ਜਸਲੀਨ ਕੌਰ ਤੇ ਸਰਵਜੀਤ ਸਿੰਘ ਮਾਮਲਾ: ਬਰੀ ਹੋਣ ਮਗਰੋਂ ਮੁੰਡੇ ਨੇ ਕੀ ਕਿਹਾ

ਸਰਵਜੀਤ ਸਿੰਘ ਬੇਦੀ

ਤਸਵੀਰ ਸਰੋਤ, Sarvjeet Singh Bedi/bbc

ਦਿੱਲੀ ਦੀ ਇੱਕ ਅਦਾਲਤ ਨੇ ਦਿੱਲੀ ਦੇ ਹੀ ਰਹਿਣ ਵਾਲੇ ਸਰਵਜੀਤ ਸਿੰਘ ਨੂੰ ਇੱਕ ਕੁੜੀ ਜਸਲੀਨ ਕੌਰ ਨਾਲ ਬਦਸਲੂਕੀ ਕਰਨ ਤੇ ਗ਼ਲਤ ਸ਼ਬਦਾਂ ਦੀ ਵਰਤੋਂ ਕਰਨ ਦੇ ਇਲਜ਼ਾਮ ਵਿੱਚ ਬਰੀ ਕਰ ਦਿੱਤਾ ਗਿਆ ਹੈ।

ਦਿੱਲੀ ਦੀ ਰਹਿਣ ਵਾਲੀ ਜਸਲੀਨ ਕੌਰ ਵੱਲੋਂ ਸਰਵਜੀਤ ਸਿੰਘ 'ਤੇ ਇਲਜ਼ਾਮ ਲਗਾਏ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ 'ਤੇ ਮੁਕੱਦਮਾ ਚੱਲ ਰਿਹਾ ਸੀ।

ਅਦਾਲਤ ਵੱਲੋਂ ਸਰਵਜੀਤ ਸਿੰਘ ਨੂੰ ਇਹ ਕਹਿੰਦੇ ਹੋਏ ਬਰੀ ਕਰ ਦਿੱਤਾ ਕਿ ਉਨ੍ਹਾਂ ਖ਼ਿਲਾਫ ਆਈਪੀਸੀ ਦੀਆਂ ਧਾਰਾਵਾਂ ਤਹਿਤ ਸੈਕਸ਼ਨ 354 A( ਸਰੀਰਕ ਰੂਪ ਤੋਂ ਗਲਤ ਟਿੱਪਣੀ ਕਰਨਾ), 506 (ਅਪਰਾਧਕ ਧਮਕੀ) ਅਤੇ 509 (ਇੱਕ ਔਰਤ ਦੀ ਬੇਇੱਜ਼ਤੀ ਕਰਨ ਲਈ ਗ਼ਲਤ ਸ਼ਬਦਾਂ ਦੀ ਵਰਤੋਂ, ਇਸ਼ਾਰਾ ਜਾਂ ਐਕਟ ਕਰਨਾ) ਦਰਜ ਸਾਰੇ ਮੁਕੱਦਮੇ ਗ਼ਲਤ ਸਾਬਿਤ ਹੋਏ ਹਨ।

ਇਹ ਵੀ ਪੜ੍ਹੋ:

ਤਸਵੀਰ ਸਰੋਤ, Sarvjeet singh bedi/fb

ਸਰਵਜੀਤ ਸਿੰਘ ਵੱਲੋਂ ਮਾਮਲੇ ਵਿੱਚ ਬਰੀ ਹੋਣ ਤੋਂ ਬਾਅਦ ਫੇਸਬੁੱਕ 'ਤੇ ਪੋਸਟ ਪਾ ਕੇ ਇਸ ਬਾਰੇ ਦੱਸਿਆ ਗਿਆ ਤੇ ਰੱਬ ਦਾ ਸ਼ੁਕਰ ਵੀ ਕੀਤਾ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਸਰਵਜੀਤ ਸਿੰਘ ਨੇ ਕਿਹਾ, ''ਜਦੋਂ ਅਸੀਂ ਅਦਾਲਤ ਵਿੱਚ ਖੜ੍ਹੇ ਸੀ ਤਾਂ ਜੱਜ ਸਾਹਿਬਾ ਨੇ ਕਿਹਾ ਕਿ ਤੁਹਾਡੇ ਕੋਲ ਕੋਈ ਚਸ਼ਮਦੀਦ ਹੈ ਤਾਂ ਅਸੀਂ ਕਿਹਾ ਕਿ ਹਾਂ, ਅਸੀਂ ਅਗਲੀ ਤਾਰੀਖ 'ਤੇ ਲੈ ਕੇ ਆਵਾਂਗੇ, ਫਿਰ ਜੱਜ ਨੇ ਕਿਹਾ ਉਸਦੀ ਕੋਈ ਲੋੜ ਨਹੀਂ ਮੈਂ ਤੁਹਾਨੂੰ ਬਰੀ ਕਰ ਰਹੀ ਹਾਂ। ਉਸ ਤੋਂ ਪਹਿਲਾਂ ਸਾਨੂੰ ਲਗਦਾ ਸੀ ਕਿ ਮਾਮਲਾ ਸਾਲ-ਢੇਡ ਸਾਲ ਹੋਰ ਚੱਲੇਗਾ।''

ਬੀਬੀਸੀ ਨੇ ਜਦੋਂ ਸਰਵਜੀਤ ਨੂੰ ਪੁੱਛਿਆ ਕਿ ਬਰੀ ਹੋਣ ਤੋਂ ਬਾਅਦ ਅਗਲਾ ਕਦਮ ਕੀ ਹੋਵੇਗਾ ਤਾਂ ਉਨ੍ਹਾਂ ਕਿਹਾ, ''ਉਸ ਕੁੜੀ ਖ਼ਿਲਾਫ਼ ਕੋਈ ਕਾਰਵਾਈ ਕਰਨੀ ਹੈ ਜਾਂ ਨਹੀਂ ਇਸ ਬਾਰੇ ਸੋਚਿਆ ਨਹੀਂ ਪਰ ਸੋਚ-ਵਿਚਾਰ ਕਰ ਰਹੇ ਹਾਂ ਕੀ ਅਗਲਾ ਕਦਮ ਕੀ ਚੁੱਕੀਏ।''

ਕਰੀਬ 4 ਸਾਲ ਤੱਕ ਚੱਲੇ ਇਸ ਮਾਮਲੇ ਬਾਰੇ ਸਰਵਜੀਤ ਕਹਿੰਦੇ ਹਨ, ''ਇਸ ਨਾਲ ਮੇਰੀ ਨਿੱਜੀ ਤੇ ਕੰਮ-ਕਾਜੀ ਜ਼ਿੰਦਗੀ ਕਾਫ਼ੀ ਪ੍ਰਭਾਵਿਤ ਹੋਈ। ਇੱਥੋਂ ਤੱਕ ਕਿ ਸ਼ੁਰੂਆਤੀ ਦੌਰ ਵਿੱਚ ਨੌਕਰੀ ਵੀ ਗੁਆਉਣੀ ਪਈ।''

ਸਰਵਜੀਤ ਦੇ ਬਰੀ ਹੋਣ ਤੋਂ ਬਾਅਦ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਕਾਫ਼ੀ ਟਰੈਂਡ ਕਰ ਲੱਗਿਆ।

ਟਵਿੱਟਰ 'ਤੇ ਬਹੁਤ ਸਾਰੇ ਲੋਕ ਜਸਲੀਨ ਕੌਰ ਖ਼ਿਲਾਫ਼ ਲਿਖਣ ਲੱਗੇ। ਦੋਹਾਂ ਦ ਨਾਂ ਟਵਿੱਟਰ ਤੇ ਟਰੈਂਡ ਵੀ ਕਰ ਰਹੇ ਸਨ।

ਟਵਿੱਟਰ ਯੂਜ਼ਰ ਅਭਿਸ਼ੇਕ ਲਿਖਦੇ ਹਨ ਕਿ ਜਸਲੀਨ ਕੌਰ ਦੇ ਇਨ੍ਹਾਂ ਇਲਜ਼ਾਮਾਂ ਕਾਰਨ ਸਰਵਜੀਤ ਸਿੰਘ ਨੇ ਕਈ ਸਾਲ ਗੁਆ ਦਿੱਤੇ। ਸਾਡਾ ਸਿਸਟਮ ਬਹੁਤ ਹੀ ਕਮਜ਼ੋਰ ਹੈ।

ਅੰਕੂਰ ਸਿੰਘ ਲਿਖਦੇ ਹਨ ਕਿ ਉਸ ਵੇਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਸਲੀਨ ਕੌਰ ਦਾ ਸਾਥ ਦਿੱਤਾ ਸੀ ਤੇ ਹੁਣ ਉਹ ਝੂਠੀ ਸਾਬਿਤ ਹੋਈ ਹੈ। ਕੀ ਹੁਣ ਉਹ ਇਸਦੇ ਲਈ ਮਾਫ਼ੀ ਮੰਗਣਗੇ?

ਟਵਿੱਟਰ ਯੂਜ਼ਰ ਮੋਨਿਕਾ ਨੇ ਲਿਖਿਆ ਕਿ ਅਰਵਿੰਦ ਕੇਜਰੀਵਾਲ ਵੱਲੋਂ ਨਾਰੀਵਾਦ ਲਈ ਜਸਲੀਨ ਕੌਰ ਦੀ ਉਦਾਹਰਣ ਦਿੱਤਾ ਗਿਆ ਸੀ। ਸਰੀਰਕ ਸ਼ੋਸ਼ਣ ਖਿਲਾਫ਼ ਝੂਠੇ ਮੁਕੱਦਮੇ ਦਰਜ ਕਰਵਾਉਣ ਵਾਲੀਆਂ ਕੁੜੀਆਂ ਖ਼ਿਲਾਫ਼ ਅਪਰਾਧਕ ਮਾਮਲੇ ਦਰਜ ਹੋਣੇ ਚਾਹੀਦੇ ਹਨ।

ਮਸ਼ਹੂਰ ਰੈਪਰ ਰਫਤਾਰ ਨੇ ਵੀ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਇਹ ਖ਼ਬਰ ਸ਼ੇਅਰ ਇਸ ਨੂੰ ਚੰਗਾ ਫ਼ੈਸਲਾ ਦੱਸਿਆ ਹੈ।

ਇਹ ਵੀ ਪੜ੍ਹੋ:

ਕੀ ਸੀ ਪੂਰਾ ਮਾਮਲਾ

ਦਰਜ ਕੀਤੇ ਗਏ ਮੁਕੱਦਮੇ ਮੁਤਾਬਕ 23 ਅਗਸਤ 2015 ਵਿੱਚ ਮੁਲਜ਼ਮ ਗ਼ਲਤ ਸਾਈਡ ਤੋਂ ਬਾਈਕ ਉੱਤੇ ਟ੍ਰੈਫਿਕ ਸਿਗਨਲ 'ਤੇ ਪਹੁੰਚਿਆ ਸੀ ਅਤੇ ਉਸ ਨੇ ਕੁੜੀ ਨੂੰ ਟੱਕਰ ਮਾਰੀ ਸੀ, ਉਸ ਵੇਲੇ ਉਹ ਕੁੜੀ ਵਿਦਿਆਰਥਣ ਸੀ।

ਇਲਜ਼ਾਮ ਸਨ ਕਿ ਜਦੋਂ ਕੁੜੀ ਨੇ ਆਪਣੇ ਬਚਾਅ ਲਈ ਮੁੰਡੇ ਨਾਲ ਮੁਕਾਬਲਾ ਕੀਤਾ ਤਾਂ ਉਸ ਨੇ ਕਥਿਤ ਤੌਰ 'ਤੇ ਕੁੜੀ ਨਾਲ ਗ਼ਲਤ ਵਿਹਾਰ ਕੀਤਾ ਅਤੇ ਉਸ ਨੂੰ ਧਮਕਾਇਆ।

ਕੁੜੀ ਵੱਲੋਂ ਮੁਕੱਦਮਾ ਦਰਜ ਕਰਵਾਉਣ ਤੋਂ ਬਾਅਦ ਤਤਕਾਲੀ ਦਿੱਲੀ ਪੁਲਿਸ ਕਮਿਸ਼ਨਰ ਬੀਐੱਸ ਬੱਸੀ ਨੇ ਕਿਹਾ ਸੀ ਕਿ ਉਹ ਜਸਲੀਨ ਕੌਰ ਦੀ ਬਹਾਦਰੀ ਨੂੰ ਵੇਖਦੇ ਹੋਏ ਉਸ ਨੂੰ 5000 ਰੁਪਏ ਇਨਾਮ ਦੇਣਗੇ।

ਇਹ ਮਾਮਲਾ ਇੰਨਾ ਜ਼ਿਆਦਾ ਭਖਿਆ ਸੀ ਕਿ ਤਕਰੀਬਨ ਹਰ ਅਖਬਾਰ ਅਤੇ ਟੀਵੀ ਚੈਨਲ ਦੀ ਹੈੱਡਲਾਈਨ ਬਣਿਆ।

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)