Dushyant Chautala: ਛੋਟੀ ਉਮਰ 'ਚ ਸਿਆਸਤ ਚ ਪੈਰ ਧਰਨ ਵਾਲੇ ਦੁਸ਼ਯੰਤ ਚੌਟਾਲਾ ਦਾ ਸਫ਼ਰ

  • ਅਭੀਜੀਤ ਸ਼੍ਰੀਵਾਸਤਵ
  • ਬੀਬੀਸੀ ਪੱਤਰਕਾਰ
ਚੌਟਾਲਾ

ਤਸਵੀਰ ਸਰੋਤ, Dushyant Chautala/FB

ਦੁਸ਼ਯੰਤ ਚੌਟਾਲਾ ਨੂੰ ਪਿਛਲੇ ਸਾਲ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਤੋਂ ਬਾਹਰ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿਤਾ ਅਜੈ ਚੌਟਾਲਾ ਦੀ ਅਗਵਾਈ ਵਾਲੀ ਜਨ ਨਾਇਕ ਜਨਤਾ ਪਾਰਟੀ (ਜੇਜੇਪੀ) ਬਣਾਈ।

9 ਦਸੰਬਰ 2018 ਨੂੰ ਜੇਜੇਪੀ, ਜੀਂਦ ਵਿੱਚ ਬਣਾਈ ਗਈ ਅਤੇ ਸਿਰਫ਼ ਇੱਕ ਸਾਲ ਦੇ ਅੰਦਰ ਹੀ ਉਨ੍ਹਾਂ ਨੇ ਹਰਿਆਣਾ ਦੀ ਸਿਆਸਤ ਵਿੱਚ ਆਪਣੀ ਅਹਿਮ ਛਾਪ ਛੱਡੀ।

ਵਿਧਾਨ ਸਭਾ ਚੋਣਾਂ ਵਿੱਚ ਦਸ ਸੀਟਾਂ ਜਿੱਤਣ ਦੇ ਨਾਲ ਹੀ ਦੁਸ਼ਯੰਤ ਹਰਿਆਣਾ ਦੀ ਜਾਟ ਸਿਆਸਤ ਵਿੱਚ ਵੀ ਵੱਡੇ ਨੇਤਾ ਬਣੇ ਕੇ ਉੱਭਰੇ ਹਨ।

ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਠੋਕਰ ਮਾਰਨ ਵਾਲੇ ਚੌਧਰੀ ਦੇਵੀ ਲਾਲ ਦੇ ਪੜਪੋਤੇ ਦੁਸ਼ਯੰਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਕੋਲ ਨਾ ਸਿਰਫ਼ ਹਰਿਆਣਾ ਦੀ ਸਿਆਸਤ ਦੀ ਚੰਗੀ ਸਮਝ ਹੈ ਸਗੋਂ ਦੂਰ ਦਰਿਸ਼ਟੀ ਵੀ ਹੈ।

ਹਰਿਆਣਾ ਵਿਧਾਨ ਸਭਾ ਚੋਣਾਂ 2019 ਵਿੱਚ ਨਾ ਤਾਂ ਭਾਜਪਾ ਅਤੇ ਨਾ ਹੀ ਕਾਂਗਰਸ ਨੂੰ ਬਹੁਮਤ ਮਿਲਿਆ ਪਰ 90 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਬਹੁਮਤ ਬਣਾਉਣ ਲਈ ਸਤਾ ਦੀ ਚਾਬੀ ਜੇਜੇਪੀ ਦੇ ਬੋਝੇ ਵਿੱਚ ਸੀ।

ਇਹ ਵੀ ਪੜ੍ਹੋ-

ਕੌਣ ਹਨ ਦੁਸ਼ਯੰਤ ਚੌਟਾਲਾ?

26 ਸਾਲ ਦੀ ਉਮਰ ਵਿੱਚ ਲੋਕ ਸਭਾ ਚੋਣਾਂ ਜਿੱਤਣ ਵਾਲੇ ਦੁਸ਼ਯੰਤ ਚੌਟਾਲਾ ਨੇ ਉਸ ਤੋਂ 10-12 ਸਾਲ ਪਹਿਲਾਂ ਹੀ ਪ੍ਰਚਾਰ ਦਾ ਕੰਮ ਸ਼ੁਰੂ ਕਰ ਦਿੱਤਾ ਸੀ।

ਸੀਨੀਅਰ ਪੱਤਰਕਾਰ ਜਤਿਨ ਗਾਂਧੀ ਕਹਿੰਦੇ ਹਨ, "ਰਣਦੀਪ ਸੂਰਜੇਵਾਲ ਦੇ ਖ਼ਿਲਾਫ਼ ਜਦੋਂ ਉਨ੍ਹਾਂ ਦੇ ਦਾਦਾ ਚੋਣ ਲੜ ਰਹੇ ਸਨ ਤਾਂ ਪਹਿਲੀ ਵਾਰ ਦੁਸ਼ਯੰਤ ਨੇ ਚੋਣ ਪ੍ਰਚਾਰ ਕੀਤਾ ਸੀ। ਉਸ ਸਮੇਂ 14-15 ਸਾਲਾਂ ਦੀ ਉਮਰ ਸੀ। ਆਪਣੇ ਪਿਤਾ ਦੇ ਨਾਲ ਉਨ੍ਹਾਂ ਨੇ ਪਹਿਲੀ ਵਾਰ ਸਰਗਰਮ ਸਿਆਸਤ ਵਿੱਚ ਪ੍ਰਚਾਰ ਕੀਤਾ ਸੀ।"

ਉਹ ਕਹਿੰਦੇ ਹਨ, "ਹਰਿਆਣਾ ਦੀ ਸਿਆਸਤ ਵਿੱਚ ਜਾਟਾਂ ਦਾ ਦਬਦਬਾ ਰਿਹਾ ਹੈ। ਉੱਥੇ ਇੱਕ ਕਹਾਵਤ ਹੈ ਕਿ ਜਾਟ ਇੱਕ ਵੋਟ ਪਾਉਂਦਾ ਹੈ ਤਾਂ ਚਾਰ ਪਵਾਉਂਦਾ ਵੀ ਹੈ। ਲਿਹਾਜ਼ਾ ਇੰਡੀਅਨ ਨੈਸ਼ਨਲ ਲੋਕਦਲ ਅਤੇ ਦੁਸ਼ਯੰਤ ਦੀ ਨਵੀਂ ਪਾਰਟੀ ਦੀ ਕਾਰਗੁਜ਼ਾਰੀ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਜਾਟਾਂ ਦੀ ਹਮਾਇਤ ਉਨ੍ਹਾਂ ਦੇ ਦਾਦਾ ਅਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਵਾਲੇ ਪਾਸੇ ਨਾ ਜਾ ਕੇ ਦੁਸ਼ਯੰਤ ਦੀ ਪਾਰਟੀ ਵੱਲ ਮੁੜ ਗਈ ਹੈ।"

ਚੋਣ ਪ੍ਰਚਾਰ ਦੌਰਾਨ ਦੁਸ਼ਯੰਤ ਦੀਆਂ ਰੈਲੀਆਂ ਵਿੱਚ ਲੋਕਾਂ ਦੀ ਵੱਡੀ ਹਾਜ਼ਰੀ ਦੇਖਣ ਨੂੰ ਮਿਲੀ।

ਤਸਵੀਰ ਸਰੋਤ, TWITTER @Dushyant Chautala

'ਜਾਟਾਂ ਨੇ ਭਾਜਪਾ ਨੂੰ ਮੁਆਫ ਨਹੀਂ ਕੀਤਾ'

ਦੁਸ਼ਯੰਤ ਮਹਿਜ਼ 31 ਸਾਲ ਦੇ ਹਨ ਲਿਹਾਜ਼ਾ ਉਨ੍ਹਾਂ ਵਿੱਚ ਬਹੁਤ ਸਿਆਸੀ ਉਰਜਾ ਦਿਖਦੀ ਹੈ।

ਜਤਿਨ ਗਾਂਧੀ ਕਹਿੰਦੇ ਹਨ, “ਲੋਕ ਸਭਾ ਦੇ ਕਾਰਜਕਾਲ ਦੌਰਾਨ ਦੁਸ਼ਯੰਤ ਚੌਟਾਲਾ ਦਾ ਹਰਿਆਣਾ ਦੇ ਮੁੱਦਿਆਂ ਨੂੰ ਚੁੱਕਣਾ ਹੋਵੇ ਜਾਂ ਉਨ੍ਹਾਂ ਦੇ ਬੋਲਣ ਦਾ ਤਰੀਕਾ ਦੋਵੇਂ ਹੀ ਬਹੁਤ ਪ੍ਰਭਾਵਿਤ ਕਰਨ ਵਾਲੇ ਰਹੇ ਹਨ।”

"ਉਨ੍ਹਾਂ ਦਾ ਕੱਦ ਕਾਠੀ ਬਹੁਤ ਹੱਦ ਤੱਕ ਉਨ੍ਹਾਂ ਦੇ ਪੜਦਾਦਾ ਦੇਵੀ ਲਾਲ ਨਾਲ ਮਿਲਦਾ-ਜੁਲਦਾ ਹੈ। ਇੰਡੀਅਨ ਨੈਸ਼ਨਲ ਲੋਕਦਲ ਤੋਂ ਵੱਖ ਹੋ ਕੇ ਜੇਜੇਪੀ ਬਣੀ ਅਤੇ ਇਸ ਵੇਲੇ ਖੁਦ ਓਮਪ੍ਰਕਾਸ਼ ਚੌਟਾਲਾ ਜੇਲ੍ਹ ਵਿੱਚ ਹਨ ਤਾਂ ਹਰਿਆਣਾ ਦੇ ਜਾਟਾਂ ਨੇ ਦੁਸ਼ਯੰਤ ਦੀ ਪਾਰਟੀ ਨੂੰ ਹਮਾਇਤ ਦਿੱਤੀ ਹੈ।"

ਪਰ ਦੁਸ਼ਯੰਤ ਨੂੰ ਜਾਟਾਂ ਦੀ ਹਮਾਇਤ ਮਿਲਣ ਦੇ ਕਾਰਨ ਬਾਰੇ ਜਤਿਨ ਕਹਿੰਦੇ ਹਨ ਕਿ ਇੱਥੇ ਇਹ ਵੀ ਵੇਖਣਾ ਹੋਵੇਗਾ ਕਿ ਹਰਿਆਣਾ ਵਿੱਚ ਦੋ ਵਾਰ ਮੁੱਖ ਮੰਤਰੀ ਰਹੇ ਭੁਪਿੰਦਰ ਸਿੰਘ ਹੁੱਡਾ ਨੂੰ ਕਾਂਗਰਸ ਨੇ ਪਾਰਟੀ ਦੀ ਕਮਾਨ ਨਾ ਦੇ ਕੇ ਅਸ਼ੋਕ ਤੰਵਰ ਨੂੰ ਪਾਰਟੀ ਪ੍ਰਧਾਨ ਬਣਾਇਆ।

"ਪੰਜ ਸਾਲ ਤੱਕ ਤੰਵਰ ਆਪਣੇ ਅਹੁਦੇ 'ਤੇ ਬਣੇ ਰਹੇ। ਇਸ ਨਾਲ ਜਾਟਾਂ ਵਿੱਚ ਇਹ ਸੰਦੇਸ਼ ਵੀ ਗਿਆ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਨਾਲ ਭੁਪਿੰਦਰ ਸਿੰਘ ਹੁੱਡਾ 'ਤੇ ਵਿਸ਼ਵਾਸ ਨਹੀਂ ਕਰਦੀ ਹੈ।"

"ਦੂਜਾ ਇਹ ਕਿ ਭਾਜਪਾ ਨੇ ਪਿਛਲੀ ਵਾਰ ਤਿੰਨ ਜਾਟ ਆਗੂਆਂ ਨੂੰ ਮੈਦਾਨ ਵਿੱਚ ਉਤਾਰਿਆ ਸੀ। ਝੱਜਰ ਤੋਂ ਓਮ ਪ੍ਰਕਾਸ਼ ਧਨਖੜ, ਨਾਰਨੌਂਦ ਵਿੱਚ ਕੈਪਟਨ ਅਭਿਮਨਿਊ ਅਤੇ ਉਚਾਨਾਕਲਾਂ ਤੋਂ ਵੀਰੇਂਦਰ ਸਿੰਘ ਨੂੰ। ਉਚਾਨਾਕਲਾਂ ਤੋਂ ਹੀ ਦੁਸ਼ਯੰਤ ਚੌਟਾਲਾ ਨੇ ਵੀਰੇਂਦਰ ਸਿੰਘ ਦੀ ਪਤਨੀ ਨੂੰ ਇਨ੍ਹਾਂ ਚੋਣਾਂ ਵਿੱਚ ਹਰਾਇਆ ਹੈ।"

"ਜਾਟ ਰਾਖਵੇਂਕਰਨ ਮਾਮਲੇ ਨੂੰ ਲੈ ਕੇ ਜਾਟਾਂ ਨੇ ਭਾਜਪਾ ਨੂੰ ਮੁਆਫ ਨਹੀਂ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਦਿਖਾਇਆ ਹੈ ਕਿ ਭਾਵੇਂ ਹੀ ਭਾਜਪਾ ਨੇ ਜਾਟਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ ਪਰ ਗ਼ੈਰ-ਜਾਟ ਖੱਟਰ ਨੂੰ ਮੁੱਖ ਮੰਤਰੀ ਬਣਾ ਦਿੱਤਾ ਹੈ।"

ਦੁਸ਼ਯੰਤ ਦੀ ਦੂਰ ਦ੍ਰਿਸ਼ਟੀ

ਪਾਰਟੀ ਬਣਨ ਦੇ ਇੱਕ ਸਾਲ ਦੇ ਅੰਦਰ ਹੀ ਜੇਜੇਪੀ ਨੂੰ ਮਿਲੀ ਇਸ ਸਫ਼ਲਤਾਂ ਦੇ ਪਿੱਛੇ ਦੁਸ਼ਯੰਤ ਦਾ ਹੀ ਕਮਾਲ ਹੈ।

ਸੀਨੀਅਰ ਪੱਤਰਕਾਰ ਆਦਿਤੀ ਟੰਡਨ ਕਹਿੰਦੇ ਹਨ, "ਦੁਸ਼ਯੰਤ ਚੌਟਾਲਾ ਨੇ ਲਗਭਗ ਦੋ ਸਾਲ ਪਹਿਲਾਂ ਹੀ ਇਹ ਸਮਝ ਲਿਆ ਸੀ ਕਿ ਹੁਣ ਚੌਧਰੀ ਦੇਵੀ ਲਾਲ ਦੀ ਵਿਰਾਸਤ ਦੀ ਲੜਾਈ ਹੈ ਅਤੇ ਇਸ ਵਿੱਚ ਉਹੀ ਅੱਗੇ ਨਿਕਲ ਸਕਦਾ ਜਿਹੜਾ ਗ੍ਰਾਊਂਡ ਨੂੰ ਹਿੱਟ ਕਰ ਲਵੇਗਾ। ਉਹ ਲੰਘੇ ਡੇਢ ਸਾਲ ਤੋਂ ਸੂਬਾਈ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਹਰਿਆਣੇ ਦੇ ਜਿਲ੍ਹਿਆਂ ਵਿੱਚ ਘੁੰਮ ਰਹੇ ਸਨ।”

“ਇਸੇ ਦੌਰਾਨ ਹਰਿਆਣਾ ਵਿੱਚ ਜਾਟ ਰਾਖਵੇਂਕਰਣ ਦੀ ਮੁਹਿੰਮ ਚੱਲੀ ਜਿਸ ਵਿੱਚ ਬਹੁਤ ਹਿੰਸਾ ਹੋਈ। ਉਸ ਤੋਂ ਬਾਅਦ ਸਥਾਨਕ ਸਿਆਸਤ ਵਿੱਚ ਜਾਂਟਾਂ ਤੇ ਗੈਰ-ਜਾਟਾਂ ਵਿੱਟ ਵੱਡੇ ਪੱਧਰ ਤੇ ਧਰੁਵੀਕਰਣ ਹੋ ਗਿਆ।"

ਤਸਵੀਰ ਸਰੋਤ, TWITTER @Dchautala

ਉਹ ਕਹਿੰਦੇ ਹਨ, "ਇਸ ਘਟਨਾਕ੍ਰਮ ਕਾਰਨ ਜਾਟਾਂ ਵਿੱਚ ਭਾਜਪਾ ਪ੍ਰਤੀ ਬਹੁਤ ਨਾਰਾਜ਼ਗੀ ਹੋਈ। ਅਜਿਹੇ ਵਿੱਚ ਦੁਸ਼ਯੰਤ ਚੌਟਾਲਾ ਨੂੰ ਇਹ ਲੱਗਿਆ ਕਿ ਜਾਟ ਅਗਵਾਈ ਵਿੱਚ ਆਪਣੇ-ਆਪ ਨੂੰ ਸਥਾਪਿਤ ਕੀਤਾ ਜਾਵੇ। ਇੱਧਰ ਕਾਂਗਰਸ ਨੇ ਭੂਪਿੰਦਰ ਸਿੰਘ ਹੁੱਡਾ ਨੂੰ ਚੋਣਾਂ ਵਿੱਚ ਆਪਣਾ ਚਿਹਰਾ ਨਹੀਂ ਬਣਾਇਆ ਜਿਸ ਕਾਰਨ ਜਾਟਾਂ ਨੂੰ ਇਹ ਸਮਝ ਨਹੀਂ ਆਈ ਕਿ ਸਾਡੀ ਨੁਮਾਇੰਦਗੀ ਕੌਣ ਕਰੇਗਾ। ਅਜਿਹੇ ਵਿੱਚ ਦੁਸ਼ਯੰਤ ਚੌਟਾਲਾ ਨੇ ਇਸ ਕਮੀ ਨੂੰ ਪੂਰਾ ਕੀਤਾ। ਪੂਰੇ ਸੂਬੇ ਦਾ ਦੌਰਾ ਕੀਤਾ।"

ਆਦਿਤੀ ਮੁਤਾਬਕ, "ਹਰਿਆਣਾ ਦੀ ਸਿਆਸਤ ਵਿੱਚ ਦੁਸ਼ਯੰਤ ਚੌਟਾਲਾ ਦੇ ਰੂਪ ਵਿੱਚ ਇੱਕ ਨਵਾਂ ਪਾਠ ਜੁੜਨ ਜਾ ਰਿਹਾ ਹੈ ਕਿਉਂਕਿ ਚੌਧਰੀ ਦੇਵੀ ਲਾਲ, ਬੰਸੀ ਲਾਲ ਅਤੇ ਭਜਨ ਲਾਲ ਤੋਂ ਬਾਅਦ ਹੁਣ ਉਹ ਜਾਟ ਆਗੂ ਬਣ ਕੇ ਸਾਹਮਣੇ ਆਏ ਹਨ।"

ਤਸਵੀਰ ਸਰੋਤ, Getty Images

ਦੁਸ਼ਯੰਤ ਨੇ ਜਾਟ ਫੈਕਟਰ ਦਾ ਇਸਤੇਮਾਲ ਕੀਤਾ

ਹਰਿਆਣਾ ਦੀ ਸਿਆਸਤ ਵਿੱਚ ਜਾਟਾਂ ਦਾ ਦਖਲ ਰਿਹਾ ਹੈ। ਉੱਥੇ 10 ਵਿੱਚੋਂ 7 ਮੁੱਖ ਮੰਤਰੀ ਜਾਟ ਭਾਈਚਾਰੇ ਤੋਂ ਰਹੇ ਹਨ। 2016 ਵਿੱਚ ਜਾਟ ਰਾਖਵੇਂਕਰਨ ਲਈ ਅੰਦੋਲਨ ਹੋਇਆ ਸੀ ਜਿਸ ਤੋਂ ਬਾਅਦ ਤੋਂ ਹੀ ਜਾਟਾਂ ਵਿੱਚ ਭਾਜਪਾ ਖਿਲਾਫ਼ ਗੁੱਸਾ ਹੈ।

ਆਦਿਤਿ ਕਹਿੰਦੇ ਹਨ, “ਚੌਧਰੀ ਦੇਵੀ ਲਾਲ ਤੋਂ ਬਾਅਦ ਜੇ ਹਰਿਆਣਾ ਵਿੱਚ ਕੋਈ ਵੱਡਾ ਆਗੂ ਬਣ ਕੇ ਉਭਰਿਆ ਹੈ ਤਾਂ ਉਹ ਦੁਸ਼ਯੰਤ ਚੌਟਾਲਾ ਹਨ। ਉਨ੍ਹਾਂ ਦੀਆਂ ਰੈਲੀਆਂ ਵਿੱਚ ਇਹ ਨਜ਼ਰ ਆਉਂਦਾ ਹੈ ਕਿ ਉਹ ਚੰਗਾ ਬੁਲਾਰਾ ਹਨ। ਲੋਕਾਂ ਨਾਲ ਉਨ੍ਹਾਂ ਦਾ ਰਿਸ਼ਤਾ ਉਸ ਦੌਰਾਨ ਨਜ਼ਰ ਆਉਂਦਾ ਹੈ ਕਿ ਉਹ ਆਪਣੀ ਸਿਆਸੀ ਵਿਰਾਸਤ ’ਤੇ ਗੱਲ ਨਹੀਂ ਕਰਦੇ ਹਨ।”

“ਉਨ੍ਹਾਂ ਨੇ ਬਹੁਤ ਸਮਝਦਾਰੀ ਨਾਲ ਖੁਦ ਨੂੰ ਵਿਰਾਸਤ ਤੋਂ ਵੱਖ ਕੀਤਾ ਹੈ ਅਤੇ ਉਸ ਦਾ ਫਾਇਦਾ ਵੀ ਚੁੱਕਿਆ ਹੈ। ਉਨ੍ਹਾਂ ਨੇ ਲੋਕਾਂ ਵਿਚਾਲੇ ਆਪਣੀ ਈਮੇਜ ਬਣਾਈ ਹੈ। ਉਨ੍ਹਾਂ ਨੇ ਜਾਟਾਂ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਉਹ ਇਸ ਕਾਬਿਲ ਹਨ ਜਿਸ ’ਤੇ ਉਹ ਵਿਸ਼ਵਾਸ ਕਰ ਸਕਣ।”

ਉਹ ਕਹਿੰਦੇ ਹਨ, “ਹਰਿਆਣਾ ਵਿੱਚ ਲੋਕ ਚਾਹੁੰਦੇ ਹਨ ਕਿ ਉੱਥੇ ਜਾਟਾਂ ਦੇ ਨੇਤਾ ਜ਼ਰੂਰ ਹੋਣ। ਇਨ੍ਹਾਂ ਚੋਣਾਂ ਤੋਂ ਪਹਿਲਾਂ ਉੱਥੇ ਜਾਟਾਂ ਦੇ ਵੱਡੇ ਨੇਤਾ ਕੇਵਲ ਭੁਪਿੰਦਰ ਸਿੰਘ ਹੁੱਡਾ ਹੀ ਸਨ। ਉਨ੍ਹਾਂ ਦੇ ਬੇਟੇ ਭੁਪਿੰਦਰ ਸਿੰਘ ਹੁੱਡਾ ਨੇ ਵੀ ਚੋਣ ਨਹੀਂ ਲੜੀ। ਉਹ ਕੇਂਦਰ ਦੀ ਸਿਆਸਤ ਵਿੱਚ ਰੁੱਝੇ ਹੋਏ ਹਨ।”

“ਉਹ ਲੋਕ ਸਭਾ ਚੋਣ ਵੀ ਹਾਰ ਗਏ ਸਨ। ਕਾਂਗਰਸ ਵੱਲੋਂ ਵੱਡੇ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਵੀ ਕੈਥਲ ਤੋਂ ਚੋਣ ਹਾਰ ਗਏ ਹਨ। ਜਾਟ ਭਾਈਚਾਰਾ ਸਿਆਸਤ ਪੱਖੋਂ ਸੁਚੇਤ ਹੈ। ਸੱਤਾ ਵਿੱਚ ਰਹਿਣਾ ਇਨ੍ਹਾਂ ਦੀ ਆਦਤ ਹੈ।”

ਤਸਵੀਰ ਸਰੋਤ, NARENDER KAUSHIK

ਕੀ ਗੈਗ ਜਾਟਾਂ ਨੇ ਵੀ ਕੀਤਾ ਕਿਨਾਰਾ?

ਪਰ ਕੀ ਭਾਜਪਾ ਨੂੰ ਬਹੁਮਤ ਨਾ ਮਿਲਣ ਪਿੱਛੇ ਕੇਵਲ ਜਾਟ ਫੈਕਟਰ ਹੀ ਸੀ?

ਇਸ ਬਾਰੇ ਅਦਿਤਿ ਕਹਿੰਦੇ ਹਨ ਕਿ 2014 ਦੀਆਂ ਚੋਣਾਂ ਵਿੱਚ ਭਾਜਪਾ ਨੂੰ ਡੇਰਾ ਸੱਚਾ ਸੌਦਾ ਦਾ ਪੂਰਾ ਸਮਰਥਨ ਸੀ ਪਰ ਇਸ ਦੌਰਾਨ ਉਨ੍ਹਾਂ ਦੇ ਮੁਖੀ ਰਾਮ ਰਹੀਮ ਨੂੰ ਰੇਪ ਮਾਮਲੇ ਵਿੱਚ ਸਜ਼ਾ ਹੋ ਗਈ। ਇਸ ਦਾ ਅਸਰ ਪਿਆ ਤੇ ਗ਼ੈਰ- ਜਾਟ ਸਮਰਥਕ ਭਾਈਚਾਰੇ ਨੇ ਵੀ ਬਹੁਤ ਹੱਦ ਤੱਕ ਭਾਜਪਾ ਤੋਂ ਦੂਰੀ ਬਣਾਈ।

ਉਹ ਕਹਿੰਦੇ ਹਨ, "ਇਸ ਵਾਰ ਜਾਟਾਂ ਨੇ ਇੱਕ ਨੀਤੀ ਦੇ ਨਾਲ ਹਰ ਉਸ ਉਮੀਦਵਾਰ ਨੂੰ ਜਿਤਾਇਆ ਹੈ ਜੋ ਭਾਜਪਾ ਨੂੰ ਹਰਾਉਣ ਦੇ ਹਾਲਾਤ ਵਿੱਚ ਸੀ। ਹਰਿਆਣਾ ਵਿੱਚ ਜੋ ਵੀ ਸਰਕਾਰਾਂ ਬਣੀਆਂ ਹਨ ਉਨ੍ਹਾਂ ਨੇ ਜਾਟਾਂ ਨੂੰ ਧਿਆਨ ਵਿੱਚ ਰੱਖ ਕੇ ਰਣਨੀਤੀਆਂ ਬਣਾਈਆਂ ਹਨ।"

"ਪਰ 2014 ਵਿੱਚ ਭਾਜਪਾ ਨੇ ਮਨੋਹਰ ਲਾਲ ਖੱਟਰ ਨੂੰ ਮੁੱਖ ਮੰਤਰੀ ਬਣਾਇਆ ਸੀ। ਉਸ ਵੇਲੇ ਉਨ੍ਹਾਂ ਨੇ ਨਕਾਰੇ ਹੋਏ ਜਾਟ ਭਾਈਚਾਰੇ ਨੂੰ ਸੱਤਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ। ਉਸ ਵਿੱਚ ਡੇਰਾ ਸੱਚਾ ਸੌਦਾ ਦੀ ਅਹਿਮ ਭੂਮਿਕਾ ਸੀ। ਹੁਣ ਉਹ ਸਾਰੇ ਵਿਖਰ ਗਏ ਹਨ। ਤਾਂ ਹਰਿਆਣਾ ਦੀਆਂ ਇਨ੍ਹਾਂ ਚੋਣਾਂ ਵਿੱਚ ਭਾਜਪਾ ਦੀ ਸੋਸ਼ਲ ਇੰਜੀਨੀਅਰਿੰਗ ਟੁੱਟਦੀ ਨਜ਼ਰ ਆ ਰਹੀ ਹੈ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਦੁਸ਼ਯੰਤ ਚੌਟਾਲਾ ਓਂਮ ਪ੍ਰਕਾਸ਼ ਚੌਟਾਲਾ ਦੇ ਪੋਤੇ ਹਨ

ਦੁਸ਼ਯੰਤ ਦਾ ਸਿਆਸੀ ਪਰਿਵਾਰ

ਹਰਿਆਣਾ ਦੀ ਸਿਆਸਤ ਵਿੱਚ ਦੁਸ਼ਯੰਤ ਦੇ ਆਉਣ ਨੂੰ ਸਮਝਣ ਲਈ ਹਰਿਆਣ ਦੀ ਸਿਆਸਤ ਵਿੱਚ ਉਨ੍ਹਾਂ ਦੇ ਪਰਿਵਾਰ ਦੀ ਪਕੜ ਨੂੰ ਪਹਿਲਾਂ ਸਮਝਣਾ ਹੋਵੇਗਾ।

ਹਰਿਆਣਾ ਵਿੱਚ ਵੱਡੀ ਗਿਣਤੀ ਵਿੱਚ ਜਾਟ ਭਾਈਚਾਰਾ ਹੈ। ਇਹ ਭਾਈਚਾਰਾ ਸਿਆਸੀ ਤੌਰ ਉੱਤੇ ਵੀ ਓਨਾ ਹੀ ਸਰਗਰਮ ਰਹਿੰਦਾ ਹੈ।

ਸਿਆਸਤ ਵਿੱਚ ਇਨ੍ਹਾਂ ਦੇ ਸਰਗਰਮ ਹੋਣ ਬਾਰੇ ਅੰਦਾਜ਼ਾ ਇਸ ਗੱਲ ਨਾਲ ਹੀ ਲਗਾਇਆ ਜਾ ਸਕਦਾ ਹੈ ਕਿ ਉੱਥੋਂ ਦੇ 10 ਵਿੱਚੋਂ 7 ਮੁੱਖ ਮੰਤਰੀ ਜਾਟ ਭਾਈਚਾਰੇ ਤੋਂ ਹਨ। ਦੁਸ਼ਯੰਤ ਇਸੇ ਜਾਟ ਸਿਆਸਤ ਦੀ ਇੱਕ ਕੜੀ ਹਨ।

ਹਰਿਆਣਾ ਦੀ ਸਿਆਸਤ ਵਿੱਚ ਕਿੰਗਮੇਕਰ ਬਣੇ ਦੁਸ਼ਯੰਤ ਹਰਿਆਣਾ ਦੀ ਸਿਆਸਤ ਦੇ ਵੱਡੇ ਨੇਤਾ ਰਹੇ ਦੇਵੀ ਲਾਲ ਦੀ ਚੌਥੀ ਪੀੜ੍ਹੀ ਤੋਂ ਹਨ।

ਦੇਵੀਲਾਲ ਦੋ ਵਾਰ (1977 ਤੋਂ 1979 ਅਤੇ ਫਿਰ 1987 ਤੋਂ 1989 ਤੱਕ) ਹਰਿਆਣਾ ਦੇ ਮੁੱਖ ਮੰਤਰੀ ਰਹੇ ਹਨ।

ਉਨ੍ਹਾਂ ਨੇ ਭਾਰਤੀ ਲੋਕਦਲ ਦੇ ਨਾਂ ਨਾਲ ਇੱਕ ਸਿਆਸੀ ਪਾਰਟੀ ਬਣਾਈ ਜਿਸ ਨੇ ਬਾਅਦ ਵਿੱਚ ਲੋਕਦਲ ਦੇ ਨਾਂ ਨਾਲ ਚੋਣ ਲੜੀ। ਫਿਰ ਇਸ ਪਾਰਟੀ ਦਾ ਨਾਂ ਇੰਡੀਅਨ ਨੈਸ਼ਨਲ ਲੋਕਦਲ ਰੱਖ ਦਿੱਤਾ ਗਿਆ।

ਤਸਵੀਰ ਸਰੋਤ, KC YADAV/BBC

ਤਸਵੀਰ ਕੈਪਸ਼ਨ,

ਚੌਧਰੀ ਦੇਵੀ ਲਾਲ

ਇਸ ਤੋਂ ਬਾਅਦ 1999 ਵਿੱਚ ਲੋਕ ਸਭਾ ਚੋਣ ਅਤੇ ਫਿਰ 2000 ਵਿੱਚ ਵਿਧਾਨ ਸਭਾ ਚੋਣ ਵਿੱਚ ਪਾਰਟੀ ਨੇ ਜਿੱਤ ਹਾਸਿਲ ਕੀਤੀ ਸੀ।

1999 ਵਿੱਚ ਇਨੈਲੋ ਨੇ ਭਾਜਪਾ ਦੀ ਸਹਿਯੋਗੀ ਪਾਰਟੀ ਵਜੋਂ ਚੋਣ ਲੜੀ ਤੇ ਸਾਰੀਆਂ 10 ਸੀਟਾਂ 'ਤੇ ਦੋਵੇਂ ਪਾਰਟੀਆਂ ਨੇ ਜਿੱਤ ਹਾਸਿਲ ਕੀਤੀ।

ਇਸ ਦੇ ਅਗਲੇ ਸਾਲ ਹੀ ਇਨੈਲੋ ਨੇ ਸੂਬੇ ਦੀ ਵਿਧਾਨ ਸਭਾ ਦੀਆਂ 90 ਵਿੱਚੋਂ 47 ਸੀਟਾਂ ਜਿੱਤਦੇ ਹੋਏ ਓਮ ਪ੍ਰਕਾਸ਼ ਚੌਟਾਲਾ ਦੀ ਅਗਵਾਈ ਵਿੱਚ ਸਰਕਾਰ ਬਣਾਈ ਪਰ ਇਸ ਤੋਂ ਬਾਅਦ ਹੋਈਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦਾ ਖਰਾਬ ਪ੍ਰਦਰਸ਼ਨ ਰਿਹਾ।

ਓਮਪ੍ਰਕਾਸ਼ ਚੌਟਾਲਾ ਦੇ ਨਾਂ ਹੀ ਸੂਬੇ ਦਾ ਸਭ ਤੋਂ ਜ਼ਿਆਦਾ ਵਾਰ ਮੁੱਖ ਮੰਤਰੀ ਬਣਨ ਦਾ ਰਿਕਾਰਡ ਵੀ ਹੈ। ਓਮ ਪ੍ਰਕਾਸ਼ ਚੌਟਾਲਾ ਦੇ ਦੋ ਪੁੱਤਰ ਅਜੇ ਤੇ ਅਭੈ ਚੌਟਾਲਾ ਹਨ। ਦੁਸ਼ਯੰਤ ਚੌਟਾਲਾ ਅਜੇ ਚੌਟਾਲਾ ਦੇ ਪੁੱਤਰ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਅਭੈ ਚੌਟਾਲਾ

ਕਿਵੇਂ ਹੋਇਆ ਜਨਨਾਇਕ ਪਾਰਟੀ ਦਾ ਗਠਨ?

ਪਰ 2013 ਵਿੱਚ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੇ ਵੱਡੇ ਪੁੱਤਰ ਅਜੇ ਚੌਟਾਲਾ ਨੂੰ ਤਿੰਨ ਹਜ਼ਾਰ ਟੀਚਰਾਂ ਦੀ ਗ਼ੈਰ-ਕਾਨੂੰਨੀ ਤਰੀਕੇ ਨਾਲ ਭਰਤੀ ਕਰਨ ਦੇ ਮਾਮਲੇ ਵਿੱਚ 10-10 ਸਾਲ ਦੀ ਸਜ਼ਾ ਸੁਣਾਈ ਗਈ। 2014 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਨੈਲੋ ਨੂੰ ਮਹਿਜ਼ 19 ਸੀਟਾਂ 'ਤੇ ਜਿੱਤ ਹਾਸਿਲ ਹੋਈ ਸੀ।

ਇਸ ਤੋਂ ਬਾਅਦ ਅਭੈ ਚੌਟਾਲਾ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਏ ਜਾਣ ਵੇਲੇ ਚੌਟਾਲਾ ਪਰਿਵਾਰ ਦਾ ਅੰਦਰੂਨੀ ਕਲੇਸ਼ ਸਾਹਮਣੇ ਆਇਆ ਸੀ।

ਸਭ ਤੋਂ ਪਹਿਲਾਂ ਇਨੈਲੋ ਨੇ ਛੋਟੇ ਭਰਾ ਅਭੈ ਚੌਟਾਲਾ ਦੀ ਮੌਜੂਦਗੀ ਵਿੱਚ ਵੱਡੇ ਭਰਾ ਅਜੇ ਸਿੰਘ ਚੌਟਾਲਾ ਦੀ ਪਾਰਟੀ ਦੀ ਮੈਂਬਰਸ਼ਿਪ ਰੱਦ ਕਰਨ ਦਾ ਐਲਾਨ ਕੀਤਾ।

ਅਜੇ ਚੌਟਾਲਾ 'ਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਪਾਰਟੀ ਨੇ ਤਿਹਾੜ ਵਿੱਚ ਬੰਦ ਓਮ ਪ੍ਰਕਾਸ਼ ਚੌਟਾਲਾ ਦੀ ਚਿੱਠੀ ਪੜ੍ਹ ਕੇ ਸੁਣਾਈ ਅਤੇ ਕਿਹਾ ਗਿਆ ਕਿ ਪਾਰਟੀ ਮੁਖੀ ਨੇ ਉਨ੍ਹਾਂ ਦੀ ਮੁੱਢਲੀ ਮੈਂਬਰਸ਼ਿਪ ਖ਼ਤਮ ਕਰ ਦਿੱਤੀ ਹੈ।

ਸ਼ੁਰੂਆਤ ਵਿੱਚ ਸ਼ੰਘਰਸ਼ ਅਭੈ ਚੌਟਾਲਾ ਅਤੇ ਉਨ੍ਹਾਂ ਦੇ ਭਤੀਜੇ ਦੁਸ਼ਯੰਤ ਚੌਟਾਲਾ ਵਿਚਾਲਾ ਸਾਹਮਣੇ ਆਇਆ ਸੀ।

7 ਅਕਤੂਬਰ 2018 ਨੂੰ ਸੋਨੀਪਤ ਜ਼ਿਲ੍ਹੇ ਵਿੱਚ ਇਨੈਲੋ ਦੀ ਰੈਲੀ ਪ੍ਰਬੰਧਿਤ ਕੀਤੀ ਗਈ ਜਿਸ ਵਿੱਚ ਦੋ ਹਫ਼ਤੇ ਦੀ ਪੈਰੋਲ 'ਤੇ ਬਾਹਰ ਆਏ ਓਮ ਪ੍ਰਕਾਸ਼ ਚੌਟਾਲਾ ਵੀ ਮੌਜੂਦ ਸਨ।

ਭੀੜ ਦੇ ਇੱਕ ਹਿੱਸੇ ਨੇ ਅਭੇ ਚੌਟਾਲਾ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਓਮ ਪ੍ਰਕਾਸ਼ ਚੌਟਾਲਾ ਦੇ ਸਾਹਮਣੇ ਹੀ ਦੁਸ਼ਯੰਤ ਚੌਟਾਲਾ ਦੀ ਹਮਾਇਤ ਵਿੱਚ ਨਾਅਰੇ ਲਗਾਏ ਸਨ।

ਤਸਵੀਰ ਸਰੋਤ, COURTESY CHAUTALA FAMILY

ਨਤੀਜਾ ਇਹ ਹੋਇਆ ਕਿ ਓਮ ਪ੍ਰਕਾਸ਼ ਚੌਟਾਲਾ ਨੇ ਇਸ ਪੂਰੇ ਮਾਮਲੇ ਨੂੰ ਕਾਰਵਾਈ ਲਈ ਅਨੁਸ਼ਾਸਨ ਸਮਿਤੀ ਨੂੰ ਸੌਂਪਿਆ ਦਿੱਤਾ ਅਤੇ ਜਾਂਚ ਤੋਂ ਬਾਅਦ ਅਜੇ ਚੌਟਾਲਾ ਨੇ ਪੁੱਤਰ ਦੁਸ਼ਯੰਤ ਤੇ ਦਿਗਵਿਜੇ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ।

ਨਾਲ ਹੀ ਇਨੈਲੋ ਦੇ ਯੁਵਾ ਮੋਰਚਾ ਨੂੰ ਵੀ ਭੰਗ ਕਰ ਦਿੱਤਾ ਗਿਆ ਜਿਸ ਦੀ ਅਗਵਾਈ ਦਿਗਵਿਜੇ ਚੌਟਾਲਾ ਕਰ ਰਹੇ ਸਨ।

ਹਾਲਾਂਕਿ ਦੁਸ਼ਯੰਤ ਤੇ ਦਿਗਵਿਜੇ ਨੇ ਇਸ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੀ ਕਾਰਵਾਈ ਕੇਵਲ ਉਨ੍ਹਾਂ ਦੇ ਪਿਤਾ ਅਜੇ ਸਿੰਘ ਚੌਟਾਲਾ ਹੀ ਕਰ ਸਕਦੇ ਹਨ।

ਪਰ ਬਾਅਦ ਵਿੱਚ ਅਜੇ ਚੌਟਾਲਾ ਨੂੰ ਵੀ ਕੱਢ ਦਿੱਤਾ ਗਿਆ। ਅਕਤੂਬਰ 2018 ਵਿੱਚ ਤਾਊ ਦੇਵੀਲਾਲ ਦੇ ਜਨਮਦਿਨ ਮੌਕੇ ਆਯੋਜਿਤ ਸਨਮਾਨ ਰੈਲੀ ਵਿੱਚ ਖੁੱਲ੍ਹ ਕੇ ਸਾਹਮਣੇ ਆਏ ਉਨ੍ਹਾਂ ਦੇ ਮਤਭੇਦ ਅਤੇ ਪਾਰਟੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਦੁਸ਼ਯੰਤ ਚੌਟਾਲਾ ਨੇ ਪੂਰੇ ਹਰਿਆਣਾ ਵਿੱਚ ਘੁੰਮ ਕੇ ਮੀਟਿੰਗਾਂ ਕੀਤੀਆਂ। ਉਨ੍ਹਾਂ ਨੇ ਪੁੱਛਿਆ ਕਿ ਉਨ੍ਹਾਂ ਨੂੰ ਦੱਸਿਆ ਜਾਵੇ ਕਿ ਉਨ੍ਹਾਂ ਨੇ ਕਿਹੜਾ ਅਨੁਸ਼ਾਸਨ ਤੋੜਿਆ ਹੈ।

ਦੂਜੇ ਪਾਸੇ ਅਭੇ ਸਿੰਘ ਚੌਟਾਲਾ ਨੇ ਆਪਣੇ ਭਤੀਜਿਆਂ ਤੋਂ ਕਿਸੇ ਵੀ ਤਰੀਕੇ ਦੇ ਮਤਭੇਦ ਤੋਂ ਇਨਕਾਰ ਕੀਤਾ ਸੀ। ਉਨ੍ਹਾਂ ਨੇ ਦੁਸ਼ਯੰਤ ਤੇ ਦਿਗਵਿਜੇ ਚੌਟਾਲਾ ਨੂੰ ਆਪਣੇ ਬੱਚੇ ਕਿਹਾ ਸੀ।

ਫਿਰ ਅਭੈ ਸਿੰਘ ਚੌਟਾਲਾ ਤੋਂ ਇਸ ਸਿਆਸੀ ਜੰਗ ਤੋਂ ਬਾਅਦ ਹੀ ਜੀਂਦ ਵਿੱਚ 9 ਦਸੰਬਰ 2018 ਨੂੰ ਅਜੇ ਚੌਟਾਲਾ ਨੇ ਜਨਨਾਇਕ ਪਾਰਟੀ ਦਾ ਗਠਨ ਕੀਤਾ।

ਇਹ ਕੁਝ ਉਸ ਵਾਂਗ ਸੀ ਜਦੋਂ 29 ਸਾਲ ਪਹਿਲਾਂ ਤਾਊ ਦੇਵੀ ਲਾਲ ਦੇ ਦੋਵੇਂ ਪੁੱਤਰ ਓਮਪ੍ਰਕਾਸ਼ ਅਤੇ ਰਣਜੀਤ ਵਿਚਾਲੇ ਮਤਭੇਦ ਆਏ ਸਨ।

ਫਿਰ ਆਈਆਂ 2019 ਦੀਆਂ ਲੋਕ ਸਭਾ ਚੋਣਾਂ ਜਿਸ ਵਿੱਚ ਜਨਨਾਇਕ ਪਾਰਟੀ ਨੇ ਸਾਰੀਆਂ 10 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ ਪਰ ਇੱਕ ਵੀ ਨਹੀਂ ਜਿੱਤਿਆ।

ਪਰ ਆਪਣੇ ਗਠਨ ਦੇ ਇੱਕ ਸਾਲ ਵਿਚਾਲੇ ਹੀ ਵਿਧਾਨ ਸਭਾ ਚੋਣਾਂ ਵਿੱਚ ਉੱਤਰੀ ਜਨਨਾਇਕ ਪਾਰਟੀ ਨੇ ਮਹਿਜ਼ 10 ਫੀਸਦੀ ਤੋਂ ਵੱਧ ਸੀਟਾਂ ਹਾਸਿਲ ਕਰਕੇ ਟਰੰਪ ਕਾਰਡ ਆਪਣੇ ਹੱਥਾਂ ਵਿੱਚ ਲੈ ਲਿਆ ਹੈ।

ਦੁਸ਼ਯੰਤ ਦੀ ਸਿਆਸੀ ਦੂਰਦਰਸ਼ਿਤਾ ਇਸੇ ਨਾਲ ਸਮਝ ਆਉਂਦੀ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਉਨ੍ਹਾਂ ਨੇ ਕਿਹਾ ਸੀ ਕਿ ਭਾਜਪਾ ਤੇ ਕਾਂਗਰਸ ਵਿੱਚੋਂ ਕੋਈ ਵੀ ਪਾਰਟੀ 40 ਤੋਂ ਵੱਧ ਸੀਟਾਂ ਹਾਸਿਲ ਨਹੀਂ ਕਰੇਗੀ ਅਤੇ ਉਨ੍ਹਾਂ ਦਾ ਇਹ ਦਾਅਵਾ ਸੱਚ ਵੀ ਸਾਬਿਤ ਹੋਇਆ।

ਇਹ ਵੀ ਪੜ੍ਹੋ:

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)