ਦਿਵਾਲੀ 'ਤੇ ਦੁਸ਼ਯੰਤ ਚੌਟਾਲਾ ਨੂੰ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੇ ਅਹੁਦੇ ਦਾ ਤੋਹਫ਼ਾ, ਖੱਟਰ ਦੂਜੀ ਵਾਰ ਮੁੱਖ ਮੰਤਰੀ

ਖੱਟਰ, ਚੌਟਾਲਾ

ਤਸਵੀਰ ਸਰੋਤ, Getty Images

ਅੱਜ ਦਿਵਾਲੀ ਦੇ ਖ਼ਾਸ ਮੌਕੇ ਉੱਤੇ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਵਜੋਂ ਮਨੋਹਰ ਲਾਲ ਖੱਟਰ ਅਤੇ ਜੇਜੇਪੀ ਵੱਲੋਂ ਉੱਪ-ਮੁੱਖ ਮੰਤਰੀ ਦੇ ਤੌਰ 'ਤੇ ਦੁਸ਼ਯੰਤ ਚੌਟਾਲਾ ਸਹੁੰ ਚੁੱਕਣਗੇ।

ਕੱਲ ਚੰਡੀਗੜ੍ਹ ਵਿਖੇ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਮਨੋਹਰ ਲਾਲ ਖੱਟਰ ਨੇ ਕਿਹਾ ਸੀ, ''ਦਿਵਾਲੀ ਵਾਲੇ ਦਿਨ ਐਤਵਾਰ ਨੂੰ ਰਾਜ ਭਵਨ ਵਿੱਚ ਸਹੁੰ ਚੁੱਕ ਸਮਾਗਮ ਦੁਪਹਿਰੇ ਸਵਾ 2 ਵਜੇ ਹੋਵੇਗਾ।''

ਉਧਰ ਪੀਟੀਆਈ ਦੀ ਖ਼ਬਰ ਮੁਤਾਬਕ ਦੁਸ਼ਯੰਤ ਦੇ ਪਿਤਾ ਅਜੇ ਚੌਟਾਲਾ ਨੂੰ ਦੋ ਹਫ਼ਤਿਆਂ ਦੀ ਫਰਲੋ ਮਿਲੀ ਹੈ। ਇਹ ਫਰਲੋ ਉਸੇ ਦਿਨ ਮਿਲੀ ਹੈ ਜਿਸ ਦਿਨ ਭਾਜਪਾ-ਜੇਜੇਪੀ ਨੇ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕੀਤਾ।

ਪੂਰੀ ਖ਼ਬਰ ਤਫ਼ਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ

ਹਰਿਆਣਾ: ਚੌਟਾਲਿਆਂ ਦੀ ਬੱਲੇ-ਬੱਲੇ ਤੇ ਦੁਸ਼ਯੰਤ ਦਾ ਸਿਆਸੀ ਸਫ਼ਰ

ਹਰਿਆਣਾ ਦੇ ਲੋਕਾਂ ਨੇ ਇਸ ਵਾਰ ਇੱਕ ਨਹੀਂ ਪੰਜ ਚੌਟਾਲਿਆਂ ਨੂੰ ਹਰਿਆਣਾ ਵਿਧਾਨ ਸਭਾ ਵਿੱਚ ਬਿਠਾਇਆ ਹੈ।

ਇਸ ਵਿੱਚ ਸਭ ਤੋਂ ਮੋਹਰੀ ਬਣ ਕੇ ਉਭਰੇ ਹਨ ਅਜੈ ਚੌਟਾਲਾ ਦੇ ਪੁੱਤਰ ਦੁਸ਼ਯੰਤ ਚੌਟਾਲਾ ਅਤੇ ਉਨ੍ਹਾਂ ਦੀ ਮਾਂ ਨੈਨਾ ਚੌਟਾਲਾ ਜੋ ਪਹਿਲਾਂ ਆਈਐੱਨਐੱਲਡੀ ਪਾਰਟੀ ਵਿੱਚ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੇ ਆਪਣੀ ਨਵੀਂ ਪਾਰਟੀ ਜੇਜੇਪੀ ਬਣਾ ਲਈ।

ਤਸਵੀਰ ਸਰੋਤ, facebook

ਦੁਸ਼ਯੰਤ ਚੌਟਾਲਾ: ਉਹ ਨਾਂ ਜੋ ਭਾਰਤੀ ਸਿਆਸਤ ਵਿੱਚ ਛੋਟੀ ਉਮਰੇ ਹੀ ਉੱਪ-ਮੁੱਖ ਮੰਤਰੀ ਹੋਵੇਗਾ। ਦੁਸ਼ਯੰਤ ਵੱਲੋਂ 9 ਦਸੰਬਰ 2018 ਨੂੰ ਜੇਜੇਪੀ ਪਾਰਟੀ ਜੀਂਦ ਵਿੱਚ ਬਣਾਈ ਗਈ ਅਤੇ ਸਿਰਫ਼ ਇੱਕ ਸਾਲ ਦੇ ਅੰਦਰ ਹੀ ਉਨ੍ਹਾਂ ਨੇ ਹਰਿਆਣਾ ਦੀ ਸਿਆਸਤ ਵਿੱਚ ਆਪਣੀ ਅਹਿਮ ਛਾਪ ਛੱਡੀ।

ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਠੋਕਰ ਮਾਰਨ ਵਾਲੇ ਚੌਧਰੀ ਦੇਵੀ ਲਾਲ ਦੇ ਪੜਪੋਤੇ ਦੁਸ਼ਯੰਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਕੋਲ ਨਾ ਸਿਰਫ਼ ਹਰਿਆਣਾ ਦੀ ਸਿਆਸਤ ਦੀ ਚੰਗੀ ਸਮਝ ਹੈ ਸਗੋਂ ਦੂਰ ਦਰਿਸ਼ਟੀ ਵੀ ਹੈ।

ਚੌਟਾਲਿਆਂ ਦੀ ਬੱਲੇ-ਬੱਲੇ ਇੰਝ ਹੋਈ ਤੇ ਦੁਸ਼ੰਯਤ ਦਾ ਸਿਆਸੀ ਸਫ਼ਰ ਤਫ਼ਸੀਲ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ

ਚਿਲੀ: ਗ਼ੈਰ-ਬਰਾਬਰੀ ਖ਼ਿਲਾਫ਼ 10 ਲੱਖ ਲੋਕ ਸੜਕਾਂ 'ਤੇ

ਚਿਲੀ ਵਿੱਚ ਗ਼ੈਰ-ਬਰਾਬਰੀ ਦੇ ਖ਼ਿਲਾਫ਼ ਚੱਲ ਰਿਹਾ ਵਿਰੋਧ-ਪ੍ਰਦਰਸ਼ਨ ਹੋਰ ਵੀ ਵੱਡਾ ਹੁੰਦਾ ਜਾ ਰਿਹਾ ਹੈ। ਰਾਜਧਾਨੀ ਸੈਂਟਿਯਾਗੋ 'ਚ ਕਰੀਬ 10 ਲੱਖ ਲੋਕਾਂ ਨੇ ਸ਼ਾਂਤਮਈ ਮਾਰਚ ਕੱਢਦਿਆਂ ਸਰਕਾਰ ਨੂੰ ਅਸਮਾਨਤਾ ਦੂਰ ਕਰਨ ਦੀ ਮੰਗ ਕੀਤੀ।

ਤਸਵੀਰ ਸਰੋਤ, EPA

ਇੱਕ ਹਫ਼ਤੇ ਪਹਿਲਾਂ ਇਹ ਪ੍ਰਦਰਸ਼ਨ ਮੈਟਰੋ ਕਿਰਾਇਆ ਵਧਾਏ ਜਾਣ ਦੇ ਖ਼ਿਲਾਫ਼ ਸ਼ੁਰੂ ਹੋਇਆ ਸੀ। ਸਰਕਾਰ ਨੇ ਕਿਰਾਏ 'ਚ ਵਾਧੇ ਦਾ ਫ਼ੈਸਲਾ ਤਾਂ ਵਾਪਿਸ ਲੈ ਲਿਆ, ਇਸ ਦੇ ਬਾਵਜੂਦ ਵੀ ਪ੍ਰਦਰਸ਼ਨ ਜਾਰੀ ਰਹੇ।

ਚਿਲੀ ਲੈਟਿਨ ਅਮਰੀਕਾ ਦੇ ਸਭ ਤੋਂ ਅਮੀਰ ਮੁਲਕਾਂ ਵਿੱਚ ਗਿਣਿਆ ਜਾਂਦਾ ਹੈ, ਪਰ ਇੱਥੇ ਲੋਕਾਂ ਵਿੱਚ ਭਾਰੀ ਆਰਥਿਕ ਅਸਮਾਨਤਾ ਵੀ ਹੈ। ਭਾਵ ਗਿਣੇ ਚੁਣੇ ਲੋਕਾਂ ਦੇ ਕੋਲ ਬਹੁਤ ਜ਼ਿਆਦਾ ਪੈਸਾ ਹੈ ਅਤੇ ਬਹੁਤੇ ਲੋਕ ਆਰਥਿਕ ਤੌਰ 'ਤੇ ਸੰਘਰਸ਼ ਕਰ ਰਹੇ ਹਨ।

ਕੈਲੀਫੋਰਨੀਆ 'ਚ ਬਿਜਲੀ ਗੁੱਲ ਕਿਉਂ?

ਅਮਰੀਕਾ ਵਿੱਚ ਕੈਲੀਫੋਰਨੀਆਂ ਦੇ ਜੰਗਲਾਂ ਵਿੱਚ ਲੱਗੀ ਅੱਗ 'ਤੇ ਕਾਬੂ ਕਾਉਣ ਲਈ ਅੱਗ ਬੁਝਾਓ ਦਸਤਾ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ। ਇਸੇ ਦਰਮਿਆਨ ਜੰਗਲਾਂ ਵਿੱਚ ਲੱਗੀ ਅੱਗ ਦੇ ਕਾਰਨ ਕੈਲੀਫ਼ੋਰਨੀਆ 'ਚ ਰਹਿਣ ਵਾਲੇ ਲੱਖਾਂ ਲੋਕਾਂ ਨੂੰ ਪਾਵਰ ਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਤਸਵੀਰ ਸਰੋਤ, Getty Images

ਪੈਸਿਫਿਕ ਗੈਸ ਐਂਡ ਇਲੈਕਟ੍ਰਿਕ ਨੇ ਕਿਹਾ ਹੈ ਕਿ ਇਤਿਹਾਸਿਕ ਤੌਰ 'ਤੇ ਹਵਾ ਦੇ ਪਹਿਲਾਂ ਤੋਂ ਲੱਗੇ ਅੰਦਾਜ਼ੇ ਕਾਰਨ 36 ਕਾਉਂਟੀ 'ਚ ਬਿਜਲੀ ਦੀ ਸਪਲਾਈ ਰੋਕਣੀ ਪੈ ਸਕਦੀ ਹੈ। ਇਸ ਅੰਦਾਜ਼ੇ 'ਚ ਇਹ ਕਿਹਾ ਗਿਆ ਹੈ ਕਿ ਇਸ ਨਾਲ ਨੁਕਸਾਨ ਹੋ ਸਕਦਾ ਹੈ ਅਤੇ ਹੋਰ ਥਾਵਾਂ 'ਤੇ ਵੀ ਅੱਗ ਫ਼ੈਲ ਸਕਦੀ ਹੈ।

ਜੰਗਲਾਂ ਵਿੱਚ ਲੱਗੀ ਅੱਗ ਦੀ ਚਿਤਾਵਨੀ ਕਾਰਨ ਕਰੀਬ 50,000 ਲੋਕਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਹੈ।

ਕਈਆਂ ਨੂੰ ਪ੍ਰੇਰਿਤ ਕਰਨ ਵਾਲੀ 'ਯੋਗ ਅੰਮਾ' ਨਹੀਂ ਰਹੀ

ਭਾਰਤ ਦੀ ਸਭ ਤੋਂ ਵੱਧ ਉਮਰ ਵਾਲੀ ਯੋਗ ਅਧਿਆਪਿਕਾ ਵੀ ਨਨਾਮੱਲ ਨੇ ਤਾਮਿਲਨਾਡੂ ਵਿੱਚ ਕੋਇੰਬਟੂਰ ਨੇੜੇ ਆਪਣੇ ਘਰ ਵਿੱਚ ਆਖਰੀ ਸਾਹ ਲਏ।

ਵੀ ਨਨਾਮੱਲ ਦੀ ਉਮਰ 99 ਸਾਲ ਦੀ ਸੀ।

ਖੇਤਾਬਾੜੀ ਨਾਲ ਜੁੜੇ ਪਰਿਵਾਰ ਵਿੱਚ ਪੈਦਾ ਹੋਣ ਵਾਲੀ 'ਅੰਮਾ' ਨੂੰ ਪਿਤਾ ਨੇ ਯੋਗ ਸਿਖਾਇਆ ਸੀ।

ਉਹ ਯੋਗ ਕਰਨ ਵਿੱਚ ਮਾਹਿਰ ਸੀ ਤੇ ਕਈਆਂ ਨੂੰ ਯੋਗ ਦੀ ਸਿਖਲਾਈ ਦੇ ਚੁੱਕੀ ਸੀ।

ਇਹ ਵੀਡੀਓ ਜ਼ਰੂਰ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)