ਕੀ ਸੰਦੀਪ 'ਸੂਰਮਾ' ਭਾਜਪਾ ਲਈ ਪਿਹੋਵਾ 'ਚ ਪਹਿਲਾ ਗੋਲ ਠੋਕ ਸਕੇਗਾ?

ਸੰਦੀਪ ਸਿੰਘ

"ਮੈਂ ਰਾਸ਼ਟਰ ਦੀ ਸੇਵਾ ਕਰਨਾ ਚਾਹੁੰਦਾ ਹਾਂ ... ਪਹਿਲਾਂ ਮੈਂ ਦੇਸ ਲਈ ਖੇਡ ਕੇ ਸੇਵਾ ਕੀਤੀ ਤੇ ਹੁਣ ਪਿਹੋਵਾ ਦੇ ਲੋਕਾਂ ਲਈ ਕੰਮ ਕਰਨਾ ਚਾਹੁੰਦਾ ਹਾਂ।"

ਇਹ ਸ਼ਬਦ ਹਨ ਭਾਰਤੀ ਹਾਕੀ ਟੀਮ ਤੇ ਸਾਬਕਾ ਕਪਤਾਨ ਸੰਦੀਪ ਸਿੰਘ, ਜੋ ਹਰਿਆਣਾ ਦੇ ਪਿਹੋਵਾ ਦੇ ਇੱਕ ਪਿੰਡ ਦੇ ਆਂਗਨਵਾੜੀ ਕੇਂਦਰ ਵਿੱਚ ਪਹੁੰਚਦੇ ਹਨ।

ਹਾਲਾਂਕਿ ਸੰਦੀਪ ਸਿੰਘ ਪਹਿਲੀ ਵਾਰ ਚੋਣ ਲੜ ਰਹੇ ਹਨ ਪਰ 33 ਸਾਲਾ ਸੰਦੀਪ ਸਿੰਘ ਹੋਰਨਾਂ ਨੇਤਾਵਾਂ ਵਾਂਗ ਹੱਥ ਜੋੜਦੇ ਹਨ ਤੇ ਦਾਅਵਾ ਕਰਦੇ ਹਨ ਕਿ ਇੱਕ ਵਾਰੀ ਉਹਨਾਂ ਨੂੰ ਮੌਕਾ ਮਿਲਿਆ ਤਾਂ ਉਹ ਪਿਹੋਵਾ ਦੀ ਕਾਇਆ ਪਲਟ ਦੇਣਗੇ।

ਇੱਕ ਹਾਲ ਦੇ ਵਿਚ ਪਹਿਲਾਂ ਹੀ ਲੋਕ ਪੁੱਜੇ ਹੋਏ ਹਨ ਤੇ ਇਹ ਹਾਲ ਪੂਰਾ ਭਰਿਆ ਹੋਇਆ ਸੀ। ਸਾਹਮਣੇ ਕੁਰਸੀਆਂ ’ਤੇ ਸਾਬਕਾ ਸੰਸਦ ਮੈਂਬਰ ਕੈਲਾਸ਼ੋ ਸੈਣੀ ਵੀ ਸ਼ਾਮਲ ਸਨ ਜੋ ਪਿਛਲੇ ਮਹੀਨੇ ਹੀ ਕਾਂਗਰਸ ਛੱਡ ਕੇ ਭਾਜਪਾ 'ਚ ਆਏ ਹਨ।

ਹਾਕੀ ਸਟਾਰ ਹੋਣ ਕਰਕੇ ਉਹਨਾਂ ਦੀ ਐਂਟਰੀ ਸਟਾਰਾਂ ਵਰਗੀ ਹੀ ਹੁੰਦੀ ਹੈ। ਨਾਅਰੇ ਲਗਦੇ ਹਨ—"ਸੰਦੀਪ ਸਿੰਘ ਸੂਰਮਾ ਜ਼ਿੰਦਾਬਾਦ!!"

ਇਹ ਵੀ ਪੜ੍ਹੋ-

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਹਾਕੀ ਸਟਾਰ ਸੰਦੀਪ ਸਿੰਘ ਬਣੇਗਾ ਸਿਆਸਤ ਦਾ ‘ਸੂਰਮਾ’?

ਉਹ ਲੋਕਾਂ ਨੂੰ 'ਪੁਰਾਣੀ ਸੋਚ' ਦੇ ਨੇਤਾਵਾਂ ਦੀ ਗੱਲਾਂ ਵਿਚ ਨਾ ਆਉਣ ਤੋਂ ਵੀ ਸੁਚੇਤ ਕਰਦੇ ਹਨ।

ਸੰਦੀਪ ਕਹਿੰਦੇ ਹਨ, "ਉਹ ਸਾਰੇ ਨਾਲੀਆਂ, ਗਲੀਆਂ ਤੇ ਸੜਕਾਂ ਦੀ ਗੱਲਾਂ ਕਰਨਗੇ ਪਰ ਤੁਸੀਂ ਸੋਚੋ ਇਨ੍ਹਾਂ ਚੀਜਾਂ ਨਾਲ ਤੁਹਾਡੇ ਬੱਚਿਆਂ ਦਾ ਭਵਿੱਖ ਨਹੀਂ ਬਦਲੇਗਾ।"

ਉਹਨਾਂ ਦੇ ਭਾਸ਼ਣ ਵਿੱਚ ਖੇਡ ਬਾਰੇ ਕਾਫੀ ਗੱਲ ਹੁੰਦੀ ਹੈ। ਉਹ ਕਹਿੰਦੇ ਹਨ, "ਮੈਂ ਪਿਹੋਵਾ ਦੇ ਸਾਰੇ ਪਿੰਡਾਂ ਵਿਚ ਸਟੇਡੀਅਮ ਬਣਵਾ ਦਿਆਂਗਾ ਤਾਂ ਜੋ ਤੁਹਾਡੇ ਬੱਚੇ ਸਿਹਤਮੰਦ ਰਹਿਣ ਤੇ ਨਸ਼ਿਆਂ ਤੋਂ ਵੀ ਦੂਰ ਰਹਿਣ।"

ਇਕ ਚੀਜ਼ ਹੋਰ ਹੈ ਜਿਹੜੀ ਉਹ ਵੋਟਰਾਂ ਨੂੰ ਕਹਿਣਾ ਨਹੀਂ ਭੁੱਲਦੇ, ਉਹ ਇਹ ਹੈ ਕਿ ਪਹਿਲਾਂ ਪਿਹੋਵਾ ਨੂੰ ਕਾਫੀ ਨੁਕਸਾਨ ਹੋਇਆ ਕਿਉਂਕਿ ਇੱਥੇ ਭਾਜਪਾ ਦਾ ਨੇਤਾ ਨਹੀਂ ਸੀ ਤੇ ਸੂਬੇ ਵਿਚ ਸਰਕਾਰ ਭਾਜਪਾ ਦੀ ਸੀ।

"ਇਸ ਕਰਕੇ ਹੁਣ ਭਾਜਪਾ ਦਾ ਹੀ ਵਿਧਾਇਕ ਚੁਣਨਾ ਕਿਉਂਕਿ ਇਸ ਵਾਰ ਵੀ ਭਾਜਪਾ ਦੀ ਹੀ ਸਰਕਾਰ ਆਉਣੀ ਹੈ।"

ਇਹ ਵੀ ਪੜ੍ਹੋ-

ਕਿਵੇਂ ਪਿਆ 'ਸੂਰਮਾ' ਨਾਮ

ਦਰਅਸਲ ‘ਸੂਰਮਾ’ ਨਾਂ ਸੰਦੀਪ ਦਾ ਪਿਛਲੇ ਸਾਲ ਹੀ ਰਿਲੀਜ਼ ਹੋਈ ਫਿਲਮ 'ਸੂਰਮਾ' ਦੇ ਨਾਮ ਤੋਂ ਪਿਆ ਹੈ। ਇਸ 'ਬਾਇਓਪਿਕ' ਨੇ ਉਹਨਾਂ ਦੇ ਉਤਾਰ-ਚੜਾਅ ਤੇ ਟੀਮ ਵਿਚ ਮੁੜ ਵਾਪਸੀ ਨੂੰ ਦਰਸਾਇਆ ਸੀ।

ਇਸ ਫਿਲਮ ਵਿੱਚ ਅਦਾਕਾਰ ਦਲਜੀਤ ਦੁਸਾਂਝ ਨੇ ਮੁੱਖ ਭੂਮਿਕਾ ਨਿਭਾਈ ਸੀ ਤੇ ਫਿਲਮ ਨੂੰ ਦੇਸ਼ ਭਰ ਦੇ ਸਿਨੇਮਾਘਰਾਂ ਵਿਚ ਭਰਵਾਂ ਹੁੰਗਾਰਾ ਮਿਲਿਆ ਸੀ।

Image copyright Getty Images

ਦਰਅਸਲ ਸੰਦੀਪ ਕੁਰੂਕਸ਼ੇਤਰ ਵਿਚ ਸ਼ਾਹਾਬਾਦ ਦੇ 'ਹਾਕੀ ਹੱਬ' ਤੋਂ ਆਉਂਦੇ ਹਨ। ਉਹ ਸਾਲ 2004 ਵਿਚ ਭਾਰਤੀ ਹਾਕੀ ਟੀਮ ਨਾਲ ਜੁੜੇ ਸਨ।

ਉਨ੍ਹਾਂ ਦਾ ਕੈਰੀਅਰ ਉਸ ਸਮੇਂ ਚੜਾਈ ਉੱਤੇ ਸੀ ਜਦੋਂ 2006 ਵਿਚ ਇਕ ਹਾਦਸੇ ਦੌਰਾਨ ਉਹਨਾਂ ਨੂੰ ਰੇਲ ਗੱਡੀ ਵਿੱਚ ਅਚਾਨਕ ਗੋਲੀ ਲਗ ਗਈ ਸੀ। ਉਸ ਵੇਲੇ ਉਹ ਨੈਸ਼ਨਲ ਕੈਂਪ ਵਿਚ ਸ਼ਾਮਲ ਹੋਣ ਜਾ ਰਹੇ ਸੀ।

ਇਸ ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਇਕ ਸਾਲ ਦੇ ਕਰੀਬ ਵ੍ਹੀਲਚੇਅਰ 'ਤੇ ਰਹਿਣਾ ਪਿਆ ਪਰ ਉਹਨਾਂ ਨੇ ਫੇਰ ਟੀਮ ਵਿਚ ਵਾਪਸੀ ਕੀਤੀ। ਉਹ ਆਖਰੀ ਵਾਰ ਸਾਲ 2014 ਵਿਚ ਭਾਰਤ ਲਈ ਖੇਡੇ ਸਨ।

ਕੀ ਕਹਿੰਦੇ ਨੇ ਸਿਆਸੀ ਵਿਰੋਧੀ?

ਭਾਂਵੇ ਕਾਫੀ ਲੋਕਾਂ ਵਾਸਤੇ ਉਹਨਾਂ ਦੀ ਕਹਾਣੀ ਪ੍ਰੇਰਨਾਦਾਇਕ ਹੋ ਸਕਦੀ ਹੈ ਪਰ ਉਹਨਾਂ ਦੇ ਰਾਜਨੀਤਿਕ ਵਿਰੋਧੀ ਖਾਸ ਤੌਰ ’ਤੇ ਕਾਂਗਰਸ ਦੇ ਮਨਦੀਪ ਚੱਠਾ ਇਹ ਕਹਿੰਦੇ ਹਨ ਕਿ ਉਹ ਬਾਹਰੋਂ ਆਏ ਹਨ ਤੇ ਲੋਕਾਂ ਨੂੰ ਉਨ੍ਹਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ।

ਮਨਦੀਪ ਚੱਠਾ ਸਾਬਕਾ ਵਿੱਤ ਮੰਤਰੀ ਹਰਮੋਹਿੰਦਰ ਚੱਠਾ ਦੇ ਬੇਟੇ ਹਨ ਤੇ ਪਿਛਲੀ ਵਾਰ ਉਹ ਇਥੋਂ ਹੀ ਚੋਣ ਹਾਰੇ ਸਨ। ਮਨਦੀਪ ਚੱਠਾ ਭਾਜਪਾ ਸਰਕਾਰ 'ਤੇ ਪਿਹੋਵਾ ਦੀ ਅਣਦੇਖੀ ਕਰਨ ਦਾ ਵੀ ਦੋਸ਼ ਲਾਉਂਦੇ ਹਨ।

ਕਾਂਗਰਸ ਦੇ ਸਮਰਥਕ ਸੁਨੀਲ ਪਾਲ ਕਹਿੰਦੇ ਹਨ ਕਿ ਇਹ ਕੋਈ ਖੇਡ ਦਾ ਮੈਦਾਨ ਨਹੀਂ ਹੈ ਜਿੱਥੇ ਸੰਦੀਪ ਸਿੰਘ ਬਾਹਰੋਂ ਆ ਕੇ ਆਰਾਮ ਨਾਲ ਜਿੱਤ ਹਾਸਲ ਕਰ ਲੈਣਗੇ।

Image copyright Getty Images

ਉਨ੍ਹਾਂ ਨੇ ਕਿਹਾ, "ਇਸ ਸ਼ਹਿਰ ਦੀ ਇਹ ਮਹੱਤਤਾ ਹੈ ਕਿ ਇਥੇ ਮਹਾਭਾਰਤ ਦੀ ਲੜਾਈ ਲੜੀ ਗਈ ਸੀ, ਇਹ ਜੰਗ ਦਾ ਮੈਦਾਨ ਹੈ।"

ਪਰ ਕੀ ਇਹ ਸੂਰਮਾ ਭਾਜਪਾ ਲਈ ਪਿਹੋਵਾ 'ਚ ਪਹਿਲਾ ਗੋਲ ਠੋਕ ਸਕੇਗਾ ? ਅੱਜ ਤੱਕ ਇੱਥੇ ਭਾਜਪਾ ਦਾ ਇੱਥੇ ਖਾਤਾ ਨਹੀਂ ਖੁੱਲ੍ਹਿਆ ਹੈ।

ਪਿਹੋਵਾ ਕੁਰੂਕਸ਼ੇਤਰ ਜ਼ਿਲ੍ਹੇ ਦਾ ਇਕਲੌਤਾ ਹਲਕਾ ਸੀ ਜਿਸ ਵਿਚ ਭਾਜਪਾ ਨੂੰ 2014 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਇਨੈਲੋ ਉਮੀਦਵਾਰ ਜਸਵਿੰਦਰ ਸੰਧੂ ਨੇ ਭਾਜਪਾ ਦੇ ਜੈ ਭਗਵਾਨ ਸ਼ਰਮਾ ਨੂੰ 9,347 ਵੋਟਾਂ ਨਾਲ ਹਰਾਇਆ ਸੀ ਜਦਕਿ ਚੱਠਾ ਤੀਜੇ ਨੰਬਰ ’ਤੇ ਰਹੇ ਸਨ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)