ਗੋਪਾਲ ਕਾਂਡਾ ਦੀ ਕਹਾਣੀ, ਜੋ ਕਦੇ ਭਾਜਪਾ ਦੇ ਨਿਸ਼ਾਨੇ ’ਤੇ ਸਨ, ਹੁਣ ਬਣੇ ‘ਸੰਕਟਮੋਚਕ’, ਭਾਜਪਾ ਆਗੂ ਉਮਾ ਭਾਰਤੀ ਨੇ ਲਾਇਆ ਨਿਸ਼ਾਨਾ

ਗੋਪਾਲ ਕਾਂਡਾ

ਤਸਵੀਰ ਸਰੋਤ, Getty Images

ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਵੀਰਵਾਰ ਨੂੰ ਆਏ ਨਤੀਜਿਆਂ ਦੀ ਚਰਚਾ ਵਿਚਾਲੇ ਦੇਰ ਰਾਤ ਗੋਪਾਲ ਕਾਂਡਾ ਚਰਚਾ 'ਚ ਆ ਗਏ। ਗੋਪਾਲ ਕਾਂਡਾ ਨੇ ਅੱਜ ਸਵੇਰੇ ਮੀਡੀਆ ਨੂੰ ਕਿਹਾ ਉਹ ਭਾਜਪਾ ਨੂੰ ਬਿਨਾਂ ਸ਼ਰਤ ਸਮਰਥਨ ਦੇਣਗੇ।

ਗੋਪਾਲ ਕਾਂਡਾ ਦਾ ਨਾਂ ਜਿਵੇਂ ਹੀ ਚਰਚਾ ਵਿੱਚ ਆਇਆ ਉਸ ਤੋਂ ਬਾਅਦ ਉਨ੍ਹਾਂ ਦੇ ਖਿਲਾਫ਼ ਆਵਾਜ਼ਾਂ ਵੀ ਉੱਠਣ ਲੱਗੀਆਂ। ਭਾਜਪਾ ਦੀ ਸੀਨੀਅਰ ਆਗੂ ਊਮਾ ਭਾਰਤੀ ਨੇ ਪਾਰਟੀ ਨੂੰ ਨੈਤਿਕਤਾ ਦੀ ਯਾਦ ਦੁਆਈ ਹੈ।

ਉਨ੍ਹਾਂ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ ਅਤੇ ਕਿਹਾ, ''ਗੋਪਾਲ ਕਾਂਡਾ ਬੇਕਸੂਰ ਹੈ ਜਾਂ ਅਪਰਾਧੀ, ਇਹ ਤਾਂ ਕਾਨੂੰਨ ਸਬੂਤਾਂ ਦੇ ਅਧਾਰ ਤੇ ਤੈਅ ਕਰੇਗਾ, ਪਰ ਉਸਦਾ ਚੋਣ ਜਿੱਤਣਾ ਉਸ ਨੂੰ ਅਪਰਾਧਾਂ ਤੋਂ ਬਰੀ ਨਹੀਂ ਕਰਦਾ।''

ਤਸਵੀਰ ਸਰੋਤ, uma bharti/twitter

ਕਿਸੇ ਵੇਲੇ ਵਿਵਾਦਾਂ 'ਚ ਰਹੇ ਹਰਿਆਣਾ ਦੇ ਸਾਬਕਾ ਮੰਤਰੀ ਕਾਂਡਾ ਦਾ ਨਾਮ ਸੋਸ਼ਲ ਮੀਡੀਆ ਦੇ ਟੌਪ ਟਰੈਂਡ 'ਚ ਆ ਗਿਆ।

ਗੋਪਾਲ ਕਾਂਡਾ ਨੇ ਸਿਰਸਾ ਤੋਂ ਚੋਣਾਂ ਜਿੱਤੀਆਂ ਹਨ। ਉਹ ਹਰਿਆਣਾ ਲੋਕਹਿਤ ਪਾਰਟੀ ਤੋਂ ਮੈਦਾਨ 'ਚ ਸੀ। ਉਨ੍ਹਾਂ ਦੇ ਸੁਰਖ਼ੀਆਂ 'ਚ ਆਉਣ ਕਾਰਨ ਦਰਅਸਲ ਹਰਿਆਣਾ ਵਿਧਾਨ ਸਭਾ 'ਚ ਬਣੇ ਸਮੀਕਰਨ ਹੈ।

ਮਹਾਰਾਸ਼ਟਰ 'ਚ ਤਾਂ ਭਾਜਪਾ ਅਤੇ ਸ਼ਿਵਸੈਨਾ ਦੇ ਗਠਜੋੜ ਨੂੰ ਸਪੱਸ਼ਟ ਬਹੁਮਤ ਮਿਲ ਗਿਆ ਪਰ ਹਰਿਆਣਾ ਵਿੱਚ ਕਿਸੇ ਵੀ ਦਲ ਨੂੰ ਬਹੁਮਤ ਨਹੀਂ ਮਿਲ ਸਕਿਆ।

ਹਰਿਆਣਾ ਵਿਧਾਨ ਸਭਾ 'ਚ 90 ਸੀਟਾਂ ਹਨ ਅਤੇ ਬਹੁਮਤ ਲਈ 46 ਸੀਟਾਂ ਦੀ ਜ਼ਰੂਰਤ ਹੈ। ਪੰਜ ਸਾਲ ਤੋਂ ਸੱਤਾ 'ਚ ਬੈਠੀ ਭਾਜਪਾ 40 ਸੀਟਾਂ ਹੀ ਜਿੱਤਣ 'ਚ ਸਫ਼ਲ ਹੋ ਸਕੀ ਹੈ। ਅਜਿਹੇ ਵਿੱਚ ਉਸ ਨੂੰ ਦੁਬਾਰਾ ਸਰਕਾਰ ਬਣਾਉਣ ਲਈ 6 ਹੋਰ ਵਿਧਾਇਕਾਂ ਦਾ ਲੋੜ ਹੈ।

ਭਾਜਪਾ ਨੂੰ ਜਿਸ ਨਵੇਂ ਵਿਧਾਇਕ ਨੇ ਸਭ ਤੋਂ ਪਹਿਲਾਂ ਆਪਣਾ ਸਮਰਥਨ ਪੇਸ਼ ਕੀਤਾ ਹੈ ਉਹ ਹੈ ਗੋਪਾਲ ਕਾਂਡਾ।

ਇਹ ਵੀ ਪੜ੍ਹੋ-

ਵੀਡੀਓ ਕੈਪਸ਼ਨ,

ਹਰਿਆਣਾ ’ਚ ਆਜ਼ਾਦ ਵਿਧਾਇਕ ਨਿਭਾ ਸਕਦੇ ਹਨ ਅਹਿਮ ਭੂਮਿਕਾ- ਵਿਸ਼ਲੇਸ਼ਣ

ਭਾਜਪਾ ਦੀ ਸੰਸਦ ਮੈਂਬਰ ਲੈ ਕੇ ਗਈ ਦਿੱਲੀ

ਹਰਿਆਣਾ ਦੇ ਸਿਰਸਾ ਤੋਂ ਭਾਜਪਾ ਸੰਸਦ ਮੈਂਬਰ ਸੁਨੀਤਾ ਦੁੱਗਲ ਵੀਰਵਾਰ ਦੇਰ ਸ਼ਾਮ ਨੂੰ ਗੋਪਾਲ ਕਾਂਡਾ ਅਤੇ ਰਾਣੀਆਂ ਤੋਂ ਜਿੱਤਣ ਵਾਲੇ ਆਜ਼ਾਦ ਉਮੀਦਵਾਰ ਰਣਜੀਤ ਸਿੰਘ ਚੌਟਾਲਾ ਨੂੰ ਲੈ ਕੇ ਦਿੱਲੀ ਰਵਾਨਾ ਹੋ ਗਏ।

ਇੱਕ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗੋਪਾਲ ਕਾਂਡਾ, ਰਣਜੀਤ ਸਿੰਘ ਚੌਟਾਲਾ ਅਤੇ ਸੁਨੀਤਾ ਦੁੱਗਲ ਕੁਝ ਹੋਰਨਾਂ ਲੋਕਾਂ ਦੇ ਨਾਲ ਇੱਕ ਪ੍ਰਾਈਵੇਟ ਪਲੇਨ 'ਚ ਬੈਠੇ ਦਿਖਾਈ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਇਸੇ ਪਲੇਨ 'ਚ ਬੈਠ ਕੇ ਦਿੱਲੀ ਆਏ।

ਤਸਵੀਰ ਸਰੋਤ, Twitter

ਸਮਾਚਾਰ ਏਜੰਸੀ ਏਐੱਨਆਈ ਨੇ ਰਾਤ ਇੱਕ ਵਜੇ ਲਗਭਗ ਕੁਝ ਤਸਵੀਰਾਂ ਪੋਸਟ ਕੀਤੀਆਂ, ਜਿਸ 'ਚ ਦੱਸਿਆ ਕਿ ਗੋਪਾਲ ਕਾਂਡਾ ਨੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਢਾ ਦੇ ਦਿੱਲੀ ਵਾਲੇ ਘਰ 'ਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ।

ਇਨ੍ਹਾਂ ਤਸਵੀਰਾਂ ਵਿੱਚ ਗੋਪਾਲ ਕਾਂਡਾ ਇੱਕ ਕਾਰ 'ਚ ਬੈਠ ਕੇ ਕਿਤੇ ਜਾਂਦੇ ਹੋਏ ਦਿਖ ਰਹੇ ਹਨ।

ਗੋਪਾਲ ਕਾਂਡਾ ਨੂੰ ਕਥਿਤ ਤੌਰ 'ਤੇ ਦਿੱਲੀ ਲੈ ਕੇ ਆਉਣ ਵਾਲੀ ਭਾਜਪਾ ਦੀ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਇਹ ਸੂਚਨਾ ਦੇ ਦਿੱਤੀ ਹੈ ਕਿ ਕਾਂਡਾ ਸਣੇ ਦੂਜੀਆਂ ਪਾਰਟੀਆਂ ਦੇ ਵੀ ਕੁਝ ਨੇਤਾ ਬਿਨਾਂ ਸ਼ਰਤ ਭਾਜਪਾ ਨੂੰ ਸਮਰਥਨ ਦੇਣ ਲਈ ਤਿਆਰ ਹਨ ਅਤੇ ਉਹ ਉਨ੍ਹਾਂ ਦੇ ਸੰਪਰਕ 'ਚ ਹਨ।

ਕੌਣ ਹਨ ਗੋਪਾਲ ਕਾਂਡਾ?

ਹਰਿਆਣਾ ਲੋਕਹਿਤ ਪਾਰਟੀ (ਐੱਚਐੱਲਪੀ) ਬਣਾਉਣ ਵਾਲੇ ਗੋਪਾਲ ਕਾਂਡਾ ਨੇ ਸਿਰਸਾ ਵਿਧਾਨ ਸਭਾ ਸੀਟ ਤੋਂ ਮਹਿਜ਼ 602 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।

ਉਹ ਸਾਲ 2009 ਵਿੱਚ ਆਜ਼ਾਦ ਉਮੀਦਵਾਰ ਵਜੋਂ ਜਿੱਤ ਕੇ ਵਿਧਾਇਕ ਬਣੇ ਸਨ ਅਤੇ ਇਸ ਵੇਲੇ ਹਰਿਆਣਾ ਦੀ ਹੁੱਡਾ ਸਰਕਾਰ ਵਿੱਚ ਉਨ੍ਹਾਂ ਨੂੰ ਮੰਤਰੀ ਅਹੁਦਾ ਵੀ ਮਿਲਿਆ ਸੀ।

ਹਰਿਆਣਾ ਦੀ ਰਾਜਨੀਤੀ 'ਤੇ ਨਜ਼ਰ ਰੱਖਣ ਵਾਲਿਆਂ ਮੁਤਾਬਕ ਗੋਪਾਲ ਕਾਂਡਾ ਅਤੇ ਉਨ੍ਹਾਂ ਦੇ ਭਰਾ ਗੋਵਿੰਦ ਕਾਂਡਾ ਦੀ ਗਿਣਤੀ ਪ੍ਰਦੇਸ਼ ਦੀਆਂ ਪ੍ਰਭਾਵਸ਼ਾਲੀ ਸਿਆਸੀ ਹਸਤੀਆਂ 'ਚ ਹੁੰਦੀ ਹੈ।

ਗੋਪਾਲ ਕਾਂਡਾ ਦਾ ਨਾਮ ਸਾਲ 2012 ਵਿੱਚ ਉਦੋਂ ਚਰਚਾ 'ਚ ਆਇਆ ਸੀ ਜਦੋਂ ਉਨ੍ਹਾਂ ਦੀ ਏਅਰਲਾਈਨਜ਼ ਕੰਪਨੀ ਵਿੱਚ ਕੰਮ ਕਰਨ ਵਾਲੀ ਇੱਕ ਕਰਮੀ ਗੀਤਿਕਾ ਸ਼ਰਮਾ ਨੇ ਖ਼ੁਦਕੁਸ਼ੀ ਕਰ ਲਈ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਗੀਤਿਕਾ ਸ਼ਰਮਾ ਨੂੰ ਨਿਆਂ ਦਿਵਾਉਣ ਲਈ ਪ੍ਰਦਰਸ਼ਨ ਕਰਦੇ ਲੋਕ

ਗੀਤਿਕਾ ਨੇ 5 ਅਗਸਤ 2012 ਨੂੰ ਖ਼ੁਦਕੁਸ਼ੀ ਕੀਤੀ ਸੀ। ਉਨ੍ਹਾਂ ਦੀ ਲਾਸ਼ ਦਿੱਲੀ ਦੇ ਅਸ਼ੋਕ ਵਿਹਾਰ ਵਾਲੇ ਘਰ 'ਚ ਪੱਖੇ ਨਾਲ ਲਟਕਦੀ ਹੋਈ ਮਿਲੀ ਸੀ।

ਆਪਣੇ ਸੁਸਾਇਡ ਨੋਟ 'ਚ ਗੀਤਿਕਾ ਨੇ ਕਥਿਤ ਤੌਰ 'ਤੇ ਗੋਪਾਲ ਕਾਂਡਾ ਅਤੇ ਉਨ੍ਹਾਂ ਕੰਪਨੀ ਦੀ ਇੱਕ ਕਰਮੀ ਅਰੁਣਾ ਚੱਢਾ ਦਾ ਨਾਮ ਲਿਆ ਸੀ।

ਇਹ ਵੀ ਪੜ੍ਹੋ-

ਜੇਲ੍ਹ ਅਤੇ ਜ਼ਮਾਨਤ

ਕਾਂਡਾ ਐੱਮਡੀਐੱਲਆਰ ਏਅਰਲਾਈਨਜ਼ ਦੇ ਮਾਲਕ ਸਨ, ਜਿੱਥੇ ਗੀਤਿਕਾ ਏਅਰ ਹੋਸਟੈੱਸ ਵਜੋਂ ਕੰਮ ਕਰਦੀ ਸੀ।

ਕਾਂਡਾ ਨੇ ਖ਼ੁਦ 'ਤੇ ਲੱਗੇ ਇਲਜ਼ਾਮਾਂ ਨੂੰ ਗ਼ਲਤ ਦੱਸਿਆ ਸੀ ਅਤੇ ਲਗਭਗ 10 ਦਿਨ ਤੱਕ ਅੰਡਰ-ਗਰਾਊਂਡ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਸੀ।

ਗੋਪਾਲ ਕਾਂਡਾ 'ਤੇ ਬਲਾਤਕਾਰ, ਖ਼ੁਦਕੁਸ਼ੀ ਲਈ ਉਕਸਾਉਣ, ਅਪਰਾਧਿਕ ਸਾਜ਼ਿਸ਼ ਰਚਣ ਵਰਗੇ ਇਲਜ਼ਾਮ ਸਨ। ਇਸ ਵਿਚਾਲੇ ਉਨ੍ਹਾਂ ਨੇ ਹੁੱਡਾ ਸਰਕਾਰ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ।

ਗੀਤਿਕਾ ਸ਼ਰਮਾ ਦੀ ਖ਼ੁਦਕੁਸ਼ੀ ਦੇ 6 ਮਹੀਨਿਆਂ ਬਾਅਦ ਉਨ੍ਹਾਂ ਦੀ ਮਾਂ ਨੇ ਵੀ ਖ਼ੁਦਕੁਸ਼ੀ ਕਰ ਲਈ ਸੀ ਅਤੇ ਉਨ੍ਹਾਂ ਨੇ ਆਪਣੇ ਸੁਸਾਈਡ ਨੋਟ ਵਿੱਚ ਕਥਿਤ ਤੌਰ 'ਤੇ ਕਾਂਡਾ ਨਾਮ ਲਿਆ ਸੀ।

ਗੋਪਾਲ ਕਾਂਡਾ ਨੂੰ ਕਰੀਬ 18 ਮਹੀਨੇ ਜੇਲ੍ਹ 'ਚ ਰਹਿਣਾ ਪਿਆ ਸੀ। ਬਾਅਦ ਵਿੱਚ ਮਾਰਚ 2014 'ਚ ਦਿੱਲੀ ਹਾਈਕੋਰਟ ਨੇ ਉਨ੍ਹਾਂ 'ਤੇ ਰੇਪ ਦੇ ਇਲਜ਼ਾਮ ਹਟਾ ਦਿੱਤੇ ਸਨ ਅਤੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਪੁਲਿਸ ਹਿਰਾਸਤ ਵਿੱਚ ਗੋਪਾਲ ਕਾਂਡਾ

ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਸਾਲ 2014 'ਚ ਹੀ ਗੋਪਾਲ ਕਾਂਡਾ ਨੇ ਆਪਣੇ ਭਰਾ ਦੇ ਨਾਲ ਮਿਲ ਕੇ ਹਰਿਆਣਾ ਲੋਕਹਿਤ ਪਾਰਟੀ ਦਾ ਗਠਨ ਕੀਤਾ ਅਤੇ ਉਸ ਵੇਲੇ ਦੀਆਂ ਵਿਧਾਨ ਸਭਾ ਚੋਣਾਂ ਵੀ ਲੜੀਆਂ।

ਭਾਜਪਾ ਨੇ ਕੀਤਾ ਸੀ ਵਿਰੋਧ ਪ੍ਰਦਰਸ਼ਨ

ਗੋਪਾਲ ਕਾਂਡਾ ਦੇ ਭਰਾ ਗੋਵਿੰਦ ਕਾਂਡਾ ਨੇ ਵੀ ਇੱਕ ਨਿਊਜ਼ ਚੈਨਲ 'ਤੇ ਪੁਸ਼ਟੀ ਕੀਤੀ ਹੈ ਉਹ ਭਾਜਪਾ ਨੂੰ ਸਮਰਥਨ ਦੇ ਰਹੇ ਹਨ।

ਇਸ ਤੋਂ ਬਾਅਦ ਤੋਂ ਹੀ ਗੋਪਾਲ ਕਾਂਡਾ ਸੋਸ਼ਲ ਮੀਡੀਆ 'ਤੇ ਟਰੈਂਡ ਕਰ ਰਹੇ ਹਨ। ਲੋਕ ਉਨ੍ਹਾਂ ਨਾਲ ਜੁੜੀਆਂ ਪੁਰਾਣੀਆਂ ਤਸਵੀਰਾਂ ਅਤੇ ਗੀਤਿਕਾ ਸ਼ਰਮਾ ਦੀ ਖ਼ੁਦਕੁਸ਼ੀ ਦੀ ਕਹਾਣੀ ਨੂੰ ਸਾਂਝਾ ਕਰ ਰਹੇ ਹਨ।

ਕਈ ਲੋਕ ਉਹ ਤਸਵੀਰ ਵੀ ਪੋਸਟ ਕਰ ਰਹੇ ਹਨ, ਜਿਸ ਵਿੱਚ ਭਾਜਪਾ ਦੇ ਨੇਤਾ ਗੀਤਿਕਾ ਸ਼ਰਮਾ ਨੂੰ ਨਿਆਂ ਦਿਵਾਉਣ ਅਤੇ ਗੋਪਾਲ ਕਾਂਡਾ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰਦਿਆਂ ਹੋਇਆ ਪ੍ਰਦਰਸ਼ਨ ਕਰ ਰਹੇ ਸਨ।

ਇੰਡੀਅਨ ਯੂਥ ਕਾਂਗਰਸ ਦੇ ਸੋਸ਼ਲ ਮੀਡੀਆ ਇੰਚਾਰਜ਼ ਵੈਭਵ ਵਾਲੀਆ ਨੇ ਇਹੀ ਤਸਵੀਰ ਟਵੀਟ ਕਰ ਲਿਖਿਆ ਹੈ, "ਇੱਕ ਵੇਲਾ ਸੀ ਜਦੋਂ ਗੋਪਾਲ ਕਾਂਡਾ ਭਾਜਪਾ ਦੇ ਨੇਤਾਵਾਂ ਲਈ ਸਭ ਤੋਂ ਨਾ-ਪਸੰਦ ਕੀਤੇ ਜਾਣ ਵਾਲੇ ਨੇਤਾ ਸਨ। ਮੈਨੂੰ ਨਹੀਂ ਪਤਾ ਹੁਣ ਉਨ੍ਹਾਂ ਨੂੰ ਗੀਤਿਕਾ ਸ਼ਰਮਾ ਨੂੰ ਨਿਆਂ ਦਿਵਾਉਣ ਦੀ ਚਿੰਤਾ ਹੈ ਜਾਂ ਨਹੀਂ।"

ਕੁਮਾਰ ਵਿਸ਼ਵਾਸ਼ ਨੇ ਲਿਖਿਆ ਹੈ, "ਰਾਜਨੀਤੀ ਕਾਂਡਾਂ" ਅਤੇ "ਕਾਂਡਾਵਾਂ" ਦੇ ਹਵਾਲੇ ਸੀ, ਹੈ ਅਤੇ ਰਹੇਗੀ।"

ਕ੍ਰਿਸ਼ਣ ਪ੍ਰਤਾਪ ਸਿੰਘ ਨੇ ਲਿਖਿਆ, "ਭਾਜਪਾ ਰੋਜ਼ ਬੋਲਦੀ ਰਹਿੰਦੀ ਹੈ ਬੇਟੀ ਬਚਾਓ, ਬੇਟੀ ਪੜਾਓ... ਅਤੇ ਫਿਰ ਹਰਿਆਣਾ 'ਚ ਗੋਪਾਲ ਕਾਂਡਾ ਦਾ ਸਮਰਥਨ ਵੀ ਲੈ ਲੈਂਦੇ ਹਨ।"

ਨਰਿੰਦਰ ਨਾਥ ਮਿਸ਼ਰਾ ਨੇ ਤੰਜ ਭਰੇ ਲਹਿਜ਼ੇ 'ਚ ਲਿਖਿਆ ਹੈ ਕਿ ਗੋਪਾਲ ਕਾਂਡਾ ਨੂੰ ਸ਼ਾਇਕ ਮਹਿਲਾ ਬਾਲ ਵਿਕਾਸ ਮੰਤਰਾਲੇ ਮਿਲ ਜਾਵੇਗਾ।

ਇਹ ਵੀ ਪੜ੍ਹੋ-

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)