ਜੇ ਕਾਂਗਰਸ ਸੂਬੇ ਦੀ ਲੀਡਰਸ਼ਿਪ ਵਿੱਚ ਪਹਿਲਾਂ ਬਦਲਾਅ ਕਰਦੀ ਤਾਂ ਨਤੀਜੇ ਕੁਝ ਹੋਰ ਹੁੰਦੇ -ਹੁੱਡਾ

ਭੁਪਿੰਦਰ ਸਿੰਘ ਹੁੱਡਾ

ਹਰਿਆਣਾ ਵਿੱਚ ਮਨੋਹਰ ਲਾਲ ਖੱਟਰ ਨੇ ਮੁੱਖ ਮੰਤਰੀ ਅਹੁਦੇ ਲਈ ਸਹੁੰ ਚੁੱਕ ਲਈ ਹੈ। ਜੇਜੇਪੀ ਆਗੂ ਦੁਸ਼ਯੰਤ ਚੌਟਾਲਾ ਨੇ ਉਪ-ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ।

ਸਹੁੰ ਚੁੱਕ ਸਮਾਗਮ 'ਚ ਕਈ ਹਸਤੀਆਂ ਰਾਜ ਭਵਨ ਪਹੁੰਚੀਆਂ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿੱਚ ਪਹੁੰਚੇ।

ਸਹੁੰ ਚੁੱਕਣ ਤੋਂ ਬਾਅਦ ਜਦੋਂ ਮਨੋਹਰ ਲਾਲ ਖੱਟਰ ਨੂੰ ਕੈਬਨਿਟ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, “ਅਸੀਂ ਦੀਵਾਲੀ ਤੋਂ ਬਾਅਦ ਇਸ ਬਾਰੇ ਫ਼ੈਸਲਾ ਕਰਾਂਗੇ।”

ਤਸਵੀਰ ਸਰੋਤ, ANI

ਦੁਸ਼ਯੰਤ ਚੋਟਾਲਾ ਵੀ ਬਿਨਾਂ ਕਿਸੇ ਸਵਾਲ ਦਾ ਜਵਾਬ ਦਿੱਤੇ ਕੇਵਲ ਦੀਵਾਲੀ ਦੀ ਵਧਾਈ ਦੇ ਕੇ ਨਿਕਲ ਗਏ।

ਸ਼ਨੀਵਾਰ ਨੂੰ ਮਨੋਹਰ ਲਾਲ ਖੱਟਰ ਨੂੰ ਭਾਜਪਾ ਦੇ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਸੀ। ਇਸ ਤੋਂ ਬਾਅਦ ਭਾਜਪਾ ਤੇ ਜੇਜੇਪੀ ਨੇ ਮਿਲ ਦੇ ਰਾਜਪਾਲ ਅੱਗੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ।

‘ਜੇਜੇਪੀ ਨੇ ਜਨਾਦੇਸ਼ ਦਾ ਅਪਮਾਨ ਕੀਤਾ’

ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਭਾਜਪਾ-ਜੇਜੇਪੀ ਗਠਜੋੜ ਬਾਰੇ ਕਿਹਾ, “ਅਸੀਂ ਉਨ੍ਹ੍ਹਾਂ ਨੂੰ ਕਹਿੰਦੇ ਹਾਂ ਕਿ ਉਹ ਪੰਜ ਸਾਲ ਦੇ ਕਾਰਜਕਾਲ ਨੂੰ ਪੂਰਾ ਕਰਨ ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੇਜੇਪੀ ਨੇ ਵੋਟ ਕਿਸੇ ਤੋਂ ਲਈ ਹੈ ਤੇ ਹਮਾਇਤ ਕਿਸੇ ਹੋਰ ਨੂੰ ਦਿੱਤੀ ਹੈ।”

“ਲੋਕਤੰਤਰ ਵਿੱਚ ਜਨਾਦੇਸ਼ ਦਾ ਸਨਮਾਨ ਕਰਨਾ ਚਾਹੀਦਾ ਹੈ ਪਰ ਜੇਜੇਪੀ ਨੇ ਜਨਾਦੇਸ਼ ਦਾ ਅਪਮਾਨ ਕੀਤਾ ਹੈ। ਜੇ ਕਾਂਗਰਸ ਵੱਲੋਂ ਪਹਿਲਾਂ ਸੂਬੇ ਪੱਧਰ ਉੱਤੇ ਪਾਰਟੀ ਦੀ ਲੀਡਰਸ਼ਿਪ ਵਿੱਚ ਫੇਰਬਦਲ ਕਰ ਦਿੱਤਾ ਜਾਂਦਾ ਹੈ ਤਾਂ ਨਤੀਜੇ ਕੁਝ ਹੋਰ ਹੋਣੇ ਸਨ।”

ਹਾਲ ਵਿੱਚ ਹੋਈਆਂ ਹਰਿਆਣਾ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਹੈ। 'ਅਬਕੀ ਬਾਰ 75 ਕੇ ਪਾਰ' ਦਾ ਦਾਅਵਾ ਕਰਨ ਵਾਲੀ ਭਾਜਪਾ ਨੂੰ 90 ਵਿੱਚੋਂ ਕੇਵਲ 40 ਸੀਟਾਂ ਮਿਲੀਆਂ ਹਨ।

ਕਾਂਗਰਸ ਨੇ ਇਨ੍ਹਾਂ ਚੋਣਾਂ ਵਿੱਚ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ ਹੈ ਤੇ ਇਸ ਵਾਰ ਉਨ੍ਹਾਂ ਨੇ 31 ਸੀਟਾਂ ਜਿੱਤੀਆਂ ਹਨ।

ਇਹ ਵੀ ਪੜ੍ਹੋ-

ਦੁਸ਼ਯੰਤ ਚੌਟਾਲਾ ਦੀ ਅਗਵਾਈ ਵਾਲੀ ਜੇਜੇਪੀ ਨੇ 10 ਸੀਟਾਂ 'ਤੇ ਜਿੱਤ ਹਾਸਿਲ ਕਰਕੇ ਕਿੰਗਮੇਕਰ ਦੀ ਭੂਮਿਕਾ ਵਿੱਚ ਆ ਗਏ ਹਨ।

ਇਹੀ ਕਾਰਨ ਹੈ ਕਿ ਭਾਜਪਾ ਨੂੰ ਉਨ੍ਹਾਂ ਤੋਂ ਹਮਾਇਤ ਮੰਗਣੀ ਪਈ ਤੇ ਉਪ-ਮੁੱਖ ਮੰਤਰੀ ਦਾ ਅਹੁਦਾ ਵੀ ਉਨ੍ਹਾਂ ਨੂੰ ਦੇਣਾ ਪਿਆ।

ਅਜੇ ਚੌਟਾਲਾ ਨੂੰ ਦੋ ਹਫ਼ਤਿਆਂ ਦੀ ਫਰਲੋ ਮਿਲੀ

ਦੁਸ਼ਯੰਤ ਚੌਟਾਲਾ ਦੇ ਪਿਤਾ ਅਜੇ ਚੌਟਾਲਾ ਨੂੰ ਦੋ ਹਫ਼ਤਿਆਂ ਦੀ ਫਰਲੋ ਮਿਲ ਗਈ ਹੈ। ਇਹ ਫਰਲੋ ਉਸੇ ਦਿਨ ਮਿਲੀ ਜਿਸ ਦਿਨ ਭਾਜਪਾ-ਜੇਜੇਪੀ ਨੇ ਸਰਕਾਰ ਲਈ ਦਾਅਵਾ ਪੇਸ਼ ਕੀਤਾ।

ਦੀਵਾਲੀ ਵਾਲੇ ਦਿਨ ਦੁਸ਼ਯੰਤ ਚੌਟਾਲਾ ਦੇ ਪਿਤਾ ਅਜੇ ਚੌਟਾਲਾ ਨੂੰ ਫਰਲੋ 'ਤੇ ਛੱਡਿਆ ਗਿਆ। ਵਿਰੋਧੀ ਧਿਰ ਵੱਲੋਂ ਇਸ ਫਰਲੋ ਦੇ ਟਾਈਮਿੰਗ 'ਤੇ ਸਵਾਲ ਚੁੱਕੇ ਜਾ ਰਹੇ ਹਨ।

ਜਦੋਂ ਦੁਸ਼ਯੰਤ ਚੌਟਾਲਾ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, "ਸ਼ੁੱਕਰਵਾਰ ਨੂੰ ਚੋਣ ਜ਼ਾਬਤਾ ਹਰਿਆਣਾ ਵਿੱਚ ਖ਼ਤਮ ਹੋਇਆ ਹੈ। ਚੋਣ ਜ਼ਾਬਤੇ ਵਿਚਾਲੇ ਉਨ੍ਹਾਂ ਨੂੰ ਫਰਲੋ ਨਹੀਂ ਮਿਲ ਸਕਦੀ ਸੀ। ਸਾਨੂੰ ਖੁਸ਼ੀ ਹੈ ਕਿ ਦੀਵਾਲੀ ਮੌਕੇ ਤੇ ਨਵੀਂ ਸਰਕਾਰ ਬਣਨ ਮੌਕੇ ਉਹ ਸਾਡੇ ਨਾਲ ਮੌਜੂਦ ਰਹਿਣਗੇ।"

ਭਾਜਪਾ ਨੇ ਗੋਪਾਲ ਕਾਂਡਾ ਤੋਂ ਖੁਦ ਨੂੰ ਵੱਖ ਕੀਤਾ

ਹਰਿਆਣਾ ਵਿੱਚ ਭਾਜਪਾ ਨੇ ਸਾਫ਼ ਕੀਤਾ ਹੈ ਕਿ ਉਹ ਨਵੀਂ ਸਰਕਾਰ ਬਣਾਉਣ ਲਈ ਗੋਪਾਲ ਕਾਂਡਾ ਦੀ ਹਮਾਇਤ ਨਹੀਂ ਲੈਣਗੇ।

ਤਸਵੀਰ ਸਰੋਤ, Getty Images

ਸ਼ੁੱਕਰਵਾਰ ਨੂੰ ਗੋਪਾਲ ਕਾਂਡਾ ਨੇ ਭਾਜਪਾ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਭਾਜਪਾ 'ਤੇ ਇਸ ਬਾਰੇ ਸਵਾਲ ਚੁੱਕੇ ਗਏ ਸਨ।

ਜਦੋਂ ਮਨੋਹਰ ਲਾਲ ਖੱਟਰ ਤੋਂ ਗੋਪਾਲ ਕਾਂਡਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਸਾਨੂੰ ਗੋਪਾਲ ਕਾਂਡਾ ਤੋਂ ਕਿਸੇ ਤਰੀਕੇ ਦਾ ਕੋਈ ਸਮਰਥਨ ਪੱਤਰ ਨਹੀਂ ਮਿਲਿਆ ਹੈ ਤੇ ਜੇ ਹਮਾਇਤ ਮਿਲਦੀ ਵੀ ਹੈ ਤਾਂ ਅਸੀਂ ਉਨ੍ਹਾਂ ਤੋਂ ਹਮਾਇਤ ਨਹੀਂ ਲਵਾਂਗੇ।"

ਗੋਪਾਲ ਕਾਂਡਾ 2015 ਵਿੱਚ ਹੋਈ ਗੀਤਿਕਾ ਖੁਦਕੁਸ਼ੀ ਮਾਮਲੇ ਵਿੱਚ ਜ਼ਮਾਨਤ 'ਤੇ ਬਾਹਰ ਹਨ।

ਇਹ ਵੀ ਪੜ੍ਹੋ-

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)