ਹਰਿਆਣਾ ਵਿੱਚ JJP-BJP ਦਾ ਗਠਜੋੜ, ਮੁੱਖ ਮੰਤਰੀ ਭਾਜਪਾ ਤੇ ਉਪ ਮੁੱਖ ਮੰਤਰੀ ਜੇਜੇਪੀ ਦਾ ਹੋਵੇਗਾ

ਤਸਵੀਰ ਸਰੋਤ, ANI
ਹਰਿਆਣਾ ਵਿੱਚ ਭਾਜਪਾ ਤੇ ਜੇਜੇਪੀ ਦਾ ਗਠਜੋੜ ਹੋਇਆ
ਦੁਸ਼ਯੰਤ ਚੌਟਾਲਾ ਦੀ ਜੇਜੇਪੀ ਤੇ ਭਾਜਪਾ ਨੇ ਹਰਿਆਣਾ ਵਿੱਚ ਗਠਜੋੜ ਕਰਨ ਦਾ ਐਲਾਨ ਕਰ ਦਿੱਤਾ ਹੈ।
ਸ਼ਾਮ ਨੂੰ ਦੁਸ਼ਯੰਤ ਚੌਟਾਲਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੇ ਥੋੜ੍ਹੀ ਦੇਰ ਬਾਅਦ ਇਹ ਐਲਾਨ ਹੋਇਆ।
ਅਮਿਤ ਸ਼ਾਹ ਨੇ ਕਿਹਾ, “ਹਰਿਆਣਾ ਭਾਜਪਾ ਦੇ ਨੇਤਾ ਤੇ ਜੇਜੇਪੀ ਨੇ ਆਗੂਆਂ ਦੀ ਮੀਟਿੰਗ ਹੋਈ। ਹਰਿਆਣਾ ਦੀ ਜਨਤਾ ਦੇ ਜਨਾਦੇਸ਼ ਨੂੰ ਮੰਨਦੇ ਹੋਏ ਭਾਜਪਾ ਤੇ ਜੇਜੇਪੀ ਮਿਲ ਕੇ ਸਰਕਾਰ ਬਣਾਉਣਗੇ। ਕਈ ਆਜ਼ਾਦ ਵਿਧਾਇਕਾਂ ਨੇ ਵੀ ਸਰਕਾਰ ਨੂੰ ਹਮਾਇਤ ਦਿੱਤੀ ਹੈ।”
“ਮੁੱਖ ਮੰਤਰੀ ਭਾਜਪਾ ਦਾ ਹੋਵੇਗਾ ਜਦਕਿ ਉਪ-ਮੁੱਖ ਮੰਤਰੀ ਦਾ ਅਹੁਦਾ ਜੇਜੇਪੀ ਨੂੰ ਦਿੱਤਾ ਜਾਵੇਗਾ।”
ਇਸ ਤੋਂ ਪਹਿਲਾਂ ਸ਼ੁੱਕਰਵਾਰ ਸ਼ਾਮ ਜੇਜੇਪੀ ਦੇ ਮੁਖੀ ਦੁਸ਼ਯੰਤ ਚੌਟਾਲਾ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਜਿਹੜੀ ਵੀ ਪਾਰਟੀ ਉਨ੍ਹਾਂ ਦੀਆਂ ਸ਼ਰਤਾਂ ਮੰਨੇਗੀ ਉਹ ਉਸ ਨੂੰ ਹਮਾਇਤ ਦੇਣਗੇ।
ਦੁਸ਼ਯੰਤ ਚੌਟਾਲਾ ਨੇ ਕਿਹਾ ਸੀ, "ਸਾਡੀ ਮੀਟਿੰਗ ਵਿੱਚ ਭਾਜਪਾ ਨੂੰ ਹਮਾਇਤ ਦੇਣ ਦੀ ਗੱਲ ਵੀ ਉਠੀ ਤੇ ਕਾਂਗਰਸ ਦੇ ਨਾਲ ਜਾਣ ਦੀ ਵੀ ਸਲਾਹ ਦਿੱਤੀ ਗਈ ਹੈ। ਪਰ ਅਸੀਂ ਇਹ ਤੈਅ ਕੀਤਾ ਹੈ ਕਿ ਜੋ ਸਾਡੇ ਕਾਮਨ ਮਿਨਿਮਮ ਪ੍ਰੋਗਰਾਮ ਦੀ ਹਿਮਾਇਤ ਕਰੇਗਾ, ਅਸੀਂ ਉਸੇ ਦੀ ਹਮਾਇਤ ਕਰਾਂਗੇ।"
"ਜੋ ਪਾਰਟੀ ਹਰਿਆਣਾ ਦੀਆਂ ਨੌਕਰੀਆਂ ਵਿੱਚ ਸੂਬੇ ਦੇ ਨੌਜਵਾਨਾਂ ਨੂੰ 75 ਫੀਸਦੀ ਰਾਖਵਾਂਕਰਨ ਦੇਵੇਗੀ ਅਤੇ ਬਜ਼ੁਰਗਾਂ ਦੀ ਪੈਨਸ਼ਨ ਵਿੱਚ ਵਾਧਾ ਕਰੇਗੀ, ਅਸੀਂ ਉਸੇ ਪਾਰਟੀ ਦੀ ਹਮਾਇਤ ਕਰਾਂਗੇ।"
ਦੁਸ਼ਯੰਤ ਚੌਟਾਲਾ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਭੁਪਿੰਦਰ ਹੁੱਡਾ ਨੇ ਕਿਹਾ ਕਿ ਕਾਂਗਰਸ ਨੂੰ ਉਨ੍ਹਾਂ ਦੀਆਂ ਸਾਰੀਆਂ ਸ਼ਰਤਾਂ ਮਨਜ਼ੂਰ ਹਨ।
ਇਹ ਵੀ ਪੜ੍ਹੋ-
ਉਨ੍ਹਾਂ ਕਿਹਾ, "ਦੁਸ਼ਯੰਤ ਚੌਟਾਲਾ ਨੇ ਰੁਜ਼ਗਾਰ ਤੇ ਬਜ਼ੁਰਗਾਂ ਦੀ ਪੈਨਸ਼ਨ ਸਣੇ ਜੋ ਸ਼ਰਤਾਂ ਰੱਖੀਆਂ ਸਨ ਉਹ ਸਾਡੇ ਮੈਨੀਫੈਸਟੋ ਵਿੱਚ ਪਹਿਲਾਂ ਹੀ ਹਨ।"
"ਦੁਸ਼ਯੰਤ ਉਸ ਨੂੰ ਪੜ੍ਹ ਲੈਣ ਉਨ੍ਹਾਂ ਨੂੰ ਆਪਣੇ ਸਵਾਲਾਂ ਦੇ ਜਵਾਬ ਮਿਲ ਜਾਣਗੇ। ਇਸ ਤੋਂ ਇਲਾਵਾ ਵੀ ਦੁਸ਼ਯੰਤ ਜੋ ਸੁਝਾਅ ਦੇਣਗੇ ਉਨ੍ਹਾਂ ਸੁਝਾਵਾਂ ਨੂੰ ਉਹ ਖੁੱਲ੍ਹੇ ਦਿਲ ਨਾਲ ਵਿਚਾਰਨਗੇ।"
'ਅਬ ਕੀ ਬਾਰ ਸੱਤਰ ਪਾਰ' ਦਾ ਨਾਅਰਾ ਦੇਣ ਵਾਲੀ ਭਾਜਪਾ ਹਾਲਾਂਕਿ 40 'ਤੇ ਹੀ ਸਿਮਟ ਗਈ ਹੈ ਪਰ ਫਿਰ ਵੀ ਸਰਕਾਰ ਬਣਾਉਣ ਦੇ ਨੇੜੇ ਹੈ।
ਪਾਰਟੀ ਦੇ ਵਿਧਾਨ ਸਭਾ ਮੈਂਬਰਾਂ ਦੀ 26 ਅਕਤੂਬਰ ਨੂੰ ਅਗਲੀ ਰਣਨੀਤੀ ਬਾਰੇ ਵਿਚਾਰ ਕਰਨ ਲਈ ਚੰਡੀਗੜ੍ਹ ਵਿੱਚ ਬੈਠਕ ਹੋਣੀ ਹੈ।
ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਜੇਜੇਪੀ ਅਤੇ ਕਾਂਗਰਸ ਦੀ ਬਿਆਨਬਾਜ਼ੀ ਵਿੱਚ ਦੋਹਾਂ ਦੇ ਹੱਥੋਂ ਸਮਾਂ ਖੁੰਝ ਰਿਹਾ ਹੈ।
ਆਖ਼ਰੀ ਨਤੀਜਿਆਂ ਨੇ ਆਜ਼ਾਦ ਉਮੀਦਵਾਰਾਂ ਨੂੰ ਕੇਂਦਰੀ ਭੂਮਿਕਾ ਵਿੱਚ ਲੈ ਆਂਦਾ ਹੈ ਅਤੇ ਭਾਜਪਾ ਇਨ੍ਹਾਂ ਨੂੰ ਆਪਣੇ ਨਾਲ ਮਿਲਾਉਣ ਦੀ ਪੂਰੀ ਵਾਹ ਲਾਵੇਗੀ। ਗੋਪਾਲ ਕਾਂਡਾ ਪਹਿਲਾਂ ਹੀ ਭਾਜਪਾ ਦੀ ਹਮਾਇਤ ਦਾ ਐਲਾਨ ਕਰ ਚੁੱਕੇ ਹਨ।
ਗੋਪਾਲ ਕਾਂਡਾ ਦੇ ਭਾਜਪਾ ਤੋਂ ਹਿਮਾਇਤ ਲੈਣ 'ਤੇ ਪਾਰਟੀ ਵਿਚਾਲੇ ਵੀ ਸਵਾਲ ਚੁੱਕੇ ਜਾ ਰਹੇ ਹਨ। ਭਾਜਪਾ ਨੇਤਾ ਉਮਾ ਭਾਰਤੀ ਨੇ ਵੀ ਗੋਪਾਲ ਕਾਂਡਾ ਤੋਂ ਹਮਾਇਤ ਲਏ ਜਾਣ 'ਤੇ ਸਵਾਲ ਚੁੱਕਦੇ ਹੋਏ ਕਈ ਟਵੀਟ ਕੀਤੇ ਹਨ।
ਤਸਵੀਰ ਸਰੋਤ, Getty Images
ਪੁਲਿਸ ਹਿਰਾਸਤ ਵਿੱਚ ਗੋਪਾਲ ਕਾਂਡਾ
ਗੋਪਾਲ ਕਾਂਡਾ 'ਤੇ ਲੱਗੇ ਇਲਜ਼ਾਮਾਂ ਦਾ ਜ਼ਿਕਰ ਕਰਦੇ ਹਏ ਉਮਾ ਭਾਰਤੀ ਨੇ ਕਿਹਾ, "ਮੈਂ ਭਾਜਪਾ ਨੂੰ ਬੇਨਤੀ ਕਰਦੀ ਹਾਂ ਕਿ ਅਸੀਂ ਆਪਣੀ ਨੈਤਿਕ ਜ਼ਿੰਮੇਵਾਰੀ ਨਾ ਭੁਲੀਏ। ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਜ਼ਰੂਰ ਬਣੇ ਪਰ ਇਹ ਤੈਅ ਕੀਤਾ ਜਾਵੇ ਕਿ ਭਾਜਪਾ ਕੇ ਵਰਕਰਾਂ ਵਰਗੀ ਸਾਫ ਜ਼ਿੰਦਗੀ ਸਾਡੇ ਨਾਲ ਜੁੜੇ ਲੋਕਾਂ ਦੀ ਹੋਵੇ।"
ਹਰਿਆਣਾ ਲੋਕਹਿਤ ਪਾਰਟੀ (ਐੱਚਐੱਲਪੀ) ਬਣਾਉਣ ਵਾਲੇ ਗੋਪਾਲ ਕਾਂਡਾ ਨੇ ਸਿਰਸਾ ਵਿਧਾਨ ਸਭਾ ਸੀਟ ਤੋਂ ਮਹਿਜ਼ 602 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।
ਗੋਪਾਲ ਕਾਂਡਾ ਦਾ ਨਾਮ ਸਾਲ 2012 ਵਿੱਚ ਉਦੋਂ ਚਰਚਾ 'ਚ ਆਇਆ ਸੀ ਜਦੋਂ ਉਨ੍ਹਾਂ ਦੀ ਏਅਰਲਾਈਨਜ਼ ਕੰਪਨੀ ਵਿੱਚ ਕੰਮ ਕਰਨ ਵਾਲੀ ਇੱਕ ਕਰਮੀ ਗੀਤਿਕਾ ਸ਼ਰਮਾ ਨੇ ਖ਼ੁਦਕੁਸ਼ੀ ਕਰ ਲਈ ਸੀ।
ਗੀਤਿਕਾ ਨੇ 5 ਅਗਸਤ 2012 ਨੂੰ ਖ਼ੁਦਕੁਸ਼ੀ ਕੀਤੀ ਸੀ। ਉਨ੍ਹਾਂ ਦੀ ਲਾਸ਼ ਦਿੱਲੀ ਦੇ ਅਸ਼ੋਕ ਵਿਹਾਰ ਵਾਲੇ ਘਰ 'ਚ ਪੱਖੇ ਨਾਲ ਲਟਕਦੀ ਹੋਈ ਮਿਲੀ ਸੀ।
ਆਪਣੇ ਸੁਸਾਇਡ ਨੋਟ 'ਚ ਗੀਤਿਕਾ ਨੇ ਕਥਿਤ ਤੌਰ 'ਤੇ ਗੋਪਾਲ ਕਾਂਡਾ ਅਤੇ ਉਨ੍ਹਾਂ ਕੰਪਨੀ ਦੀ ਇੱਕ ਕਰਮੀ ਅਰੁਣਾ ਚੱਢਾ ਦਾ ਨਾਮ ਲਿਆ ਸੀ।
ਗੋਪਾਲ ਕਾਂਡਾ 'ਤੇ ਬਲਾਤਕਾਰ, ਖ਼ੁਦਕੁਸ਼ੀ ਲਈ ਉਕਸਾਉਣ, ਅਪਰਾਧਿਕ ਸਾਜ਼ਿਸ਼ ਰਚਣ ਵਰਗੇ ਇਲਜ਼ਾਮ ਸਨ। ਇਸ ਵਿਚਾਲੇ ਉਨ੍ਹਾਂ ਨੇ ਹੁੱਡਾ ਸਰਕਾਰ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ।
ਗੀਤਿਕਾ ਦੇ ਪਰਿਵਾਰ ਨੇ ਕੀ ਕਿਹਾ?
ਹੁਣ ਗੋਪਾਲ ਕਾਂਡਾ ਨੂੰ ਹਰਿਆਣਾ ਸਰਕਾਰ ਵਿੱਚ ਸ਼ਾਮਿਲ ਕੀਤੇ ਜਾਣ ਦੀ ਚਰਚਾ ਵਿਚਾਲੇ ਗੀਤਿਕਾ ਦੇ ਪਰਿਵਾਰ ਨੇ ਅਫਸੋਸ ਜ਼ਾਹਿਰ ਕੀਤਾ ਹੈ।
ਗੀਤਿਕਾ ਸ਼ਰਮਾ ਦੇ ਭਰਾ ਅੰਕਿਤ ਸ਼ਰਮਾ ਨੇ ਬੀਬੀਸੀ ਨੂੰ ਕਿਹਾ, "ਇਹ ਬਹੁਤ ਅਫਸੋਸਜਨਕ ਹੈ ਕਿ ਸਰਕਾਰ ਬਣਾਉਣ ਲਈ ਇੱਕ ਅਪਰਾਧੀ ਤੋਂ ਹਮਾਇਤ ਲਈ ਜਾ ਰਹੀ ਹੈ। ਅਜਿਹਾ ਅਪਰਾਧੀ ਜਿਸ ਨੇ ਇੱਕ ਲੜਕੀ ਦਾ ਸਰੀਰਕ ਸ਼ੋਸ਼ਣ ਕੀਤਾ ਅਤੇ ਉਸ ਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ। ਦੇਸ ਨੂੰ ਕੀ ਸੰਦੇਸ਼ ਦਿੱਤਾ ਜਾ ਰਿਹਾ ਹੈ, ਕੀ ਸਿਆਸਤ ਇਨਸਾਫ ਤੋਂ ਵੱਡੀ ਹੈ?"
ਤਸਵੀਰ ਸਰੋਤ, Getty Images
ਗੀਤਿਕਾ ਨੂੰ ਇਨਸਾਫ ਦਿਵਾਉਣ ਲਈ ਕਈ ਧਰਨੇ ਪ੍ਰਦਰਸ਼ਨ ਕੀਤੇ ਗਏ ਸਨ
ਗੋਪਾਲ ਕਾਂਡਾ ਇਨ੍ਹਾਂ ਸਾਰਿਆਂ ਇਲਜ਼ਾਮਾਂ ਨੂੰ ਖਾਰਿਜ ਕਰਦੇ ਰਹੇ ਹਨ। ਦਿੱਲੀ ਦੀ ਇੱਕ ਅਦਾਲਤ ਨੇ ਉਨ੍ਹਾਂ ਨੂੰ ਰੇਪ ਦੇ ਇਲਜ਼ਾਮ ਤੋਂ ਬਰੀ ਕਰ ਦਿੱਤਾ ਹੈ। ਹਾਲਾਂਕਿ ਖੁਦਕੁਸ਼ੀ ਲਈ ਉਕਸਾਉਣ ਦੇ ਇਲਜ਼ਾਮਾਂ ਹੇਠ ਉਹ ਜ਼ਮਾਨਤ 'ਤੇ ਹਨ।
ਗੀਤਿਕਾ ਦੇ ਭਰਾ ਅੰਕਿਤ ਸ਼ਰਮਾ ਦਾ ਇਹ ਵੀ ਕਹਿਣਾ ਹੈ ਕਿ ਗੋਪਾਲ ਕਾਂਡਾ ਦੇ ਸੱਤਾ ਵਿੱਚ ਸ਼ਾਮਿਲ ਹੋਣ ਨਾਲ ਉਨ੍ਹਾਂ ਦੀ ਭੈਣ ਦੀ ਖੁਦਕੁਸ਼ੀ ਦੇ ਮਾਮਲੇ ਦੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਜ਼ਰੂਰ ਦੇਖੋ