ਹਰਿਆਣਾ ਚੋਣਾਂ ’ਚ ਇੱਕ ਉਮੀਦਵਾਰ, ਜਿਸ ਦਾ ਟਰੈਕਟਰ ਹੀ ਹੈ ਉਸ ਦੀ ਸਟੇਜ- ਹਰਿਆਣਾ ਡਾਇਰੀ

ਦਲਬੀਰ ਸਿੰਘ Image copyright Prabhu Dayal/BBC
ਫੋਟੋ ਕੈਪਸ਼ਨ ਦਲਬੀਰ ਸਿੰਘ ਏਲਨਾਬਾਦ ਤੋਂ ਆਜ਼ਾਦ ਉਮਦੀਵਾਰ ਵਜੋਂ ਚੋਣ ਮੈਦਾਨ ਵਿੱਚ ਖੜ੍ਹੇ ਹਨ

ਐਲਨਾਬਾਦ ਵਿਧਾਨ ਸਭਾ ਹਲਕੇ ਦੇ ਪਿੰਡ ਮਾਧੋਸਿੰਘਾਣ ਦੇ ਨੇੜੇ ਇੱਕ ਖੇਤ ਵਿੱਚ ਢਾਣੀ ਬਣਾ ਕੇ ਰਹਿ ਰਹੇ ਦਲਬੀਰ ਸਿੰਘ ਐਲਨਾਬਾਦ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।

ਦਲਬੀਰ ਸਿੰਘ ਸਵੇਰੇ ਆਪਣੇ ਪਸ਼ੂਆਂ ਨੂੰ ਪੱਠੇ ਪਾ ਕੇ ਆਪਣੇ ਪੁੱਤਰ ਨਾਲ ਚੋਣ ਪ੍ਰਚਾਰ ਲਈ ਟਰੈਕਟਰ 'ਤੇ ਨਿਕਲਦੇ ਹਨ। ਟਰੈਟਕਰ ਤੇ ਟਰਾਲੀ 'ਤੇ ਦੋ ਛੋਟੇ ਲਾਊਡ ਸਪੀਕਰ ਲਾਏ ਹੋਏ ਹਨ ਅਤੇ ਟਰਾਲੀ 'ਤੇ ਸਟੇਜ ਬਣਾਇਆ ਹੋਇਆ ਹੈ। ਟਰਾਲੀ 'ਤੇ ਇੱਕ ਮੂੜ੍ਹਾ ਤੇ ਇਕ ਸੋਫ਼ਾ ਰੱਖਿਆ ਹੋਇਆ ਹੈ।

ਦਲਬੀਰ ਸਿੰਘ ਜਦੋਂ ਖੁਦ ਟਰੈਕਟਰ ਚਲਾਉਂਦੇ ਹਨ ਤਾਂ ਮਾਈਕ ਉਨ੍ਹਾਂ ਦਾ ਪੁੱਤਰ ਸੰਭਾਲ ਲੈਂਦਾ ਹੈ। ਪਿੰਡਾਂ ਦੀਆਂ ਸੱਥਾਂ ਵਿੱਚ ਜਾ ਕੇ ਜਿੱਥੇ ਉਹ ਚਿੱਟੇ ਦੇ ਖ਼ਿਲਾਫ਼ ਪ੍ਰਚਾਰ ਕਰ ਰਹੇ ਹਨ ਉਥੇ ਹੀ ਉਹ ਲੋਕਾਂ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਵੀ ਦੱਸਣਾ ਨਹੀਂ ਭੁੱਲਦੇ।

ਇਹ ਵੀ ਪੜ੍ਹੋ:

12 ਜਮਾਤਾਂ ਤੱਕ ਪੜ੍ਹੇ ਦਲਬੀਰ ਸਿੰਘ ਕਹਿੰਦੇ ਹਨ, “ਮੈਨੂੰ ਪਤਾ ਹੈ ਮੈਂ ਨਹੀਂ ਜਿੱਤਣਾ ਪਰ ਇਨ੍ਹਾਂ ਲੀਡਰਾਂ ਦੇ ਪੋਲ ਤਾਂ ਮੈਂ ਖੋਲ੍ਹ ਹੀ ਰਿਹਾ ਹਾਂ।”

ਦਲਬੀਰ ਸਿੰਘ ਦਾ ਕਹਿਣਾ ਹੈ, "ਦੂਜੇ ਆਗੂਆਂ ਦਾ ਜਿੰਨਾ ਅੱਧੇ ਘੰਟੇ ਦਾ ਖਰਚਾ ਹੈ, ਉੰਨੇ ਖਰਚੇ ਵਿੱਚ ਮੈਂ ਪੂਰੀ ਚੋਣ ਲੜ ਲਵਾਂਗਾ।"

ਦਲਬੀਰ ਸਿੰਘ ਕਹਿੰਦੇ ਹਨ, "ਸਵੇਰੇ ਘਰੋਂ ਰੋਟੀ ਖਾ ਕੇ ਨਿਕਲਦਾ ਹਾਂ ਅਤੇ ਦੁਪਹਿਰ ਦੀ ਰੋਟੀ ਨਾਲ ਲੈ ਕੇ ਜਾਂਦਾ ਹਾਂ। ਪਿੰਡਾਂ ਵਿੱਚ ਲੋਕ ਚਾਹ ਪਿਆ ਦਿੰਦੇ ਹਨ। ਟਰੈਕਟਰ ਦੇ ਡੀਜ਼ਲ ਤੋਂ ਇਲਾਵਾ ਮੇਰਾ ਕੋਈ ਖਰਚਾ ਨਹੀਂ ਹੈ।"

Image copyright Prabhu Dayal/BBC
ਫੋਟੋ ਕੈਪਸ਼ਨ ਦਲਬੀਰ ਸਿੰਘ ਦੂਜੇ ਆਗੂਆਂ ਦੀ ਰੈਲੀ ਨੇੜੇ ਹੀ ਆਪਣਾ ਚੋਣ ਪ੍ਰਚਾਰ ਕਰਨ ਜਾਂਦੇ ਹਨ

ਪੀਐਮ ਮੋਦੀ ਦੀ ਰੈਲੀ ਦੀਆਂ ਤਿਆਰੀਆਂ

ਇੰਡੀਅਨ ਨੈਸ਼ਨਲ ਲੋਕਦਲ ਦਾ ਗੜ੍ਹ ਸਮਝੇ ਜਾਂਦੇ ਸਿਰਸਾ ਜ਼ਿਲ੍ਹੇ ਵਿੱਚ ਇਸ ਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣਗੇ। ਉਹ 19 ਅਕਤੂਬਰ ਨੂੰ ਉਸ ਪਿੰਡ ਵਿੱਚ ਰੈਲੀ ਕਰਨਗੇ ਜਿਹੜੇ ਪਿੰਡ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਅਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਹੀਂ ਪਹੁੰਚ ਸਕੇ ਸਨ।

Image copyright Prabhu Dayal/BBC
ਫੋਟੋ ਕੈਪਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਅਕਤੂਬਰ ਨੂੰ ਪਿੰਡ ਮੱਲੇਕਾਂ ਵਿੱਚ ਰੈਲੀ ਨੂੰ ਸੰਬੋਧਨ ਕਰਨਗੇ

ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ 14 ਅਕਤੂਬਰ ਨੂੰ ਸਿਰਸਾ, ਐਲਨਾਬਾਦ ਤੇ ਰਾਣੀਆਂ ਹਲਕੇ ਵਿਚਾਲੇ ਪੈਂਦੇ ਪਿੰਡ ਮੱਲੇਕਾਂ ਵਿੱਚ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਉਨ੍ਹਾਂ ਦੀ ਥਾਂ 'ਤੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਰੈਲੀ ਨੂੰ ਸੰਬੋਧਨ ਕੀਤਾ ਸੀ।

ਅਮਿਤ ਸ਼ਾਹ ਦੇ ਰੈਲੀ ਵਿੱਚ ਨਾ ਪਹੁੰਚਣ 'ਤੇ ਭਾਜਪਾ ਆਗੂ ਤੇ ਕਾਰਕੁਨ ਨਾਰਾਜ਼ ਦੱਸੇ ਜਾ ਰਹੇ ਸਨ। ਮਾਯੂਸੀ ਨੂੰ ਦੂਰ ਕਰਨ ਲਈ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ਨੂੰ ਸੰਬੋਧਨ ਕਰਨਗੇ। ਇਹ ਰੈਲੀ ਪਹਿਲਾਂ ਸਿਰਸਾ ਵਿੱਚ ਕੀਤੀ ਜਾਣੀ ਸੀ ਪਰ ਹੁਣ ਇਸ ਰੈਲੀ ਦੀ ਥਾਂ ਬਦਲ ਕੇ ਪਿੰਡ ਮੱਲੇਕਾਂ ਕੀਤੀ ਗਈ ਹੈ।

ਅਕਾਲੀ ਦਲ ਤੇ ਹਲੋਪਾ ਵਿੱਚ ਸਮਝੌਤਾ

ਸਿਰਸਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਲੋਕਹਿਤ ਪਾਰਟੀ (ਹਲੋਪਾ) ਦੇ ਉਮੀਦਵਾਰ ਗੋਪਾਲ ਕਾਂਡਾ ਨੂੰ ਕੀਤਾ ਹਮਾਇਤ ਦੇਣ ਦਾ ਐਲਾਨ ਕੀਤਾ ਹੈ।

Image copyright Prabhu dayal/bbc

ਹਲੋਪਾ ਨੇ ਕਾਲਾਂਵਾਲੀ ਵਿਧਾਨ ਸਭਾ (ਰਾਖਵਾਂ) ਤੋਂ ਆਪਣਾ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਵਿੱਚ ਬਿਠਾਇਆ ਹੈ।

ਭਾਜਪਾ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਦੇਸੁਜੋਧਾ ਚੋਣ ਲੜ ਰਹੇ ਹਨ। ਰਾਣੀਆਂ ਵਿਧਾਨ ਸਭਾ ਹਲਕੇ ਵਿੱਚ ਇਨ੍ਹਾਂ ਪਾਰਟੀਆਂ ਦਾ ਕੋਈ ਸਮਝੌਤਾ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ:

ਅਸ਼ੋਕ ਤੰਵਰ ਤਿੰਨ ਬੇੜੀਆਂ 'ਚ ਸਵਾਰ

ਕਾਂਗਰਸ ਦੇ ਸਾਬਕਾ ਸੂਬਾਈ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਅਸ਼ੋਕ ਤੰਵਰ ਤਿੰਨ ਬੇੜੀਆਂ 'ਚ ਸਵਾਰ ਹੋਏ ਹਨ। ਸਿਰਸਾ ਵਿੱਚ ਉਨ੍ਹਾਂ ਨੇ ਜਿਥੇ ਜੇਜੇਪੀ ਨੂੰ ਹਮਾਇਤ ਦਾ ਐਲਾਨ ਕੀਤਾ ਹੈ ਉੱਥੇ ਹੀ ਕੁਝ ਸਮੇਂ ਬਾਅਦ ਉਨ੍ਹਾਂ ਨੇ ਐਲਨਾਬਾਦ ਹਲਕੇ ਤੋਂ ਇਨੈਲੋ ਦੇ ਉਮੀਦਵਾਰ ਅਭੈ ਸਿੰਘ ਚੌਟਾਲਾ ਅਤੇ ਰਾਣੀਆਂ ਵਿਧਾਨ ਸਭਾ ਹਲਕੇ ਤੋਂ ਹਲੋਪਾ ਦੇ ਉਮੀਦਵਾਰ ਗੋਬਿੰਦ ਕਾਂਡਾ ਨੂੰ ਹਮਾਇਤ ਦੇਣ ਦਾ ਭਰੋਸਾ ਦਿੱਤਾ ਹੈ।

Image copyright Ashok Tanwar/FB
ਫੋਟੋ ਕੈਪਸ਼ਨ ਹਰਿਆਣਾ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਤੋਂ ਹਟਾਏ ਜਾਣ ਤੋਂ ਬਾਅਦ ਅਸ਼ੋਕ ਤੰਵਰ ਨੇ ਪਾਰਟੀ ਛੱਡ ਦਿੱਤੀ ਸੀ

ਬੀਤੇ ਦਿਨ ਦੇਰ ਸ਼ਾਮ ਅਭੈ ਸਿੰਘ ਚੌਟਾਲਾ ਅਸ਼ੋਕ ਤੰਵਰ ਦੇ ਨਿਵਾਸ 'ਤੇ ਪਹੁੰਚੇ ਤਾਂ ਉਸ ਤੋਂ ਬਾਅਦ ਹਰਿਆਣਾ ਲੋਕਹਿਤ ਪਾਰਟੀ ਦੇ ਪ੍ਰਧਾਨ ਗੋਬਿੰਦ ਕਾਂਡਾ ਨੇ ਅਸ਼ੋਕ ਤੰਵਰ ਨਾਲ ਜਾ ਹੱਥ ਮਿਲਾਇਆ।

ਇਹ ਵੀ ਪੜ੍ਹੋ:

ਇਹ ਤਾਂ ਸਮਾਂ ਹੀ ਦੱਸੇਗਾ ਕਿ ਅਸ਼ੋਕ ਤੰਵਰ ਕਿਹੜੇ-ਕਿਹੜੇ ਉਮੀਦਵਾਰ ਨੂੰ ਜਿੱਤਾਉਣ 'ਚ ਸਫ਼ਲ ਹੁੰਦੇ ਹਨ। ਅਸ਼ੋਕ ਤੰਵਰ ਇਸ ਵਾਰ ਸਿਰਸਾ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਸੁਨੀਤਾ ਦੁੱਗਲ ਤੋਂ ਚੋਣ ਹਾਰੇ ਸਨ ਅਤੇ ਇਸ ਤੋਂ ਪਹਿਲਾਂ ਇਨੈਲੋ ਦੇ ਚਰਨਜੀਤ ਸਿੰਘ ਰੋੜੀ ਤੋਂ ਵੀ ਹਾਰ ਚੁੱਕੇ ਹਨ।

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)