Kashmir: ਤਿੰਨ ਮਹੀਨੇ ਸਕੂਲ ਨਾ ਜਾ ਕੇ ਵੀ, ਬੱਚੇ ਪੇਪਰ ਦੇਣ ਨੂੰ ਮਜਬੂਰ

  • ਆਮਿਰ ਪੀਰਜ਼ਾਦਾ
  • ਬੀਬੀਸੀ ਪੱਤਰਕਾਰ, ਸ੍ਰੀਨਗਰ
ਕਸ਼ਮੀਰ

ਤਸਵੀਰ ਸਰੋਤ, Getty Images

ਭਾਰਤ ਸਾਸ਼ਿਤ ਕਸ਼ਮੀਰ ਅਤੇ ਜੰਮੂ ਦੇ ਠੰਢੇ ਇਲਾਕਿਆਂ ਵਿੱਚ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਦਾ ਮੰਗਲਵਾਰ ਨੂੰ ਆਗ਼ਾਜ਼ ਹੋ ਗਿਆ ਹੈ।

ਇਸੇ ਦੌਰਾਨ ਹੀ ਯੂਰਪੀ ਸੰਘ ਦੇ 28 ਮੈਂਬਰਾਂ ਦੇ ਵਫ਼ਦ ਵੱਲੋਂ ਕਸ਼ਮੀਰ ਦੇ ਗ਼ੈਰ ਸਰਕਾਰੀ ਦੌਰੇ ਦੌਰਾਨ ਕਸ਼ਮੀਰ ਦਾ ਬੰਦ ਦਾ ਐਲਾਨ ਵੀ ਕੀਤਾ ਗਿਆ ਹੈ।

ਇਸ ਸਾਲ ਕਸ਼ਮੀਰ 'ਚ ਕਰੀਬ 65 ਹਜ਼ਾਰ ਵਿਦਿਆਰਥੀ ਅਤੇ ਜੰਮੂ ਦੇ ਠੰਢੇ ਇਲਾਕਿਆਂ ਵਿੱਚ 23,923 ਵਿਦਿਆਰਥੀ 10ਵੀਂ ਦੀ ਪ੍ਰੀਖਿਆ ਦੇਣਗੇ। ਉੱਥੇ ਹੀ 12ਵੀਂ ਕਲਾਸ ਦੀ ਪ੍ਰੀਖਿਆ 30 ਅਕਤੂਬਰ ਤੋਂ ਸ਼ੁਰੂ ਹੋਣੀ ਹੈ।

ਪ੍ਰੀਖਿਆ ਦੇ ਪਹਿਲੇ ਦਿਨ ਸ੍ਰੀਨਗਰ ਦੇ ਸੈਂਟਰ ਦੇ ਬਾਹਰ ਖੜ੍ਹੇ ਮਾਪਿਆਂ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਬੱਚਿਆਂ ਨੂੰ ਪ੍ਰੀਖਿਆ ਸੈਂਟਰ ਤੱਕ ਪਹੁੰਚਾਉਣ ਦਾ ਕੋਈ ਇੰਤੇਜ਼ਾਮ ਨਹੀਂ ਹੈ।

ਇਹ ਵੀ ਪੜ੍ਹੋ-

ਮੁਹੰਮਦ ਰਮਜ਼ਾਨ ਅਲੀ ਅਦਲ ਦੇ ਇੱਕ ਸਕੂਲ ਦੇ ਬਾਹਰ ਆਪਣੇ ਬੱਚੇ ਦਾ ਇੰਤਜ਼ਾਰ ਕਰ ਰਹੇ ਸਨ।

ਉਨ੍ਹਾਂ ਨੇ ਬੀਬੀਸੀ ਸਹਿਯੋਗੀ ਮਾਜਿਦ ਜਹਾਂਗੀਰ ਨੂੰ ਦੱਸਿਆ ਕਿ ਉਹ ਘਰੋਂ 9 ਵਜੇ ਨਿਕਲੇ ਅਤੇ ਸੈਂਟਰ 'ਤੇ 11.45 'ਤੇ ਪਹੁੰਚੇ। ਰਮਜ਼ਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਈ ਪਬਲਿਕ ਵਾਹਨ ਨਹੀਂ ਲੱਭਾ ਜੋ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਬੱਚੇ ਨੂੰ ਸਕੂਲ ਤੱਕ ਪਹੁੰਚਾ ਸਕੇ।

ਉਨ੍ਹਾਂ ਨੇ ਦੱਸਿਆ ਕਿ ਸਾਰੇ ਰਸਤੇ ਕਿਸੇ ਵੇਲੇ ਵੀ ਵਾਪਰਨ ਵਾਲੀਆਂ ਝੜਪਾਂ ਦੇ ਸੰਕੇਤ ਦੇਖਣ ਨੂੰ ਮਿਲੇ।

ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਕਸ਼ਮੀਰ ਵਿੱਚ ਮੰਗਲਵਾਰ ਨੂੰ ਸੁਰੱਖਿਆ ਦਸਤਿਆਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈਆਂ ਝੜਪਾਂ ਵਿੱਚ ਘੱਟੋ-ਘੱਟ 4 ਲੋਕ ਜਖ਼ਮੀ ਹੋਏ ਹਨ।

ਏਜੰਸੀ ਮੁਤਾਬਕ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਸੁਰੱਖਿਆ ਦਸਤਿਆਂ ਅਤੇ ਮੁਜ਼ਾਹਰਾਕੀਆਂ ਵਿਚਾਲੇ ਸ਼ਹਿਰ ਦੇ ਕਈ ਹਿੱਸਿਆਂ 'ਚ ਝੜਪਾਂ ਹੋਈਆਂ ਹਨ, ਜਿਸ ਵਿੱਚ 4 ਲੋਕ ਜਖ਼ਮੀ ਹੋਏ ਹਨ।

ਇਹ ਰਿਪੋਰਟ ਲਿਖੇ ਜਾਣ ਤੱਕ ਸ਼ਹਿਰ ਕਈ ਹਿੱਸਿਆਂ ਵਿੱਚ ਝੜਪਾਂ ਅਜੇ ਵੀ ਜਾਰੀ ਸਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

2016 ਦੇ ਨਵੰਬਰ ਵਿੱਚ ਵੀ ਕਸ਼ਮੀਰ ਬੰਦ ਦੌਰਾਨ 12ਵੀ ਦੀਆਂ ਪ੍ਰੀਖਿਆ ਹੋਈਆਂ ਸਨ

ਸ੍ਰੀਨਗਰ ਦੇ ਕੋਠੀ ਬਾਗ਼ ਇਲਾਕੇ ਵਿੱਚ ਸਕੂਲ ਦੇ ਬਾਹਰ ਖੜ੍ਹੇ ਕਈ ਮਾਪਿਆਂ ਨੇ ਬਿਨਾਂ ਨਾਮ ਦੱਸੇ ਇਹੀ ਜਾਣਕਾਰੀ ਦਿੱਤੀ ਕਿ ਕੋਈ ਪਬਲਿਕ ਵਾਹਨ ਨਹੀਂ ਅਤੇ ਝੜਪਾਂ ਦੇ ਸੰਕੇਤ ਦੇਖਣ ਨੂੰ ਮਿਲੇ।

ਵਿਦਿਆਰਤੀਆਂ ਨੂੰ ਅਧੂਰੇ ਕੋਰਸ ਦੀ ਚਿੰਤਾ

12ਵੀਂ ਕਲਾਸ ਦਾ ਵਿਦਿਆਰਥੀ ਪੀਰਜ਼ਾਦਾ ਸ਼ੋਇਬ ਕਸ਼ਮੀਰ ਵਿੱਚ ਸਰਕਾਰੀ ਹਾਈ ਸੈਕੰਡਰੀ ਸਕੂਲ ਵਿੱਚ ਪੜ੍ਹਦਾ ਹੈ।

ਉਸ ਦਾ ਕਹਿਣਾ ਸੀ, "ਅਸੀਂ ਸਕੂਲ ਵਿੱਚ ਆਪਣੀ 50 ਫੀਸਦ ਤੋਂ ਵੀ ਘੱਟ ਸਿਲੇਬਸ ਮੁਕੰਮਲ ਕੀਤਾ ਸੀ। ਫਿਜ਼ਿਕਸ ਵਿੱਚ ਅਸੀਂ 10 ਚੈਪਟਰਜ਼ ਵਿਚੋਂ ਸਿਰਫ਼ 3 ਹੀ ਖ਼ਤਮ ਕਰ ਸਕੇ ਸਾਂ। ਕੈਮਿਸਟਰੀ ਵਿੱਚ 15 ਚੈਪਟਰਜ਼ ਹਨ ਅਤੇ ਅਸੀਂ ਸਿਰਫ਼ 6 ਕੀਤੇ ਹਨ, ਇਵੇਂ ਬਾਓਲੌਜੀ ਨਾਲ ਵੀ ਹੈ। ਹੁਣ ਮੈਂ ਕਿਵੇਂ ਪ੍ਰੀਖਿਆ ਕੇਂਦਰ ਵਿੱਚ ਬੈਠਣ ਬਾਰੇ ਸੋਚਾਂ?"

5 ਅਗਸਤ ਨੂੰ ਜਦੋਂ ਦੀ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਖ਼ਤਮ ਕੀਤੀ ਹੈ ਉਦੋਂ ਤੋਂ ਹੀ ਕਸ਼ਮੀਰ ਵਿੱਚ ਸਕੂਲ-ਕਾਲਜ ਬੰਦ ਹਨ।

ਦੋ ਮਹੀਨਿਆਂ ਤੋਂ ਵੱਧ ਸਮੇਂ ਲਈ ਮੋਬਾਈਲ ਸੇਵਾਵਾਂ ਬੰਦ ਰਹੀਆਂ, ਘਾਟੀ 'ਚ ਇੰਟਰਨੈੱਟ ਅਜੇ ਵੀ ਬੰਦ ਹੈ ਅਤੇ ਵਧੇਰੇ ਵਪਾਰਕ ਅਦਾਰੇ ਵੀ ਬੰਦ ਹਨ।

ਸਰਕਾਰ ਨੇ 29 ਅਕਤੂਬਰ ਤੋਂ ਪੂਰੇ ਸਿਲੇਬਸ ਲਈ ਪ੍ਰੀਖਿਆ ਲੈਣ ਦਾ ਫ਼ੈਸਲਾ ਕੀਤਾ, ਜਦਕਿ ਕਸ਼ਮੀਰ ਦੇ ਵਧੇਰੇ ਸਕੂਲਾਂ 'ਚ ਅਜੇ ਸਿਲੇਬਸ ਅਧੂਰਾ ਹੈ।

11ਵੀਂ ਕਲਾਸ ਦੀ ਸੁਜ਼ੈਨ ਸ੍ਰੀਨਗਰ ਦੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਹੈ।

ਸੁਜ਼ੈਨ ਦਾ ਕਹਿਣਾ ਹੈ, "ਪਿਛਲੇ 75 ਦਿਨਾਂ ਤੋਂ ਉਸ ਨੇ ਕੁਝ ਨਹੀਂ ਕੀਤਾ, ਦਰਅਸਲ ਸਾਡੇ ਸਕੂਲ ਵਿੱਚ ਜ਼ਿਆਦਾ ਪੜ੍ਹਾਈ ਹੀ ਨਹੀਂ ਹੋਈ, ਇਸ ਲਈ ਬੰਦ ਦੌਰਾਨ ਕੁਝ ਵੀ ਅਭਿਆਸ ਕਰਨ ਲਈ ਨਹੀਂ ਸੀ। ਅਸੀਂ ਸਕੂਲ ਵਿੱਚ ਸਿਰਫ਼ 35 ਫੀਸਦ ਹੀ ਆਪਣੇ ਸਿਲੇਬਸ ਪੂਰਾ ਕੀਤਾ ਸੀ।"

ਡਾ. ਰਾਫ਼ਤ ਸ੍ਰੀਨਗਰ ਦੇ ਡਾਊਨ-ਟਾਊਨ ਇਲਾਕੇ ਵਿੱਚ ਰਹਿੰਦੀ ਹੈ, ਉਨ੍ਹਾਂ ਦੀ ਬੇਟੀ 11ਵੀਂ ਕਲਾਸ ਵਿੱਚ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

5 ਮਹੀਨਿਆਂ ਦੇ ਬੰਦ ਤੋਂ ਬਾਅਦ 2016 ਦੇ ਨਵੰਬਰ ਵਿੱਚ ਹੋਈਆਂ 12ਵੀਂ ਦੀਆਂ ਪ੍ਰੀਖਿਆਵਾਂ ਵਿੱਚ ਸਿਲੇਬਸ ਵਿੱਚ ਥੋੜ੍ਹੀ ਰਿਆਇਤ ਦਿੱਤੀ ਗਈ ਸੀ

ਉਹ ਆਪਣੀ ਬੇਟੀ ਦੀ ਪੜ੍ਹਾਈ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਦਾ ਕਹਿਣਾ ਹੈ, "ਮੇਰੀ ਬੇਟੀ ਨੇ ਦਸੰਬਰ ਵਿੱਚ 11ਵੀਂ ਪਾਸ ਕੀਤੀ ਸੀ। ਜਨਵਰੀ ਤੇ ਫਰਵਰੀ ਸਰਦੀਆਂ ਦੀਆਂ ਛੁੱਟੀਆਂ ਸਨ ਤੇ ਫਿਰ ਮਾਰਚ ਵਿੱਚ ਕਲਾਸਾਂ ਸ਼ੁਰੂ ਹੋਈਆਂ ਸਨ। ਅਜਿਹੇ 'ਚ ਉਹ 5 ਮਹੀਨਿਆਂ ਦੇ ਘੱਟ ਸਮੇਂ 'ਚ ਕਿਵੇਂ ਆਪਣਾ ਸਿਲੇਬਸ ਮੁਕੰਮਲ ਕਰ ਸਕਦੇ ਸਨ।"

"ਹੁਣ ਸਰਕਾਰ ਕਹਿ ਰਹੀ ਹੈ ਕਿ 80 ਫੀਸਦ ਸਿਲੇਬਸ ਮੁੰਕਮਲ ਹੈ। ਇਸ ਲਈ ਵਿਦਿਆਰਥੀ ਪ੍ਰੀਖਿਆ ਦੇ ਸਕਦੇ ਹਨ, ਇਹ ਕੀ ਹੈ? ਕੀ ਇਹ ਉਨ੍ਹਾਂ ਦੀ ਮਜ਼ਬੂਰੀ ਹੈ ਜਾਂ ਕੀ ਤੁਸੀਂ ਵਿਦਿਆਰਥੀਆਂ ਦੇ ਭਵਿੱਖ ਬਾਰੇ ਸੱਚਮੁਚ ਚਿੰਤਤ ਹੋ? ਜੇ ਤੁਸੀਂ ਚਿੰਤਤ ਹੋ ਤਾਂ ਦੇਖੋ ਕਿ 80 ਫੀਸਦ ਸਿਲੇਬਸ ਪੂਰਾ ਹੋ ਗਿਆ ਹੈ। ਇਹ ਸਿੱਖਿਆ ਪ੍ਰਣਾਲੀ ਦਾ ਮਖੌਲ ਹੈ। ਵਿਦਿਆਰਥੀਆਂ ਨੇ ਜੋ ਵੀ ਸਿੱਖਿਆ ਹੈ ਉਹ ਉਨ੍ਹਾਂ ਨੇ ਆਪਣੇ ਘਰਾਂ 'ਚ ਹੀ ਸਿੱਖਿਆ ਹੈ।"

ਮੁਤਾਹਿਰ ਜ਼ੁਬੈਰ ਕਸ਼ਮੀਰ ਵਿੱਚ ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਹਨ, ਉਹ ਪਿਛਲੇ 7 ਸਾਲਾਂ ਤੋਂ ਘਾਟੀ ਵਿੱਚ ਸਿੱਖਿਆ ਦੇ ਖੇਤਰ ਵਿੱਚ ਹਨ।

ਉਨ੍ਹਾਂ ਦਾ ਕਹਿਣਾ ਹੈ, "ਜਦੋਂ ਅਸੀਂ ਪਹਿਲੇ ਕੁਝ ਮਹੀਨਿਆਂ ਵਿੱਚ ਸੈਸ਼ਨ ਦੀ ਸ਼ੁਰੂਆਤ ਕੀਤੀ ਤਾਂ ਰਫ਼ਤਾਰ ਥੋੜ੍ਹੀ ਹੌਲੀ ਸੀ ਅਤੇ ਸਮੇ ਦੇ ਨਾਲ-ਨਾਲ ਉਹ ਵਧ ਰਹੀ ਸੀ ਅਤੇ ਅਖ਼ੀਰਲੇ ਤਿੰਨਾਂ ਮਹੀਨਿਆਂ ਵਿੱਚ ਇਸ ਦੀ ਰਫ਼ਤਾਰ ਵਿੱਚ ਕਾਫੀ ਵਾਧਾ ਹੋ ਜਾਂਦਾ ਹੈ ਪਰ ਸਾਡੇ ਕੋਲੋਂ ਉਹ ਤਿੰਨ ਮਹੀਨੇ ਖੋਹ ਲਏ ਗਏ ਅਤੇ ਹੁਣ ਵਿਦਿਆਰਥੀਆਂ ਵੱਲੋਂ ਪ੍ਰੀਖਿਆ ਵਿੱਚ ਬੈਠਣ ਦੀ ਆਸ ਕੀਤੀ ਜਾ ਰਹੀ ਹੈ।

ਮੁਤਾਹਿਰ ਕਹਿਦੇ ਹਨ ਕਿ ਅਜਿਹੇ ਹਾਲਾਤ ਪ੍ਰੀਖਿਆਵਾਂ ਕਰਵਾਉਣੀਆਂ ਮਹਿਜ਼ ਰਸਮਾਂ ਪੂਰੀਆਂ ਕੀਤੀਆਂ ਜਾ ਰਹੀਆਂ। ਕਾਨੂੰਨੀ ਤੌਰ 'ਤੇ 180 ਤੋਂ ਵੱਧ ਵਰਕਿੰਗ ਡੇਅ ਹੋਣੇ ਚਾਹੀਦੇ ਹਨ, ਮੈਨੂੰ ਨਹੀਂ ਲਗਦਾ ਹੈ ਕਿ ਸਾਡੇ ਬੱਚਿਆਂ ਨੂੰ 150 ਦਿਨ ਵੀ ਮਿਲੇ ਹੋਣਗੇ।

ਇਹ ਵੀ ਪੜ੍ਹੋ-

ਭਾਰਤ ਸ਼ਾਸਿਤ ਕਸ਼ਮੀਰ ਵਿੱਚ ਪ੍ਰੀਖਿਆ ਦੇ ਇਸ ਸੈਸ਼ਨ ਵਿੱਚ 10ਵੀਂ, 12ਵੀਂ ਦੇ ਕਰੀਬ 1,60,000 ਵਿਦਿਆਰਥੀ ਬੈਠਣ ਵਾਲੇ ਹਨ।

5 ਅਗਸਤ ਤੋਂ ਵਧੇਰੇ ਸਕੂਲ ਬੰਦ ਹਨ। ਹਾਲਾਂਕਿ ਸਰਕਾਰ ਨੇ ਸਕੂਲਾਂ ਨੂੰ 19 ਅਗਸਤ ਤੋਂ 8ਵੀਂ ਤੱਕ ਅਤੇ ਬਾਅਦ ਵਿੱਚ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਖੋਲ੍ਹਣ ਦੇ ਆਦੇ ਦੇ ਦਿੱਤੇ ਗਏ ਪਰ ਬੱਚੇ ਨਾ ਦੇ ਬਰਾਬਰ ਆਏ।

ਤਸਵੀਰ ਸਰੋਤ, Getty Images

ਅੱਜ ਵੀ ਵਧੇਰੇ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਜ਼ੀਰੋ ਦੇ ਬਰਾਬਰ ਹੈ।

ਕੇਂਦਰੀ ਕਸ਼ਮੀਰ ਵਿੱਚ ਬੜਗਾਮ ਜ਼ਿਲ੍ਹੇ ਦੀ ਪਲਾਜ਼ ਨਾਜ਼ ਕਸ਼ਮੀਰ ਦੇ ਇੱਕ ਮੁੱਖ ਨਿੱਜੀ ਸਕੂਲ ਵਿਚ ਪੜ੍ਹਦੀ ਹੈ। ਉਹ ਕਹਿੰਦੀ ਹੈ, "ਸਰਕਾਰ ਨੇ ਕਿਹਾ ਹੈ ਕਿ ਸਕੂਲ ਵਿਦਿਆਰਥੀਆਂ ਲਈ ਖੁਲ੍ਹੇ ਹਨ। ਉਨ੍ਹਾਂ ਨੇ ਕੇਵਲ ਕਿਹਾ ਹੈ ਪਰ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਮਾਪਿਆਂ ਲਈ ਟਰਾਂਸਪੋਰਟ ਮੁਹੱਈਆ ਨਹੀਂ ਹੈ ਅਤੇ ਮਾਪੇ ਆਪਣੇ ਬੱਚਿਆਂ ਦੀ ਜ਼ਿੰਦਗੀ ਦਾਅ 'ਤੇ ਨਹੀਂ ਲਗਾਉਣਾ ਚਾਹੁੰਦੇ। ਹਰ ਪਾਸੇ ਸੈਨਾ ਖੜ੍ਹੀ ਹੈ। ਤੁਸੀਂ ਤੈਅ ਨਹੀਂ ਕਰ ਸਕਦੇ ਕਿ ਕੀ ਹੋਣ ਵਾਲਾ ਹੈ।"

5 ਅਗਸਤ ਤੋਂ ਪਲਕ ਦੋ ਵਾਰ ਅਸਾਈਨਮੈਂਟ ਲੈਣ ਸਕੂਲ ਗਈ ਸੀ ਪਰ ਇਸ ਵਾਰ ਇਹ ਸੌਖਾ ਨਹੀਂ ਸੀ। ਇਹ ਕਹਿੰਦੀ ਹੈ, "ਮੈਨੂੰ ਲਗਦਾ ਹੈ ਕਿ ਉਸ ਦਿਨ 3 ਅਕਤੂਬਰ ਸੀ ਜਦੋਂ ਕੁਝ ਮੁੰਡੇ ਸਾਡੇ ਸਕੂਲ 'ਚ ਆ ਵੜੇ ਅਤੇ ਅਧਿਆਪਕਾਂ ਨੂੰ ਸਭ ਬੰਦ ਕਰਨ ਦੀ ਧਮਕੀ ਦਿੱਤੀ ਸੀ।"

ਪਲਕ ਹੁਣ ਚਿੰਤਤ ਹੈ ਅਤੇ ਕਹਿੰਦੀ ਹੈ, "ਬੀਤੇ ਦੋ ਮਹੀਨਿਆਂ ਦੌਰਾਨ ਅਸੀਂ ਆਪਣੇ ਘਰੋਂ ਬਾਹਰ ਨਹੀਂ ਨਿਕਲੇ, ਸੰਚਾਰ ਦਾ ਕੋਈ ਸਾਧਨ ਨਹੀਂ ਸੀ, ਉਹ ਭਿਆਨਕ ਸੀ। ਮੈਂ ਸੋਚਦੀ ਹਾਂ ਕਿ ਅੱਗੇ ਕੀ ਹੋਵੇਗਾ"

ਹਾਲਾਂਕਿ ਸਰਕਾਰ ਨੇ ਸਕੂਲ ਖੋਲ੍ਹਣ ਦੇ ਆਦੇਸ਼ ਤਾਂ ਦੇ ਦਿੱਤੇ ਹਨ ਪਰ ਕਾਲਜ ਅਤੇ ਯੂਨੀਵਰਸਿਟੀ ਅਜੇ ਵੀ ਬੰਦ ਹੈ।

ਦੋ ਮਹੀਨੇ ਦੌਰਾਨ ਜਦੋਂ ਸਕੂਲ ਬੰਦ ਸਨ ਤਾਂ ਕੀ ਹੋਇਆ?

5 ਅਗਸਤ ਤੋਂ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਸਾਰੇ ਸਿੱਖਅਕ ਅਦਾਰੇ ਬੰਦ ਹਨ। ਹਾਲਾਂਕਿ ਸਰਕਾਰ ਨੇ ਸਕੂਲਾਂ ਨੂੰ ਖੋਲ੍ਹਣ ਦੇ ਆਦੇਸ਼ ਤਾਂ ਦਿੱਤੇ ਹਨ ਪਰ ਉੱਥੇ ਵਿਦਿਆਰਥੀ ਨਾ ਦੇ ਬਰਾਬਰ ਪਹੁੰਚੇ।

ਤਸਵੀਰ ਸਰੋਤ, Mukhtar Zahoor

ਮਾਪੇ ਕਹਿੰਦੇ ਹਨ ਕਿ ਸਕੂਲ ਭੇਜਣ 'ਤੇ ਉਹ ਆਪਣੇ ਬੱਚਿਆਂ ਦੀ ਸੁਰੱਖਿਆਂ ਨੂੰ ਲੈ ਕੇ ਚਿੰਤਤ ਹਨ।

ਦਾਲਗੇਟ ਕਸ਼ਮੀਰ ਦੇ ਰਹਿਣ ਵਾਲੇ ਹਸਨ ਦੇ ਦੋ ਬੱਚੇ ਬੀਤੇ ਦੋ ਮਹੀਨਿਆਂ ਤੋਂ ਸਕੂਲ ਨਹੀਂ ਗਏ ਹਨ। ਉਹ ਕਹਿੰਦੇ ਹਨ, "ਸਾਡੇ ਬੱਚੇ ਘਰ ਹੀ ਰਹਿ ਰਹੇ ਹਨ। ਅਸੀਂ ਨਹੀਂ ਚਾਹੁੰਦੇ ਕਿ ਉਹ ਬਾਹਰ ਜਾਣ ਅਤੇ ਉਨ੍ਹਾਂ ਨੂੰ ਸੱਟ ਲੱਗੇ। ਦੱਸੋ, ਕਿਹੜੀ ਸਕੂਲ ਬੱਸ ਚੱਲ ਰਹੀ ਹੈ? ਤੁਸੀਂ ਹੀ ਦੱਸੋਂ ਮਾਪੇ ਚਾਹੁੰਣਗੇ ਕਿ ਉਨ੍ਹਾਂ ਬੱਚਿਆਂ ਦੀ ਪੜ੍ਹਾਈ ਘਰ ਹੋਵੇ, ਉਹ ਸਕੂਲ ਨਾ ਜਾਣ।"

ਇਸ ਵਿਚਾਲੇ ਜਦੋਂ ਸਕੂਲ ਬੰਦ ਸਨ ਤਾਂ ਪੂਰੇ ਕਸ਼ਮੀਰ ਵਿੱਚ ਕੁਝ ਸਮਾਜ ਸੇਵਕਾਂ ਨੇ ਆਪਣੇ-ਆਪਣੇ ਇਲਾਕਿਆਂ ਵਿੱਚ ਪੌਪ-ਅਪ ਸਕੂਲ ਕੀਤੇ ਸਨ ਤਾਂ ਜੋ ਹਾਲਾਤ ਆਮ ਹੋਣ ਤੱਕ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜ ਕੇ ਰੱਖਿਆ ਜਾ ਸਕੇ।

ਪੌਪ-ਅਪ ਸਕੂਲ

ਬੜਗਾਮ ਦੇ ਰਹਿਣ ਵਾਲੇ ਪੇਸ਼ੇ ਤੋਂ ਅਧਿਆਪਕ ਇਰਫ਼ਾਨ ਅਹਮਿਦ ਕਹਿੰਦੇ ਹਨ, "ਜਦੋਂ ਮੈਨੂੰ ਅਹਿਸਾਸ ਹੋਇਆ ਕਿ ਸਕੂਲ ਛੇਤੀ ਨਹੀਂ ਖੁੱਲ੍ਹਣ ਵਾਲੇ ਤਾਂ ਮੈਂ ਸੋਚਿਆਂ ਕੇ ਕੁਝ ਅਜਿਹਾ ਕਰਨਾ ਚਾਹੀਦਾ ਹੈ ਤਾਂ ਜੋਂ ਵਿਦਿਆਰਥੀਆਂ ਦੀ ਕੁਝ ਪੜ੍ਹਾਈ ਹੋ ਸਕੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਤਣਾਅ ਭਰੇ ਹਾਲਾਤ ਤੋਂ ਦੂਰ ਰੱਖਿਆ ਜਾ ਸਕੇ।"

ਪਰ ਇਰਫ਼ਾਨ ਲਈ ਅਜਿਹਾ ਕੁਝ ਵੀ ਸ਼ੁਰੂ ਕਰਨਾ ਇੱਕ ਵੱਡੀ ਚੁਣੌਤੀ ਸੀ ਕਿਉਂਕਿ ਸਾਰੇ ਸੰਚਾਰ ਸਾਧਨ ਪੂਰੀ ਤਰ੍ਹਾਂ ਠੱਪ ਸਨ ਅਤੇ ਅਜਿਹੀ ਕਿਸੇ ਵੀ ਚੀਜ਼ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣਾ ਇੱਕ ਮੁਸ਼ਕਿਲ ਕੰਮ ਸੀ।

ਉਨ੍ਹਾਂ ਨੇ ਕਿਹਾ, "ਅਸੀਂ ਇਨ੍ਹਾਂ ਬੱਚਿਆਂ ਦੇ ਘਰਾਂ ਵਿੱਚ ਗਏ। ਸ਼ੁਰੂ-ਸ਼ੁਰੂ 'ਚ ਕੇਵਲ 5-10 ਬੱਚੇ ਹੀ ਆਏ। ਅਸੀਂ ਬੱਚਿਆਂ ਦੇ ਘਰਾਂ ਵਿੱਚ ਜਾਂਦੇ ਰਹੇ ਅਤੇ ਹੋਰਨਾਂ ਬੱਚਿਆਂ ਨੂੰ ਵੀ ਪ੍ਰੇਰਿਤ ਕੀਤਾ। ਸਾਡੀਆਂ ਕੋਸ਼ਿਸ਼ਾਂ ਸਫ਼ਲ ਹੋਈਆਂ ਅਤੇ ਹੁਣ ਸਾਡੇ ਕੋਲ 200 ਵਿਦਿਆਰਥੀ ਹਨ।"

ਤਸਵੀਰ ਸਰੋਤ, Mukhtar Zahoor

ਇਰਫ਼ਾਨ ਦੇ ਪੌਪ-ਅਪ ਸਕੂਲ ਦੀ ਵਿਦਿਆਰਥਣ ਮੁਨੀਜ਼ਾ ਫੈਜ਼ ਕਹਿੰਦੀ ਹੈ ਕਿ ਜਦੋਂ ਉਹ ਇਸ ਸੈਂਟਰ ਤੱਕ ਆਉਣ ਤੱਕ ਘਬਰਾਉਂਦੀ ਰਹਿੰਦੀ ਸੀ।

ਉਹ ਦੱਸਦੀ ਹੈ, "ਸੜਕਾਂ ਸੁੰਨਸਾਨ ਰਹਿੰਦੀਆਂ ਹਨ, ਅਸੀਂ ਡਰੇ ਰਹਿੰਦੇ ਹਾਂ ਕਿ ਕਿਤੇ ਸੈਨਾ ਜਾਂ ਹੋਰ ਸੁਰੱਖਿਆ ਬਲ ਸਾਨੂੰ ਚੁੱਕ ਨਾ ਲੈ ਜਾਣ। ਅਸੀਂ ਗਰੁੱਪ ਵਿੱਚ ਤੁਰਦੇ ਹਾਂ। ਅਸੀਂ ਇੱਕ ਦੂਜੇ ਦੇ ਘਰ ਜਾਂਦੇ ਹਾਂ ਤਾਂ ਜੋਂ ਇਕੱਠੇ ਸੈਂਟਰ ਤੱਕ ਆਈਏ।"

ਦਿੱਲੀ ਪਬਲਿਕ ਸਕੂਲ ਸ੍ਰੀਨਗਰ ਦੇ ਇੱਕ ਮੁਖ ਸਕੂਲਾਂ ਵਿੱਚੋਂ ਇੱਕ ਹੈ, ਜਦੋਂ ਸਕੂਲ ਵਿੱਚ ਵਿਦਿਆਰਥੀ ਨਹੀਂ ਆ ਰਹੇ ਸਨ ਤਾਂ ਉਨ੍ਹਾਂ ਨੇ ਇੱਕ ਵੱਖਰਾ ਤਰੀਕੇ ਨਾਲ ਕੰਮ ਕੀਤਾ।

ਦਿੱਲੀ ਪਬਲਿਕ ਸਕੂਲ ਦੀ ਪਹਿਲ

ਡੀਪੀਐੱਸ ਨੇ ਹਰੇਕ ਵਿਦਿਆਰਥੀ ਲਈ ਅਸਾਈਨਮੈਂਟ ਬਣਾਇਆ ਅਤੇ ਉਸ ਨੂੰ ਵਿਦਿਆਰਥੀਆਂ ਦੇ ਘਰ ਭੇਜਿਆ ਗਿਆ।

ਡੀਪੀਐੱਸ ਸ੍ਰੀਨਗਰ ਵਿੱਚ ਪ੍ਰਸ਼ਾਸਨਿਕ ਕਾਰਜਾਂ ਨੂੰ ਦੇਖਣ ਵਾਲੇ ਨਵਾਜ਼ ਕਹਿੰਦੇ ਹਨ, "ਜਦੋਂ ਸਾਨੂੰ ਅਹਿਸਾਸ ਹੋਇਆ ਕਿ ਇਹ ਬੰਦ ਲੰਬਾ ਚੱਲੇਗਾ ਤਾਂ 15 ਅਗਸਤ ਤੋਂ ਅਸੀਂ ਹਰ ਦਿਨ ਅਸਾਈਨਮੈਂਟ ਦੀਆਂ 1,20,000 ਹਜ਼ਾਰ ਕਾਪੀਆਂ ਤਿਆਰ ਕੀਤੀਆਂ ਹਨ। ਸਾਨੂੰ 2010 ਤੋਂ 2016 ਵਿਚਾਲੇ ਸ਼ਟਡਾਊਨ ਦਾ ਤਜ਼ਰਬਾ ਸੀ। ਜਦੋਂ ਮਾਪੇ ਸਕੂਲਾਂ ਵਿੱਚ ਆ ਕੇ ਅਸਾਈਨਮੈਂਟ ਲੈ ਕੇ ਜਾਂਦੇ ਸਨ। ਤਾਂ ਅਸੀਂ ਕਸ਼ਮੀਰ ਦੀਆਂ ਰੋਜ਼ਾਨਾ ਅਖ਼ਬਰਾਂ ਵਿੱਚ ਅਸਾਈਨਮੈਂਟ ਬਾਰੇ ਜਾਣਕਾਰੀ ਦਿੱਤੀ ਸੀ।"

ਤਸਵੀਰ ਸਰੋਤ, Getty Images

ਉਹ ਕਹਿੰਦੇ ਹਨ, "ਜਦੋਂ ਬੁਰਹਾਨ ਬਾਨੀ ਦੇ ਮਾਰੇ ਜਾਣ ਤੋਂ ਬਾਅਦ 2016 ਵਿੱਚ ਸ਼ਟਡਾਊਨ ਕੀਤਾ ਗਿਆ ਤਾਂ ਸਾਨੂੰ ਲੱਗਾ ਅਸਾਈਨਮੈਂਟ ਤੋਂ ਵਧੇਰੇ ਵੀ ਕੁਝ ਕਰਨਾ ਚਾਹੀਦਾ ਹੈ। ਫਿਰ ਅਸੀਂ ਲੈਕਚਰ ਦੀਆਂ ਰਿਕਾਡਿੰਗਜ਼ ਕਰਨੀਆਂ ਸ਼ੁਰੂ ਕੀਤੀਆਂ। ਅਸੀਂ ਉਨ੍ਹਾਂ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਂਦੇ। ਉਦੋਂ ਤੋਂ ਅਸੀਂ ਬਹੁਤ ਸਾਰੇ ਸੁਧਾਰ ਕੀਤੇ ਹਨ। ਹੁਣ ਸਾਡੇ ਕੋਲ ਰਿਕਾਰਡਿੰਗ ਲਈ ਸਟੂਡੀਓ ਦੀ ਪੂਰੀ ਵਿਵਸਥਾ ਹੈ।"

ਨਵਾਜ਼ ਕਹਿੰਦੇ ਹਨ ਕਿ ਡੀਪੀਐੱਸ ਨੇ ਲੰਬੇ ਸਮੇਂ ਤੱਕ ਚੱਲਣ ਵਾਲੇ ਬੰਦ ਨਾਲ ਨਜਿੱਠਣਾ ਸਿੱਖਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਨੁਸਕਾਨ ਨਾ ਝੱਲਣਾ ਪਵੇ।

2010 ਦੇ ਬੰਦ ਵੇਲੇ ਸਕੂਲ ਨੇ ਅਸਾਈਨਮੈਂਟ ਦੀ ਪ੍ਰਿਟਿੰਗ ਦਾ ਕੰਮ ਸ਼ੁਰੂ ਕੀਤਾ ਅਤੇ 2016 ਵਿੱਚ ਇਸ ਵਿੱਚ ਵੀਡੀਓ ਲੈਕਚਰ ਨੂੰ ਜੋੜਿਆ ਗਿਆ ਅਤੇ ਹੁਣ 2019 ਵਿੱਚ ਅਸੀਂ ਪ੍ਰਿੰਟ ਅਤੇ ਵੀਡੀਓ ਦੋਵੇਂ ਤਰ੍ਹਾਂ ਦੇ ਅਸਾਈਨਮੈਂਟ ਵਿਦਿਆਰਥੀਆਂ ਨੂੰ ਭੇਜ ਰਹੇ ਹਾਂ।

ਬੀਬੀਸੀ ਨਾਲ ਕੁਝ ਮਾਪਿਆਂ ਨੇ ਆਪਣਾ ਨਾਮ ਨਾ ਜ਼ਾਹਿਰ ਕਰਨ ਸ਼ਰਤ 'ਤੇ ਦੱਸਿਆ, "ਜੇ ਤੁਸੀਂ ਇਹ ਜਾਣਦੇ ਕਿ ਬੱਚੇ ਪੜ੍ਹ ਰਹੇ ਹਨ ਤਾਂ ਅਸਾਈਨਮੈਂਟ ਦੇਣ ਦੀ ਫਾਇਦਾ?"

"ਅਧਿਕਾਰੀ ਚਾਹੁੰਦੇ ਹਨ ਕਿ ਸਕੂਲ ਖੁੱਲ੍ਹੇ ਤਾਂ ਜੋ ਆਮ ਹਾਲਾਤ ਦੀ ਬਹਾਲੀ ਕੀਤੀ ਜਾ ਸਕੇ, ਪ੍ਰੀਖਿਆਵਾਂ ਤਾਂ ਸਕੂਲਾਂ ਨੂੰ ਸ਼ੁਰੂ ਕੀਤੇ ਜਾਣ ਦੀ ਮਹਿਜ਼ ਇੱਕ ਕਵਾਇਦ ਹੈ। ਪਰ ਇਸ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਹਨੇਰੇ 'ਚ ਡੁੱਬ ਰਹੇ ਭਵਿੱਖ ਦੀ ਕੀਮਤ 'ਤੇ ਨਹੀਂ ਕੀਤਾ ਜਾਣਾ ਚਾਹੀਦਾ।"

ਇਹ ਵੀ ਪੜ੍ਹੋ-

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)