ਕਸ਼ਮੀਰ ਪਹੁੰਚੇ ਯੂਰਪੀ ਸੰਸਦ ਮੈਂਬਰ: ਭਾਰਤੀ ਸੰਸਦ ਦੇ ਵਿਰੋਧੀ ਧਿਰ ਨੂੰ ਵੀ ਕਸ਼ਮੀਰ ਆਉਣ ਦਿਓ

ਕਸ਼ਮੀਰ ਪਹੁੰਚਿਆ ਯੂਰਪੀ ਸੰਸਦ ਮੈਂਬਰਾਂ ਦਾ ਵਫ਼ਦ

ਤਸਵੀਰ ਸਰੋਤ, ANI

ਯੂਰਪੀ ਮੁਲਕਾਂ ਦੇ ਕੁਝ ਸੰਸਦ ਮੈਂਬਰਾਂ ਦਾ ਵਫ਼ਦ ਭਾਰਤ-ਸ਼ਾਸਿਤ ਕਸ਼ਮੀਰ ਦੇ ਦੌਰੇ ਉੱਤੇ ਆਇਆ ਹੋਇਆ ਸੀ। ਭਾਵੇਂ ਕਿ ਭਾਰਤ ਸਰਕਾਰ ਇਸ ਨੂੰ ਗ਼ੈਰ ਸਰਕਾਰੀ ਦੌਰਾ ਦੱਸ ਰਹੀ ਹੈ ਪਰ ਇਸ ਦਾ ਸਾਰ ਪ੍ਰਬੰਧ ਸਰਕਾਰ ਨੇ ਹੀ ਕੀਤਾ ਹੈ।

27 ਮੈਂਬਰਾਂ ਦਾ ਇਹ ਵਫ਼ਦ ਮੰਗਲਵਾਰ ਨੂੰ ਸ਼੍ਰੀਨਗਰ, ਕਸ਼ਮੀਰ ਦਾ ਦੌਰਾ ਕਰਨ ਲਈ ਪਹੁੰਚਿਆ ਤੇ ਦੋ ਦਿਨ ਉੱਥੇ ਦੇ ਪ੍ਰਸ਼ਾਸਨ ਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ।

ਕਸ਼ਮੀਰ ਦੇ ਦੌਰੇ ਤੋਂ ਪਹਿਲਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਸੀ ਤੇ ਫਿਰ ਕਸ਼ਮੀਰ ਜਾ ਕੇ ਹਾਲਾਤ ਦਾ ਜ਼ਾਇਜਾ ਲਿਆ।

ਹਾਲਾਂਕਿ ਇਹ ਦੌਰਾ ਅਣ-ਅਧਿਕਾਰਤ ਸੀ ਪਰ ਇਸ ਮਗਰੋਂ ਵਫ਼ਦ ਦੇ ਕਈ ਮੈਂਬਰਾਂ ਨੇ ਆਪਣੋ-ਆਪਣੇ ਵਿਚਾਰ ਖ਼ਬਰ ਏਜੰਸੀ ਏਐੱਨਆਈ ਨਾਲ ਸਾਂਝੇ ਕੀਤੇ।

ਇਹ ਵੀ ਪੜ੍ਹੋ:

'ਭਾਰਤੀ ਸੰਸਦ ਮੈਂਬਰਾਂ ਨੂੰ ਵੀ ਕਸ਼ਮੀਰ ਆਉਣ ਦਿਓ'

ਜਰਮਨੀ ਤੋਂ ਯੂਰਪੀ ਸੰਸਦ ਮੈਂਬਰ, ਨਿਕੋਲਾ ਫ਼ੈਸਟ ਨੇ ਕਿਹਾ, "ਜੇ ਤੁਸੀਂ ਯੂਰਪੀ ਸੰਸਦ ਦੇ ਮੈਂਬਰਾਂ ਨੂੰ ਇੱਥੇ ਆਉਣ ਦਿੰਦੇ ਹੋ ਤਾਂ ਤੁਹਾਨੂੰ ਦੇਸ ਦੀਆਂ ਵਿਰੋਧੀ ਧਿਰ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਵੀ ਆਉਣ ਦੇਣਾ ਚਾਹੀਦਾ ਹੈ। ਇੱਥੇ ਇੱਕ ਤਰ੍ਹਾਂ ਦਾ ਅਸੰਤੁਲਨ ਬਣਿਆ ਹੋਇਆ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਭਾਰਤ ਦੇ ਬਾਕੀ ਸਿਆਸਤਨਦਾਨਾਂ ਨੂੰ ਵੀ ਕਸ਼ਮੀਰ ਆਉਣ ਦਾ ਮੌਕਾ ਦੇਣਾ ਚਾਹੀਦਾ ਹੈ।"

"ਕਸ਼ਮੀਰ ਆਉਣ ਤੋਂ ਪਹਿਲਾਂ ਵੀ ਮੈਂ ਕਈ ਸਾਲਾਂ ਤੋਂ ਕਸ਼ਮੀਰ ਬਾਰੇ ਪੜ੍ਹਦਾ ਆ ਰਿਹਾ ਹਾਂ ਕਿਉਂਕਿ ਕਸ਼ਮੀਰ ਇਸ ਖੇਤਰ ਦਾ ਇੱਕ ਭੱਖਦਾ ਮੁੱਦਾ ਰਿਹਾ ਹੈ। ਅੱਤਵਾਦ ਸਿਰਫ਼ ਦੋ ਦੇਸਾਂ ਦਾ ਮੁੱਦਾ ਨਹੀਂ ਸਗੋਂ ਸਾਰੀ ਦੁਨੀਆਂ ਦੀ ਸਮੱਸਿਆ ਹੈ। ਕਸ਼ਮੀਰ ਬਾਰੇ ਪਤਾ ਹੋਣਾ ਜ਼ਰੂਰੀ ਹੈ ਕਿਉਂਕਿ ਇੱਥੇ ਸੁਰੱਖਿਆ ਦਾ ਮੁੱਦਾ ਅਜੇ ਵੀ ਤਣਾਅਪੂਰਨ ਹੈ। ਮੈਨੂੰ ਉਮੀਦ ਹੈ ਕਿ ਇਸ ਦਾ ਹੱਲ ਨਿਕਲ ਜਾਵੇਗਾ।"

ਹੱਲ ਨਿਕਲਣ ਦੀ ਆਸ

ਪੋਲੈਂਡ ਤੋਂ ਯੂਰਪੀ ਸੰਸਦ ਮੈਂਬਰ ਕੋਸਮਾ ਜ਼ੋਤੋਵਸਕੀ ਨੇ ਕਿਹਾ, "ਇੱਥੋਂ ਦੇ ਹਾਲਾਤ ਬਹੁਤ ਹੀ ਜਟਿਲ ਬਣੇ ਹੋਏ ਹਨ ਭਾਵੇਂ ਉਹ ਰਾਜਨੀਤਿਕ ਹੋਣ ਜਾਂ ਫਿਰ ਸਮਾਜਿਕ। ਸਾਨੂੰ ਪਤਾ ਹੈ ਕਿ ਇਸ ਦੀ ਸ਼ੁਰੂਆਤ ਬਹੁਤ ਸਾਲ ਪਹਿਲਾਂ ਹੋ ਗਈ ਸੀ। ਸਰਕਾਰ ਇਸ ਸਮੱਸਿਆ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਮੈਨੂੰ ਉਮੀਦ ਹੈ ਕਿ ਉਹ ਇਸ ਵਿੱਚ ਕਾਮਯਾਬ ਹੋਣਗੇ।

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ,

ਪੋਲੈਂਡ ਤੋਂ ਯੂਰਪੀ ਸੰਸਦ ਮੈਂਬਰ ਕੋਸਮਾ ਜ਼ੋਤੋਵਸਕੀ

ਥੋੜਾ ਜਿਹਾ ਅੰਦਾਜ਼ਾ ਲੱਗਿਆ

ਫਰਾਂਸ ਤੋਂ ਆਏ ਯੂਰਪੀ ਸੰਸਦ ਮੈਂਬਰ ਤਿਏਰੀ ਮਾਰੀਆਨੀ ਨੇ ਕਿਹਾ, "ਇਸ ਸਥਿਤੀ ਬਾਰੇ ਮੇਰਾ ਅਨੁਭਵ ਘੱਟ ਹੈ ਪਰ ਇਸ ਨਾਲ ਹਾਲਾਤ ਬਾਰੇ ਕੁਝ ਪਤਾ ਲਗਿਆ ਹੈ। ਸਾਨੂੰ ਕਸ਼ਮੀਰ ਵਿੱਚ ਫੌਜ ਦੇ ਪ੍ਰਬੰਧਾਂ ਬਾਰੇ ਦੱਸਿਆ ਗਿਆ। ਫਿਰ ਸਾਨੂੰ ਪ੍ਰਸ਼ਾਸਨ ਵੱਲੋਂ ਹੋਰ ਹਾਲਾਤ ਬਾਰੇ ਵੀ ਦੱਸਿਆ ਗਿਆ ਜਿਵੇਂ ਪੁਲਿਸ, ਸਕੂਲ...।"

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ,

ਫਰਾਂਸ ਤੋਂ ਆਏ ਯੂਰਪੀ ਸੰਸਦ ਮੈਂਬਰ, ਤਿਏਰੀ ਮਾਰੀਆਨੀ।

"ਇਸ ਤੋਂ ਇਲਾਵਾ ਸਾਨੂੰ ਕਸ਼ਮੀਰੀਆਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ ਜੋ ਕੁਝ ਸੰਗਠਨਾਂ ਦੇ ਮੈਂਬਰ ਸਨ। ਉਨ੍ਹਾਂ ਦੇ ਹਾਲਾਤਾਂ ਤੇ ਪਰਿਵਾਰਾਂ ਬਾਰੇ ਪਤਾ ਲੱਗਿਆ। ਹਾਲਾਂਕਿ ਇਹ ਸਭ ਕਾਫ਼ੀ ਨਹੀਂ ਹੈ ਪਰ ਇਸ ਨਾਲ ਥੋੜ੍ਹਾ ਅੰਦਾਜ਼ਾ ਲੱਗ ਗਿਆ।"

"ਮੈਨੂੰ ਲੱਗਦਾ ਹੈ ਕਿ ਅੱਤਵਾਦ ਕਸ਼ਮੀਰ ਦੀ ਸਮੱਸਿਆ ਹੈ। ਇਹ ਭਾਰਤ ਦੀ ਬਹੁਤ ਹੀ ਵਧੀਆ ਥਾਂ ਹੈ ਤੇ ਇੱਥੇ ਵਿਕਾਸ ਜ਼ਰੂਰੀ ਹੈ। ਪਰ ਅੱਤਵਾਦ ਹੋਵੇ ਜਾਂ ਇੱਥੋਂ ਦਾ ਕਾਨੂੰਨ ਜਾਂ ਸ਼ਾਇਦ ਫਿਰ ਦੋਵੇਂ, ਇਨ੍ਹਆਂ ਕਰਕੇ ਹਰ ਚੀਜ਼ 'ਤੇ ਕਈ ਸਾਲਾਂ ਤੋਂ ਰੋਕ ਲੱਗੀ ਹੋਈ ਸੀ। ਜਦੋਂ ਮੈਂ ਇੱਥੇ ਦੇ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਵੀ ਇੱਥੇ ਬਾਕੀ ਦੇਸ ਵਾਂਗ ਹਸਪਤਾਲ, ਸਿੱਖਿਆ ਆਦਿ ਦੇ ਪ੍ਰਬੰਧ ਚਾਹੁੰਦੇ ਹਨ।"

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ,

ਬ੍ਰਿਟੇਨ ਤੋਂ ਯੂਰਪੀ ਸੰਸਦ ਮੈਂਬਰ, ਜੇਮਜ਼ ਹੀਪੀ

ਬ੍ਰਿਟੇਨ ਤੋਂ ਯੂਰਪੀ ਸੰਸਦ ਮੈਂਬਰ, ਜੇਮਜ਼ ਹੀਪੀ ਨੇ ਕਿਹਾ, "ਸੱਚਾਈ ਇਹ ਹੈ ਕਿ ਅਜੇ ਵੀ ਹਾਲਾਤ ਤਣਾਅਪੂਰਨ ਹਨ। ਸੁਰੱਖਿਆ ਨੂੰ ਲੈ ਕੇ ਸਮੱਸਿਆ ਅਜੇ ਵੀ ਬਣੀ ਹੋਈ ਹੈ। ਭਾਰਤ ਸਰਕਾਰ ਅਮਨ ਲਿਆਉਣ ਲਈ, ਇੱਥੇ ਦੀਆਂ ਮੁਸੀਬਤਾਂ ਨੂੰ ਲੈ ਕੇ ਮਦਦਗਾਰ ਹੈ ਤੇ ਹਰ ਕੋਈ ਅਮਨ ਚਾਹੁੰਦਾ ਹੈ।"

ਬ੍ਰਿਟੇਨ ਤੋਂ ਯੂਰਪੀ ਸੰਸਦ ਮੈਂਬਰ, ਨੇਥਨ ਗਿਲ ਨੇ ਕਿਹਾ, "ਹਾਲਾਤ ਨੂੰ ਜ਼ਮੀਨੀ ਪੱਥਰ 'ਤੇ ਵੇਖਣਾ ਚੰਗਾ ਤਜਰਬਾ ਸੀ। ਸਾਨੂੰ ਇੱਥੇ ਦੇ ਕੁਝ ਸਥਾਨਿਕ ਲੋਕਾਂ ਨਾਲ ਗੱਲ ਕਰਨ ਦਾ ਮੌਕਾ ਵੀ ਮਿਲਿਆ। ਲੋਕਾਂ ਨੇ ਸਾਨੂੰ ਉਨ੍ਹਾਂ ਦੀਆਂ ਮੁਸੀਬਤਾਂ ਬਾਰੇ ਦੱਸਿਆ। ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਕਸ਼ਮੀਰ ਲਈ ਲਿਆ ਗਿਆ ਫੈਸਲਾ ਠੀਕ ਹੈ। ਉਹ ਵੀ ਅੱਗੇ ਵਧਣਾ ਚਾਹੁੰਦੇ ਹਨ ਤੇ ਆਪਣੇ ਪਰਿਵਾਰ ਨਾਲ ਖ਼ੁਸ਼ਹਾਲ ਜ਼ਿੰਦਗੀ ਜੀਉਣਾ ਚਾਹੁੰਦੇ ਹਨ।"

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ,

ਬ੍ਰਿਟੇਨ ਤੋਂ ਯੂਰਪੀ ਸੰਸਦ ਮੈਂਬਰ, ਨੇਥਨ ਗਿਲ।

"ਕਸ਼ਮੀਰ ਸੈਰ-ਸਪਾਟੇ ਲਈ ਮਸ਼ਹੂਰ ਹੈ ਤੇ ਉਹ ਮੁੜ ਤੋਂ ਆਪਣਾ ਆਰਥਿਕ ਢਾਂਚਾ ਖੜ੍ਹਾ ਕਰ ਸਕਦਾ ਹੈ। ਕਸ਼ਮੀਰ ਦੇ ਲੋਕ ਵੀ ਭਾਰਤ ਦੀ ਅਰਥ ਵਿਵਸਥਾ ਦਾ ਹਿੱਸਾ ਬਣਨਾ ਚਾਹੁੰਦੇ ਹਨ।"

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)