ਦਿੱਲੀ ਦੇ ਪ੍ਰਦੂਸ਼ਣ 'ਤੇ ਬੋਲੇ ਕੇਜਰੀਵਾਲ 'ਰਾਜਧਾਨੀ ਬਣੀ ਗੈਸ ਚੈਂਬਰ, ਕੈਪਟਨ ਅੰਕਲ ਤੇ ਖੱਟਰ ਅੰਕਲ ਨੂੰ ਚਿੱਠੀ ਲਿਖੋ'

ਪ੍ਰਦੂਸ਼ਣ Image copyright TWITTER/@ARVINDKEJRIWAL

ਰਾਜਧਾਨੀ ਦਿੱਲੀ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਪੰਜਾਹ ਲੱਖ ਮਾਸਕ ਵੰਡੇ ਜਾ ਰਹੇ ਹਨ। ਦਿੱਲੀ ਵਿੱਚ ਹਵਾ ਦੀ ਗੁਣਵੱਤਾ ਇਸ ਹੱਦ ਤੱਕ ਡਿੱਗ ਚੁੱਕੀ ਹੈ ਕਿ ਸਰਕਾਰ ਨੂੰ ਸਿਹਤ ਐਮਰਜੈਂਸੀ ਐਲਾਨਣੀ ਪਈ ਹੈ।

ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ ਤੱਕ ਡਿੱਗ ਜਾਣ ਕਾਰਨ ਸੁਪਰੀਮ ਕੋਰਟ ਨੇ ਰਾਸ਼ਟਰੀ ਰਾਜਧਾਨੀ ਖੇਤਰ ਅਤੇ ਦੋ ਗੁਆਂਢੀ ਸੂਬਿਆਂ ਵਿੱਚ ਉਸਾਰੀ ਕਾਰਜਾਂ ਤੇ ਆਰਜੀ ਰੋਕ ਲਾ ਦਿੱਤੀ ਹੈ ਅਤੇ ਦਿੱਲੀ ਵਿੱਚ ਸਰਦੀਆਂ ਦੌਰਾਨ ਪਟਾਕੇ ਚਲਾਉਣ 'ਤੇ ਵੀ ਰੋਕ ਰਹੇਗੀ।

ਪੰਜ ਨਵੰਬਰ ਤੱਕ ਸੂਬੇ ਦੇ ਸਕੂਲਾਂ ਵਿੱਚ ਵੀ ਛੁੱਟੀ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ:

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਬੱਚੇ ਕੈਪਟਨ ਅੰਕਲ ਤੇ ਖੱਟਰ ਅੰਕਲ ਨੂੰ ਚਿੱਠੀ ਲਿਖਣ- ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਵਿੱਚ ਲਿਖਿਆ ਕਿ ਰਾਜਧਾਨੀ ਇੱਕ ਗੈਸ ਚੈਂਬਰ ਬਣ ਚੁੱਕੀ ਹੈ।

ਉਨ੍ਹਾਂ ਲਿਖਿਆ, "ਗੁਆਂਢੀ ਸੂਬਿਆਂ ਵਿੱਚ ਫ਼ਸਲ ਦੀ ਨਾੜ ਸਾੜੇ ਜਾਣ ਕਾਰਨ ਦਿੱਲੀ ਇੱਕ ਗੈਸ ਚੈਂਬਰ ਵਿੱਚ ਬਦਲ ਚੁੱਕੀ ਹੈ।"

"ਆਪਣੇ ਆਪ ਨੂੰ ਜ਼ਹਿਰੀਲੀ ਹਵਾ ਤੋਂ ਸੁਰੱਖਿਅਤ ਰੱਖਣਾ ਅਹਿਮ ਹੈ। ਸਰਕਾਰੀ ਤੇ ਨਿੱਜੀ ਸਕੂਲਾਂ ਰਾਹੀਂ ਅਸੀਂ ਅੱਜ 50 ਲੱਖ ਮਾਸਕ ਵੰਡ ਰਹੇ ਹਾਂ"

"ਮੈਂ ਸਾਰੇ ਦਿੱਲੀ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਲੋੜ ਸਮੇਂ ਇਨ੍ਹਾਂ ਦੀ ਵਰਤੋਂ ਕਰਨ।"

ਇਹ ਮਾਸਕ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵੰਡੇ ਜਾ ਰਹੇ ਹਨ।

ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਟਵੀਟ ਵਿੱਚ ਦਿੱਲੀ ਦੀਆਂ ਦੋ ਤਸਵੀਰਾਂ ਪਾ ਕੇ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਤੇ ਹਰਿਆਣਾ ਨੂੰ ਜਿੰਮੇਵਾਰ ਠਹਿਰਾਇਆ।

ਹਵਾ ਵਿੱਚ ਖ਼ਤਰਨਾਕ ਸੂਖਮ ਕਣ (PM-2.5) ਜੋ ਕਿ ਸਾਹ ਰਾਹੀਂ ਫੇਫੜਿਆਂ ਦੇ ਅੰਦਰ ਵੀ ਦਾਖ਼ਲ ਹੋ ਜਾਂਦੇ ਹਨ। ਉਨ੍ਹਾਂ ਦੀ ਮਾਤਰਾ ਪ੍ਰਤੀ ਘਣ ਮੀਟਰ ਹਵਾ ਵਿੱਚ 533 ਤੱਕ ਪਹੁੰਚ ਚੁੱਕੀ ਹੈ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਇਨ੍ਹਾਂ ਦੀ ਦੀ ਸੁਰੱਖਿਅਤ ਮਾਤਰਾ 24 ਘੰਟਿਆਂ ਵਿੱਚ ਪ੍ਰਤੀ ਘਣ ਮੀਟਰ ਔਸਤ 25 ਤੋਂ ਵਧੇਰੇ ਨਹੀਂ ਹੋਣੀ ਚਾਹੀਦੀ।

ਟਵਿੱਟਰ 'ਤੇ #DelhiAirQuality ਅਤੇ #FightAgainstDelhiPollition ਟਰੈਂਡ ਵਿੱਚ ਰਿਹਾ।

ਇਹ ਵੀ ਪੜ੍ਹੋ:

ਦਿੱਲੀ ਵਿੱਚ ਹਰ ਸਾਲ ਸਰਦੀਆਂ ਵਿੱਚ ਹਵਾ ਦੀ ਗੁਣਵੱਤਾ ਦੇ ਡਿੱਗਣ ਦਾ ਇੱਕ ਪ੍ਰਮੁੱਖ ਕਾਰਨ ਗੁਆਂਢੀ ਸੂਬਿਆਂ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਲਾਈ ਜਾਂਦੀ ਅੱਗ ਹੈ।

ਇਸ ਦੌਰਾਨ ਲਗਭਗ ਵੀਹ ਲੱਖ ਕਿਸਾਨ 80,000 ਵਰਗ ਮੀਲ ਦੇ ਖੇਤਰ ਵਿੱਚ 23 ਮਿਲੀਅਨ ਟਨ ਪਰਾਲੀ ਨੂੰ ਅੱਗ ਲਾਉਂਦੇ ਹਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
VIDEO- ਹਵਾ ਪ੍ਰਦੂਸ਼ਣ ਕਿਵੇਂ ਹੁੰਦਾ ਹੈ?

ਪਰਾਲੀ ਦੇ ਧੂੰਏਂ ਵਿੱਚ ਸੁਆਹ ਦੇ ਕਣਾਂ, ਕਾਰਬਨ ਡਾਈਔਕਸਾਈਡ, ਨਾਈਟਰੋਜਨ ਡਾਈਔਕਸਾਈਡ ਅਤੇ ਸਲਫ਼ਰ ਡਾਈਔਕਸਾਈਡ ਦਾ ਖ਼ਤਰਨਾਕ ਮਿਸ਼ਰਣ ਹੁੰਦਾ ਹੈ।

ਹਾਰਵਰਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਸੈਟਲਾਈਟ ਤੋਂ ਹਾਸਲ ਡਾਟਾ ਦੇ ਵਿਸ਼ਲੇਸ਼ਣ ਤੋਂ ਬਾਅਦ ਪਾਇਆ ਕਿ ਸਾਲ 2012 ਤੋਂ 2016 ਦੌਰਾਨ ਦਿੱਲੀ ਵਿਚਲੇ ਪ੍ਰਦੂਸ਼ਣ ਦੀ ਮੁੱਖ ਵਜ੍ਹਾ ਪਰਾਲੀ ਨੂੰ ਲਾਈ ਗਈ ਅੱਗ ਹੀ ਸੀ।

ਇਸ ਤੋਂ ਇਲਾਵਾ ਇਸੇ ਦੌਰਾਨ ਦਿਵਾਲੀ ਮੌਕੇ ਪਾਬੰਦੀ ਦੇ ਬਾਵਜੂਦ ਚਲਾਏ ਜਾਂਦੇ ਪਟਾਕੇ ਹਾਲਾਤ ਨੂੰ ਹੋਰ ਗੰਭੀਰ ਕਰ ਦਿੰਦੇ ਹਨ।

ਪਰਾਲੀ ਨੂੰ ਲਾਈ ਜਾਂਦੀ ਅੱਗ ਇੰਨੀ ਵਿਆਪਕ ਹੁੰਦੀ ਹੈ ਕਿ ਇਸ ਨੂੰ ਨਾਸਾ ਦੇ ਸੈਟੇਲਾਈਟ ਵੱਲੋਂ ਖਿੱਚੀਆਂ ਤਸਵੀਰਾਂ ਵਿੱਚ ਵੀ ਦੇਖਿਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਉਸਾਰੀ ਕਾਰਜਾਂ ਦੌਰਾਨ ਉੱਠਣ ਵਾਲਾ ਗਰਦਾ, ਫੈਕਟਰੀਆਂ ਦਾ ਧੂੰਆਂ, ਵਾਹਨਾਂ ਦਾ ਪ੍ਰਦੂਸ਼ਣ ਵੀ ਹਾਲਾਤ ਨੂੰ ਖਰਾਬ ਕਰਨ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਹਨ।

ਫੋਟੋ ਕੈਪਸ਼ਨ ਪੀਪਐੱਮ-2.5 ਅਤੇ ਪੀਪਐੱਮ-10 ਦੀ ਮਨੁੱਖੀ ਵਾਲ ਨਾਲ ਤੁਲਨਾ ਦਰਸਾਉਂਦਾ ਚਿੱਤਰ।

PM-2.5 ਬਾਰੇ ਜਾਣੋ

ਪਾਰਟੀਕੁਲੇਟ ਮੈਟਰ ਜਾਂ ਪੀਐੱਮ-2.5 ਪ੍ਰਦੂਸ਼ਣ ਦੀ ਇੱਕ ਕਿਸਮ ਹੈ ਜਿਸ ਵਿੱਚ 2.5 ਮਾਈਕਰੋਨ ਵਿਆਸ ਤੋਂ ਛੋਟੇ ਕਣ ਹੁੰਦੇ ਹਨ।

ਦੂਸਰੀ ਕਿਸਮ ਪੀਐੱਮ-10 ਹੈ ਜਿਸ ਵਿੱਚ 10 ਮਾਈਕਰੋਨ ਜਿੱਡੇ ਕਣ ਸ਼ਾਮਲ ਹੁੰਦੇ ਹਨ।

ਕੁਝ ਕੁਦਰਤੀ ਤੌਰ 'ਤੇ ਕੁਦਰਤੀ ਪ੍ਰਕਿਰਿਆਵਾਂ ਕਾਰਨ ਪੈਦਾ ਹੁੰਦੇ ਹਨ ਜਿਵੇਂ ਹਨੇਰੀ, ਜੰਗਲੀ ਅੱਗ ਅਤੇ ਇਨ੍ਹਾਂ ਦਾ ਦੂਸਰਾ ਸੋਮਾ ਹੈ ਮਨੁੱਖੀ ਗਤੀਵਿਧੀਆਂ।

ਇਨ੍ਹਾਂ ਕਣਾਂ ਵਿੱਚ ਸ਼ਾਮਲ ਇੰਨੇ ਮਹੀਨ ਹੁੰਦੇ ਹਨ ਕਿ ਸਾਹ ਰਾਹੀਂ ਫੇਫੜਿਆਂ ਤੱਕ ਵੀ ਪਹੁੰਚ ਜਾਂਦੇ ਹਨ ਜਿੱਥੋਂ ਇਹ ਖੂਨ ਵਿੱਚ ਘੁਲ ਜਾਂਦੇ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)