ਅਨੁਸ਼ਕਾ ਸ਼ਰਮਾ ਨੇ ਵਿਰਾਟ ਤੇ ਕ੍ਰਿਕਟ ਦੇ ਮੁੱਦੇ ’ਤੇ ਸੁਣਾਈਆਂ ਖਰੀਆਂ-ਖਰੀਆਂ

ਅਨੁਸ਼ਕਾ

ਤਸਵੀਰ ਸਰੋਤ, Getty Images

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਖੁਦ ’ਤੇ ਭਾਰਤੀ ਟੀਮ ਦੀ ਚੋਣ ਵਿੱਚ ਦਖਲ ਸਣੇ, ਉਨ੍ਹਾਂ ’ਤੇ ਲਗਦੇ ਕਈ ਇਲਜ਼ਾਮਾਂ ਉੱਤੇ ਆਪਣਾ ਗੁੱਸਾ ਸੋਸ਼ਲ ਮੀਡੀਆ ’ਤੇ ਜ਼ਾਹਿਰ ਕੀਤਾ ਹੈ।

ਪੀਟੀਆਈ ਅਨੁਸਾਰ ਭਾਰਤੀ ਟੀਮ ਦੇ ਇੱਕ ਸਾਬਕਾ ਵਿਕਟ ਕੀਪਰ ਨੇ ਇੱਕ ਮੀਡੀਆ ਅਦਾਰੇ ਨੂੰ ਦਿੱਤੇ ਇੰਟਰਵਿਊ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਸਿਲੈਕਟਰਾਂ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਵਿਸ਼ਵ ਕੱਪ ਦੌਰਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਸਿਲੈਕਟਰ ਚਾਹ ਵਰਤਾ ਰਹੇ ਸਨ।

ਖ਼ਬਰ ਏਜੰਸੀ ਪੀਟੀਆਈ ਨੂੰ ਇੱਕ ਸਿਲੈਕਟਰ ਨੇ ਨਾਮ ਨਾਂ ਦੱਸਣ ਦੀ ਸ਼ਰਤ ’ਤੇ ਗੱਲ ਕਰਦਿਆਂ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ।

ਅਨੁਸ਼ਕਾ ਸ਼ਰਮਾ ਨੇ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਹੀ ਇੱਕ ਲੰਬਾ ਚੌੜਾ ਪੱਤਰ ਲਿਖਦਿਆਂ ਹੋਇਆਂ ਸੋਸ਼ਲ ਮੀਡੀਆ 'ਤੇ ਆਪਣੀ ਗੱਲ ਰੱਖੀ।

ਪੱਤਰ ਵਿੱਚ ਅਨੁਸ਼ਕਾ ਨੇ ਕੀ ਲਿਖਿਆ?

ਅਨੁਸ਼ਕਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਆਪਣਾ ਇਹ ਪੱਤਰ ਟਵੀਟ ਕੀਤਾ। ਇਸ ਵਿੱਚ ਉਨ੍ਹਾਂ ਲਿਖਿਆ ਹੈ, ''ਮੈਂ ਹਮੇਸ਼ਾ ਇਹ ਮੰਨਿਆ ਹੈ ਕਿ ਇਨਸਾਨ ਲਈ ਗ਼ਲਤ ਜਾਂ ਝੂਠੀ ਅਫ਼ਵਾਹ 'ਤੇ ਚੁੱਪ ਬੈਠੇ ਰਹਿਣਾ ਸਹੀ ਹੁੰਦਾ ਹੈ। ਇਸ ਤਰ੍ਹਾਂ ਮੈਂ ਆਪਣੇ 11 ਸਾਲ ਦੇ ਕਰੀਅਰ ਨੂੰ ਹੈਂਡਲ ਕੀਤਾ ਹੈ। ਮੈਂ ਸਦਾ ਹੀ ਆਪਣੀ ਚੁੱਪੀ ਵਿੱਚ ਸੱਚ ਅਤੇ ਮਾਣ ਨੂੰ ਦੇਖਿਆ ਹੈ।''

''ਕਹਿੰਦੇ ਹਨ ਕਿ ਇੱਕ ਝੂਠ ਨੂੰ ਜੇ ਵਾਰ-ਵਾਰ ਕਿਹਾ ਜਾਵੇ ਤਾਂ ਉਹ ਸੱਚ ਲੱਗਣ ਲਗਦਾ ਹੈ ਅਤੇ ਮੈਨੂੰ ਡਰ ਹੈ ਕਿ ਮੇਰੇ ਨਾਲ ਵੀ ਇਸੇ ਤਰ੍ਹਾਂ ਦਾ ਹੀ ਹੋ ਰਿਹਾ ਹੈ।''

ਤਸਵੀਰ ਸਰੋਤ, Getty Images

''ਮੈਂ ਹਮੇਸ਼ਾ ਚੁੱਪ ਰਹੀ ਜਦੋਂ ਤੱਕ ਮੇਰੇ ਬੁਆਏਫਰੈਂਡ ਅਤੇ ਪਤੀ ਵਿਰਾਟ ਕੋਹਲੀ ਦੇ ਖ਼ਰਾਬ ਪ੍ਰਦਰਸ਼ਨ ਲਈ, ਮੇਰੇ 'ਤੇ ਇਲਜ਼ਾਮ ਲਗਾਏ ਗਏ ਅਤੇ ਮੈਂ ਭਾਰਤੀ ਕ੍ਰਿਕਟ ਨਾਲ ਜੁੜੇ ਸਾਰੇ ਇਲਜ਼ਾਮਾਂ ਨੂੰ ਆਪਣੇ ਸਿਰ ਲੈ ਲਿਆ।”

“ਮੈਂ ਉਦੋਂ ਚੁੱਪ ਸੀ, ਮੇਰਾ ਨਾਮ ਝੂਠੀਆਂ ਖ਼ਬਰਾਂ ਵਿੱਚ ਛਾਪਿਆ ਗਿਆ, ਕਿਹਾ ਗਿਆ ਕਿ ਮੈਂ ਬੋਰਡ ਦੀ ਬੰਦ ਕਮਰਿਆਂ 'ਚ ਹੋਣ ਵਾਲੀਆਂ ਮੀਟਿੰਗਾਂ ਦਾ ਹਿੱਸਾ ਹੁੰਦੀ ਹਾਂ ਅਤੇ ਸਿਲੈਕਸ਼ਨ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੀ ਹਾਂ ਅਤੇ ਮੈਂ ਚੁੱਪ ਰਹੀ।”

“ਮੇਰਾ ਨਾਮ ਗ਼ਲਤ ਢੰਗ ਨਾਲ ਵਰਤਿਆ ਗਿਆ ਅਤੇ ਕਿਹਾ ਗਿਆ ਕਿ ਮੈਨੂੰ ਖ਼ਾਸ ਤਰ੍ਹਾਂ ਨਾਲ ਟਰੀਟ ਕੀਤਾ ਜਾਂਦਾ ਹੈ ਅਤੇ ਮੈਂ ਕਿਵੇਂ ਵਿਦੇਸ਼ੀ ਟੂਰ ਉੱਤੇ ਆਪਣੀ ਪਤੀ ਦੇ ਨਾਲ ਸਮੇਂ ਨਾਲੋਂ ਵੱਧ ਰਹਿੰਦੀ ਹਾਂ, ਜੋ ਕਿ ਜੇ ਕਿਸੇ ਨੇ ਬੋਰਡ ਤੋਂ ਸੱਚ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤਾਂ ਪਤਾ ਚੱਲਿਆ ਕਿ ਮੈਂ ਹਮੇਸ਼ਾ ਪ੍ਰੋਟੋਕੌਲ ਨੂੰ ਫੋਲੋ ਕੀਤਾ ਹੈ। ਪਰ ਫ਼ਿਰ ਵੀ ਮੈਂ ਚੁੱਪ ਰਹੀ।''

ਅਨੁਸ਼ਕਾ ਦੀ ਚਿਤਾਵਨੀ

ਅਨੁਸ਼ਕਾ ਨੇ ਚੇਤਾਵਨੀ ਦੇ ਲਹਿਜੇ ਵਿੱਚ ਕਿਹਾ, ''ਅਗਲੀ ਵਾਰ ਜੇ ਕਿਸੇ ਨੇ ਮੇਰਾ ਨਾਮ ਵਰਤਣਾ ਹੈ ਜਾਂ ਬੋਰਡ ਜਾਂ ਮੇਰੇ ਪਤੀ ਨੂੰ ਬਦਨਾਮ ਕਰਨਾ ਹੈ ਤਾਂ ਤੁਸੀਂ ਕਰ ਸਕਦੇ ਹੋ, ਪਰ ਇਸ ਨੂੰ ਪੂਰੇ ਤੱਥਾਂ ਅਤੇ ਸਬੂਤਾਂ ਦੇ ਆਧਾਰ 'ਤੇ ਕਰੋ।”

“ਮੈਂ ਆਪਣਾ ਕਰੀਅਰ ’ਮਾਣ ਨਾਲ ਬਣਾਇਆ ਹੈ ਅਤੇ ਮੈਂ ਇਸ ਵਿੱਚ ਕੋਈ ਸਮਝੌਤਾ ਨਹੀਂ ਕਰ ਸਕਦੀ। ਸ਼ਾਇਦ ਕੁਝ ਲੋਕਾਂ ਦੇ ਲਈ ਮੇਰੀ ਇਨਾਂ ਗੱਲਾਂ ਉੱਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋਵੇ, ਕਿਉਂਕਿ ਮੈਂ ਸੈਲਫ਼ ਮੇਡ ਅਤੇ ਆਜ਼ਾਦ ਔਰਤ ਹਾਂ ਜੋ ਕਿ ਇੱਕ ਕ੍ਰਿਕਟਰ ਦੀ ਪਤਨੀ ਵੀ ਹੈ''

…ਤੇ ਤੁਹਾਨੂੰ ਦੱਸ ਦੇਵਾਂ, ਮੈਂ ਕੌਫ਼ੀ ਪੀਂਦੀ ਹਾਂ।”

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)