ਪੰਜਾਬ ਦੀਆਂ 4 ਸੀਟਾਂ 'ਤੇ ਜ਼ਿਮਨੀ ਚੋਣਾਂ ਦੇ ਨਤੀਜੇ ਕੀ ਸੰਕੇਤ ਦੇ ਰਹੇ

  • ਖੁਸ਼ਹਾਲ ਲਾਲੀ
  • ਬੀਬੀਸੀ ਪੱਤਰਕਾਰ
ਕੈਪਟਨ ਅਮਰਿੰਦਰ ਸਿੰਘ

ਤਸਵੀਰ ਸਰੋਤ, Getty Images

ਪੰਜਾਬ ਵਿਧਾਨ ਸਭਾ ਦੀਆਂ ਚਾਰ ਸੀਟਾਂ ਲਈ ਹੋਈ ਜ਼ਿਮਨੀ ਚੋਣ ਵਿਚ ਸੱਤਾਧਾਰੀ ਕਾਂਗਰਨ ਨੇ ਤਿੰਨ ਸੀਟਾਂ ਜਿੱਤ ਲਈਆਂ ਹਨ, ਪਰ ਮੁੱਖ ਵਿਰੋਧੀ ਧਿਰ ਆਮ ਆਦਮੀ ਆਪਣੀ ਦਾਖਾ ਸੀਟ ਨਹੀਂ ਬਚਾ ਸਕੀ ਤੇ ਇਸ ਉੱਤੇ ਅਕਾਲੀ ਦਲ ਨੇ ਕਬਜ਼ਾ ਕਰ ਲਿਆ ਹੈ।

ਉੱਧਰ ਅਕਾਲੀ ਦਲ ਵੀ ਸੁਖਬੀਰ ਬਾਦਲ ਦੀ ਜਲਾਲਾਬਾਦ ਸੀਟ ਹਾਰ ਗਿਆ।

ਇਨ੍ਹਾਂ ਨਤੀਜਿਆਂ ਦੇ ਅੰਕੜਿਆਂ ਤੋਂ ਕਈ ਕਿਸਮ ਦੇ ਰੋਚਕ ਤੱਥ ਉੱਭਰ ਕੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ:

ਜਲਾਲਾਬਾਦ 'ਚ ਖੁਸਿਆ ਸੁਖਬੀਰ ਦਾ ਵਕਾਰ

ਜਲਾਲਾਬਾਦ ਸੀਟ, ਜਿਸ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2017 ਵਿਚ 18500 ਵੋਟਾਂ ਦੇ ਫਰਕ ਨਾਲ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਤੋਂ ਜਿੱਤਿਆ ਸੀ ਅਤੇ ਕਾਂਗਰਸ ਉਮੀਦਵਾਰ ਤੀਜੇ ਨੰਬਰ ਉੱਤੇ ਪਛਾੜ ਦਿੱਤਾ ਸੀ, ਹੁਣ ਇਸੇ ਸੀਟ ਉੱਤੇ ਕਾਂਗਰਸੀ ਉਮੀਦਵਾਰ ਰਵਿੰਦਰ ਆਵਲਾ ਨੂੰ 76,098 ਵੋਟਾਂ ਮਿਲੀਆਂ ਹਨ ਤੇ ਅਕਾਲੀ ਦਲ ਦੇ ਉਮੀਦਵਾਰ ਰਾਜ ਸਿੰਘ 59,465 ਵੋਟਾਂ ਨਾਲ ਦੂਜੇ ਨੰਬਰ ਉੱਤੇ ਰਹੇ।

ਸੁਖਬੀਰ ਦੇ ਵੱਕਾਰ ਦਾ ਸਵਾਲ ਸਮਝੀ ਜਾਂਦੀ ਇਹ ਸੀਟ ਅਕਾਲੀ ਦਲ ਨੇ ਗੁਆ ਲਈ ਹੈ। ਆਮ ਆਦਮੀ ਪਾਰਟੀ ਦੇ ਉਮੀਦਾਵਰ 11265 ਵੋਟਾਂ ਮਿਲਿਆ ਹਨ।

ਤਸਵੀਰ ਸਰੋਤ, GURDARSHAN SANDHU/BBC

ਤਸਵੀਰ ਕੈਪਸ਼ਨ,

ਜਲਾਲਾਬਾਦ ਵਿੱਚ ਕਾਂਗਰਸ ਉਮੀਦਵਾਰ ਰਮਿੰਦਰ ਸਿੰਘ ਆਵਲਾ ਦੇ ਸਮਰਥਕ ਜਸ਼ਨ ਮਨਾਉਂਦੇ ਹੋਏ

ਦਾਖਾ ਸੀਟ ਸੰਧੂ ਨਹੀਂ ਕੈਪਟਨ ਹਾਰੇ

ਦਾਖਾ ਸੀਟ ਆਮ ਆਦਮੀ ਪਾਰਟੀ ਤੇ ਸੱਤਾਧਾਰੀ ਕਾਂਗਰਸ ਦੋਵਾਂ ਦੇ ਵੱਕਾਰ ਵਾਲੀ ਸੀਟ ਸੀ। 2017 ਵਿਚ ਆਮ ਆਦਮੀ ਪਾਰਟੀ ਦੇ ਐਚਐਸ ਫੂਲਕਾ ਨੇ 4,169 ਵੋਟਾਂ ਨਾਲ ਜਿੱਤੀ ਸੀ। ਵੈਸੇ ਇਸ ਸੀਟ ਉੱਤੇ ਕਾਂਗਰਸ ਦਾ ਲੰਬਾ ਸਮਾਂ ਕਬਜ਼ਾ ਰਿਹਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਆਪਣੇ ਕਰੀਬੀ ਸੰਦੀਪ ਸੰਧੂ ਨੂੰ ਪੈਰਾਸ਼ੂਟ ਉਮੀਦਵਾਰ ਰਾਹੀ ਮੈਦਾਨ ਵਿਚ ਉਤਾਰਿਆ ਸੀ।

ਜਿਸ ਕਾਰਨ ਇਹ ਕੈਪਟਨ ਲਈ ਵੱਕਾਰ ਬਣ ਗਈ ਸੀ। ਪਰ ਹੁਣ ਇੱਥੋਂ ਅਕਾਲੀ ਉਮੀਦਵਾਰ ਮਨਪ੍ਰੀਤ ਇਆਲੀ ਨੇ 66,297 ਵੋਟਾਂ ਹਾਸਲ ਕੀਤੀਆਂ। 'ਆਪ' ਤੇ ਕਾਂਗਰਸ ਦੋਵਾਂ ਕਿਲ਼ਾ ਢਹਿ ਢੇਰੀ ਕਰ ਦਿੱਤਾ।

ਤਸਵੀਰ ਕੈਪਸ਼ਨ,

ਦਾਖਾ ਵਿੱਚ ਅਕਾਲੀ ਸਮਰਥਕ ਜਸ਼ਨ ਮਨਾਉਂਦੇ ਹੋਏ

ਹੁਣ ਮਨਪ੍ਰੀਤ ਇਆਲੀ ਇਸ ਨੂੰ ਸੰਦੀਪ ਸੰਧੂ ਦੀ ਬਜਾਇ ਕੈਪਟਨ ਅਮਰਿੰਦਰ ਸਿੰਘ ਦੀ ਹਾਰ ਦੱਸ ਰਹੇ ਹਨ।

ਇਸੇ ਤਰ੍ਹਾਂ ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾਵਾਂ ਨੇ ਪਿਛਲੀਆਂ ਲੋਕ ਸਭਾ ਸੀਟਾਂ ਵਿਚ ਦਾਖਾ ਵਿਧਾਨ ਸਭਾ ਵਿਚ ਕਾਂਗਰਸ ਤੋਂ ਵੱਧ ਵੋਟਾਂ ਲਈਆਂ ਸਨ ਪਰ ਉਨ੍ਹਾਂ ਦੇ ਉਮੀਦਵਾਰ ਨੂੰ 8,437 ਵੋਟਾਂ ਮਿਲੀਆਂ ਅਤੇ ਆਮ ਆਦਮੀ ਪਾਰਟੀ ਨੂੰ 2792 ਵੋਟਾਂ ਹੀ ਮਿਲੀਆਂ

ਇੱਥੇ ਟੀਟੂ ਬਾਣੀਆਂ ਨਾ ਦੇ ਇੱਕ ਅਜ਼ਾਦ ਉਮਦੀਵਾਰ ਦਾ ਲੋਕ ਮਜ਼ਾਕ ਉਡਾ ਰਹੇ ਸਨ ਪਰ ਉਸ ਨੂੰ 535 ਵੋਟਾਂ ਮਿਲੀਆਂ, ਇਹ ਵੋਟਾਂ ਸਿਮਰਨਜੀਤ ਮਾਨ ਦੇ ਅਕਾਲੀ ਦਲ ਦੇ ਉਮੀਦਵਾਰ ਦੀਆਂ 253 ਵੋਟਾਂ ਨਾਲੋਂ ਲਗਪਗ ਦੁੱਗਣੀਆਂ ਹਨ।

ਵੀਡੀਓ ਕੈਪਸ਼ਨ,

‘ਇਹ ਫਤਵਾ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਬਾਦਲ ਦੋਵਾਂ ਦੇ ਖ਼ਿਲਾਫ਼ ਹੈ’- ਨਜ਼ਰੀਆ

ਫਗਵਾੜਾ ਨੇ ਦਿਖਾਇਆ ਭਾਜਪਾ ਨੂੰ ਸ਼ੀਸ਼ਾ

2017 ਵਿਚ ਜਦੋਂ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਵਿਚ ਤਿੰਨ ਸੀਟਾਂ ਤੱਕ ਸਿਮਟ ਗਈ ਸੀ, ਉਦੋਂ ਫਗਵਾੜਾ ਤੋਂ ਸੋਮ ਪ੍ਰਕਾਸ਼ ਨੇ 2009 ਵੋਟਾਂ ਨਾਲ ਜਿੱਤੀ ਸੀ। ਭਾਰਤੀ ਜਨਤਾ ਪਾਰਟੀ ਨੇ ਇੱਥੋਂ ਲੋਕ ਸਭਾ ਵਿਚ ਵੀ ਜਿੱਤ ਹਾਸਲ ਕੀਤੀ ਸੀ।

ਪਰ ਕੇਂਦਰੀ ਮੰਤਰੀ ਬਣਾਏ ਗਏ ਸੋਮ ਪ੍ਰਕਾਸ਼ ਜ਼ਿਮਨੀ ਚੋਣ ਵਿਚ ਭਾਜਪਾ ਉਮੀਦਵਾਰ ਰਾਜੇਸ਼ ਬੱਗਾ ਜਿਤਾ ਨਾ ਸਕੇ। ਉਨ੍ਹਾਂ ਨੂੰ ਸਿਰਫ਼ 23, 093 ਵੋਟਾਂ ਹੀ ਮਿਲੀਆ। ਇੱਥੋਂ ਕਾਂਗਰਸ ਦੇ ਪੈਰਾਸ਼ੂਟ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ 49210 ਵੋਟਾਂ ਮਿਲੀਆਂ ਅਤੇ ਉਹ ਜਿੱਤ ਗਏ।

ਸੁਖਪਾਲ ਖਹਿਰਾ, ਬੈਂਸ ਭਰਾਵਾਂ ਤੇ ਬਹੁਜਨ ਸਮਾਜ ਪਾਰਟੀ ਤੀਜੀ ਧਿਰ ਬਣਨ ਦਾ ਦਾਅਵਾ ਕਰ ਰਹੇ ਸੀ ਪਰ ਉਮੀਦਵਾਰਾਂ ਉੱਤੇ ਸਹਿਮਤੀ ਨਹੀਂ ਬਣ ਸਕੀ।

ਇੱਥੇ ਬਹੁਜਨ ਸਮਾਜ ਪਾਰਟੀ ਨੇ 15,986 ਵੋਟਾਂ ਲਈਆਂ ਤੇ ਲੋਕ ਇਨਸਾਫ਼ ਪਾਰਟੀ ਨੂੰ 9,086 ਵੋਟਾਂ ਮਿਲੀਆਂ, ਇਹ ਇਕੱਠੇ ਲੜਦੇ ਤਾਂ ਮੁਕਾਬਲਾ ਤੀਜੀ ਧਿਰ ਨਾਲ ਹੋਣਾ ਸੀ, ਇੱਥੇ ਆਮ ਆਦਮੀ ਪਾਰਟੀ ਨੂੰ 2908 ਵੋਟਾਂ ਮਿਲੀਆਂ।

ਇਹ ਵੀ ਪੜ੍ਹੋ:

ਰੋਚਕ ਗੱਲ ਇਹ ਹੈ ਇੱਥੋਂ ਆਪਣੀਆਂ ਅਜੀਬੋ ਗਰੀਬ ਹਰਕਤਾਂ ਕਾਰਨ ਚਰਚਾ ਵਿਚ ਨੀਟੂ ਸ਼ਟਰਾਂ ਵਾਲੇ ਨੂੰ 706 ਵੋਟਾਂ ਮਿਲੀਆਂ ਜੋਂ ਸਿਮਰਨਜੀਤ ਸਿੰਘ ਮਾਨ ਦੇ ਅਕਾਲੀ ਦਲ ਦੀ ਉਮੀਦਵਾਰ ਪਰਮਜੀਤ ਕੌਰ ਗਿੱਲ ਦੀਆਂ 483 ਵੋਟਾਂ ਤੋਂ ਵੱਧ ਹਨ।

ਪਿਛਲੀ ਵਾਰ ਉਹ ਗਿਣਤੀ ਕੇਂਦਰ ਤੋਂ ਬਾਹਰ ਆ ਕੇ ਰੋ ਪਏ ਸਨ , ਇਸ ਵਾਰ ਉਨ੍ਹਾਂ ਆਪਣੇ ਕੱਪੜੇ ਪਾੜ ਲਏ।

ਮੁਕੇਰੀਆਂ 'ਚ ਘਟਿਆ ਫਾਸਲਾ

ਮੁਕੇਰੀਆਂ ਸੀਟ ਕਾਂਗਰਸ ਦੇ ਵਿਧਾਇਕ ਰਜਨੀਸ਼ ਬੱਬੀ ਦੀ ਅਚਾਨਕ ਮੌਤ ਕਾਰਨ ਖ਼ਾਲੀ ਹੋਈ ਸੀ। ਬੱਬੀ ਨੇ ਪਿਛਲੀ ਵਾਰ ਇਹ ਸੀਟ 23126 ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਬੱਬੀ ਨੇ ਉਦੋਂ ਭਾਜਪਾ ਦੇ ਅਨੁਰੇਸ਼ ਸ਼ਾਕਰ ਨੂੰ ਹਰਾਇਆ ਸੀ।ਇਸ ਵਾਰ ਭਾਜਪਾ ਨੇ ਜੰਗੀ ਲਾਲ ਮਹਾਜਨ ਨੂੰ ਮੈਦਾਨ ਵਿਚ ਉਤਾਰਿਆ ਸੀ।

ਕਾਂਗਰਸ ਨੇ ਮਰਹੂਮ ਬੱਬੀ ਦੀ ਪਤਨੀ ਇੰਦੂ ਬਾਲਾ ਨੂੰ ਟਿਕਟ ਦਿੱਤੀ ਸੀ। ਸਮਝਿਆ ਜਾ ਰਿਹਾ ਕਿ ਉਨ੍ਹਾਂ ਨੂੰ ਹਮਦਰਦੀ ਵੋਟ ਮਿਲੇਗੀ। ਜ਼ਿਮਨੀ ਚੋਣ ਵਿਚ ਵੈਸੇ ਵੀ ਸੱਤਾਧਾਰੀਆਂ ਦਾ ਹੱਥ ਉੱਤੇ ਸਮਝਿਆ ਜਾਂਦਾ ਹੈ, ਪਰ ਇੰਦੂ ਬਾਲਾ ਸਿਰਫ ਤਿੰਨ ਕੂ ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤ ਸਕੀ।

ਮੁਕੇਰੀਆ ਦੂਜੀ ਸੀਟ ਹੈ ਜਿੱਥੇ ਆਮ ਆਦਮੀ ਪਾਰਟੀ ਨੂੰ ਜਿਕਰਯੋਗ ਵੋਟਾਂ ਮਿਲੀਆਂ ਹਨ। ਆਪ ਉਮੀਦਵਾਰ ਨੂੰ 8437 ਵੋਟਾਂ ਮਿਲੀਆਂ।

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)