦਾ ਪੁਲਵਾਮਾ ਜ਼ਿਲ੍ਹੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਪੁਲਵਾਮਾ ਦੇ ਐਸਪੀ ਚੰਦਨ ਕੋਹਿਲੀ ਨੇ ਬੀਬੀਸੀ ਨੂੰ ਦੱਸਿਆ, "ਮਜ਼ਦੂਰ ਛੱਤੀਸਗੜ੍ਹ ਦਾ ਰਹਿਣ ਵਾਲਾ ਸੀ ਤੇ ਇੱਟਾਂ ਦੇ ਭੱਠੇ ਉੱਤੇ ਕੰਮ ਕਰਦਾ ਸੀ। ਉਸ ਨੂੰ ਗੋਲੀ ਮਾਰੀ ਗਈ ਤੇ ਉਹ ਸੜਕ 'ਤੇ ਡਿੱਗ ਗਿਆ।"

ਸੋਮਵਾਰ ਤੋਂ ਬਾਅਦ ਇਹ ਦੂਜਾ ਮਾਮਲਾ ਸੀ ਜਦੋਂ ਇੱਕ ਸ਼ੱਕੀ ਅੱਤਵਾਦੀ ਨੇ ਇੱਕ ਗੈਰ-ਕਸ਼ਮੀਰੀ ਡਰਾਈਵਰ ਨੂੰ ਦੱਖਣੀ ਕਸ਼ਮੀਰ ਦੇ ਪਿੰਡ ਸ਼ਿਰਮੋਲ ਵਿੱਚ ਮਾਰ ਦਿੱਤਾ ਤੇ ਉਸ ਦੇ ਟਰੱਕ ਨੂੰ ਵੀ ਅੱਗ ਲਗਾ ਦਿੱਤੀ ਗਈ। ਉਹ ਉੱਥੇ ਸੇਬ ਲੱਦਣ ਗਿਆ ਸੀ।

ਡਰਾਈਵਰ ਦੀ ਪਛਾਣ ਸ਼ਰੀਫ਼ ਖ਼ਾਨ ਵਜੋਂ ਹੋਈ ਹੈ। ਪੁਲਿਸ ਦਾ ਦਾਅਵਾ ਹੈ ਕਿ ਉਸ ਨੂੰ ਅੱਤਵਾਦੀਆਂ ਨੇ ਕਤਲ ਕਰ ਦਿੱਤਾ ਸੀ ਅਤੇ ਇਨ੍ਹਾਂ ਵਿੱਚ ਇੱਕ ਪਾਕਿਸਤਾਨੀ ਅੱਤਵਾਦੀ ਵੀ ਸ਼ਾਮਿਲ ਸੀ।

ਇਹ ਵੀ ਪੜ੍ਹੋ:

ਪੁਲਿਸ ਮੁਤਾਬਕ ਧਾਰਾ 370 ਖ਼ਤਮ ਕਰਨ ਤੋਂ ਬਾਅਦ ਸ੍ਰੀਨਗਰ ਦੇ ਪਰੀਮਪੋਰਾ ਵਿੱਚ ਗੁਲਾਮ ਮੁਹੰਮਦ ਮੀਰ ਨਾਮ ਦੇ ਇੱਕ ਦੁਕਾਨਦਾਰ ਨੂੰ ਸ਼ੱਕੀ ਅੱਤਵਾਦੀਆਂ ਨੇ ਕਤਲ ਕਰ ਦਿੱਤਾ ਸੀ ਕਿਉਂਕਿ ਉਸ ਨੇ ਅੱਤਵਾਦੀਆਂ ਵੱਲੋਂ ਦੁਕਾਨ ਬੰਦ ਰੱਖਣ ਦੀ ਹਦਾਇਤ ਨਹੀਂ ਮੰਨੀ ਸੀ।

ਬੀਬੀਸੀ ਦੀ ਟੀਮ ਪਰੀਮਪੋਰਾ ਵਿੱਚ ਦੁਕਾਨਦਾਰ ਦੇ ਘਰ ਗਈ ਤੇ ਉਸ ਦੇ ਪਰਿਵਾਰ ਨਾਲ ਗੱਲਬਾਤ ਕੀਤੀ।

ਉਸ ਦੇ ਪਰਿਵਾਰ ਦੇ ਇੱਕ ਮੈਂਬਰ ਨੇ ਕਿਹਾ, "ਤਕਰੀਬਨ ਰਾਤ ਸਾਢੇ 8 ਵਜੇ ਤਿੰਨ ਬੰਦੂਕਧਾਰੀਆਂ ਨੇ ਮੁਹੰਮਦ ਮੀਰ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਦੌਰਾਨ ਮੀਰ ਦੀ ਪਤਨੀ ਦੁਕਾਨ 'ਤੇ ਹੀ ਮੌਜੂਦ ਸੀ। ਗੋਲੀਬਾਰੀ ਕਰਨ ਵਾਲਿਆਂ ਨੇ ਸਾਦੇ ਕੱਪੜੇ ਪਾਏ ਹੋਏ ਸਨ। ਇਸ ਤੋਂ ਬਾਅਦ ਮੁਹੰਮਦ ਮੀਪ ਦੀ ਹਸਪਤਾਲ ਵਿੱਚ ਮੌਤ ਹੋ ਗਈ।"

ਇੱਕ ਹੋਰ ਮਾਮਲੇ ਵਿੱਚ ਉੱਤਰੀ ਕਸ਼ਮੀਰ ਦੇ ਸੋਪੋਰ ਵਿੱਚ ਇੱਕ ਬੰਦੂਕਧਾਰੀ ਨੇ ਫ਼ਲ ਉਗਾਉਣ ਵਾਲਿਆਂ 'ਤੇ ਗੋਲੀਬਾਰੀ ਕੀਤੀ। ਇਸ ਦੌਰਾਨ ਇੱਕ ਤਿੰਨ ਸਾਲਾ ਬੱਚੀ ਸਣੇ ਚਾਰ ਲੋਕ ਜ਼ਖਮੀ ਹੋ ਗਏ।

Image copyright Getty Images

ਇੱਕ ਸਾਲ ਪਹਿਲਾਂ ਦੱਖਣੀ ਕਸ਼ਮੀਰ ਦੇ ਤਰਾਲ ਖ਼ੇਤਰ ਵਿੱਚ ਦੋ ਨਾਗਰਿਕਾਂ ਨੂੰ ਕਤਲ ਕਰ ਦਿੱਤਾ ਗਿਆ ਸੀ। ਇਸ ਕਾਰਨ ਕਾਫ਼ੀ ਹੰਗਾਮਾ ਹੋਇਆ ਸੀ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਅੱਤਵਾਦੀਆਂ ਨੇ ਦੋ ਨਾਗਰਿਕਾਂ ਦਾ ਕਤਲ ਕੀਤਾ ਹੈ।

ਇੱਕ ਸੇਵਾਮੁਕਤ ਪੁਲਿਸ ਅਫ਼ਸਰ ਨੇ ਨਾਮ ਨਾ ਛਾਪੇ ਜਾਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ ਕਿ ਇਹ ਕਤਲ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਲਈ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਜਦੋਂ ਅੱਤਵਾਦੀਆਂ ਨੇ ਕਤਲ ਕੀਤੇ ਤਾਂ ਜ਼ਰੂਰੀ ਨਹੀਂ ਕਿ ਉਹ ਹਰ ਵਾਰਦਾਤ ਦੀ ਜ਼ਿੰਮੇਵਾਰੀ ਲੈਣਗੇ।

ਦੱਸ ਦਈਏ ਕਿ 5 ਅਗਸਤ, 2019 ਨੂੰ ਭਾਰਤ ਸਰਕਾਰ ਵਲੋਂ ਜੰਮੂ ਤੇ ਭਾਰਤ ਸ਼ਾਸਿਤ ਕਸ਼ਮੀਰ 'ਚੋਂ ਧਾਰਾ 370 ਖ਼ਤਮ ਕੀਤੇ ਜਾਣ ਤੋਂ ਬਾਅਦ ਤਣਾਅ ਬਣਿਆ ਹੋਇਆ ਹੈ।

ਉਦੋਂ ਤੋਂ ਹੀ ਭਾਰਤ-ਸ਼ਾਸਿਤ ਕਸ਼ਮੀਰ ਵਿੱਚ ਪੂਰੀ ਤਰ੍ਹਾਂ ਬੰਦ ਹੈ, ਕਰਫ਼ਿਊ ਲੱਗਿਆ ਹੈ, ਪਾਬੰਦੀਆਂ ਹਨ, ਸਕੂਲ-ਕਾਲਜ ਤੇ ਸਾਰੇ ਕੰਮ-ਧੰਦੇ ਬੰਦ ਹਨ।

ਕੁਝ ਹਫ਼ਤੇ ਪਹਿਲਾਂ ਹੀ ਲੈਂਡਲਾਈਨ ਫੋਨ ਸ਼ੁਰੂ ਕਰ ਦਿੱਤੇ ਗਏ ਅਤੇ ਪੋਸਟਪੇਡ ਮੋਬਾਈਲ ਫ਼ੋਨ ਸੇਵਾ ਵੀ ਸੋਮਵਾਰ ਤੋਂ ਮੁੜ ਸ਼ੁਰੂ ਕਰ ਦਿੱਤੀ ਗਈ।

Image copyright Getty Images

ਸੀਨੀਅਰ ਪੱਤਰਕਾਰ ਤੇ ਡੇਲੀ ਕਸ਼ਮੀਰ ਦੇ ਸੰਪਾਦਕ ਬਸ਼ੀਰ ਮੰਜ਼ਰ ਮੁਤਾਬਕ ਅਜਿਹੀਆਂ ਘਟਨਾਵਾਂ ਮੰਦਭਾਗੀਆਂ ਹਨ ਤੇ ਕਸ਼ਮੀਰ ਦੇ ਅਰਥਚਾਰੇ ਲਈ ਦੁਖ ਦੇਣ ਵਾਲੀਆਂ ਹਨ।

ਉਨ੍ਹਾਂ ਕਿਹਾ, "ਇਸ ਵਿੱਚ ਕੋਈ ਵਿਵਾਦ ਹੀ ਨਹੀਂ ਕਿ ਜਦੋਂ ਵੀ ਅਜਿਹੀਆਂ ਘਟਨਾਵਾਂ ਜਾਂ ਕਤਲ ਹੁੰਦੇ ਹਨ ਤਾਂ ਡਰ ਦਾ ਮਾਹੌਲ ਲਾਜ਼ਮੀ ਹੈ। ਬਾਗਵਾਨੀ ਕਸ਼ਮੀਰ ਦੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ। ਪਿਛਲ਼ੇ ਮਹੀਨੇ ਸੋਪੋਰ ਤੋਂ ਸ਼ੋਪੀਆਂ ਜਿੱਥੇ ਫ਼ਲ ਲੱਦ ਰਹੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ, ਉੱਥੇ ਹੀ ਇਹ ਹਮਲੇ ਬਾਗਵਾਨੀ 'ਤੇ ਹਮਲਾ ਹਨ। ਕਸ਼ਮੀਰ ਵਿੱਚ ਵਧੇਰੇ ਲੋਕ ਬਾਗਵਾਨੀ 'ਤੇ ਨਿਰਭਰ ਹਨ।''

''ਫ਼ਲਾਂ ਦਾ ਵਪਾਰ ਕਰਨ ਵਾਲੇ ਲੋਕਾਂ ਲਈ ਇਹ ਕਟਾਈ ਦਾ ਮੌਸਮ ਹੈ। ਇਸ ਮੌਸਮ ਵਿੱਚ ਸੇਬ ਹੋਰਨਾਂ ਸੂਬਿਆਂ ਵਿੱਚ ਭੇਜੇ ਜਾਂਦੇ ਹਨ। ਜੇ ਅਜਿਹਾ ਡਰ ਲੋਕਾਂ ਦੇ ਮਨਾਂ ਵਿੱਚ ਬਿਠਾ ਦਿੱਤਾ ਜਾਵੇਗਾ ਤਾਂ ਉਹ ਆਪਣੇ ਸੇਬ ਨਹੀਂ ਵੇਚ ਪਾਉਣਗੇ। ਇਸ ਤਰ੍ਹਾਂ ਕਸ਼ਮੀਰ ਦੇ ਅਰਥਚਾਰੇ 'ਤੇ ਅਸਰ ਪਏਗਾ। ਕਸ਼ਮੀਰੀ ਜਾਂ ਗੈਰ-ਕਸ਼ਮੀਰ ਦੇ ਕਤਲ ਦਾ ਮਾਹੌਲ 'ਤੇ ਮਾੜਾ ਅਸਰ ਪਏਗਾ।"

ਫ਼ਲਾਂ ਦੇ ਵਪਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਕਿਸ ਦੇ ਕਹਿਣ 'ਤੇ ਇਹ ਹੋ ਰਿਹਾ ਹੈ ਤੇ ਅਜਿਹੇ ਮਾਮਲੇ ਨਿੰਦਾ ਯੋਗ ਹਨ।

ਗਰੋਅਰਜ਼ ਐਸੋਸੀਏਸ਼ਨ ਤੇ ਫ਼ਲ ਡੀਲਰ ਦੇ ਚੇਅਰਮੈਨ ਬਸ਼ੀਰ ਅਹਿਮਦ ਬਸ਼ੀਰ ਨੇ ਬੀਬੀਸੀ ਨੂੰ ਦੱਸਿਆ, "ਸਾਨੂੰ ਨਹੀਂ ਪਤਾ ਕਿ ਸ਼ੋਪੀਆਂ ਵਿੱਚ ਡਰਾਈਵਰ ਨੂੰ ਕਿਸ ਨੇ ਕਤਲ ਕੀਤਾ ਤੇ ਸਾਡੇ ਕੋਲ ਇਸ ਬਾਰੇ ਪੂਰੀ ਜਾਣਕਾਰੀ ਵੀ ਨਹੀਂ ਹੈ, ਪਰ ਜੋ ਵੀ ਕਰ ਰਿਹਾ ਹੈ ਉਹ ਗਲਤ ਹੈ।"

ਜਦੋਂ ਪੁੱਛਿਆ ਗਿਆ ਕਿ ਕੀ ਇਹ ਲੋਕਾਂ ਵਿੱਚ ਡਰ ਵਧਾਉਣ ਦੀ ਕੋਸ਼ਿਸ਼ ਹੈ ਤਾਂ ਉਨ੍ਹਾਂ ਕਿਹਾ, "ਹਾਂ ਬਿਲਕੁਲ ਪਰ ਸਾਨੂੰ ਨਹੀਂ ਪਤਾ ਕਿ ਅਜਿਹੀਆਂ ਘਟਨਾਵਾਂ ਨੂੰ ਕੌਣ ਅੰਜਾਮ ਦੇ ਰਿਹਾ ਹੈ। ਪਰ ਇਹ ਕੁਦਰਤੀ ਹੈ ਕਿ ਅਜਿਹੀਆਂ ਘਟਨਾਵਾਂ ਡਰ ਪੈਦਾ ਕਰਦੀਆਂ ਹਨ। ਅਸੀਂ ਇਸ ਦੀ ਨਿੰਦਾ ਕਰਦੇ ਹਾਂ।"

Image copyright Getty Images
ਫੋਟੋ ਕੈਪਸ਼ਨ ਸੰਕੇਤਕ ਸਤਵੀਰ

6 ਸਤੰਬਰ, 2019 ਨੂੰ ਕੁਝ ਸ਼ੱਕੀ ਅੱਤਵਾਦੀ ਸੋਪੋਰ ਵਿੱਚ ਅਰਸ਼ਦ ਹੁਸੈਨ ਦੇ ਘਰ ਵਿੱਚ ਦਾਖਿਲ ਹੋ ਗਏ ਤੇ ਉਸ 'ਤੇ ਅਤੇ ਪਰਿਵਾਰ 'ਤੇ ਗੋਲੀ ਚਲਾ ਦਿੱਤੀ ਜਿਸ ਕਾਰਨ ਇੱਕ ਕੁੜੀ ਸਣੇ ਚਾਰ ਲੋਕ ਜ਼ਖਮੀ ਹੋ ਗਏ।

ਅਰਸ਼ਦ ਤੇ ਉਸ ਦੇ ਪਰਿਵਾਰ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਉਨ੍ਹਾਂ ਦਾ ਸ੍ਰੀਨਗਰ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਤਾਂ ਦੋ ਬੰਦੂਕਧਾਰੀ ਉਨ੍ਹਾਂ ਨੂੰ ਪੁੱਛਣ ਆਏ ਕਿ ਉਹ ਦੁਕਾਨਾਂ ਕਿਉਂ ਖੋਲ੍ਹ ਰਹੇ ਹਨ।

ਇਹ ਵੀ ਪੜ੍ਹੋ:

ਉਸ ਨੇ ਕਿਹਾ, ''ਰਾਤ ਦੇ 8 ਵਜੇ ਦਾ ਸਮਾਂ ਸੀ ਕਿ ਦੋ ਬੰਦੂਕਧਾਰੀ ਸੋਪੋਰ 'ਚ ਸਾਡੇ ਘਰ ਆਏ। ਉਨ੍ਹਾਂ ਦੇ ਨਾਲ ਆਏ ਸਾਡੇ ਇੱਕ ਰਿਸ਼ਤੇਦਾਰ ਨੂੰ ਉਨ੍ਹਾਂ ਨੇ ਕਿਹਾ ਸੀ ਕਿ ਮੰਡੀ ਵਿੱਚ ਦੁਕਾਨਾਂ ਕਿਉਂ ਖੋਲ੍ਹੀਆਂ ਜਾ ਰਹੀਆਂ ਹਨ।''

''5 ਅਗਸਤ ਤੋਂ ਬਾਅਦ ਸੋਪੋਰ ਵਿੱਚ ਸਾਡੀ ਫਲਾਂ ਦੀ ਮੰਡੀ ਕੁਝ ਦਿਨਾਂ ਲਈ ਬੰਦ ਹੋ ਗਈ। ਕੁਝ ਦਿਨਾਂ ਬਾਅਦ ਅਸੀਂ ਦੁਕਾਨ ਖੋਲ੍ਹੀ ਤੇ ਸਾਡਾ ਕੰਮ ਆਮ ਵਾਂਗ ਚੱਲ ਰਿਹਾ ਸੀ। ਫਿਰ ਕੁਝ ਹੋਰ ਦਿਨ ਸਾਡੀ ਮੰਡੀ ਬੰਦ ਰਹੀ। ਫਿਰ ਸਾਡੇ ਪ੍ਰਧਾਨ ਨੂੰ ਕਿਹਾ ਕਿ ਕੋਈ ਡਰ ਵਾਲੀ ਗੱਲ ਨਹੀਂ ਹੈ ਤੇ ਅਸੀਂ ਫਿਰ ਮੰਡੀ ਖੋਲ੍ਹ ਲਈ। ਅਸੀਂ ਰੋਜ਼ਾਨਾਂ ਸਵੇਰੇ ਖੋਲ੍ਹਦੇ ਸੀ।"

ਸ੍ਰੀਨਗਰ ਆਧਾਰਿਤ ਇੱਕ ਪੱਤਰਕਾਰ ਹਾਰੂਨ ਰੇਸ਼ੀ ਦਾ ਕਹਿਣਾ ਕਿ ਸਪੱਸ਼ਟ ਹੈ ਕਿ ਅੱਤਵਾਦੀਆਂ ਦਾ ਕਸ਼ਮੀਰ ਵਿੱਚ ਮਜ਼ਬੂਤ ਹੱਥ ਹੈ ਤੇ ਸੁਰੱਖਿਆ ਮੁਲਾਜ਼ਮ ਲੋਕਾਂ ਨੂੰ ਬਚਾਉਣ ਵਿੱਚ ਅਸਮਰਥ ਹਨ।

ਉਨ੍ਹਾਂ ਮੁਤਾਬਕ, "ਪਹਿਲੀ ਗੱਲ ਇਹ ਹੈ ਕਿ ਜਦੋਂ ਸਰਕਾਰ ਨੇ ਧਾਰਾ 370 ਖ਼ਤਮ ਕਰਨ ਤੋਂ ਬਾਅਦ ਤਕਰੀਬਨ ਇੱਕ ਲੱਖ ਵਧੀਕ ਸੁਰੱਖਿਆ ਮੁਲਾਜ਼ਮ ਕਸ਼ਮੀਰ ਵਿੱਚ ਤਾਇਨਾਤ ਕਰ ਦਿੱਤੇ ਤਾਂ ਸਰਕਾਰ ਨੂੰ ਲੱਗਿਆ ਕਿ ਅਜਿਹਾ ਕਰਕੇ ਹਾਲਾਤ 'ਤੇ ਕਾਬੂ ਪਾਇਆ ਜਾ ਸਕਦਾ ਹੈ। ਪਰ ਅਜਿਹੇ ਮਾਮਲੇ ਦੱਸਦੇ ਹਨ ਕਿ ਕੁਝ ਖੇਤਰਾਂ ਵਿੱਚ ਸਰਕਾਰ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ ਕਿਉਂਕਿ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨਾਗਰਿਕਾਂ ਨੂੰ ਸੁਰੱਖਿਅਤ ਕਰਨ ਵਿੱਚ ਨਾਕਾਮਯਾਬ ਰਹੇ ਹਨ। ਅਜਿਹੇ ਕਤਲ ਕਰਕੇ ਲੋਕਾਂ ਨੂੰ ਡਰਾਉਣਾ ਉਨ੍ਹਾਂ ਦਾ ਮਕਸਦ ਹੈ।"

ਉਨ੍ਹਾਂ ਅੱਗੇ ਕਿਹਾ, "ਜਦੋਂ ਅਜਿਹੇ ਮਾਮਲੇ ਕਸ਼ਮੀਰ ਤੋਂ ਬਾਹਰ ਜਾਂਦੇ ਹਨ ਤਾਂ ਇਹ ਪ੍ਰਭਾਵ ਜਾਂਦਾ ਹੈ ਕਿ ਕਸ਼ਮੀਰ ਗੈਰ-ਕਸ਼ਮੀਰੀਆਂ ਲਈ ਸੁਰੱਖਿਅਤ ਨਹੀਂ ਹੈ।"

Image copyright Getty Images

ਭਾਜਪਾ ਦੇ ਬੁਲਾਰੇ ਅਲਤਾਫ਼ ਠਾਕੁਰ ਦਾ ਕਹਿਣਾ ਹੈ ਕਿ ਧਾਰਾ 370 ਖ਼ਤਮ ਕੀਤੇ ਜਾਣ 'ਤੇ ਅੱਤਵਾਦੀ ਬੌਖਲਾਏ ਹੋਏ ਹਨ।

ਉਹ ਕਹਿੰਦੇ ਹਨ, ''ਜਦੋਂ ਧਾਰਾ 370 ਦਾ ਖ਼ਾਤਮਾ ਹੋਇਆ ਤਾਂ ਪਾਕਿਸਤਾਨ ਨੂੰ ਲੱਗਿਆ ਕਿ ਕਸ਼ਮੀਰ ਵਿੱਚ ਖ਼ੂਨ-ਖ਼ਰਾਬਾ ਹੋਵੇਗਾ। ਪਰ ਪਿਛਲੇ 70 ਦਿਨਾਂ ਚ ਕੁਝ ਨਹੀਂ ਹੋਇਆ। ਇਹੀ ਇਨ੍ਹਾਂ ਦੀ ਭੜਾਸ ਦਾ ਕਾਰਨ ਹੈ। ਅੱਤਵਾਦੀ ਨੂੰ ਪਤਾ ਹੈ ਕਿ ਕਸ਼ਮੀਰ ਵਿੱਚ ਵਿਕਾਸ ਹੋਵੇਗਾ ਤੇ ਇਸੇ ਲਈ ਉਨ੍ਹਾਂ ਨੇ ਹੁਣ ਬੇਕਸੂਰ ਲੋਕਾਂ 'ਤੇ ਗੋਲੀਬਾਰੀ ਕੀਤੀ ਅਤੇ ਮਾਰ ਦਿੱਤਾ।''

''ਅੱਤਵਾਦੀ ਕਸ਼ਮੀਰ ਵਿੱਚ ਡਰ ਪੈਦਾ ਕਰਨਾ ਚਾਹੁੰਦੇ ਹਨ। ਲੋਕਾਂ ਨੇ ਖ਼ੁਦ ਆਪਣੀਆਂ ਦੁਕਾਨਾਂ ਖ਼ੋਲ੍ਹ ਰਹੇ ਹਨ। ਕਸ਼ਮੀਰੀ ਲੋਕ ਮੇਜ਼ਬਾਨੀ ਲਈ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਨੇ ਆਪਣੀ ਮੇਜ਼ਬਾਨੀ ਬਾਹਰੋਂ ਆਏ ਲੋਕਾਂ ਨੂੰ ਦਿਖਾਈ ਹੈ। ਹੁਣ ਅੱਤਵਾਦੀ ਬੇਕਸੂਰ ਲੋਕਾਂ ਨੂੰ ਮਾਰ ਕੇ ਕਸ਼ਮੀਰ ਦੇ ਅਕਸ ਨੂੰ ਵਿਗਾੜਨਾ ਚਾਹੁੰਦੇ ਹਨ।''

Image copyright Getty Images

ਅਲਤਾਫ਼ ਠਾਕੁਰ ਨੇ ਅੱਗੇ ਕਿਹਾ, ''ਜਦੋਂ ਤੋਂ ਸਰਕਾਰ ਨੇ ਸੈਲਾਨੀਆਂ ਦੇ ਆਉਣ 'ਤੇ ਰੋਕ ਹਟਾਈ ਹੈ, ਸੈਲਾਨੀਆਂ ਦਾ ਸ੍ਰੀਨਗਰ ਪਹੁੰਚਣਾ ਸ਼ੁਰੂ ਹੋ ਗਿਆ ਹੈ। ਪਰ ਅੱਤਵਾਦੀਆਂ ਵੱਲੋਂ ਗ਼ੈਰ-ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਉਣਾ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਹੈ ਕਿ ਕਸ਼ਮੀਰ ਇਨ੍ਹਾਂ ਲਈ ਸੁਰੱਖਿਅਤ ਨਹੀਂ ਹੈ।''

ਉਧਰ ਨੈਸ਼ਨਲ ਕਾਨਫਰੰਸ ਨੇ ਇਨ੍ਹਾਂ ਹਮਲਿਆਂ ਦੀ ਨਿੰਦਾ ਕੀਤੀ ਹੈ। ਪਾਰਟੀ ਦੇ ਸੀਨੀਅਰ ਆਗੂ ਦਰਵਿੰਦਰ ਰਾਣਾ ਨੇ ਬੀਬੀਸੀ ਨੂੰ ਕਿਹਾ, ''ਸਮਾਜ ਵਿੱਚ ਅੱਤਵਾਦ ਲਈ ਕੋਈ ਥਾਂ ਨਹੀਂ ਹੈ। ਅਸੀਂ ਹਮੇਸ਼ਾ ਅੱਤਵਾਦ ਦੇ ਖ਼ਿਲਾਫ਼ ਲੜਾਈ ਲੜੀ ਹੈ ਅਤੇ ਲੜਾਂਗੇ। ਅਸੀਂ ਅਮਨ ਪਸੰਦ ਲੋਕ ਹਾਂ ਅਤੇ ਸੂਬੇ ਵਿੱਚ ਅਮਨ-ਸ਼ਾਂਤੀ ਹੀ ਦੇਖਣਾ ਚਾਹੁੰਦੇ ਹਾਂ। ਅਸੀਂ ਕਿਸੇ ਵੀ ਕਿਸਮ ਦੀ ਹਿੰਸਾ ਅਤੇ ਅੱਤਵਾਦ ਦੇ ਖ਼ਿਲਾਫ਼ ਹਾਂ।"

ਪੰਜਾਬ ਦੇ ਸੇਬ ਵਪਾਰੀ ਦਾ ਕਤਲ

ਦੱਸ ਦਈਏ ਕਿ ਪੰਜਾਬ ਦੇ ਇੱਕ ਸੇਬ ਵਪਾਰੀ ਦਾ ਕਤਲ ਕਥਿਤ ਤੌਰ 'ਤੇ ਅੱਤਵਾਦੀਆਂ ਵੱਲੋਂ ਕੀਤਾ ਗਿਆ ਜਦਕਿ ਉਸ ਦਾ ਇੱਕ ਹੋਰ ਸਾਥੀ ਜ਼ਖਮੀ ਹੋਇਆ ਹੈ।

Image copyright Getty Images

ਪੀਟੀਆਈ ਅਨੁਸਾਰ ਇਹ ਹਮਲਾ ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਹੋਇਆ।

ਪੁਲਿਸ ਅਨੁਸਾਰ ਮ੍ਰਿਤਕ ਚਰਨਜੀਤ ਸਿੰਘ ਤੇ ਜ਼ਖਮੀ ਸੰਜੀਵ ਫਾਜ਼ਿਲਕਾ ਦੇ ਅਬੋਹਰ ਤੋਂ ਹਨ। ਇਹ ਘਟਨਾ ਸ਼ਾਮ 7.30 ਵਜੇ ਵਾਪਰੀ ਹੈ।

ਇਹ ਵੀ ਪੜ੍ਹੋ:

ਦੋਵਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਚਰਨਜੀਤ ਦੀ ਮੌਤ ਹੋ ਗਈ ਜਦਕਿ ਸੰਜੀਵ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਛੇਤੀ ਹੀ ਮ੍ਰਿਤਕ ਦੀ ਦੇਹ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪੀ ਜਾ ਸਕੇ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)