ਦੁਸ਼ਯੰਤ ਦੇ ਪਿਤਾ ਅਜੇ ਚੌਟਾਲਾ 2 ਹਫ਼ਤੇ ਦੀ ਫਰਲੋ ’ਤੇ ਜੇਲ੍ਹ ਤੋਂ ਬਾਹਰ, ਖੱਟਰ-ਦੁਸ਼ਯੰਤ ਅੱਜ ਚੁੱਕਣਗੇ ਸਹੁੰ

ਮਨੋਹਰ ਲਾਲ ਖੱਟਰ

ਹਰਿਆਣਾ ਵਿੱਚ ਭਾਜਪਾ ਨੇ ਸਾਫ਼ ਕੀਤਾ ਹੈ ਕਿ ਉਹ ਨਵੀਂ ਸਰਕਾਰ ਬਣਾਉਣ ਲਈ ਗੋਪਾਲ ਕਾਂਡਾ ਦੀ ਹਮਾਇਤ ਨਹੀਂ ਲੈਣਗੇ।

ਸ਼ੁੱਕਰਵਾਰ ਨੂੰ ਗੋਪਾਲ ਕਾਂਡਾ ਨੇ ਭਾਜਪਾ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਭਾਜਪਾ ’ਤੇ ਇਸ ਬਾਰੇ ਸਵਾਲ ਚੁੱਕੇ ਗਏ ਸਨ।

ਸ਼ਨੀਵਾਰ ਦੁਪਹਿਰ ਬਾਅਦ ਮਨੋਹਰ ਲਾਲ ਖੱਟਰ ਤੇ ਦੁਸ਼ਯੰਤ ਚੌਟਾਲਾ ਨੇ ਹਰਿਆਣਾ ਦੇ ਰਾਜਪਾਲ ਅੱਗੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।

ਰਾਜਪਾਲ ਨੂੰ ਮਿਲਣ ਤੋਂ ਬਾਅਦ ਮਨੋਹਰ ਲਾਲ ਖੱਟਰ ਨੇ ਕਿਹਾ, “ਅਸੀਂ 57 ਵਿਧਾਇਕਾਂ ਦੀ ਹਮਾਇਤ ਦੀ ਚਿੱਠੀ ਰਾਜਪਾਲ ਨੂੰ ਸੌਂਪ ਦਿੱਤੀ ਹੈ। ਸਾਨੂੰ 7 ਆਜ਼ਾਦ ਵਿਧਾਇਕਾਂ ਦੀ ਹਮਾਇਤ ਹਾਸਿਲ ਹੈ। ਦੀਵਾਲੀ ਵਾਲੇ ਦਿਨ ਐਤਵਾਰ ਨੂੰ ਰਾਜ ਭਵਨ ਵਿੱਚ ਸਹੁੰ ਚੁੱਕ ਸਮਾਗਮ ਦੁਪਹਿਰੇ ਸਵਾ ਦੋ ਵਜੇ ਹੋਵੇਗਾ।”

ਅਜੇ ਚੌਟਾਲਾ ਨੂੰ ਦੋ ਹਫ਼ਤਿਆਂ ਦੀ ਫਰਲੋ ਮਿਲੀ

ਪੀਟੀਆਈ ਅਨੁਸਾਰ ਦੁਸ਼ਯੰਤ ਚੌਟਾਲਾ ਦੇ ਪਿਤਾ ਅਜੇ ਚੌਟਾਲਾ ਨੂੰ ਦੋ ਹਫ਼ਤਿਆਂ ਦੀ ਫਰਲੋ ਮਿਲੀ ਹੈ। ਇਹ ਫਰਲੋ ਉਸੇ ਦਿਨ ਮਿਲੀ ਹੈ ਜਿਸ ਦਿਨ ਭਾਜਪਾ-ਜੇਜੇਪੀ ਨੇ ਸਰਕਾਰ ਲਈ ਦਾਅਵਾ ਪੇਸ਼ ਕੀਤਾ ਹੈ।

ਦਿਵਾਲੀ ਵਾਲੇ ਦਿਨ ਦੁਸ਼ਯੰਤ ਚੌਟਾਲਾ ਦੇ ਪਿਤਾ ਅਜੇ ਚੌਟਾਲਾ ਨੂੰ ਫਰਲੋ ’ਤੇ ਛੱਡਿਆ ਜਾ ਰਿਹਾ ਹੈ। ਵਿਰੋਧੀ ਧਿਰ ਵੱਲੋਂ ਇਸ ਫਰਲੋ ਦੇ ਟਾਈਮਿੰਗ ’ਤੇ ਸਵਾਲ ਚੁੱਕੇ ਜਾ ਰਹੇ ਹਨ।

ਇਹ ਵੀ ਪੜ੍ਹੋ

ਜਦੋਂ ਦੁਸ਼ਯੰਤ ਚੌਟਾਲਾ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, “ਸ਼ੁੱਕਰਵਾਰ ਨੂੰ ਚੋਣ ਜ਼ਾਬਤਾ ਹਰਿਆਣਾ ਵਿੱਚ ਖ਼ਤਮ ਹੋਇਆ ਹੈ। ਚੋਣ ਜ਼ਾਬਤੇ ਵਿਚਾਲੇ ਉਨ੍ਹਾਂ ਨੂੰ ਫਰਲੋ ਨਹੀਂ ਮਿਲ ਸਕਦੀ ਸੀ। ਸਾਨੂੰ ਖੁਸ਼ੀ ਹੈ ਕਿ ਦੀਵਾਲੀ ਮੌਕੇ ਤੇ ਨਵੀਂ ਸਰਕਾਰ ਬਣਨ ਮੌਕੇ ਉਹ ਸਾਡੇ ਨਾਲ ਮੌਜੂਦ ਰਹਿਣਗੇ।”

ਤਸਵੀਰ ਸਰੋਤ, ANI

ਜਦੋਂ ਮਨੋਹਰ ਲਾਲ ਖੱਟਰ ਤੋਂ ਗੋਪਾਲ ਕਾਂਡਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, “ਸਾਨੂੰ ਗੋਪਾਲ ਕਾਂਡਾ ਤੋਂ ਕਿਸੇ ਤਰੀਕੇ ਦਾ ਕੋਈ ਸਮਰਥਨ ਪੱਤਰ ਨਹੀਂ ਮਿਲਿਆ ਹੈ ਤੇ ਜੇ ਹਮਾਇਤ ਮਿਲਦੀ ਵੀ ਹੈ ਤਾਂ ਅਸੀਂ ਉਨ੍ਹਾਂ ਤੋਂ ਹਮਾਇਤ ਨਹੀਂ ਲਵਾਂਗੇ।”

ਗੋਪਾਲ ਕਾਂਡਾ 2015 ਵਿੱਚ ਹੋਈ ਗੀਤਿਕਾ ਖੁਦਕੁਸ਼ੀ ਮਾਮਲੇ ਵਿੱਚ ਜ਼ਮਾਨਤ ’ਤੇ ਬਾਹਰ ਹਨ।

ਭਾਜਪਾ ਨੇਤਾ ਉਮਾ ਭਾਰਤੀ ਨੇ ਵੀ ਗੋਪਾਲ ਕਾਂਡਾ ਤੋਂ ਹਮਾਇਤ ਲਏ ਜਾਣ 'ਤੇ ਸਵਾਲ ਚੁੱਕਦੇ ਹੋਏ ਕਈ ਟਵੀਟ ਕੀਤੇ ਸਨ।

ਇਸ ਤੋਂ ਪਹਿਲਾਂ ਹਰਿਆਣਾ ਵਿੱਚ ਸਰਕਾਰ ਬਣਾਉਣ ਲਈ ਚੰਡੀਗੜ੍ਹ ਵਿੱਚ ਮਨੋਹਰ ਲਾਲ ਖੱਟਰ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ। ਵਿਸ਼ੇਸ਼ ਆਬਜ਼ਰਵਰ ਦੇ ਤੌਰ ਤੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਵੀ ਮਨੋਹਰ ਲਾਲ ਖੱਟਰ ਦੇ ਨਾਲ ਚੰਡੀਗੜ੍ਹ ਗੈਸਟ ਹਾਊਸ ਵਿੱਚ ਮੌਜੂਦ ਸਨ।

‘ਫਿਰ ਸਾਫ਼-ਸੁਥਰੀ ਸਰਕਾਰ ਦੇਵਾਂਗੇ’

ਮਨੋਹਰ ਲਾਲ ਖੱਟਰ ਨੇ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ, ''ਅਸੀਂ ਪਹਿਲਾਂ 5 ਸਾਲ ਸਾਫ-ਸੁਥਰੀ ਸਰਕਾਰ ਚਲਾਈ ਹੈ ਉਸੇ ਤਰ੍ਹਾਂ ਅੱਗੇ ਵੀ ਕੰਮ ਕਰਦੇ ਰਹਾਂਗੇ।''

ਦੁਸ਼ਯੰਤ ਚੌਟਾਲਾ ਦੀ ਜੇਜੇਪੀ ਤੇ ਭਾਜਪਾ ਨੇ ਹਰਿਆਣਾ ਵਿੱਚ ਗਠਜੋੜ ਕਰਨ ਦਾ ਐਲਾਨ ਕੀਤਾ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ 90 ਸੀਟਾਂ ਵਿੱਚੋਂ ਭਾਜਪਾ ਨੂੰ 40 ਅਤੇ ਜੇਜੇਪੀ ਨੂੰ 10 ਸੀਟਾਂ ਮਿਲੀਆਂ ਹਨ।ਸੱਤ ਆਜ਼ਾਦ ਉਮੀਦਵਾਰਾਂ ਨੂੰ ਵੀ ਜਿੱਤ ਹਾਸਿਲ ਹੋਈ ਹੈ।

ਸ਼ੁੱਕਰਵਾਰ ਸ਼ਾਮ ਨੂੰ ਦੁਸ਼ਯੰਤ ਚੌਟਾਲਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਦੇ ਥੋੜ੍ਹੀ ਦੇਰ ਬਾਅਦ ਇਹ ਗਠਜੋੜ ਦਾ ਐਲਾਨ ਹੋਇਆ।

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ,

ਹਰਿਆਣਾ ਵਿੱਚ ਭਾਜਪਾ ਤੇ ਜੇਜੇਪੀ ਦਾ ਗਠਜੋੜ ਹੋਇਆ

ਜੇਜਪੀ ਨਾਲ ਗਠਜੋੜ ਦਾ ਐਲਾਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ, “ਹਰਿਆਣਾ ਭਾਜਪਾ ਦੇ ਨੇਤਾ ਤੇ ਜੇਜੇਪੀ ਨੇ ਆਗੂਆਂ ਦੀ ਮੀਟਿੰਗ ਹੋਈ। ਹਰਿਆਣਾ ਦੀ ਜਨਤਾ ਦੇ ਜਨਾਦੇਸ਼ ਨੂੰ ਮੰਨਦੇ ਹੋਏ ਭਾਜਪਾ ਤੇ ਜੇਜੇਪੀ ਮਿਲ ਕੇ ਸਰਕਾਰ ਬਣਾਉਣਗੇ। ਕਈ ਆਜ਼ਾਦ ਵਿਧਾਇਕਾਂ ਨੇ ਵੀ ਸਰਕਾਰ ਨੂੰ ਹਮਾਇਤ ਦਿੱਤੀ ਹੈ।”

“ਮੁੱਖ ਮੰਤਰੀ ਭਾਜਪਾ ਦਾ ਹੋਵੇਗਾ ਜਦਕਿ ਉਪ-ਮੁੱਖ ਮੰਤਰੀ ਦਾ ਅਹੁਦਾ ਜੇਜੇਪੀ ਨੂੰ ਦਿੱਤਾ ਜਾਵੇਗਾ।”

ਇਸ ਤੋਂ ਪਹਿਲਾਂ ਸ਼ੁੱਕਰਵਾਰ ਸ਼ਾਮ ਜੇਜੇਪੀ ਦੇ ਮੁਖੀ ਦੁਸ਼ਯੰਤ ਚੌਟਾਲਾ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਜਿਹੜੀ ਵੀ ਪਾਰਟੀ ਉਨ੍ਹਾਂ ਦੀਆਂ ਸ਼ਰਤਾਂ ਮੰਨੇਗੀ ਉਹ ਉਸ ਨੂੰ ਹਮਾਇਤ ਦੇਣਗੇ।

ਇਹ ਵੀ ਪੜ੍ਹੋ:

ਦੁਸ਼ਯੰਤ ਚੌਟਾਲਾ ਨੇ ਕਿਹਾ ਸੀ, "ਸਾਡੀ ਮੀਟਿੰਗ ਵਿੱਚ ਭਾਜਪਾ ਨੂੰ ਹਮਾਇਤ ਦੇਣ ਦੀ ਗੱਲ ਵੀ ਉਠੀ ਤੇ ਕਾਂਗਰਸ ਦੇ ਨਾਲ ਜਾਣ ਦੀ ਵੀ ਸਲਾਹ ਦਿੱਤੀ ਗਈ ਹੈ। ਪਰ ਅਸੀਂ ਇਹ ਤੈਅ ਕੀਤਾ ਹੈ ਕਿ ਜੋ ਸਾਡੇ ਕਾਮਨ ਮਿਨਿਮਮ ਪ੍ਰੋਗਰਾਮ ਦੀ ਹਿਮਾਇਤ ਕਰੇਗਾ, ਅਸੀਂ ਉਸੇ ਦੀ ਹਮਾਇਤ ਕਰਾਂਗੇ।"

"ਜੋ ਪਾਰਟੀ ਹਰਿਆਣਾ ਦੀਆਂ ਨੌਕਰੀਆਂ ਵਿੱਚ ਸੂਬੇ ਦੇ ਨੌਜਵਾਨਾਂ ਨੂੰ 75 ਫੀਸਦੀ ਰਾਖਵਾਂਕਰਨ ਦੇਵੇਗੀ ਅਤੇ ਬਜ਼ੁਰਗਾਂ ਦੀ ਪੈਨਸ਼ਨ ਵਿੱਚ ਵਾਧਾ ਕਰੇਗੀ, ਅਸੀਂ ਉਸੇ ਪਾਰਟੀ ਦੀ ਹਮਾਇਤ ਕਰਾਂਗੇ।"

ਦੁਸ਼ਯੰਤ ਚੌਟਾਲਾ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਭੁਪਿੰਦਰ ਹੁੱਡਾ ਨੇ ਕਿਹਾ ਕਿ ਕਾਂਗਰਸ ਨੂੰ ਉਨ੍ਹਾਂ ਦੀਆਂ ਸਾਰੀਆਂ ਸ਼ਰਤਾਂ ਮਨਜ਼ੂਰ ਹਨ।

ਉਨ੍ਹਾਂ ਕਿਹਾ, "ਦੁਸ਼ਯੰਤ ਚੌਟਾਲਾ ਨੇ ਰੁਜ਼ਗਾਰ ਤੇ ਬਜ਼ੁਰਗਾਂ ਦੀ ਪੈਨਸ਼ਨ ਸਣੇ ਜੋ ਸ਼ਰਤਾਂ ਰੱਖੀਆਂ ਸਨ ਉਹ ਸਾਡੇ ਮੈਨੀਫੈਸਟੋ ਵਿੱਚ ਪਹਿਲਾਂ ਹੀ ਹਨ।"

"ਦੁਸ਼ਯੰਤ ਉਸ ਨੂੰ ਪੜ੍ਹ ਲੈਣ ਉਨ੍ਹਾਂ ਨੂੰ ਆਪਣੇ ਸਵਾਲਾਂ ਦੇ ਜਵਾਬ ਮਿਲ ਜਾਣਗੇ। ਇਸ ਤੋਂ ਇਲਾਵਾ ਵੀ ਦੁਸ਼ਯੰਤ ਜੋ ਸੁਝਾਅ ਦੇਣਗੇ ਉਨ੍ਹਾਂ ਸੁਝਾਵਾਂ ਨੂੰ ਉਹ ਖੁੱਲ੍ਹੇ ਦਿਲ ਨਾਲ ਵਿਚਾਰਨਗੇ।"

'ਅਬ ਕੀ ਬਾਰ ਸੱਤਰ ਪਾਰ' ਦਾ ਨਾਅਰਾ ਦੇਣ ਵਾਲੀ ਭਾਜਪਾ ਹਾਲਾਂਕਿ 40 'ਤੇ ਹੀ ਸਿਮਟ ਗਈ ਹੈ ਪਰ ਫਿਰ ਵੀ ਸਰਕਾਰ ਬਣਾਉਣ ਦੇ ਨੇੜੇ ਹੈ।

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)