ਕਰਤਾਰਪਰ ਲਾਂਘਾ: 'ਅਸੀਂ ਮੱਥਾ ਟੇਕਣ ਆਏ ਹਾਂ, ਸਟੇਜਾਂ ਤੇ ਪੰਡਾਲਾਂ ਨਾਲ ਸਾਨੂੰ ਕੀ!'

ਸਰਬਜੀਤ ਕੌਰ

"ਸਿਆਸੀ ਧਿਰਾਂ ਨਾਲ ਸਬੰਧਤ ਇਨ੍ਹਾਂ ਪੰਡਾਲਾਂ ਅਤੇ ਸਟੇਜਾਂ 'ਤੇ ਸਿਆਸੀ ਲਾਹਾ ਲੈਣ ਵਾਲੇ ਲੋਕ ਜਾਂਦੇ ਹਨ। ਅਸੀਂ ਮੱਥਾ ਟੇਕਣ ਆਏ ਹਾਂ, ਸਟੇਜਾਂ ਤੇ ਪੰਡਾਲਾਂ ਨਾਲ ਸਾਨੂੰ ਕੀ, ਜਿੰਨੀਆਂ ਮਰਜ਼ੀ ਬਣਾਈ ਜਾਣ।"

ਇਨ੍ਹਾਂ ਕਹਿਣਾ ਹੈ ਸੁਲਤਾਨਪੁਰ ਲੋਧੀ ਵਿਖੇ ਮੱਥਾ ਟੇਕਣ ਆਈ ਸਰਬਜੀਤ ਕੌਰ ਦਾ।

ਦਰਅਸਲ ਸੁਲਤਾਨਪੁਰ ਲੋਧੀ ਵਿੱਚ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੱਖੋ-ਵੱਖਰੀਆਂ ਸਟੇਜਾਂ ਹੋਣ ਬਾਰੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀ ਬਹਿਸ ਚੱਲ ਰਹੀ ਹੈ।

ਇਹ ਵੀ ਪੜ੍ਹੋ:

ਇਸ ਦੇ ਨਾਲ ਹੀ ਇੱਕ ਤਸਵੀਰ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਐੱਸਜੀਪੀਸੀ ਅਤੇ ਪੰਜਾਬ ਸਰਕਾਰ ਦੇ ਵੱਖੋ-ਵੱਖਰੀਆਂ ਸਟੇਜਾਂ ਦੇ ਸਾਈਨ ਬੋਰਡ ਨੇੜੇ-ਨੇੜੇ ਲੱਗੇ ਹੋਣ ਦਾ ਦਾਅਵਾ ਹੈ।

ਸਟੇਜਾਂ ਵੱਖਰੀਆਂ ਜ਼ਰੂਰ ਲਗਾਈਆਂ ਗਈਆਂ ਹਨ, ਪਰ ਅਜਿਹੇ ਸਾਈਨ ਬੋਰਡ ਵਾਲੀ ਤਸਵੀਰ ਫਿਲਹਾਲ ਖ਼ਬਰ ਲਿਖਣ ਤੱਕ ਸਾਨੂੰ ਨਜ਼ਰ ਨਹੀਂ ਆਏ। ਪੰਜਾਬ ਸਰਕਾਰ ਦੇ ਮੁੱਖ ਪੰਡਾਲ ਦੇ ਸਾਈਨ ਬੋਰਡ ਜ਼ਰੂਰ ਹਨ।

ਸੁਲਤਾਨਪੁਰ ਲੋਧੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਡੀਆ ਇੰਚਾਰਜ ਹਰਭਜਨ ਸਿੰਘ ਨੇ ਦੱਸਿਆ ਕਿ ਸਟੇਜ ਦੇ ਸਾਈਨ ਬੋਰਡ ਹਾਲੇ ਲੱਗ ਰਹੇ ਹਨ।

ਦੋ ਸਟੇਜਾਂ ਦੀ ਦੁੱਚਿਤੀ ਨੂੰ ਲੈ ਕੇ ਅਸੀਂ ਇੱਥੇ ਪਹੁੰਚੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ।

ਫੋਟੋ ਕੈਪਸ਼ਨ ਪੰਜਾਬ ਸਰਕਾਰ ਦਾ ਪੰਡਾਲ 26 ਏਕੜ ਥਾਂ ਵਿੱਚ ਬਣਾਇਆ ਗਿਆ ਹੈ ਜਿੱਥੇ 20 ਹਜ਼ਾਰ ਲੋਕ ਬੈਠ ਸਕਣਗੇ।

ਅੰਮ੍ਰਿਤਸਰ ਤੋਂ ਆਏ ਰਿਟਾਇਰਟ ਆਰਮੀ ਅਫ਼ਸਰ ਬਲਦੇਵ ਸਿੰਘ ਨੇ ਕਿਹਾ, "ਆਮ ਲੋਕਾਂ ਨੂੰ ਸਟੇਜਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ, ਨਾ ਹੀ ਅਸੀਂ ਇਸ ਵੱਲ ਧਿਆਨ ਦੇ ਰਹੇ ਹਾਂ, ਸਾਡਾ ਧਿਆਨ ਗੁਰੂ ਵੱਲ ਹੈ।"

ਬਿਨ੍ਹਾਂ ਨਾਮ ਦੱਸਿਆਂ ਇੱਕ ਸਥਾਨਕ ਦੁਕਾਨਦਾਰ ਨੇ ਕਿਹਾ, "ਸਟੇਜਾਂ ਬਾਰੇ ਤਾਂ ਲੋਕ ਉਦੋਂ ਸੋਚਣ ਜੇ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਹੋਏਗਾ। ਸਰਾਵਾਂ ਵਿੱਚ ਆਮ ਲੋਕਾਂ ਨੂੰ ਕਮਰੇ ਨਹੀਂ ਮਿਲ ਰਹੇ, ਸਿਫਾਰਸ਼ੀ ਲੋਕਾਂ ਨੂੰ ਮਿਲ ਰਹੇ ਹਨ ਅਤੇ ਟੈਂਟ ਸਿਟੀਆਂ ਹਲੇ ਸ਼ੁਰੂ ਨਹੀਂ ਹੋਈਆਂ। ਆਉਣ ਵਾਲੇ ਦਿਨਾਂ ਵਿੱਚ ਸਾਨੂੰ ਵੱਡੇ ਨੁਕਸਾਨ ਦਾ ਖਦਸ਼ਾ ਹੈ, ਉਸ ਦਾ ਕਾਰਨ ਸਿਰਫ਼ ਸਿਆਸੀ ਪਾਰਟੀਆਂ ਦਾ ਵਖਰੇਵਾਂ ਹੋਵੇਗਾ।"

ਪੰਜਾਬ ਸਰਕਾਰ ਦਾ ਪੰਡਾਲ

ਪੰਜਾਬ ਸਰਕਾਰ ਵੱਲੋਂ ਲਗਾਇਆ ਗਿਆ ਮੁੱਖ ਪੰਡਾਲ, ਗੁਰਦੁਆਰਾ ਬੇਰ ਸਾਹਿਬ ਅਤੇ ਟੈਂਟ ਸਿਟੀ-1 ਦੇ ਨੇੜੇ ਹੈ।

ਇਸ ਪੰਡਾਲ ਦੀ ਦਿੱਖ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਪੰਡਾਲ ਦਾ ਬਾਹਰੀ ਹਿੱਸਾ ਰਾਤ ਵੇਲੇ ਰੰਗ-ਬਿਰੰਗੀ ਰੌਸ਼ਨੀ ਨਾਲ ਸਜਦਾ ਹੈ।

ਇਹ ਪੰਡਾਲ 26 ਏਕੜ ਵਿੱਚ ਬਣਾਇਆ ਗਿਆ ਹੈ। ਇੱਥੇ 20 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ।

ਪੰਡਾਲ ਤਿਆਰ ਕਰਨ ਵਾਲੀ ਕੰਪਨੀ ਦੇ ਨੁਮਾਇੰਦੇ ਨੇ ਸਾਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਲਾਊਂਜ, ਰਾਸ਼ਟਰਪਤੀ ਲਾਊਂਜ, ਸੰਸਦਾਂ ਮੈਂਬਰਾਂ ਅਤੇ ਵਿਧਾਇਕਾਂ ਲਈ ਵੱਖਰੇ ਲਾਊਂਜ, ਪ੍ਰਸ਼ਾਸਨਿਕ ਅਤੇ ਪੁਲਿਸ ਅਫਸਰਾਂ ਲਈ ਵੱਖਰੇ ਲਾਊਂਜ ਵੀ ਹਨ।

5 ਨਵੰਬਰ ਤੋਂ ਇਹ ਪੰਡਾਲ ਲੋਕਾਂ ਲਈ ਖੋਲ੍ਹਿਆ ਜਾਣਾ ਹੈ, ਇਹ ਪੰਡਾਲ ਪੂਰੀ ਤਰ੍ਹਾਂ ਤਿਆਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਫੋਟੋ ਕੈਪਸ਼ਨ ਸ਼੍ਰੋਮਣੀ ਕਮੇਟੀ ਦੇ ਪੰਡਾਲ ਦੀ ਹਾਲੇ ਤਿਆਰੀ ਚੱਲ ਰਹੀ ਹੈ।

ਐੱਸਜੀਪੀਸੀ ਦਾ ਪੰਡਾਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਟੇਜ ਗੁਰਦੁਆਰਾ ਹੱਟ ਸਾਹਿਬ ਦੇ ਨੇੜੇ ਗੁਰੂ ਨਾਨਕ ਸਟੇਡੀਅਮ ਵਿੱਚ ਬਣਾਇਆ ਜਾ ਰਿਹਾ ਹੈ।

ਅਸੀਂ ਦੇਖਿਆ ਕਿ ਵੱਖ-ਵੱਖ ਕਾਰੀਗਰ ਪੰਡਾਲ ਬਣਾਉਣ ਦੇ ਕੰਮ ਵਿੱਚ ਲੱਗੇ ਹੋਏ ਹਨ। ਪੰਡਾਲ ਬਣਾਉਣ ਵਾਲੀ ਨਿੱਜੀ ਕੰਪਨੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ 5 ਨਵੰਬਰ ਤੋਂ ਬਾਅਦ ਪੰਡਾਲ ਤਿਆਰ ਹੋ ਜਾਏਗਾ।

ਐੱਸਜੀਪੀਸੀ ਅਤੇ ਕੇਂਦਰ ਸਰਕਾਰ ਦੇ 9 ਤੋਂ 12 ਨਵੰਬਰ ਤੱਕ ਦੇ ਸਮਾਗਮ ਇੱਥੇ ਹੋਣੇ ਹਨ। ਇਸ ਤੋਂ ਪਹਿਲਾਂ ਐੱਸਜੀਪੀਸੀ ਦੇ ਅਧੀਨ ਹੋ ਰਹੇ ਸਮਾਗਮ ਭਾਈ ਮਰਦਾਨਾ ਜੀ ਹਾਲ ਵਿੱਚ ਹੋ ਰਹੇ ਹਨ।

ਵੱਖਰੀਆਂ ਸਟੇਜਾਂ ਬਾਰੇ ਕੀ ਕਹਿੰਦੀਆਂ ਨੇ ਸਬੰਧਤ ਧਿਰਾਂ?

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ, "ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਸਾਰੇ ਧਾਰਮਿਕ ਸਮਾਗਮ ਕਰਵਾਉਂਦੀ ਹੈ, ਕਾਂਗਰਸ ਦੇ ਆਪਣੀ ਵੱਖਰੀ ਸਟੇਜ ਲਾਉਣ ਦੇ ਫ਼ੈਸਲੇ ਨਾਲ ਦੁੱਚਿਤੀ ਪੈਦਾ ਹੋਈ ਹੈ।"

"ਅਸੀਂ ਹਾਲੇ ਵੀ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਮਿਲ ਕੇ ਇਹ ਸਮਾਗਮ ਮਨਾਈਏ। ਅਸੀਂ 11-12 ਨਵੰਬਰ ਦੇ ਸਮਾਗਮਾਂ ਲਈ ਸਾਰੇ ਦੇਸ ਦੇ ਮੁੱਖ ਮੰਤਰੀਆਂ ਨੂੰ ਸੱਦਾ ਦਿੱਤਾ ਹੈ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਹੁੰਚਣ ਦਾ ਸੱਦਾ ਦਿੰਦਾ ਹਾਂ।"

ਉਧਰ ਕਾਂਗਰਸ ਵੱਲੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਉਹ ਐੱਸਜੀਪੀਸੀ ਦੀ ਸਟੇਜ 'ਤੇ ਨਹੀਂ ਜਾਣਗੇ।

ਸੁਲਤਾਨਪੁਰ ਲੋਧੀ ਤੋਂ ਕਾਂਗਰਸ ਵਿਧਾਇਕ ਨਵਤੇਜ ਚੀਮਾ ਨੇ ਕਿਹਾ, "ਐੱਸਜੀਪੀਸੀ ਦੀ ਸਟੇਜ ਲਗਾ ਕੇ ਸਿਆਸੀ ਜ਼ਮੀਨ ਤਲਾਸ਼ੀ ਜਾ ਰਹੀ ਹੈ, ਪਰ ਅਜਿਹਾ ਨਹੀਂ ਹੋਵੇਗਾ।"

ਚੀਮਾ ਨੇ ਕਿਹਾ ਕਿ ਲੋਕਾਂ ਵਿੱਚ ਦੁੱਚਿਤੀ ਨਹੀਂ, ਹਜ਼ਾਰਾਂ ਲੋਕ ਪੰਜਾਬ ਸਰਕਾਰ ਦਾ ਬਣਾਇਆ ਮਨਮੋਹਕ ਪੰਡਾਲ ਦੇਖਣ ਆ ਰਹੇ ਹਨ।

ਚੰਡੀਗੜ੍ਹ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਸਾਰੀਆਂ ਸਿਆਸੀ ਪਾਰਟੀਆਂ ਦੀ ਬੈਠਕ ਵੀ ਹੋਈ ਜਿਸ ਵਿੱਚ ਇਹ ਫੈਸਲਾ ਹੋਇਆ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸਾਰੀਆਂ ਸਿਆਸੀ ਪਾਰਟੀਆਂ 12 ਨਵੰਬਰ ਨੂੰ ਇਕੱਠਿਆਂ ਮਨਾਉਣਗੀਆਂ ਤੇ ਇਸ ਵਿੱਚ ਸੂਬੇ ਅਤੇ ਮੁਲਕ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਸੱਦਾ ਹੈ।

ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਮੀਟਿੰਗ ਵਿੱਚ ਅਕਾਲੀ ਦਲ ਸ਼ਾਮਲ ਨਹੀਂ ਹੋਇਆ, ਇਸਦਾ ਮਤਲਬ ਇਹ ਹੈ ਕਿ ਵੱਖੋ-ਵੱਖਰੀਆਂ ਸਟੇਜਾਂ ਦਾ ਰੇੜਕਾ ਬਰਕਰਾਰ ਹੈ।

ਇਤਿਹਾਸਕਾਰ ਦੇ ਨਜ਼ਰੀਏ ਤੋਂ

ਇਤਿਹਾਸਕਾਰ ਹਰਜੇਸ਼ਵਰਪਾਲ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਰਬੱਤ ਦੇ ਭਲੇ ਅਤੇ ਇਨਸਾਨੀਅਤ ਦਾ ਸੰਦੇਸ਼ ਦਿੱਤਾ, ਉਹਨਾਂ ਦੇ ਹੀ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਅਜਿਹੀ ਸਿਆਸਤ ਹੋਣਾ ਬਹੁਤ ਮੰਦਭਾਗਾ ਹੈ।

ਉਨ੍ਹਾਂ ਦਾ ਕਹਿਣਾ ਹੈ, "ਇਹ ਵਖਰੇਵਾਂ ਸਾਰੀਆਂ ਹੀ ਧਿਰਾਂ ਦੀ ਕੋਝੀ ਸਿਆਸਤ ਖਾਤਰ ਪੈਦਾ ਕਰ ਰਹੀਆਂ ਹਨ। ਅਜਿਹੇ ਮੌਕਿਆਂ 'ਤੇ ਵਖਰੇਵੇਂ ਵਾਲਾ ਰਵੱਈਆ ਦੁਨੀਆਂ ਵਿੱਚ ਪੰਜਾਬ ਅਤੇ ਸਿੱਖਾਂ ਦੀ ਗ਼ਲਤ ਤਸਵੀਰ ਪੇਸ਼ ਕਰਦਾ ਹੈ। ਸਾਰੀਆਂ ਧਿਰਾਂ ਨੂੰ ਸਿਆਸਤ ਤੋਂ ਉੱਪਰ ਉੱਠ ਕੇ ਰਲ-ਮਿਲ ਕੇ ਇਹ ਦਿਹਾੜਾ ਮਨਾਉਣਾ ਚਾਹੀਦਾ ਸੀ।"

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)