#100Women ਮੈਂ ਹਰ ਰੋਜ਼ ਆਪਣੇ ਆਪ ਨੂੰ ਪਿਆਰ ਕਰਨਾ ਸਿੱਖਦੀ ਹਾਂ- ਨਤਾਸ਼ਾ ਨੋਇਲ

ਬੀਬੀਸੀ
ਫੋਟੋ ਕੈਪਸ਼ਨ ਇਸਰਾਇਲ ਦੀ ਫੈਸ਼ਨ ਡਿਜ਼ਾਈਨਰ ਦਨਿਤ ਪੇਲੇਗ ਕੱਪੜਿਆਂ ਦੀ 3D ਪ੍ਰਿਟਿੰਗ ਦੀ ਗੱਲ ਕਰਦੀ ਹੈ

ਬੀਬੀਸੀ ਦੇ #100Women ਪ੍ਰੋਗਰਾਮ ਵਿੱਚ ਇਸਰਾਇਲ ਤੋਂ ਆਈ ਦਨਿਤ ਪੇਲੇਗ ਨੇ ਭਵਿੱਖ ਵਿੱਚ ਕੱਪੜਿਆਂ 'ਤੇ 3D ਪ੍ਰਿਟਿੰਗ ਦੀ ਰਾਹੀਂ ਕ੍ਰਾਂਤੀ ਲੈ ਕੇ ਆਉਣ ਦੀ ਗੱਲ ਕੀਤੀ ਹੈ।

ਇਨ੍ਹਾਂ ਨੇ ਆਪਣੇ ਸੰਬੋਧਨ 'ਚ ਕਿਹਾ, "ਸੋਚੋ ਜੇਕਰ ਤੁਹਾਡੇ ਕੋਲ ਇੰਨੀ ਤਾਕਤ ਹੋਵੇ ਕਿ ਤੁਸੀਂ ਖ਼ੁਦ ਚੁਣ ਸਕੋ ਕਿ ਤੁਸੀਂ ਕੀ ਪਹਿਨਣਾ ਹੈ ਅਤੇ ਕਦੋਂ ਤੇ ਕਿਵੇਂ ਇਸ ਨੂੰ ਬਣਾਉਣਾ ਹੈ, ਕਿਉਂਕਿ ਤੁਸੀਂ ਘਰ ਬੈਠੇ ਖ਼ੁਦ ਹੀ ਸੌਖੇ ਤਰੀਕੇ ਨਾਲ ਕੱਪੜਿਆਂ ਦੀ 3D ਪ੍ਰਿਟਿੰਗ ਕਰ ਸਕਦੇ ਹੋ।"

"ਅਸੀਂ ਕੱਪੜਿਆਂ ਨੂੰ ਇੱਕ ਫਾਈਲ ਵਜੋਂ ਚੁਣ ਸਕਾਂਗੇ, ਫਿਰ ਇਸ ਕੰਪਿਊਟਰ ਫਾਈਲ ਨੂੰ ਆਪਣੇ ਮੁਤਾਬਕ ਢਾਲ ਲਓ, ਭਾਵੇਂ ਉਸ 'ਤੇ ਆਪਣਾ ਨਾਮ ਲਿਖ ਲਓ। ਪ੍ਰਿੰਟਰ ਵਿੱਚ ਕੱਪੜੇ ਦਾ ਫਾਈਬਰ ਪਾਓ, ਜੇ ਗਰਮੀਆਂ ਹਨ ਤਾਂ ਸੂਤੀ ਕੱਪੜਾ, ਸਰਦੀਆਂ ਹਨ ਤਾਂ ਉਨੀ ਕੱਪੜਾ।"

"ਘਰ ਬੈਠਿਆਂ ਜਾਂ ਦੁਕਾਨ ਵਿੱਚ, ਕੁਝ ਮਿੰਟਾਂ ਵਿੱਚ ਇਹ ਤਿਆਰ ਹੋ ਜਾਵੇਗਾ ਅਤੇ ਇਹ ਡਿਜ਼ਾਈਨ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਮੇਲ ਵੀ ਕਰ ਸਕਦੇ ਹੋ।"

(#100Women ਪ੍ਰੋਗਰਾਮ 'ਔਰਤਾਂ ਦੇ ਹੱਥ ਵਿੱਚ ਭਵਿੱਖ ਦੀ ਕਮਾਂਡ ਕਿਸ ਤਰ੍ਹਾਂ ਦੀ ਹੋਵੇਗੀ' ਥੀਮ ਉੱਤੇ ਆਧਾਰਿਤ ਖ਼ਾਸ ਪ੍ਰੋਗਰਾਮ ਹੈ। ਇਹ ਈਵੈਂਟ ਦੁਨੀਆਂ ਵਿੱਚ ਕਈ ਥਾਵਾਂ ਤੇ ਹੋਇਆ ਪਰ 22 ਅਕਤੂਬਰ ਨੂੰ ਦਿੱਲੀ ਵਿੱਚ ਵੀ ਇਹ ਪ੍ਰੋਗਰਾਮ ਕਰਵਾਇਆ ਗਿਆ। )

ਇਹ ਵੀ ਪੜ੍ਹੋ:-

ਫੋਟੋ ਕੈਪਸ਼ਨ ਨਤਾਸ਼ਾ ਨੋਇਲ ਨੇ ਯੋਗ ਜ਼ਰੀਏ ਆਪਣੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਲਿਆਂਦਾ

ਯੋਗ ਟਰੇਨਰ ਨਤਾਸ਼ਾ ਨੇ ਵੀ #100Women ਵਿੱਚ ਸ਼ਿਰਕਤ ਕੀਤੀ। ਨਤਾਸ਼ਾ ਦਾ ਕਹਿਣਾ ਹੈ ਕਿ ਆਪਣੇ ਦਰਦ ਸਵੀਕਾਰ ਕਰੋ, ਉਸ ਨੂੰ ਸਮਝੋ ਤੇ ਲੜੋ। ਪਰ ਉਸ ਨੂੰ ਲੈ ਕੇ ਨਾ ਬੈਠੋ।

ਨਤਾਸ਼ਾ ਜਦੋਂ ਤਿੰਨ ਸਾਲ ਦੀ ਸੀ ਤਾਂ ਉਨ੍ਹਾਂ ਦੀ ਮਾਂ ਨੇ ਖ਼ੁਦ ਨੂੰ ਅੱਗ ਲਗਾ ਲਈ ਅਤੇ ਪਿਤਾ ਨੂੰ ਰਿਮਾਂਡ ਹੋਮ ਭੇਜ ਦਿੱਤਾ। ਉਸ ਤੋਂ ਜਦੋਂ ਉਹ 7 ਸਾਲ ਦੀ ਹੋਈ ਤਾਂ ਉਨ੍ਹਾਂ ਦਾ ਬਲਾਤਕਾਰ ਹੋਇਆ।

ਫੋਟੋ ਕੈਪਸ਼ਨ ਆਪਣੇ ਦਰਦ ਸਵੀਕਾਰ ਕਰੋਂ, ਉਸ ਨੂੰ ਸਮਝੋ ਤੇ ਲੜੋ। ਪਰ ਉਸ ਨੂੰ ਲੈ ਕੇ ਨਾ ਬੈਠੋ-ਨਤਾਸ਼ਾ

ਨਤਾਸ਼ਾ ਨੇ ਕਿਹਾ, "ਮੈਂ ਅੱਜ ਵੀ ਕਦੇ-ਕਦੇ ਸੰਘਰਸ਼ ਕਰਦੀ ਹਾਂ ਪਰ ਹਰ ਰੋਜ਼ ਆਪਣੇ ਆਪ ਨੂੰ ਪਿਆਰ ਕਰਨਾ ਸਿੱਖਦੀ ਹਾਂ।"

ਇਸ ਦੌਰਾਨ ਉਨ੍ਹਾਂ ਨੇ 2030 ਤੱਕ ਆਪਣੇ ਨਜ਼ਰੀਏ ਨੂੰ ਵੀ ਸਾਂਝਾ ਕੀਤਾ।

ਉਨ੍ਹਾਂ ਨੇ ਕਿਹਾ, "ਵਧੇਰੇ ਔਰਤਾਂ ਵਾਲੀ ਦੁਨੀਆਂ, ਜਿਹੜੀਆਂ ਵਧੇਰੇ ਸਮਝਦਾਰ ਹੋਣ, ਵਧੇਰੇ ਹਮਦਰਦੀ ਦੀ ਭਾਵਨਾ ਰੱਖਦੀਆਂ ਹੋਣ ਅਤੇ ਬਹੁਤ ਸਾਰੇ ਜਾਨਵਰ ਜੋਂ ਪਿਆਰ ਤੇ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਹੋ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਸਾਨੂੰ ਅਸਲ ਵਿੱਚ ਸਿੱਖਿਆ ਬਾਰੇ ਮੁੜ ਸੋਚਣ ਦੀ ਲੋੜ ਹੈ- ਰਾਇਆ ਬਿਦਸ਼ਹਿਰੀ

"ਆਰਟੀਫੀਸ਼ਅਲ ਇੰਟੈਲੀਜੈਂਸ ਹੀ ਭਵਿੱਖ ਹੈ।" ਇਰਾਨ ਦੀ ਸਿੱਖਿਅਕ ਰਾਇਆ ਬਿਦਸ਼ਹਿਰੀ ਨੇ ਭਵਿੱਖ ਦੇ ਸਕੂਲ ਬਾਰੇ ਕਿਆਸ ਲਾਉਂਦੇ ਹੋਏ ਬੀਬੀਸੀ ਦੇ 100Women ਪ੍ਰੋਗਰਾਮ ਦੌਰਾਨ ਕਿਹਾ।

ਗਰੇਡਜ਼ ਤੇ ਗਿਆਨ ਦੋ ਵੱਖੋ-ਵੱਖਰੀਆਂ ਚੀਜ਼ਾਂ ਹਨ ਜਦੋਂਕਿ ਸਿੱਖਿਆ ਬਹੁਤ ਹੀ ਸਾਰਥਿਕ ਹੋ ਜਾਂਦੀ ਹੈ ਜੇ ਉਸ ਵਿੱਚ ਗਿਆਨ, ਸਮਾਜ ਤੇ ਨੈਤਿਕ ਵਿਕਾਸ ਸ਼ਾਮਿਲ ਹੋ ਜਾਵੇ। ਉਹ ਸਿਰਫ਼ ਅਕਾਦਮੀ ਜਾਂ ਤਕਨੀਕੀ ਮਾਡਲ 'ਤੇ ਆਧਾਰਿਤ ਨਾ ਹੋਵੇ।

ਬਿਦਸ਼ਹਿਰੀ ਜੋ ਕਿ Awecademy ਦੀ ਫਾਉਂਡਰ ਤੇ ਸੀਈਓ ਹੈ, ਨੇ ਉਨ੍ਹਾਂ ਸਕੂਲਾਂ ਦੇ ਭਵਿੱਖ ਦੀ ਗੱਲ ਕੀਤੀ ਜੋ ਕਿ ਕਿਸੇ ਇਮਾਰਤ ਵਿੱਚ ਸਿੱਖਿਆ ਨਹੀਂ ਦੇਣਗੇ ਸਗੋਂ 'ਕਲਾਊਡ' ਸੈਸ਼ਨ ਹੋਣਗੇ।

ਉਨ੍ਹਾਂ ਸਵਾਲ ਕੀਤਾ ਕਿ ਅੱਜ ਦੇ ਸਕੂਲ ਅਤੇ ਕਾਲਜ ਭਵਿੱਖ ਦੀ ਦੁਨੀਆਂ ਲਈ ਵਿਦਿਆਰਥੀਆਂ ਨੂੰ ਕਿਵੇਂ ਤਿਆਰ ਕਰ ਸਕਦੇ ਹਨ ਜੋ ਕਿ ਵਜੂਦ ਵਿੱਚ ਹੈ ਹੀ ਨਹੀਂ?

"ਅਸੀਂ ਤੇਜ਼ੀ ਨਾਲ ਬਦਲਦੀ ਦੁਨੀਆਂ ਵਿੱਚ ਰਹਿ ਰਹੇ ਹਾਂ ਤੇ ਮੈਂ ਸਿੱਖਿਆ ਸਿਸਟਮ ਵਲੋਂ ਹੌਲੀ ਰਫ਼ਤਾਰ ਨਾਲ ਇਸ ਨੂੰ ਅਪਣਾਉਣ ਕਾਰਨ ਕਾਫ਼ੀ ਹੈਰਾਨ ਹਾਂ।"

ਵਰਲਡ ਇਕਨੋਮਿਕ ਫੋਰਮ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ, "ਆਟੋਮੇਸ਼ਨ ਜਾਂ ਮਸ਼ੀਨੀਕਰਨ ਕਾਰਨ ਸਾਲ 2030 ਤੱਕ 800 ਮਿਲੀਅਨ ਨੌਕਰੀਆਂ ਚਲੀਆਂ ਜਾਣਗੀਆਂ। ਭਵਿੱਖ ਦੀਆਂ ਤਕਰੀਬਨ 65 ਫੀਸਦ ਨੌਕਰੀਆਂ ਅੱਜ ਹੈ ਹੀ ਨਹੀਂ।"

ਬਿਦਸ਼ਹਿਰੀ ਮੁਤਾਬਕ ਵਿਦਿਆਰਥੀਆਂ ਨੂੰ ਆਰਟੀਫੀਸ਼ਅਲ ਇੰਟੈਲੀਜੈਂਸ ਆਧਾਰਿਤ ਸਕੂਲ, ਵਰਚੁਅਲ ਰਿਐਲਿਟੀ ਆਧਾਰਿਤ ਮਾਹੌਲ ਲਈ ਤਿਆਰ ਕਰਨਾ ਚਾਹੀਦਾ ਹੈ।

'ਸਿੱਖਿਆ ਸਭ ਤੋਂ ਵੱਡੀ ਬਰਾਬਰੀ ਦੇਣ ਵਾਲੀ ਹੈ'

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਸਿੱਖਿਆ ਅਤੇ ਬਰਾਬਰਤਾ ਦੇ ਮਾਮਲੇ 'ਚ ਸਭ ਤੋਂ ਵੱਧ ਔਰਤਾਂ ਪ੍ਰਭਾਵਿਤ- ਅਰਨਿਆ

ਬੀਬੀਸੀ #100Women ਸਮਾਗਮ ਮੌਕੇ ਔਰਤਾਂ ਦੇ ਭਵਿੱਖ ਬਾਰੇ ਗੱਲ ਕਰਦਿਆਂ 21 ਸਾਲਾ ਕਵਿਤਰੀ ਤੇ ਸਪੋਕਨ ਵਰਲਡ ਕਲਾਕਾਰ ਅਰਨਿਆ ਜੌਹਰ ਨੇ ਆਪਣਾ ਨਜ਼ਰੀਆ ਪੇਸ਼ ਕੀਤਾ।

ਉਨ੍ਹਾਂ ਦੱਸਿਆ ਕਿ ਕਿਵੇਂ ਇੱਕ ਸਾਂਵਲੇ ਰੰਗ ਦੀ ਜਵਾਨ ਕੁੜੀ ਭਵਿੱਖ ਸਿਰਜ ਸਕਦੀ ਹੈ।

ਅਰਨਿਆ ਜੌਹਰ ਨੇ ਦੱਸਿਆ ਕਿ 2030 ਤੱਕ ਦੁਨੀਆਂ ਕਿਹੋ ਜਿਹੀ ਹੋ ਸਕਦੀ ਹੈ।

ਉਹ ਦੁਨੀਆਂ ਜਿੱਥੇ ਔਰਤਾਂ ਨੂੰ ਸਿੱਖਿਆ ਦੀ ਬਰਾਬਰੀ ਮਿਲੇਗੀ, ਆਪਣੇ ਸਰੀਰ ਤੇ ਪੂਰਾ ਕਾਬੂ ਹੋਵੇਗਾ ਤੇ ਲੀਡਰਸ਼ਿਪ ਵਿੱਚ ਅਹਿਮ ਭੂਮਿਕਾ ਹੋਵੇਗੀ ਜਿਸ ਨਾਲ ਸਮਾਜਿਕ ਬਦਲਾਅ ਆਏਗਾ। ਇਸ ਤਰ੍ਹਾਂ ਸਾਡੀ ਅਜੋਕੀ ਜ਼ਿੰਦਗੀ ਉੱਤੇ ਪ੍ਰਭਾਵ ਪਏਗਾ।

ਆਪਣੀ ਕਵਿਤਾ ਦੁਹਰਾਉਂਦਿਆਂ ਅਰਨਿਆ ਨੇ ਕਿਹਾ, "ਇਸ ਵਿੱਚ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਔਰਤਾਂ ਹੀ ਹਨ ਜੋ ਕਿ ਸਿੱਖਿਆ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੁੰਦੀਆਂ ਹਨ।"

ਇਹ ਵੀ ਪੜ੍ਹੋ:

ਫੋਟੋ ਕੈਪਸ਼ਨ ਜਦੋਂ ਵੀ ਕੋਈ ਕੁੜੀ ਸਕੂਲ ਵਿੱਚ ਪੜ੍ਹਦੀ ਹੈ ਤਾਂ ਦੁਨੀਆਂ ਨੂੰ ਉਸ ਦਾ ਫਾਇਦਾ ਹੁੰਦਾ ਹੈ- ਅਰਨਿਆ

ਅਰਨਿਆ ਨੇ ਅੱਗੇ ਕਿਹਾ, "ਜਦੋਂ ਵੀ ਕੋਈ ਕੁੜੀ ਸਕੂਲ ਵਿੱਚ ਪੜ੍ਹਦੀ ਹੈ ਤਾਂ ਦੁਨੀਆਂ ਨੂੰ ਉਸ ਦਾ ਫਾਇਦਾ ਹੁੰਦਾ ਹੈ।"

ਔਰਤਾਂ ਦੀ ਸਿੱਖਿਆ ਅਤੇ ਕਰੀਅਰ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਸਾਂਵਲੇ ਰੰਗ ਦੀਆਂ ਔਰਤਾਂ ਕੰਪਨੀ ਦੇ ਵੱਡੇ ਅਹੁਦੇ ਤੇ ਤਾਇਨਾਤ ਹੋਣਗੀਆਂ।

ਉਨ੍ਹਾਂ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਕੋਈ 'ਗੁੱਸੇ ਵਾਲਾ ਨੌਜਵਾਨ ਮਰਦ ਹੀ ਲੜਾਈ ਕਰੇ' ਤਾਂ ਹੀ ਇਹ ਕਿਉਂ ਵਾਜਿਬ ਮੰਨੀ ਜਾਂਦੀ ਹੈ।

ਜੌਹਰ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਮਜ਼ਬੂਤ, ਜਵਾਨ ਔਰਤਾਂ ਦੁਨੀਆਂ ਨੂੰ ਇਹ ਕਹਿਣ ਲਈ ਮਜਬੂਰ ਕਰਨਗੀਆਂ ਕਿ "ਇੱਕ ਵਾਰੀ ਇੱਕ ਮਜ਼ਬੂਤ ਜਵਾਨ ਔਰਤ" ਜੋ ਕਿ ਇੱਕ ਖੂਬਸੂਰਤ ਸੱਚਾਈ ਹੈ, ਬਹਾਦਰ ਤੇ ਜਵਾਨ ਔਰਤ ਦੀ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
'ਸਾਡੇ ਵਿੱਚ ਜ਼ਿਆਦਾ ਹਮਦਰਦੀ ਹੋਵੇਗੀ ਤਾਂ ਇਹ ਦੁਨੀਆਂ ਬਹੁਤ ਵਧੀਆ ਹੋਵੇਗੀ'

'ਕੰਮਕਾਜੀ ਔਰਤਾਂ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ'

ਲਿੰਗ-ਬਰਾਬਰੀ ਦੀ ਮਾਹਿਰ ਤੇ ਕਾਰਕੁਨ ਸ਼ੁਭਾਲਕਸ਼ਮੀ ਨੰਦੀ ਨੇ ਬੀਬੀਸੀ ਦੇ 100Women ਪ੍ਰੋਗਰਾਮ ਦੌਰਾਨ ਕਿਹਾ ਕਿ ਕੰਮਕਾਜੀ ਔਰਤਾਂ ਨੂੰ ਭਾਰਤ ਵਿੱਚ ਅਣਗੌਲਿਆਂ ਕੀਤਾ ਜਾ ਰਿਹਾ ਹੈ। ਜਿਵੇਂ ਕਿ ਜੋ ਔਰਤਾਂ ਖੇਤੀਬਾੜੀ ਵਿੱਚ ਕੰਮ ਕਰਦੀਆਂ ਹਨ, ਉਨ੍ਹਾਂ ਨੂੰ ਕਿਸਾਨ ਨਹੀਂ ਕਿਹਾ ਜਾਂਦਾ।

ਸ਼ੁਭਾਲਕਸ਼ਮੀ ਨੇ ਕਿਹਾ, "ਸਾਰੀਆਂ ਔਰਤਾਂ ਕੰਮ ਕਰਦੀਆਂ ਹਨ ਤੇ ਸਾਰੀਆਂ ਔਰਤਾਂ ਮੁਲਾਜ਼ਮ ਹਨ। ਕੰਮ ਕਰਨਾ ਤੇ ਰੁਜ਼ਗਾਰ ਮਿਲਣਾ ਦੋਨੋਂ ਇੱਕੋ ਜਿਹੀਆਂ ਚੀਜ਼ਾਂ ਨਹੀਂ ਹਨ।"

ਇਸ ਤੋਂ ਇਲਾਵਾ ਨਿਊਜ਼ੀਲੈਂਡ ਦੀ ਅਰਥਸ਼ਾਸਤਰੀ ਤੇ ਵਾਤਾਵਰਨ ਪ੍ਰੇਮੀ 60 ਸਾਲਾ ਮੈਰੀਲਿਨ ਵੇਰਿੰਗ ਨੇ ਬੀਬੀਸੀ 100Women ਪ੍ਰੋਗਰਾਮ ਦੌਰਾਨ 'ਫੈਮਿਨਿਸਟ ਇਕਮੋਨਿਕਸ' ਬਾਰੇ ਗੰਭੀਰਤਾ ਨਾਲ ਸੋਚਣ ਲਈ ਕਿਹਾ।

ਫੋਟੋ ਕੈਪਸ਼ਨ ਸ਼ੁਭਾਲਕਸ਼ਮੀ ਨੰਦੀ ਅਤੇ ਮੈਰੀਲਿਨ ਵੇਰਿੰਗ ਨੇ ਕਿਹਾ ਕਿ ਕੰਮਕਾਜੀ ਔਰਤਾਂ ਨੂੰ ਭਾਰਤ 'ਚ ਅਣਗੌਲਿਆਂ ਕੀਤਾ ਜਾ ਰਿਹਾ ਹੈ

ਮੈਰੀਲਿਨ ਸਿਆਸਤਦਾਨ ਵੀ ਰਹਿ ਚੁੱਕੀ ਹੈ ਜਿਸ ਨੇ 1984 ਵਿੱਚ ਤੁਰੰਤ ਚੋਣਾਂ ਕਰਵਾਉਣ ਉੱਤੇ ਜ਼ੋਰ ਦਿੱਤਾ ਸੀ।

ਮੈਰੀਲਿਨ ਨੇ ਸ਼ੁਭਾਲਕਸ਼ਮੀ ਨੰਦੀ ਨਾਲ ਮਿਲ ਕੇ ਜ਼ੋਰ ਦੇ ਕੇ ਕਿਹਾ ਕਿ ਲਿੰਗ-ਬਰਾਬਰੀ, ਵਿਕਾਸ ਅਤੇ ਔਰਤਾਂ ਦੇ ਮਨੁੱਖੀ ਅਧਿਕਾਰ ਔਰਤਾਂ ਦੀ ਅਗਵਾਈ ਵਾਲੇ ਭਵਿੱਖ ਵਿੱਚ ਆਰਥਿਕ ਕਾਰਗੁਜ਼ਾਰੀ ਲਈ ਮਹੱਤਵਪੂਰਨ ਕਦਰਾਂ ਕੀਮਤਾਂ ਹੋਣੀਆਂ ਚਾਹੀਦੀਆਂ ਹਨ।

ਉਨ੍ਹਾਂ ਕਈ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਜਦੋਂ ਉਨ੍ਹਾਂ ਨੇ ਸਵਾਲ ਕੀਤਾ ਕਿ ਜੋ ਔਰਤਾਂ ਮਨੁੱਖ ਨੂੰ ਜਨਮ ਦੇਣ ਦਾ ਸਭ ਤੋਂ ਵੱਡਾ ਕੰਮ ਕਰਦੀਆਂ ਹਨ ਉਨ੍ਹਾਂ ਨੂੰ ਸਖ਼ਤ ਮਿਹਨਤ ਲਈ ਕਿਉਂ ਨਹੀਂ ਅਦਾਇਗੀ ਕੀਤੀ ਜਾਂਦੀ?

"ਜਦੋਂ ਦੁਨੀਆਂ ਭਰ ਦੇ ਮੁਲਕ ਫ਼ਸਲਾਂ, ਖਾਣ-ਪੀਣ ਦੇ ਉਤਪਾਦਾਂ ਉੱਤੇ ਲੱਖਾਂ ਰੁਪਏ ਖਰਚ ਕਰ ਰਹੇ ਹਨ ਤਾਂ ਫਿਰ ਅਸੀਂ ਔਰਤਾਂ ਨੂੰ ਮੁਆਵਜ਼ਾ ਕਉਂ ਨਹੀਂ ਦਿੰਦੇ ਜੋ ਕਿ ਇਸ ਗ੍ਰਹਿ ਤੇ ਸਭ ਤੋਂ ਜ਼ਰੂਰੀ ਭੋਜਨ ਪੈਦਾ ਕਰ ਰਹੀਆਂ ਹਨ- ਮਾਂ ਦਾ ਦੁੱਧ।"

ਮੈਰੀਲਿਨ ਤੇ ਸ਼ੁਭਾਲਕਸ਼ਮੀ ਦੋਹਾਂ ਨੇ ਹੀ ਔਰਤਾਂ ਦੇ ਬਿਨਾਂ ਪੈਸਿਆਂ ਵਾਲੇ ਕੰਮ ਨੂੰ ਅਰਥਚਾਰੇ ਵਿੱਚ ਸ਼ਾਮਿਲ ਕਰਨ ਲਈ ਕਿਹਾ।

ਉਨ੍ਹਾਂ ਕਿਹਾ ਕਿ ਭਵਿੱਖ ਬਿਹਤਰ ਹੋਵੇਗਾ ਜੇ ਔਰਤਾਂ ਦੇ ਅਵੇਤਨਿਕ ਕੰਮ ਨੂੰ ਵੀ ਅਰਥਚਾਰੇ ਵਿੱਚ ਤਵੱਜੋ ਦਿੱਤੀ ਜਾਵੇ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)