ਕਰਤਾਪੁਰ ਕੌਰੀਡੋਰ: ਪਾਕਿਸਤਾਨੀ ਗੀਤ 'ਚ ਭਿੰਡਰਾਂਵਾਲੇ ਦੀ ਤਸਵੀਰ ਤੋਂ ਭੜਕੇ ਅਮਰਿੰਦਰ, ਸੁਖਬੀਰ ਦਾ ਕੈਪਟਨ 'ਤੇ ਵਾਰ

ਭਿੰਡਰਾਵਾਲੇ Image copyright Government of Pakistan

ਭਾਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਲਈ ਜਾਰੀ ਗੀਤ ਨੂੰ ਆਧਾਰ ਬਣਾ ਕੇ ਪਾਕਿਸਤਾਨ ਸਰਕਾਰ ਦੀ ਇੱਛਾ ਉੱਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਪਾਕਿਸਤਾਨ 'ਤੇ 'ਲੁਕਿਆ ਹੋਇਆ ਏਜੰਡਾ ਚਲਾਉਣ' ਦਾ ਇਲਜ਼ਾਮ ਲਾਇਆ ਹੈ।

ਪਾਕਿਸਤਾਨ ਨੇ ਇਸ ਨੂੰ ਕੋਰੀਡੋਰ ਦੀ ਓਪਨਿੰਗ ਸੈਰੇਮਨੀ ਦੇ ਲਈ ਜਾਰੀ 'ਅਧਿਕਾਰਤ ਗੀਤ' ਦੱਸਿਆ ਹੈ। ਇਸੇ ਗੀਤ 'ਤੇ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਨੂੰ ਕਟਹਿਰੇ ਵਿਚ ਖੜ੍ਹਾ ਕਰ ਰਹੇ ਹਨ।

ਭਾਵੇਂ ਕਿ ਇਸ ਗੀਤ ਦੇ ਵੀਡੀਓ ਵਿਚ ਵਰਤੀ ਗਈ ਕਾਫ਼ੀ ਸਾਰੀ ਫੁਟੇਜ਼ ਨਨਕਾਣਾ ਸਾਹਿਬ ਵਿਚ ਪਿਛਲੇ ਸਾਲਾਂ ਦੌਰਾਨ ਨਿਕਲੇ ਨਗਰ ਕੀਤਰਨਾਂ ਤੋਂ ਲਈ ਗਈ ਹੈ। ਜਿਨ੍ਹਾਂ ਵਿਚ ਇਹ ਪੋਸਟਰ ਟੰਗੇ ਦਿਖ ਰਹੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਮੈਂ ਪਹਿਲੇ ਦਿਨ ਤੋਂ ਇਸੇ ਗੱਲ ਨੂੰ ਲੈ ਕੇ ਚੇਤਾਵਨੀ ਦਿੰਦਾ ਰਿਹਾ ਕਿ ਇੱਥੇ ਪਾਕਿਸਤਾਨ ਦਾ ਲੁਕਿਆ ਹੋਇਆ ਏਜੰਡਾ ਹੈ।"

ਕੈਪਟਨ ਚੰਡੀਗੜ੍ਹ ਵਿਚ ਗੁਰੂ ਨਾਨਕ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜਾਬ ਹਰਿਆਣਾ ਵਿਧਾਨ ਸਭਾਵਾਂ ਦੇ ਸਾਂਝੇ ਇਜਲਾਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਸੁਖਬੀਰ ਬਾਦਲ ਨੇ ਕੈਪਟਨ ਨੂੰ ਸੰਬੋਧਨ ਕਰਦਿਆਂ ਕੀਤਾ ਟਵੀਟ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਨੂੰ ਸੰਬੋਧਨ ਕਰਦਿਆਂ ਟਵੀਟ ਕੀਤਾ। ਉਨ੍ਹਾਂ ਕਿਹਾ, "ਕੈਪਟਨ ਅਮਰਿੰਦਰ ਨੂੰ ਚਾਹੀਦਾ ਹੈ ਕਿ ਉਹ ਕਰਤਾਰਪੁਰ ਲਾਂਘੇ ਨੂੰ ਭਰਮਾਉਣ ਦੀਆਂ ਆਪਣੀਆਂ ਗਲਤ ਕੋਸ਼ਿਸ਼ਾਂ ਤੋਂ ਗੁਰੇਜ਼ ਕਰਨ, ਘੱਟੋ-ਘੱਟ 550ਵੇਂ ਪ੍ਰਕਾਸ਼ ਪੁਰਬ ਤੱਕ।"

Image copyright Government of Pak /u tube
ਫੋਟੋ ਕੈਪਸ਼ਨ ਗੀਤ ਵਿਚ ਵਰਤੀ ਗਈ ਫੁਟੇਜ਼ ਨਨਕਾਣਾ ਸਾਹਿਬ ਦੇ ਕਿਸੇ ਸਮਾਗਮ ਮੌਕੇ ਦੀ ਹੈ।

ਕੀ ਹੈ ਮਾਮਲਾ

ਪਾਕਿਸਤਾਨ ਵਲੋਂ ਜਾਰੀ ਇੱਕ ਗੀਤ ਕਰੀਬ 4 ਮਿੰਟ ਦਾ ਹੈ। ਜਿਸ ਨੂੰ ਤਿੰਨ ਹਿੱਸਿਆ ਵਿਚ ਵੰਡ ਕੇ ਟਵੀਟ ਕੀਤਾ ਗਿਆ ਹੈ।

ਇਹ ਯੂ-ਟਿਊਬ ਅਤੇ ਫੇਸਬੁੱਕ ਉੱਤੇ ਵੀ ਜਾਰੀ ਕੀਤਾ ਗਿਆ ਹੈ। ਇਸ ਗੀਤ ਦੇ 37 ਵੇਂ ਸੈਕਿੰਡ ਦੇ ਸ਼ਾਰਟ ਵਿਚ ਇੱਕ ਦੀਵਾਰ ਉੱਤੇ ਖਾਲਿਸਤਾਨ -2020 ਦਾ ਵੱਡਾ ਬੈਨਰ ਦਿਖ ਰਿਹਾ ਹੈ।

ਇਸੇ ਤਰ੍ਹਾਂ ਇੱਕ ਥਾਂ ਹੋਰ ਨਨਕਾਣਾ ਸਾਹਿਬ ਤੋਂ ਨਿਕਲਣ ਵਾਲੇ ਨਗਰ ਕੀਰਤਨ ਵਿਚ ਖਾਲਿਸਤਾਨ ਲਿਖੇ ਹੋਏ ਕੇਸਰੀ ਝੰਡਾ ਦਿਖਾਈ ਦੇ ਰਿਹਾ ਹੈ।

ਇਸੇ ਗੀਤ ਦੇ 3.29 ਮਿੰਟ ਉੱਤੇ ਇੱਕ ਨਿਹੰਗ ਸਿੰਘ ਦੀ ਤਸਵੀਰ ਦਿਖਾਈ ਗਈ ਹੈ, ਜਿਸ ਦੇ ਪਿਛਲੇ ਪਾਸੇ ਜਰਨੈਲ ਸਿੰਘ ਭਿੰਡਰਾਂਵਾਲਿਆਂ, ਜਰਨਲ ਸੁਬੇਗ ਸਿੰਘ ਤੇ ਉਨ੍ਹਾਂ ਦੇ ਕਈ ਹੋਰ ਸਾਥੀਆਂ ਦੀ ਫੋਟੋ ਵਾਲੇ ਬੈਨਰ ਦਿਖ ਰਹੇ ਹਨ।

ਇਨ੍ਹਾਂ ਉੱਤੇ ਭਾਰਤ ਵਾਲੇ ਪਾਸੇ ਇਤਰਾਜ਼ ਕੀਤਾ ਜਾ ਰਿਹਾ ਹੈ। ਇਸੇ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਹਨ।

Image copyright Getty Images

ਕੈਪਟਨ ਨੂੰ ਕੀ ਹੈ ਇਤਰਾਜ਼

ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਤਸਵੀਰ ਨਾਲ 2020 ਰੈਫ਼ਰੈਂਡਮ ਦੇ ਪੋਸਟਰ ਦੇ ਨੂੰ ਗਾਣੇ ਵਿਚ ਦਿਖਾਏ ਜਾਣ ਉੱਤੇ ਖ਼ਿਲਾਫ਼ ਭਾਰਤੀ ਆਗੂ ਇਤਰਾਜ਼ ਪ੍ਰਗਟਾ ਰਹੇ ਹਨ।

2020 ਰੈਫ਼ਰੈਂਡਮ ਮੁਹਿੰਮ ਭਾਰਤੀ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਦਾ ਮੁਹਿੰਮ ਹੈ, ਜਿਸ ਨੂੰ ਅਮਰੀਕਾ ਦਾ ਇੱਕ 'ਸਿੱਖ ਫਾਰ ਜਸਟਿਸ ਨਾਂ ਦਾ ਸੰਗਠਨ ਚਲਾਉਂਦਾ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਕਈ ਭਾਰਤੀ ਆਗੂ ਇਸ ਨੂੰ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐੱਸਆਈ ਦੀ ਸਾਜਿਸ਼ ਕਰਾਰ ਦਿੰਦੇ ਰਹੇ ਹਨ।

ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਨੇ ਇਲਜ਼ਾਮ ਲਾਇਆ ਸੀ ਕਿ ਆਈਐੱਸਆਈ ਕਰਤਾਰਪੁਰ ਲਾਂਘੇ ਦੀ ਆੜ ਵਿਚ ਭਾਰਤ ਵਿਚ ਵੱਖਵਾਦ ਨੂੰ ਹਵਾ ਦੇ ਰਿਹਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)