ਹਰਿਆਣਾ ਚੋਣਾਂ ਵਿੱਚ ਚੌਟਾਲਿਆਂ ਦੀ ਬੱਲੇ-ਬੱਲੇ, ਜਾਣੋ ਕਿਵੇਂ

  • ਸਤ ਸਿੰਘ
  • ਬੀਬੀਸੀ ਲਈ ਰੋਹਤਕ ਤੋਂ
ਨੈਨਾ ਚੌਟਾਲਾ, ਦੁਸ਼ਯੰਤ ਚੌਟਾਲਾ, ਅਮਿਤ ਸਿਹਾਗ

ਤਸਵੀਰ ਸਰੋਤ, Facebook

ਹਰਿਆਣਾ ਦੀ ਸਿਆਸਤ ਵਿੱਚ ਦੇਵੀ ਲਾਲ ਬ੍ਰਾਂਡ ਦਾ ਕੱਦ ਬਹੁਤ ਵੱਡਾ ਰਿਹਾ ਹੈ। ਜਦਕਿ ਕਰੀਬ ਇੱਕ ਸਾਲ ਪਹਿਲਾਂ ਇਸ ਬ੍ਰਾਂਡ ਦੀ ਸਿਆਸੀ ਹੈਸੀਅਤ ਨੂੰ ਵੱਡਾ ਝਟਕਾ ਲਗਿਆ ਸੀ ਜਦੋਂ ਦੇਵੀ ਲਾਲ ਵੱਲੋਂ ਬਣਾਈ ਪਾਰਟੀ- ਇੰਡੀਅਨ ਨੈਸ਼ਨਲ ਲੋਕ ਦਲ ਦੇ (ਆਈਐੱਨਐੱਲਡੀ) ਦੋ ਟੁਕੜੇ ਹੋ ਗਏ ਸਨ।

ਇੱਕ ਪਾਸੇ ਸਨ ਓਮ ਪ੍ਰਕਾਸ਼ ਚੌਟਾਲਾ ਦੇ ਵੱਡੇ ਪੁੱਤਰ ਅਜੈ ਚੌਟਾਲਾ ਜਿਨ੍ਹਾਂ ਦੇ ਪੁੱਤਰ ਦੁਸ਼ਯੰਤ ਚੌਟਾਲਾ ਜਨਨਾਇਕ ਜਨਤਾ ਪਾਰਟੀ ਦੀ ਅਗਵਾਈ ਕਰ ਰਹੇ ਹਨ ਅਤੇ ਦੂਜੇ ਪਾਸੇ ਆਪ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੇ ਛੋਟੇ ਪੁੱਤਰ ਅਭੈ ਚੌਟਾਲਾ ਜਿਨ੍ਹਾਂ 'ਤੇ ਆਈਐੱਨਐੱਲਡੀ ਦੇ 19 ਵਿਧਾਇਕਾਂ ਦੀ ਕਮਾਨ ਸਾਂਭਣ ਦੀ ਜ਼ਿੰਮੇਵਾਰੀ ਸੀ।

ਪਾਰਟੀ ਟੁੱਟਣ ਤੋਂ ਬਾਅਦ ਦੇਵੀ ਲਾਲ ਪਰਿਵਾਰ ਦੇ ਸਿਆਸੀ ਭਵਿੱਖ 'ਤੇ ਸਵਾਲ ਖੜ੍ਹੇ ਹੋਣ ਲੱਗੇ ਸਨ।

ਇਸ ਮਗਰੋਂ ਹਰਿਆਣਾ ਦੀ ਦਿਲਚਸਪ ਸਿਆਸਤ ਨੇ ਇਸ ਵਾਰ ਪੰਜਾਬ ਨਾਲ ਲਗਦੇ ਸਿਰਸਾ ਜ਼ਿਲ੍ਹੇ ਦੇ ਚੌਟਾਲਾ ਪਿੰਡ ਤੋਂ ਇੱਕ ਨਹੀਂ ਪੰਜ ਵਿਧਾਇਕਾਂ ਨੂੰ ਹਰਿਆਣਾ ਵਿਧਾਨ ਸਭਾ ਵਿੱਚ ਬਿਠਾਇਆ ਹੈ।

ਤਸਵੀਰ ਸਰੋਤ, KC YADAV/BBC

ਤਸਵੀਰ ਕੈਪਸ਼ਨ,

ਚੌਧਰੀ ਦੇਵੀ ਲਾਲ ਚੌਟਾਲਾ ਪਿੰਡ ਤੋਂ ਸਿਆਸੀ ਵਿਰਾਸਤ ਦੇ ਮੋਢੀ ਮੰਨੇ ਜਾਂਦੇ ਹਨ

ਇਸ ਵਿੱਚ ਸਭ ਤੋਂ ਮੋਹਰੀ ਬਣ ਕੇ ਉਭਰੇ ਹਨ ਅਜੈ ਚੌਟਾਲਾ ਦੇ ਪੁੱਤਰ ਦੁਸ਼ਯੰਤ ਚੌਟਾਲਾ ਅਤੇ ਉਨ੍ਹਾਂ ਦੀ ਮਾਂ ਨੈਨਾ ਚੌਟਾਲਾ ਜੋ ਪਹਿਲਾਂ ਆਈਐੱਨਐੱਲਡੀ ਪਾਰਟੀ ਵਿੱਚ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੇ ਆਪਣੀ ਨਵੀਂ ਪਾਰਟੀ ਜੇਜੇਪੀ ਬਣਾ ਲਈ।

ਇਹ ਵੀ ਪੜ੍ਹੋ:

ਦੂਜੇ ਪਾਸੇ ਕਾਂਗਰਸ ਦੇ ਬਾਗੀ ਰਣਜੀਤ ਚੌਟਾਲਾ, ਜੋ ਰਾਨੀਆ ਤੋਂ ਆਜ਼ਾਦ ਵਿਧਾਇਕ ਬਣ ਚੁੱਕੇ ਹਨ। ਡਬਵਾਲੀ ਤੋਂ ਨੌਜਵਾਨ ਚਿਹਰੇ ਅਮਿਤ ਸਿਹਾਗ ਕਾਂਗਰਸ ਦੀ ਟਿਕਟ ਤੋਂ ਚੋਣਾਂ ਜਿੱਤੇ ਹਨ। ਉਹ ਕਾਂਗਰਸ ਦੇ ਸੀਨੀਅਰ ਨੇਤਾ ਹਨ ਅਤੇ ਡਾ਼ ਕੇਵੀ ਸਿੰਘ ਦੇ ਪੁੱਤਰ ਹਨ ਅਤੇ ਚੌਟਾਲਾ ਪਿੰਡ ਦੇ ਹੀ ਦੇਵੀ ਲਾਲ ਬ੍ਰਾਂਡ ਦਾ ਹਿੱਸਾ ਹਨ।

ਇਨ੍ਹਾਂ ਸਾਰਿਆਂ ਦੀ ਵੱਖੋ-ਵੱਖ ਸਿਆਸਤ ਹਨ। ਆਪਣੇ ਅਡਿੱਗ ਸੁਭਾਅ ਲਈ ਜਾਣੇ ਜਾਂਦੇ ਅਭੈ ਚੌਟਾਲਾ ਹਨ ਜੋ ਇਸ ਵਾਰ ਫਿਰ ਸਿਰਸਾ ਜ਼ਿਲ੍ਹੇ ਦੀ ਐਲਨਾਬਾਦ ਵਿਧਾਨ ਸਭਾ ਵਿੱਚ ਸੀਟ ਦੀ ਨੁਮਾਇੰਦਗੀ ਕਰਨਗੇ।

ਤਸਵੀਰ ਸਰੋਤ, COURTESY CHAUTALA FAMILY

ਦੁਸ਼ਯੰਤ ਚੌਟਾਲਾ

ਹੁਣ ਹਰਿਆਣਾ ਵਿੱਚ ਕਿੰਗਮੇਕਰ ਕਹੇ ਜਾਣ ਵਾਲੇ ਦੁਸ਼ਯੰਤ ਚੌਟਾਲਾ ਦਾ ਸਿਆਸੀ ਸਫ਼ਰ 2013 ਵਿੱਚ ਹੀ ਗ਼ੈਰ-ਰਸਮੀ ਤੌਰ ’ਤੇ ਸ਼ੁਰੂ ਹੋ ਗਿਆ ਸੀ, ਜਦੋਂ ਉਨ੍ਹਾਂ ਦੇ ਪਿਤਾ ਅਜੈ ਚੌਟਾਲਾ ਨੂੰ 1999-2000 ਜੇਬੀਟੀ ਘਪਲੇ ਵਿੱਚ ਦਸ ਸਾਲ ਦੀ ਸਜ਼ਾ ਸੁਣਾਈ ਗਈ ਸੀ।

ਦੁਸ਼ਯੰਤ ਉਸ ਸਮੇਂ ਵਿਦੇਸ਼ ਵਿੱਚ ਪੜ੍ਹਾਈ ਕਰ ਰਹੇ ਸਨ ਜਿਸ ਨੂੰ ਛੱਡ ਕੇ ਉਨ੍ਹਾਂ ਨੇ ਆਪਣੀ ਸਿਆਸੀ ਵਿਰਾਸਤ ਸਾਂਭੀ।

ਜਦੋਂ 2014 ਵਿੱਚ ਮੋਦੀ ਲਹਿਰ ਦੌਰਾਨ ਵੱਡੇ-ਵੱਡੇ ਧੁਰੰਦਰ ਢਹਿ ਗਏ, ਉਸ ਸਮੇ ਦੁਸ਼ਯੰਤ ਹਿਸਾਰ ਤੋਂ ਸੰਸਦ ਮੈਂਬਰ ਚੁਣੇ ਗਏ। ਅਗਲੇ ਪੰਜ ਸਾਲ ਉਹ ਆਪਣੀਆਂ ਸੋਸ਼ਲ ਮੀਡੀਆ ਸਰਗਰਮੀਆਂ ਲਈ ਚਰਚਾ ਵਿੱਚ ਰਹੇ।

ਅਕਤੂਬਰ 2018 ਵਿੱਚ ਜਦੋਂ ਓਮ ਪ੍ਰਕਾਸ਼ ਚੌਟਾਲਾ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਭਰਾ ਨੂੰ ਆਈਐੱਨਐੱਲਡੀ ਵਿੱਚੋਂ ਸਸਪੈਂਡ ਕਰ ਦਿੱਤਾ ਤਾਂ ਦਸੰਬਰ 2018 ਵਿੱਚ ਦੁਸ਼ਯੰਤ ਨੇ ਜਨ ਨਾਇਕ ਜਨਤਾ ਪਾਰਟੀ ਬਣਾ ਲਈ।

ਇਸੇ ਝੰਡੇ ਹੇਠ ਉਨ੍ਹਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਲੜੀਆਂ ਪਰ ਭਾਰੀ ਹਾਰ ਦਾ ਮੂੰਹ ਦੇਖਣਾ ਪਿਆ।

ਦੁਸ਼ਯੰਤ ਜੀਂਦ ਜ਼ਿਲ੍ਹੇ ਦੇ ਉਚਾਨਾ ਕਲਾ ਸੀਟ ਤੋਂ ਭਾਜਪਾ ਦੀ ਪ੍ਰੇਮ ਲਤਾ ਨੂੰ ਹਰਾ ਕੇ ਚੋਣ ਜਿੱਤੇ ਹਨ। ਪ੍ਰੇਮ ਲਤਾ ਸਾਬਕਾ ਕੇਂਦਰੀ ਮੰਤਰੀ ਵੀਰੇਂਦਰ ਸਿੰਘ ਦੀ ਪਤਨੀ ਹਨ।

ਤਸਵੀਰ ਸਰੋਤ, facebook/Naina Singh Chautala

ਤਸਵੀਰ ਕੈਪਸ਼ਨ,

ਨੈਨਾ ਨੇ ਔਰਤਾਂ ਲਈ "ਹਰੀ ਚੋਣ ਚੌਪਾਲ" ਨਾਮ ਦਾ ਪ੍ਰੋਗਰਾਮ ਸ਼ੁਰੂ ਕਰਿਆ ਅਤੇ ਆਪਣੀ ਪਕੜ ਹਲਕੇ ਵਿੱਚ ਮਜਬੂਤ ਕੀਤੀ

ਨੈਨਾ ਚੌਟਾਲਾ

ਨੈਨਾ ਚੌਟਾਲਾ, ਸਾਬਕਾ ਵਿਧਾਇਕ ਅਜੈ ਚੌਟਾਲਾ ਦੀ ਪਤਨੀ ਅਤੇ ਦੁਸ਼ਯੰਤ ਦੀ ਮਾਂ ਹਨ। ਉਹ ਪਹਿਲੀ ਵਾਰ ਡਬਵਾਲੀ ਤੋਂ ਸੰਸਦ ਮੈਂਬਰ ਬਣੇ ਸਨ।

ਉਸ ਤੋਂ ਪਹਿਲਾਂ ਉਹ ਘਰ ਤੱਕ ਹੀ ਸੀਮਤ ਸਨ। ਚੌਟਾਲਾ ਪਰਿਵਾਰ ਵਿੱਚ ਸਿਆਸਤ ਵਿੱਚ ਆਉਣ ਵਾਲੀ ਉਹ ਪਹਿਲੀ ਔਰਤ ਸਨ।

ਜਦੋਂ ਡਬਵਾਲੀ ਤੋਂ ਵਿਧਾਇਕ ਬਣੇ ਆਪਣੇ ਪਤੀ ਅਜੈ ਚੌਟਾਲਾ ਨੂੰ 2013 ਵਿੱਚ ਜੇਲ੍ਹ ਹੋਈ ਤਾਂ ਉਨ੍ਹਾਂ ਦੀ ਥਾਂ ਉਨ੍ਹਾਂ ਨੇ ਚੋਣ ਲੜੀ ਤੇ ਜਿੱਤੀ ਸੀ।

ਇਹ ਵੀ ਪੜ੍ਹੋ:

ਅਜੈ ਚੌਟਾਲਾ ਦੀ ਪੂਰੇ ਹਰਿਆਣਾ ਵਿੱਚ ਸਿਆਸੀ ਪਕੜ ਹੋਣ ਦੇ ਬਾਵਜੂਦ ਨੈਨਾ ਨੇ ਆਪਣੇ-ਆਪ ਨੂੰ ਡਾਬਵਾਲੀ ਹਲਕੇ ਤੱਕ ਸੀਮਤ ਰੱਖਿਆ।

ਲਗਭਗ ਡੇਢ ਸਾਲ ਪਹਿਲਾਂ ਉਨ੍ਹਾਂ ਨੇ ਔਰਤਾਂ ਲਈ "ਹਰੀ ਚੋਣ ਚੌਪਾਲ" ਨਾਮ ਦਾ ਪ੍ਰੋਗਰਾਮ ਸ਼ੁਰੂ ਕਰਿਆ ਅਤੇ ਆਪਣੀ ਪਕੜ ਹਲਕੇ ਵਿੱਚ ਮਜਬੂਤ ਕੀਤੀ।

ਜਦੋਂ 2019 ਦੀਆਂ ਵਿਧਾਨ ਸਭਾ ਚੋਣਾਂ ਆਈਆਂ ਤਾਂ ਨੈਨਾ ਨੇ ਆਪਣੀ ਸੀਟ ਛੱਡ ਕੇ ਭਿਵਾਨੀ ਦੀ ਬਡੜਾ ਸੀਟ ਤੋਂ ਚੋਣ ਲੜੀ ਅਤੇ ਜਿੱਤੇ। ਜੇਜੇਪੀ ਦੇ ਦਸ ਵਿਧਾਇਕਾਂ ਵਿੱਚੋਂ ਨੈਨਾ ਵੀ ਇੱਕ ਹਨ।

ਤਸਵੀਰ ਸਰੋਤ, facebook/Abhay Singh Chautala

ਤਸਵੀਰ ਕੈਪਸ਼ਨ,

ਅਭੈ ਚੌਟਾਲਾ ਪਹਿਲਾਂ ਵਿਰੋਧੀ ਧਿਰ ਦੇ ਆਗੂ ਸਨ ਪਰ ਹੁਣ ਉਹ ਆਪਣੀ ਪਾਰਟੀ ਦੇ ਇਕੱਲੇ ਵਿਧਾਇਕ ਹਨ

ਅਭੈ ਚੌਟਾਲਾ

ਹਾਲੇ ਇੱਕ ਸਾਲ ਪਹਿਲਾਂ ਅਭੈ ਚੌਟਾਲਾ ਹਰਿਆਣਾ ਵਿੱਚ 19 ਵਿਧਾਇਕਾਂ ਦੀ ਪਾਰਟੀ, ਆਈਐੱਨਐੱਲਡੀ ਦੀ ਅਗਵਾਈ ਕਰਕੇ ਸਦਨ ਵਿੱਚ ਵਿਰੋਧੀ ਧਿਰ ਦੇ ਆਗੂ ਸਨ।

ਉਨ੍ਹਾਂ ਦੀ ਪਾਰਟੀ ਟੁੱਟਣ ਤੋਂ ਬਾਅਦ ਅਤੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਪਣੀ ਪਾਰਟੀ ਦੇ ਇਕਲੌਤੇ ਵਿਧਾਇਕ ਬਣ ਚੁੱਕੇ ਹਨ। ਬਾਕੀ ਸਾਰੀਆਂ ਸੀਟਾਂ ’ਤੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਹਾਰ ਦੇਖਣੀ ਪਈ ਹੈ।

2000 ਵਿੱਚ ਸਿਆਸੀ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਅਭੈ ਚੌਟਾਲਾ, ਪਹਿਲੀ ਵਾਰ ਸਿਰਸਾ ਜ਼ਿਲ੍ਹੇ ਦੇ ਰੋੜੀ ਹਲਕੇ ਤੋਂ ਜਿੱਤ ਕੇ ਵਿਧਾਨ ਸਭਾ ਪਹੁੰਚੇ ਸਨ।

ਫਿਰ ਅਭੈ ਚੌਟਾਲਾ ਨੇ 2009 ਵਿੱਚ ਐਲਨਾਬਾਦ ਦੀਆਂ ਜ਼ਿਮਨੀ ਚੋਣ ਜਿੱਤ ਕੇ ਨਵਾਂ ਰਿਕਾਰਡ ਬਣਾਇਆ ਅਤੇ ਇੱਕ ਵਾਰ ਫਿਰ ਐਲਨਾਬਾਦ ਤੋਂ ਜਿੱਤ ਹਾਸਲ ਕੀਤੀ।

ਜਿਵੇਂ ਹੀ ਵੀਰਵਾਰ ਨੂੰ ਚੋਣਾਂ ਦਾ ਨਤੀਜਾ ਆਇਆ, ਅਭੈ ਚੌਟਾਲਾ ਨੇ ਮੀਡੀਆ ਨਾਲ ਸੰਵਾਦ ਦੌਰਾਨ ਦੱਸਿਆ ਕਿ ਉਹ ਇਹ ਤਾਂ ਨਹੀਂ ਕਹਿ ਸਕਦੇ ਕਿ ਸਰਕਾਰ ਕਿਸ ਪਾਰਟੀ ਦੀ ਬਣੇਗੀ ਪਰ ਉਹ ਕਾਂਗਰਸ ਨਾਲ ਕਦੇ ਨਹੀਂ ਜਾਣਗੇ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਜੇਪੀ ਨੂੰ ਵੀ ਕਾਂਗਰਸ ਨਾਲ ਸਹਿਯੋਗ ਨਹੀਂ ਕਰਨਾ ਚਾਹੀਦਾ। ਕਾਰਨ ਇਹ ਸੀ ਕਿ ਕਾਂਗਰਸ ਦੇ ਕਾਰਜਕਾਲ ਵਿੱਚ ਹੀ ਪਿਤਾ ਓਮ ਪ੍ਰਕਾਸ਼ ਚੌਟਾਲਾ ਅਤੇ ਭਰਾ ਅਜੈ ਚੌਟਾਲਾ ਨੂੰ ਸਜ਼ਾ ਮਿਲੀ ਸੀ ਅਤੇ ਉਸ ਵਿੱਚ ਹੁੱਡਾ ਦਾ ਹੱਥ ਸੀ।

2019 ਦੀਆਂ ਚੋਣ ਵਿੱਚ ਅਭੈ ਦੀ ਜਿੱਤ ਨੇ ਉਨ੍ਹਾਂ ਨੂੰ ਵਿਧਾਨ ਸਭਾ ਤਾਂ ਪਹੁੰਚਾ ਦਿੱਤਾ ਪਰ ਦੇਵੀ ਲਾਲ ਦੀ ਵਿਰਾਸਤ ਦੀ ਲੜਾਈ ਵਿੱਚ ਉਹ ਆਪਣੇ ਭਤੀਜੇ ਦੁਸ਼ਯੰਤ ਤੋਂ ਪਿੱਛੜ ਗਏ।

ਤਸਵੀਰ ਸਰੋਤ, facebook/Ch Ranjeet Singh

ਤਸਵੀਰ ਕੈਪਸ਼ਨ,

ਦੇਵੀ ਲਾਲ ਦੇ ਤੀਜੇ ਮੁੰਡੇ ਰਣਜੀਤ ਸਿੰਘ ਪਹਿਲਾਂ ਨਾਰਾਜ਼ ਹੋ ਕੇ ਕਾਂਗਰਸ ਵਿੱਚ ਗਏ ਸਨ ਪਰ ਇਸ ਵਾਰ ਉਨ੍ਹਾਂ ਨੇ ਆਜ਼ਾਦ ਚੋਣ ਲੜ ਕੇ ਜਿੱਤੀ ਹੈ

ਰਣਜੀਤ ਸਿੰਘ

ਦੇਵੀ ਲਾਲ ਦੇ ਤੀਜੇ ਮੁੰਡੇ ਰਣਜੀਤ ਸਿੰਘ ਨੂੰ 1989 ਤੱਕ ਹਰਿਆਣਾ ਵਿੱਚ ਉਹ ਰੁਤਬਾ ਹਾਸਲ ਸੀ, ਜੋ ਬਾਅਦ ਵਿੱਚ ਓਪੀ ਚੌਟਾਲਾ ਨੂੰ ਹਾਸਲ ਹੋਇਆ।

ਕਿਉਂਕਿ ਜਦੋਂ ਦੇਵੀ ਲਾਲ ਨੂੰ ਉਪ ਪ੍ਰਧਾਨ ਮੰਤਰੀ ਬਣਾਉਣ ਦਾ ਸੱਦਾ ਮਿਲਿਆ, ਤਾਂ ਉਨ੍ਹਾਂ ਸਾਹਮਣੇ ਸਵਾਲ ਇਹੀ ਸੀ ਕਿ ਹਰਿਆਣਾ ਦੀ ਕਮਾਨ ਕਿਸਦੇ ਹੱਥ ਸੌਂਪੀ ਜਾਵੇ। ਇੱਕ ਪਾਸੇ ਸਨ ਉਨ੍ਹਾਂ ਦੇ ਮੁੰਡੇ ਓਮ ਪ੍ਰਕਾਸ਼ ਚੌਟਾਲਾ ਅਤੇ ਦੂਜੇ ਪਾਸੇ ਸਨ ਰਣਜੀਤ ਸਿੰਘ।

ਰਣਜੀਤ ਸਿੰਘ ਦੇਵੀ ਲਾਲ ਸਰਕਾਰ ਵਿੱਚ ਖੇਤੀਬਾੜੀ ਮੰਤਰੀ ਰਹਿ ਚੁੱਕੇ ਸਨ ਅਤੇ ਦੇਵੀ ਲਾਲ ਦਾ ਕੰਮ ਸੰਭਾਲਦੇ ਸਨ। ਜ਼ਿਆਦਾਤਰ ਵਿਧਾਇਕਾਂ ਦਾ ਸਾਥ ਉਨ੍ਹਾਂ ਨੂੰ ਹਾਸਲ ਸੀ, ਦੂਜੇ ਪਾਸੇ ਚੌਟਾਲਾ ਜੋ ਕਿ ਆਪਣੀ ਮਿਹਨਤ ਤੇ ਵਰਕਰਾਂ 'ਤੇ ਪਕੜ ਦੇ ਕਾਰਨ ਜਾਣੇ ਜਾਂਦੇ ਸਨ।

ਇਹ ਵੀ ਪੜ੍ਹੋ:

ਦੇਵੀ ਲਾਲ ਨੇ ਓਮ ਪ੍ਰਕਾਸ਼ ਚੌਟਾਲਾ ਨੂੰ ਚੁਣਿਆ ਅਤੇ ਰਣਜੀਤ ਸਿੰਘ ਲੋਕ ਦਲ ਤੋਂ ਵੱਖ ਹੋ ਕੇ ਕਾਂਗਰਸ ਵਿੱਚ ਚਲੇ ਗਏ। ਦੋ ਵਾਰੀ ਰਾਨੀਆ ਵਿਧਾਨ ਸਭਾ ਤੋਂ ਹਾਰ ਦਾ ਸਾਹਮਣਾ ਕਰ ਚੁੱਕੇ ਰਣਜੀਤ ਨੂੰ ਇਸ ਵਾਰ ਕਾਂਗਰਸ ਨੇ ਟਿਕਟ ਨਹੀਂ ਦਿੱਤੀ ਅਤੇ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਜਿੱਤ ਹਾਸਲ ਕੀਤੀ।

ਰਣਜੀਤ ਨੂੰ ਇੱਕ ਵਾਰ ਰਾਜ ਸਭਾ ਵਿੱਚ ਵੀ ਭੇਜਿਆ ਜਾ ਚੁੱਕਿਆ ਹੈ। ਰਣਜੀਤ ਸਿੰਘ ਪਹਿਲੇ ਅਜਿਹੇ ਆਜ਼ਾਦ ਵਿਧਾਇਕ ਹਨ ਜਿਨ੍ਹਾਂ ਦਾ ਵੀਡੀਓ ਭਾਜਪਾ ਨੇਤਾਵਾਂ ਦੇ ਨਾਲ ਵਾਇਰਲ ਹੋਇਆ ਜਿਸ ਵਿੱਚ ਉਹ ਭਾਜਪਾ ਨੂੰ ਸਮਰਥਨ ਦੇਣ ਦੀ ਗੱਲ ਕਹਿ ਰਹੇ ਹਨ।

ਤਸਵੀਰ ਸਰੋਤ, facebook/Amit Sihag

ਤਸਵੀਰ ਕੈਪਸ਼ਨ,

ਅਮਿਤ ਸਿਹਾਗ

ਅਮਿਤ ਸਿਹਾਗ

ਅਮਿਤ ਸਿਹਾਗ ਦੀ ਪਛਾਣ ਉਨ੍ਹਾਂ ਦੇ ਪਿਤਾ ਡਾਕਟਰ ਕੇਵੀ ਸਿੰਘ ਦੇ ਕਾਰਨ ਹੈ।

ਕੇਵੀ ਸਿੰਘ ਪਹਿਲਾਂ ਡਬਵਾਲੀ ਤੋਂ ਚੋਣ ਲੜਦੇ ਰਹੇ ਹਨ ਅਤੇ ਕਾਂਗਰਸ ਸਰਕਾਰ ਵਿੱਚ ਮੁੱਖ ਮੰਤਰੀ ਦੇ ਓਐੱਸਡੀ ਵੀ ਰਹਿ ਚੁੱਕੇ ਹਨ।

ਡਾਕਟਰ ਦੇਵੀ ਸਿੰਘ ਦੇ ਪਿਤਾ ਦਾ ਨਾਮ ਗਣਪਤ ਰਾਮ ਸੀ। ਉਹ ਸਾਹਿਬ ਰਾਮ ਦੇ ਪੁੱਤਰ ਸਨ ਜੋ ਦੇਵੀ ਲਾਲ ਦੇ ਭਰਾ ਸਨ।

ਅਮਿਤ ਸਿਹਾਗ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਇਸ ਵਾਰ ਉਨ੍ਹਾਂ ਦਾ ਮੁਕਾਬਲਾ ਦੇਵੀ ਲਾਲ ਪਰਿਵਾਰ ਦੇ ਹੀ ਆਦਿੱਤਿਆ ਚੌਟਾਲਾ ਨਾਲ ਸੀ।

ਆਦਿੱਤਿਆ ਦੇਵੀ ਲਾਲ ਦੇ ਸਭ ਤੋਂ ਛੋਟੇ ਪੁੱਤਰ ਜਗਦੀਸ਼ ਦੇ ਪੁੱਤਰ ਹਨ। ਉਹ ਭਾਜਪਾ ਦੀ ਟਿਕਟ 'ਤੇ ਚੋਣ ਲੜੇ ਸਨ ਅਤੇ ਅਮਿਤ ਸਿਹਾਗ ਤੋਂ ਚੋਣ ਹਾਰ ਗਏ।

ਡਬਵਾਲੀ ਸੀਟ 'ਤੇ ਪਿਛਲੀ ਚੋਣ ਲੋਕ ਦਲ ਦੀ ਨੈਨਾ ਚੌਟਾਲਾ ਨੇ ਚੋਣ ਜਿੱਤੀ ਸੀ ਪਰ ਇਸ ਵਾਰ ਉਨ੍ਹਾਂ ਨੇ ਆਪਣਾ ਸਿਆਸੀ ਕਰੀਅਰ ਬਣਾਉਣ ਲਈ ਭਿਵਾਨੀ ਦੀ ਬਾਢੜਾ ਸੀਟ ਨੂੰ ਚੁਣਿਆ ਅਤੇ ਉੱਥੋਂ ਜਿੱਤ ਹਾਸਲ ਕੀਤੀ।

ਕਾਂਗਰਸ ਨੇ ਵੀ ਦੇਵੀ ਲਾਲ ਦੀ ਵਿਰਾਸਤ ਨੂੰ ਧਿਆਨ ਵਿੱਚ ਰੱਖ ਕੇ ਨੌਜਵਾਨ ਚਿਹਰੇ ਅਮਿਤ ਸਿਹਾਗ ਨੂੰ ਮੌਕਾ ਦਿੱਤਾ ਸੀ ਅਤੇ ਉਨ੍ਹਾਂ ਨੇ ਭਾਜਪਾ ਦੇ ਆਦਿੱਤਿਆ ਚੌਟਾਲਾ ਨੂੰ ਮਾਤ ਦੇ ਕੇ ਸਾਬਿਤ ਕਰ ਦਿੱਤਾ ਕਿ ਡਾ. ਕੇਵੀ ਸਿੰਘ ਦੇ ਪਰਿਵਾਰ ਦਾ ਸਿਆਸੀ ਅਸਰ ਅਜੇ ਘੱਟ ਨਹੀਂ ਹੋਇਆ।

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)