ਸੁਖਬੀਰ-ਅਮਰਿੰਦਰ ਦੀ ‘ਹਾਰ’ ਹੋਈ ਤੇ ਦੁਸ਼ਯੰਤ ਦੇ ਕਿੰਗਮੇਕਰ ਬਣੇ-ਨਜ਼ਰੀਆ

ਕੈਪਟਨ ਅਮਰਿੰਦਰ ਸਿੰਘ

ਤਸਵੀਰ ਸਰੋਤ, Hindustan Times

ਵੀਰਵਾਰ ਨੂੰ ਆਏ ਪੰਜਾਬ ਵਿਧਾਨ ਸਭਾ ਦੇ ਚਾਰ ਹਲਕਿਆਂ ਲਈ ਹੋਈਆਂ ਜ਼ਿਮਨੀ ਚੋਣਾਂ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਕੁਝ ਦਿਲਚਸਪ ਤੱਥ ਉਭਰੇ ਹਨ।

ਪੰਜਾਬ ਵਿੱਚ ਰਵਾਇਤੀ ਗੜ੍ਹਾਂ ਦੇ ਝੰਡੇ ਬਦਲ ਗਏ ਹਨ। ਦਾਖਾ ਜੋ ਕਿ ਕਾਂਗਰਸ ਦਾ ਗੜ੍ਹ ਸੀ ਉੱਥੇ ਮੁੱਖ ਮੰਤਰੀ ਦੇ ਨਜ਼ਦੀਕੀ ਮੰਨੇ ਜਾਂਦੇ ਸੰਦੀਪ ਸੰਧੂ ਅਕਾਲੀ ਦਲ ਦੇ ਮਨਪ੍ਰੀਤ ਇਆਲੀ ਤੋਂ ਹਾਰ ਗਏ ਹਨ।

ਜਲਾਲਾਬਾਦ ਜੋ ਕਿ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਗੜ੍ਹ ਸੀ ਉੱਥੇ ਕਾਂਗਰਸ ਦੇ ਰਵਿੰਦਰ ਆਵਲਾ ਨੇ ਅਕਾਲੀ ਦਲ ਦੇ ਰਾਜ ਸਿੰਘ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ। ਸਿਆਸੀ ਮਾਹਰ ਇਸ ਨੂੰ ਪਾਰਟੀਆਂ ਦੀ ਲੀਡਰਸ਼ਿੱਪ ਦੀ ਹਾਰ ਅਤੇ ਉਮੀਦਵਾਰਾਂ ਦੀ ਨਿੱਜੀ ਜਿੱਤ ਵਜੋਂ ਦੇਖ ਰਹੇ ਹਨ।

ਇਹ ਵੀ ਪੜ੍ਹੋ-

ਇਸੇ ਤਰ੍ਹਾਂ ਹਰਿਆਣਾ ਵਿੱਚ ਤ੍ਰਿਸ਼ੰਕੂ ਵਿਧਾਨ ਸਭਾ ਹੋਂਦ ਵਿੱਚ ਆ ਗਈ ਹੈ। ਖੱਟਰ ਸਰਕਾਰ ਦੇ ਵੱਡੇ ਮੰਤਰੀਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਕਦੇ ਭਾਜਪਾ ਦੇ ਵਿਰੋਧੀ ਰਹੇ ਗੋਪਾਲ ਕਾਂਡਾ ਕਿੰਗ ਮੇਕਰ ਬਣਨ ਜਾ ਰਹੇ ਸਨ ਪਰ ਆਖ਼ਰੀ ਨਤੀਜਿਆਂ ਦੇ ਆਉਣ ਤੱਕ ਆਜ਼ਾਦ ਉਮੀਦਵਾਰਾਂ ਮੁੱਖ ਭੂਮਿਕਾ ਵਿੱਚ ਆ ਗਏ ਹਨ।

ਵੀਡੀਓ ਕੈਪਸ਼ਨ,

‘ਇਹ ਫਤਵਾ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਬਾਦਲ ਦੋਵਾਂ ਦੇ ਖ਼ਿਲਾਫ਼ ਹੈ’- ਨਜ਼ਰੀਆ

ਬੀਬੀਸੀ ਨੇ ਪੰਜਾਬ ਅਤੇ ਹਰਿਆਣਾ ਦੇ ਇਨ੍ਹਾਂ ਤਾਜ਼ਾ ਸਿਆਸੀ ਹਾਲਾਤ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਹਰਿਆਣਾ ਦੇ ਸੀਨੀਅਰ ਪੱਤਰਕਾਰ ਬਲਵੰਤ ਤਕਸ਼ਕ ਅਤੇ ਪੰਜਾਬ ਦੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਗੱਲਬਾਤ ਕੀਤੀ। ਪੇਸ਼ ਹਨ ਉਨ੍ਹਾਂ ਦਾ ਨਜ਼ਰੀਆ।

ਵੀਡੀਓ ਕੈਪਸ਼ਨ,

ਦਾਖਾ ਤੋਂ ਜਿੱਤਣ ਵਾਲੇ ਤੇ ਹਾਰਨ ਵਾਲੇ ਉਮੀਦਵਾਰਾਂ ਦਾ ਕੀ ਕਹਿਣਾ ਹੈ

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦਾ ਨਜ਼ਰੀਆ:

'ਫਤਵਾ ਕੈਪਟਨ ਤੇ ਸੁਖਬੀਰ ਦੋਵਾਂ ਦੇ ਖ਼ਿਲਾਫ਼'

ਕੈਪਟਨ ਅਮਰਿੰਦਰ ਸਿੰਘ ਦੀ ਕਮਾਂਡ ਵਿੱਚ 4 'ਚੋਂ 3 ਸੀਟਾਂ ਕਾਂਗਰਸ ਲੈ ਗਈ ਪਰ ਨਿੱਜੀ ਤੌਰ 'ਤੇ ਇਹ ਫਤਵਾ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਹੈ ਅਤੇ ਫਤਵਾ ਸੁਖਬੀਰ ਸਿੰਘ ਬਾਦਲ ਦੇ ਵੀ ਖ਼ਿਲਾਫ਼ ਹੈ।

ਜਲਾਲਾਬਾਦ ਸੁਖਬੀਰ ਸਿੰਘ ਬਾਦਲ ਦਾ ਹਲਕਾ ਸੀ ਜਿੱਥੇ ਵਿਧਾਨ ਸਭਾ ਚੋਣਾਂ ਦੌਰਾਨ ਵੱਡੇ ਵਕਫ਼ੇ ਨਾਲ ਉਨ੍ਹਾਂ ਨੇ ਜਿੱਤ ਹਾਸਿਲ ਕੀਤੀ ਸੀ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਦਾਖਾ ਵਿੱਚ ਅਕਾਲੀ ਸਮਰਥਕ ਜਸ਼ਨ ਮਨਾਉਂਦੇ ਹੋਏ

ਸੁਖਬੀਰ ਬਾਦਲ ਇਸ ਸਮੇਂ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਹਨ। ਇਸ ਤੋਂ ਪਹਿਲਾਂ ਉਹ ਜਲਾਲਬਾਦ ਤੋਂ ਵਿਧਾਨ ਸਭਾ ਮੈਂਬਰ ਸਨ। ਸਾਂਸਦ ਬਣਨ ਮਗਰੋਂ ਉਨ੍ਹਾਂ ਨੇ ਜਲਾਲਾਬਾਦ ਸੀਟ ਤੋਂ ਅਸਤੀਫ਼ਾ ਦੇ ਦਿੱਤਾ ਸੀ ਜਿਸ ਕਾਰਨ ਜਲਾਲਾਬਾਦ ਵਿਧਾਨ ਸਭਾ ਸੀਟ ਖਾਲੀ ਹੋ ਗਈ ਸੀ।

ਅਜਿਹੇ 'ਚ ਜ਼ਿਮਨੀ ਚੋਣਾਂ ਵਿੱਚ ਅਕਾਲੀ ਦਲ ਦਾ ਉਮੀਦਵਾਰ ਵੱਡੇ ਮਾਰਜ਼ਨ ਨਾਲ ਹਾਰ ਜਾਣਾ, ਇਹ ਫਤਵਾ ਲੋਕਾਂ ਦਾ ਸੁਖਬੀਰ ਸਿੰਘ ਬਾਦਲ ਦੇ ਖ਼ਿਲਾਫ਼ ਹੈ।

ਜਲਾਲਬਾਦ 'ਚ ਸੁਖਬੀਰ ਬਾਦਲ ਦੀ ਹਾਰ ਹੈ। ਇਹ ਸੰਕੇਤ ਹੈ ਕਿ ਅਕਾਲੀ ਦਲ ਹੁਣ ਤੱਕ ਉਭਰ ਨਹੀਂ ਪਾ ਰਿਹਾ ਹੈ।

ਲੋਕ ਸਭਾ ਚੋਣਾਂ ਵਿੱਚ ਵੀ ਇਹੀ ਨਤੀਜੇ ਸਨ। ਅਕਾਲੀ ਦਲ ਨੇ ਦੋ ਸੀਟਾਂ ਜਿੱਤੀਆਂ ਸਨ। ਉਹ ਵੀ ਸੁਖਬੀਰ ਤੇ ਹਰਸਿਮਰਤ ਕੌਰ ਬਾਦਲ ਨੇ ਜਿੱਤੀਆਂ ਸਨ।

ਬਾਕੀ ਪਾਰਟੀ ਨੂੰ ਜਿੱਤ ਨਹੀਂ ਮਿਲੀ ਤੇ ਇਹ ਟਰੈਂਡ ਹੁਣ ਤੱਕ ਚੱਲਿਆ ਆ ਰਿਹਾ ਹੈ। ਇਹ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਪਰ ਪਾਰਟੀ ਸੁਰਜੀਤ ਨਹੀਂ ਹੋ ਰਹੀ ਹੈ। ਮੈਨੂੰ ਲਗਦਾ ਹੈ ਕਿ ਇਨ੍ਹਾਂ ਨੂੰ ਹਾਲਾਤ ਸਮਝਣੇ ਚਾਹੀਦੇ ਹਨ ਕਿ ਲੋਕ ਇਨ੍ਹਾਂ ਤੋਂ ਕੀ ਚਾਹੁੰਦੇ ਹਨ।

ਸੁਖਬੀਰ ਬਾਦਲ ਨੇ ਅਜੇ ਵੀ ਵਿਰੋਧੀ ਧਿਰ ਦਾ ਰੋਲ ਅਦਾ ਕਰਨਾ ਸ਼ੁਰੂ ਨਹੀਂ ਕੀਤਾ ਕਿਉਂਕਿ ਉਹ ਅਜੇ ਵੀ ਪਾਵਰ ਦਾ ਆਨੰਦ ਲੈ ਰਹੇ ਹਨ।

ਮਨਪ੍ਰੀਤ ਇਆਲੀ ਦੀ ਇਹ ਨਿੱਜੀ ਜਿੱਤ ਹੈ ਪਰ ਅਕਾਲੀ ਦਲ ਦੀ ਜਿੱਤ ਨਹੀਂ ਹੈ।

ਲੋਕਾਂ ਨੇ ਇਸ ਗੱਲ 'ਤੇ ਵੀ ਪ੍ਰਤੀਕਿਰਿਆ ਦਿੱਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਾਹਰੋਂ ਬੰਦਾ ਲਿਆ ਕੇ ਇੱਥੇ ਖੜ੍ਹਾ ਕਰ ਦਿੱਤਾ। ਇਸ ਸੀਟ 'ਤੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਇਆ ਹੈ ਸੰਦੀਪ ਸਿੰਘ ਸੰਧੂ ਨੂੰ ਨਹੀਂ।

ਪੰਜਾਬ ਦੇ ਸਿਆਸੀ ਮਾਹੌਲ ਵਿੱਚ ਫਗਵਾੜਾ ਸੀਟ ਤੋਂ ਭਾਜਪਾ ਦੀ ਹਾਰ ਬਹੁਤ ਅਹਿਮੀਅਤ ਰੱਖਦੀ ਹੈ।

ਤਸਵੀਰ ਸਰੋਤ, GURDARSHAN SANDHU/BBC

ਤਸਵੀਰ ਕੈਪਸ਼ਨ,

ਜਲਾਲਾਬਾਦ ਵਿੱਚ ਕਾਂਗਰਸ ਉਮੀਦਵਾਰ ਰਮਿੰਦਰ ਸਿੰਘ ਆਵਲਾ ਦੇ ਸਮਰਥਕ ਜਸ਼ਨ ਮਨਾਉਂਦੇ ਹੋਏ

ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਭਾਜਪਾ ਨੇ ਕਿਹਾ ਸੀ ਕਿ ਉਹ ਪੰਜਾਬ ਵਿੱਚ ਆਪਣੀ ਭਾਈਵਾਲ ਪਾਰਟੀ ਨਾਲ ਵੱਡੇ ਭਰਾ ਦਾ ਰੋਲ ਅਦਾ ਕਰਨਗੇ। ਅਕਾਲੀ ਦਲ ਨਾਲੋਂ ਵੱਧ ਸੀਟਾਂ ਜਿਤਣਗੇ। ਪਰ ਭਾਜਪਾ ਦਾ ਵਿਚਾਰ ਲੋਕਾਂ ਨੇ ਰੱਦ ਕਰ ਦਿੱਤਾ।

ਉਨ੍ਹਾਂ ਵੱਲੋਂ ਸੂਬੇ ਦੀ ਸਭ ਤੋਂ ਵੱਡੀ ਤੇ ਇਤਿਹਾਸਕ ਪਾਰਟੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਭਾਜਪਾ ਨੂੰ ਲੋਕਾਂ ਨੇ ਉਸ ਦੀ ਥਾਂ ਦਿਖਾ ਦਿੱਤੀ।

ਭਾਜਪਾ ਵੱਲੋਂ ਇਹ ਕੋਸ਼ਿਸ਼ ਸੀ ਕਿ ਪੰਜਾਬ ਅਜਿਹਾ ਸੂਬਾ ਹੈ ਜਿੱਥੇ ਅਗਲੀ ਵਾਰ ਪੂਰੀ ਵਾਹ ਲਗਾਈ ਜਾਵੇ।

ਜ਼ੋਰ ਉਨ੍ਹਾਂ ਨੇ ਪੂਰਾ ਲਾਇਆ ਪਰ ਪੰਜਾਬ ਦੇ ਲੋਕਾਂ ਦਾ ਪਹਿਲਾਂ ਵੀ ਫਤਵਾ ਭਾਜਪਾ ਦੇ ਖ਼ਿਲਾਫ਼ ਰਿਹਾ ਤੇ ਹੁਣ ਵੀ। ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਵੀ ਲੋਕਾਂ ਨੇ ਨਕਾਰ ਦਿੱਤੀ। ਮੇਰੇ ਖ਼ਿਆਲ ਨਾਲ ਪੰਜਾਬ ਵਿੱਚ ਇਨ੍ਹਾਂ ਦਾ ਕੋਈ ਭਵਿੱਖ ਨਹੀਂ ਰਿਹਾ ਹੈ।

ਮੁਕੇਰੀਆ ਕਾਂਗਰਸ ਦੀ ਰਵਾਇਤੀ ਸੀਟ ਰਹੀ ਹੈ ਤੇ ਬੜੇ ਸਾਲਾਂ ਤੋਂ ਚਲਦੀ ਆ ਰਹੀ ਹੈ। ਉੱਥੇ ਲੋਕਾਂ ਨੇ ਕਾਂਗਰਸ ਨੂੰ ਉਸੇ ਆਧਾਰ 'ਤੇ ਜਿਤਾਇਆ ਹੈ।

‘ਹਰਿਆਣਾ ਵਿੱਚ ਆਜ਼ਾਦ ਉਮੀਦਵਾਰ ਭੂਮਿਕਾ ਅਹਿਮ ਨਿਭਾ ਸਕਦੇ ਹਨ’

ਬਲਵੰਤ ਤਕਸ਼ਕ ਦਾ ਨਜ਼ਰੀਆ:

ਕੇਂਦਰ 'ਚ ਭਾਜਪਾ ਦੀ ਸਰਕਾਰ ਹੈ ਅਤੇ ਸੂਬੇ 'ਚ ਵੀ ਭਾਜਪਾ ਦੀ ਸਰਕਾਰ। ਅਜਿਹੇ 'ਚ ਆਜ਼ਾਦ ਉਮੀਦਵਾਰਾਂ ਨੂੰ ਲਗਦਾ ਹੈ ਕਿ ਭਾਜਪਾ ਦਾ ਸਮਰਥਨ ਕਰਨਾ ਹੀ ਲਾਹੇਵੰਦ ਸਾਬਤ ਹੋ ਸਕਦਾ ਹੈ।

ਇਨ੍ਹਾਂ ਵਿੱਚ ਆਜ਼ਾਦ ਵਿਧਾਇਕਾਂ ਵਿੱਚੋਂ ਇੱਕ ਤਾਂ ਹਨ ਇਨੈਲੋ ਦੇ ਅਭੇ ਸਿੰਘ ਚੌਟਾਲਾ ਜੋ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਸਨ ਤੇ ਬਾਕੀ ਭਾਜਪਾ ਦੇ ਬਾਗ਼ੀ ਉਮੀਦਵਾਰ ਹਨ।

ਤਸਵੀਰ ਸਰੋਤ, Getty Images

ਦੁਸ਼ਯੰਤ ਚੌਟਾਲਾ ਰੁਝਾਨਾਂ 'ਚ 14 ਸੀਟਾਂ 'ਤੇ ਅੱਗੇ ਸਨ ਅਤੇ ਲਗ ਰਿਹਾ ਸੀ ਕਿ ਉਹ ਕਿੰਗਰਮੇਕਰ ਦੀ ਭੂਮਿਕਾ ਨਿਭਾ ਸਕਦੇ ਹਨ ਕਿਉਂਕਿ ਭਾਜਪਾ ਤੇ ਕਾਂਗਰਸ ਬਹੁਮਤ ਤੋਂ ਦੂਰ ਚੱਲ ਰਹੀਆਂ ਹਨ।

ਉਨ੍ਹਾਂ ਨੂੰ ਲਗ ਰਿਹਾ ਸੀ ਕਿ ਬਿਨਾਂ ਉਨ੍ਹਾਂ ਦੀ ਮਦਦ ਦੇ ਸਰਕਾਰ ਨਹੀਂ ਬਣ ਸਕਦੀ।

ਵੀਡੀਓ ਕੈਪਸ਼ਨ,

ਹਰਿਆਣਾ ’ਚ ਆਜ਼ਾਦ ਵਿਧਾਇਕ ਨਿਭਾ ਸਕਦੇ ਹਨ ਅਹਿਮ ਭੂਮਿਕਾ- ਵਿਸ਼ਲੇਸ਼ਣ

ਇਸ ਦੌਰਾਨ ਉਨ੍ਹਾਂ ਨੇ ਕਿੰਗਰਮੇਕਰ ਦੀ ਬਜਾਇ ਕਿੰਗ ਬਣਨ 'ਚ ਵਧੇਰੇ ਦਿਲਚਸਪੀ ਦਿਖਾਈ ਅਤੇ ਇਹ ਮੰਸ਼ਾ ਜਾਂ ਇੱਛਾ ਜ਼ਾਹਿਰ ਕੀਤੀ ਗਈ ਕਿ ਉਹ ਕਿਸੇ ਨੂੰ ਸਮਰਥਨ ਨਹੀਂ ਦੇਣਗੇ।

ਉਨ੍ਹਾਂ ਨੇ ਕਿਹਾ ਸੀ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਜੇ ਉਨ੍ਹਾਂ ਨੂੰ ਭਾਜਪਾ ਜਾਂ ਕਾਂਗਰਸ ਸਮਰਥਨ ਦੇਣਾ ਚਾਹੇ ਤਾਂ ਉਹ ਲੈਣ ਲਈ ਤਿਆਰ ਹਨ।

ਪਰ ਸ਼ਾਮ ਹੁੰਦਿਆਂ-ਹੁੰਦਿਆਂ ਜਦੋਂ ਆਖ਼ਰੀ ਨਤੀਜੇ ਆਏ ਤਾਂ ਉਦੋਂ ਬਾਜੀ ਪਲਟ ਗਈ ਸੀ ਤੇ 14 ਤੋਂ 10 ਸੀਟਾਂ 'ਤੇ ਰਹਿ ਗਏ। 9 ਆਜ਼ਾਦ ਵਿਧਾਇਕ ਸੁਰਖ਼ੀਆਂ ਵਿੱਚ ਗਏ। ਭਾਜਪਾ ਵੀ 35-37 ਤੋਂ ਵੱਧ ਕੇ 40 'ਤੇ ਆ ਗਈ ਸੀ।

40 ਪਲੱਸ 9 ਵੈਸੇ ਹੀ 49 ਹੋ ਜਾਂਦੇ ਹਨ ਅਤੇ ਸਰਕਾਰ ਬਣਾਉ ਲਈ ਤਾਂ 46 ਦੀ ਲੋੜ ਹੈ। ਅਜਿਹੇ 'ਚ ਇਨ੍ਹਾਂ ਕੋਲ 49 ਵਿਧਾਇਕ ਹੋ ਜਾਂਦੇ ਹਨ ਤੇ ਹੁਣ ਉਨ੍ਹਾਂ ਦੀ ਥਾਂ ਜੇਜੇਪੀ ਦੀ ਲੋੜ ਖ਼ੈਰ ਭਾਜਪਾ ਨੂੰ ਫਿਲਹਾਲ ਨਹੀਂ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)