ਕਰਤਾਰਪੁਰ ਲਾਂਘੇ ਦਾ ਉਦਘਾਟਨ: ਮੋਦੀ ਦੀ ਵੱਖਰੀ ਸਟੇਜ ਬਾਰੇ ਰੰਧਾਵਾ ਨੂੰ ਇਤਰਾਜ਼ ਪਰ ਕੈਪਟਨ ਨੂੰ ਨਹੀਂ

ਡੇਰਾ ਬਾਬਾ ਨਾਨਕ ਵਿੱਚ ਤਿਆਰ ਹੁੰਦਾ ਪੰਡਾਲ

ਤਸਵੀਰ ਸਰੋਤ, Gurpreet Chawla/BBC

ਤਸਵੀਰ ਕੈਪਸ਼ਨ,

ਡੇਰਾ ਬਾਬਾ ਨਾਨਕ ਵਿੱਚ ਤਿਆਰ ਹੁੰਦਾ ਪੰਡਾਲ

ਕਰਤਾਰਪੁਰ ਸਾਹਿਬ ਪਾਕਿਸਤਾਨ ਲਈ ਲਾਂਘਾ ਖੁੱਲ੍ਹਣ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਪੰਜਾਬ ਸਰਕਾਰ ਤੋਂ ਵੱਖਰੀ ਸਟੇਜ ਲਗਾਉਣ ਲਈ ਪੰਜਾਬ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਇਤਰਾਜ਼ ਜ਼ਾਹਿਰ ਕੀਤਾ ਹੈ।

ਬੀਬੀਸੀ ਪੰਜਾਬੀ ਦੇ ਸਹਿਯੋਗੀ ਗੁਰਪ੍ਰੀਤ ਚਾਵਲਾ ਮੁਤਾਬਕ ਉਨ੍ਹਾਂ ਨੇ ਲਿਖਿਆ ਹੈ, "ਪਹਿਲਾਂ ਤਾਂ ਪੰਜਾਬ ਸਰਕਾਰ ਦੀ ਮੇਜ਼ਬਾਨੀ 'ਚ ਇੱਕ ਸਟੇਜ ਤਿਆਰ ਹੋ ਰਹੀ ਸੀ ਜਿੱਥੇ ਪ੍ਰਧਾਨ ਮੰਤਰੀ ਨੇ ਵੀ ਆਉਣਾ ਸੀ ਪਰ ਹੁਣ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਿਕਾਰ ਮੱਛੀਆਂ ਵਿੱਚ ਵੱਖਰੀ ਸਟੇਜ ਤਿਆਰ ਕੀਤੀ ਜਾ ਰਹੀ ਹੈ।"

“ਕਰਤਾਰਪੁਰ ਲਾਂਘੇ ਲਈ ਨੀਂਹ ਪੱਥਰ ਰੱਖਣ ਵੇਲੇ ਵੀ ਪੰਜਾਬ ਸਰਕਾਰ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਕੰਮ ਕੀਤਾ ਸੀ। ਇਹ ਜ਼ਰੂਰੀ ਹੈ ਕਿ ਹੁਣ ਵੀ ਇਸੇ ਤਰੀਕੇ ਦਾ ਪ੍ਰੋਟੋਕੋਲ ਨਿਭਾਇਆ ਜਾਵੇ।”

ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਪੀਲ ਕੀਤੀ ਹੈ ਕਿ ਮੋਦੀ ਇੱਕੋ ਸਟੇਜ 'ਤੇ ਆ ਕੇ ਦੋ ਸਟੇਜਾਂ ਵਾਲੇ ਭੰਬਲਭੂਸੇ ਨੂੰ ਖ਼ਤਮ ਕਰਨ।

ਇਹ ਵੀ ਪੜ੍ਹੋ-

ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਪੰਜਾਬ ਸਰਕਾਰ ਨੇ 8-12 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦਾ ਪ੍ਰਬੰਧ ਕੀਤਾ ਹੈ। ਇਨ੍ਹਾਂ ਪ੍ਰਬੰਧਾਂ ਲਈ ਪੰਜਾਬ ਸਰਕਾਰ ਨੇ 550 ਕਰੋੜ ਰੁਪਏ ਖਰਚ ਕੀਤੇ ਹਨ। ਅਸੀਂ ਚਾਹੁੰਦੇ ਸੀ ਕਿ ਇੱਕੋ ਸਟੇਜ ਬਣੇ ਪਰ ਜੇ ਸੁਰੱਖਿਆ ਕਾਰਨਾਂ ਕਰਕੇ ਪ੍ਰਧਾਨ ਮੰਤਰੀ ਵੱਖਰੀ ਸਟੇਜ ਲਗਾਉਣਾ ਚਾਹੁੰਦੇ ਹਨ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ।"

ਡੇਰਾ ਬਾਬਾ ਨਾਨਕ ਵਿਖੇ ਕਿੰਨੀਆਂ ਸਟੇਜਾਂ

ਕਰਤਾਰਪੁਰ ਲਾਂਘਾ 9 ਨਵੰਬਰ ਨੂੰ ਖੁੱਲ੍ਹ ਰਿਹਾ ਹੈ। ਇਸ ਮੌਕੇ ਹੋਣ ਵਾਲੇ ਸਮਾਗਮ ਲਈ ਪੰਜਾਬ ਸਰਕਾਰ ਵੱਲੋਂ ਸਟੇਜ ਲਗਾਈ ਗਈ ਸੀ। ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਅਨੁਸਾਰ ਸਟੇਜ ਬਾਰੇ ਪੰਜਾਬ ਸਰਕਾਰ ਤੇ ਕੇਂਦਰੀ ਏਜੰਸੀਆਂ ਮਿਲ ਕੇ ਕੰਮ ਕਰ ਰਹੀਆਂ ਸਨ।

ਇਸ ਸਟੇਜ ਲਈ ਪੰਜਾਬ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੱਦਾ ਦਿੱਤਾ ਗਿਆ ਸੀ ਪਰ ਹੁਣ ਪ੍ਰਧਾਨ ਮੰਤਰੀ ਲਈ ਵੱਖਰੀ ਸਟੇਜ ਬਣਾਈ ਜਾ ਰਹੀ ਹੈ।

ਇਸ ਸਟੇਜ ਦਾ ਨਿਰਮਾਣ ਐੱਲਪੀਏ ਯਾਨਿ ਲੈਂਡ ਆਫ ਅਥਾਰਿਟੀ ਕਰ ਰਹੀ ਹੈ। ਐੱਲਪੀਏ (ਲੈਂਡ ਆਫ ਅਥਾਰਿਟੀ) ਨੇ ਕਰਤਾਰਪੁਰ ਲਾਂਘੇ ਲਈ ਭਾਰਤ ਵਾਲੇ ਪਾਸੇ ਬਣੇ ਪੈਸੇਂਜਰ ਟਰਮੀਨਲ ਦਾ ਨਿਰਮਾਣ ਕੀਤਾ ਹੈ। ਐੱਲਪੀਏ ਵੱਲੋਂ ਬਣਾਈ ਗਈ ਇਹ ਸਟੇਜ ਡੇਰਾ ਬਾਬਾ ਨਾਨਕ ਤੋਂ 7 ਕਿਲੋਮੀਟਰ ਦੂਰ ਪਿੰਡ ਸ਼ਿਕਾਰ ਮਾਸੀਆਂ ਵਿੱਚ ਬੀਐੱਸਐੱਫ ਹੈੱਡਕੁਆਟਰ ਨੇੜੇ ਤਿਆਰ ਕੀਤੀ ਜਾ ਰਹੀ ਹੈ।

ਸੁਲਤਾਨਪੁਰ ਲੋਧੀ ਵਿਖੇ ਸਟੇਜਾਂ ਦਾ ਰੌਲਾ

ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹੋਣ ਵਾਲੇ ਸਮਾਗਮਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵਿਚਾਲੇ ਆਪੋ-ਆਪਣੀਆਂ ਸਟੇਜਾਂ ਨੂੰ ਲੈ ਕੇ ਰੇੜਕਾਂ ਬਣਿਆ ਹੋਇਆ ਹੈ।

ਅਕਾਲ ਤਖ਼ਤ ਨੇ ਹੁਕਮ ਜਾਰੀ ਕਰਕੇ ਕਿਹਾ ਸੀ ਕਿ ਇੱਕੋ ਸਟੇਜ ਬਣਾ ਕੇ ਸਮਾਗਮ ਕੀਤੇ ਜਾਣ। ਪਰ ਸੁਲਤਾਨਪੁਰ ਲੋਧੀ ਵਿੱਚ ਸ਼੍ਰੋਮਣੀ ਕਮੇਟੀ ਤੇ ਪੰਜਾਬੀ ਸਰਕਾਰ ਦੀਆਂ ਵੱਖ-ਵੱਖ ਸਟੇਜਾਂ ਤਿਆਰ ਹੋ ਰਹੀਆਂ ਹਨ।

ਤਸਵੀਰ ਸਰੋਤ, PAl singh nauli/BBC

ਤਸਵੀਰ ਕੈਪਸ਼ਨ,

ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿੱਚ ਤਿਆਰ ਕੀਤਾ ਪੰਡਾਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੁੰਦੀ ਹੈ ਕਿ ਉਹ ਇੱਕ ਧਾਰਮਿਕ ਸੰਸਥਾ ਹੈ ਅਤੇ ਉਸ ਦੀ ਮੇਜ਼ਬਾਨੀ ਵਿੱਚ ਹੀ ਧਾਰਮਿਕ ਸਮਾਗਮ ਹੋਣੇ ਚਾਹੀਦੇ ਹਨ।

ਹਾਲਾਂਕਿ ਸੂਬਾ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਸਹਿਮਤੀ ਬਣਦੀ ਨਹੀਂ ਨਜ਼ਰ ਆ ਰਹੀ।

ਵੱਖਰੀਆਂ ਸਟੇਜਾਂ ਬਾਰੇ ਕੀ ਕਹਿੰਦੀਆਂ ਨੇ ਸਬੰਧਤ ਧਿਰਾਂ?

ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ, "ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਸਾਰੇ ਧਾਰਮਿਕ ਸਮਾਗਮ ਕਰਵਾਉਂਦੀ ਹੈ, ਕਾਂਗਰਸ ਦੇ ਆਪਣੀ ਵੱਖਰੀ ਸਟੇਜ ਲਾਉਣ ਦੇ ਫ਼ੈਸਲੇ ਨਾਲ ਦੁੱਚਿਤੀ ਪੈਦਾ ਹੋਈ ਹੈ।"

"ਅਸੀਂ ਹਾਲੇ ਵੀ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਮਿਲ ਕੇ ਇਹ ਸਮਾਗਮ ਮਨਾਈਏ। ਅਸੀਂ 11-12 ਨਵੰਬਰ ਦੇ ਸਮਾਗਮਾਂ ਲਈ ਸਾਰੇ ਦੇਸ ਦੇ ਮੁੱਖ ਮੰਤਰੀਆਂ ਨੂੰ ਸੱਦਾ ਦਿੱਤਾ ਹੈ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਹੁੰਚਣ ਦਾ ਸੱਦਾ ਦਿੰਦਾ ਹਾਂ।"

ਉਧਰ ਕਾਂਗਰਸ ਵੱਲੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਉਹ ਐੱਸਜੀਪੀਸੀ ਦੀ ਸਟੇਜ 'ਤੇ ਨਹੀਂ ਜਾਣਗੇ।

ਸੁਲਤਾਨਪੁਰ ਲੋਧੀ ਤੋਂ ਕਾਂਗਰਸ ਵਿਧਾਇਕ ਨਵਤੇਜ ਚੀਮਾ ਨੇ ਕਿਹਾ, "ਐੱਸਜੀਪੀਸੀ ਦੀ ਸਟੇਜ ਲਗਾ ਕੇ ਸਿਆਸੀ ਜ਼ਮੀਨ ਤਲਾਸ਼ੀ ਜਾ ਰਹੀ ਹੈ, ਪਰ ਅਜਿਹਾ ਨਹੀਂ ਹੋਵੇਗਾ।"

ਚੀਮਾ ਨੇ ਕਿਹਾ ਕਿ ਲੋਕਾਂ ਵਿੱਚ ਦੁੱਚਿਤੀ ਨਹੀਂ, ਹਜ਼ਾਰਾਂ ਲੋਕ ਪੰਜਾਬ ਸਰਕਾਰ ਦਾ ਬਣਾਇਆ ਮਨਮੋਹਕ ਪੰਡਾਲ ਦੇਖਣ ਆ ਰਹੇ ਹਨ।

ਚੰਡੀਗੜ੍ਹ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਸਾਰੀਆਂ ਸਿਆਸੀ ਪਾਰਟੀਆਂ ਦੀ ਬੈਠਕ ਵੀ ਹੋਈ ਜਿਸ ਵਿੱਚ ਇਹ ਫੈਸਲਾ ਹੋਇਆ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸਾਰੀਆਂ ਸਿਆਸੀ ਪਾਰਟੀਆਂ 12 ਨਵੰਬਰ ਨੂੰ ਇਕੱਠਿਆਂ ਮਨਾਉਣਗੀਆਂ ਤੇ ਇਸ ਵਿੱਚ ਸੂਬੇ ਅਤੇ ਮੁਲਕ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਸੱਦਾ ਹੈ।

ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਮੀਟਿੰਗ ਵਿੱਚ ਅਕਾਲੀ ਦਲ ਸ਼ਾਮਲ ਨਹੀਂ ਹੋਇਆ, ਇਸਦਾ ਮਤਲਬ ਇਹ ਹੈ ਕਿ ਵੱਖੋ-ਵੱਖਰੀਆਂ ਸਟੇਜਾਂ ਦਾ ਰੇੜਕਾ ਬਰਕਰਾਰ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)