ਟੀਐੱਨ ਸੇਸ਼ਨ: ਉਹ ਚੋਣ ਅਧਿਕਾਰੀ ਜਿਨ੍ਹਾਂ ਕੋਲੋਂ ਸਿਆਸਦਾਨ ਡਰਦੇ ਸਨ

ਟੀਐੱਨ ਸੇਸ਼ਨ Image copyright K. GOVINDAN KUTTY

ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਟੀਐੱਨ ਸੈਸ਼ਨ ਦਾ ਐਤਵਾਰ ਨੂੰ ਰਾਤ 9.30 ਵਜੇ ਦੇ ਕਰੀਬ ਦੇਹਾਂਤ ਹੋ ਗਿਆ। ਚੇਨੱਈ ਵਿੱਚ ਹੀ ਉਨ੍ਹਾਂ ਦੇ ਆਪਣੇ ਘਰ 'ਚ ਆਖ਼ਰੀ ਸਾਹ ਲਏ। ਟੀਐੱਨ ਸੇਸ਼ਨ 86 ਸਾਲ ਦੇ ਸਨ।

1955 ਬੈਚ ਦੇ ਆਈਏਐੱਸ ਅਧਿਕਾਰੀ ਰਹੇ ਟੀਐੱਨ ਸੇਸ਼ਨ 12 ਦਸੰਬਰ 1990 ਨੂੰ ਭਾਰਤ ਦੇ 10ਵੇਂ ਮੁੱਖ ਚੋਣ ਕਮਿਸ਼ਨਰ ਬਣਾਏ ਗਏ ਸਨ। ਉਨ੍ਹਾਂ ਨੂੰ ਦੇਸ ਵਿੱਚ ਵਿਆਪਕ ਚੋਣ ਸੁਧਾਰ ਕਰਵਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ।

ਬੀਤੇ ਦਹਾਕਿਆਂ ਵਿੱਚ ਟੀਐੱਨ ਸੇਸ਼ਨ ਤੋਂ ਵੱਧ ਨਾਮ ਸ਼ਾਇਦ ਹੀ ਕਿਸੇ ਅਫਸਰ ਨੇ ਕਮਾਇਆ ਹੋਵੇ। 90 ਦੇ ਦਹਾਕੇ ਵਿੱਚ ਤਾਂ ਭਾਰਤ 'ਚ ਇੱਕ ਮਜ਼ਾਕ ਬਣ ਗਿਆ ਸੀ ਕਿ ਭਾਰਤੀ ਸਿਆਸਤਦਾਨ ਸਿਰਫ਼ ਦੋ ਚੀਜ਼ਾਂ ਤੋਂ ਡਰਦੇ ਹਨ।

ਇੱਕ ਰੱਬ ਤੋਂ ਤੇ ਦੂਜਾ ਟੀਐੱਨ ਸੇਸ਼ਨ ਤੋਂ ਅਤੇ ਜ਼ਰੂਰੀ ਨਹੀਂ ਕਿ ਕਿਸੇ ਉਮਰ ਵਿੱਚ। ਸੇਸ਼ਨ ਦੇ ਆਉਣ ਤੋਂ ਪਹਿਲਾਂ ਮੁੱਖ ਚੋਣ ਕਮਿਸ਼ਨਰ ਇੱਕ ਜੀ-ਹਜ਼ੂਰੀ ਵਾਲਾ ਅਫਸਰਸ਼ਾਹ ਹੁੰਦਾ ਸੀ ਜੋ ਉਹੀ ਕਰਦਾ ਸੀ ਜੋ ਉਸ ਵੇਲੇ ਦੀ ਸਰਕਾਰ ਚਾਹੁੰਦੀ ਸੀ।

ਇਹ ਵੀ ਪੜ੍ਹੋ:

ਸੇਸ਼ਨ ਵੀ ਇੱਕ ਚੰਗੇ ਪ੍ਰਬੰਧਕ ਦੇ ਅਕਸ ਨਾਲ ਭਾਰਤੀ ਅਫਸਰਸ਼ਾਹੀ ਦੇ ਸਭ ਤੋਂ ਉੱਚੇ ਅਹੁਦੇ ਕੈਬਨਿਟ ਸਕੱਤਰ ਤੱਕ ਪਹੁੰਚੇ ਸਨ।

Image copyright K. Govindan Kutty
ਫੋਟੋ ਕੈਪਸ਼ਨ ਸੇਸ਼ਨ ਦੇ ਨਾਲ ਕੇ ਗੋਵਿੰਦਨ ਕੱਟੀ

ਉਨ੍ਹਾਂ ਦੀ ਪ੍ਰਸਿੱਧੀ ਦਾ ਕਰਨ ਇਹੀ ਸੀ ਕਿ ਉਨ੍ਹਾਂ ਨੇ ਜਿਸ ਮੰਤਰਾਲੇ ਵਿੱਚ ਕੰਮ ਕੀਤਾ ਉਸ ਮੰਤਰੀ ਦਾ ਅਕਸ ਆਪਣੇ ਆਪ ਹੀ ਸੁਧਰ ਗਿਆ। ਪਰ 1990 ਵਿੱਚ ਮੁੱਖ ਚੋਣ ਅਧਿਕਾਰੀ ਬਣਨ ਤੋਂ ਬਾਅਦ ਸੇਸ਼ਨ ਨੇ ਆਪਣੇ ਮੰਤਰੀਆਂ ਤੋਂ ਮੂੰਹ ਫੇਰ ਲਿਆ।

ਸਗੋਂ ਉਨ੍ਹਾਂ ਨੇ ਬਕਾਇਦਾ ਐਲਾਨ ਕੀਤਾ, "ਆਈ ਈਟ ਪਾਲੀਟੀਸ਼ੀਅੰਜ਼ ਫਾਰ ਬ੍ਰੇਕਫਾਸਟ।'' ਉਨ੍ਹਾਂ ਨੇ ਨਾ ਸਿਰਫ਼ ਇਸਦਾ ਐਲਾਨ ਕੀਤਾ ਸਗੋਂ ਇਸ ਨੂੰ ਕਰਕੇ ਵੀ ਵਿਖਾਇਆ। ਤਾਂ ਹੀ ਤਾਂ ਉਨ੍ਹਾਂ ਦਾ ਦੂਜਾ ਨਾਮ ਰੱਖਿਆ ਗਿਆ, ''ਅਲਸੇਸ਼ੀਅਨ''।

ਚੋਣ ਸੁਧਾਰ ਦਾ ਕੰਮ

1992 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਸਾਰੇ ਜ਼ਿਲ੍ਹਾ ਮੈਜੀਸਟ੍ਰੇਟਾਂ, ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਕਰੀਬ 280 ਚੋਣ ਸੁਪਰਵਾਈਜ਼ਰਾਂ ਨੂੰ ਸਾਫ਼ ਕਰ ਦਿੱਤਾ ਕਿ ਚੋਣਾਂ ਤੱਕ ਕਿਸੇ ਵੀ ਤਰ੍ਹਾਂ ਦੀ ਗ਼ਲਤੀ ਲਈ ਉਹ ਉਨ੍ਹਾਂ ਪ੍ਰਤੀ ਜਵਾਬਦੇਹ ਹੋਣਗੇ।

ਇੱਕ ਰਿਟਰਨਿੰਗ ਅਫਸਰ ਨੇ ਉਦੋਂ ਹੀ ਇੱਕ ਮਜ਼ੇਦਾਰ ਟਿੱਪਣੀ ਕੀਤੀ ਸੀ, "ਅਸੀਂ ਇੱਕ ਦਿਆਲੂ ਇਨਸਾਨ ਦੀ ਦਿਆ 'ਤੇ ਨਿਰਭਰ ਹਾਂ।''

ਸਿਰਫ਼ ਉੱਤਰ ਪ੍ਰਦੇਸ਼ ਵਿੱਚ ਸੇਸ਼ਨ ਨੇ ਕਰੀਬ 50,000 ਮੁਲਜ਼ਮਾਂ ਨੂੰ ਇਹ ਬਦਲ ਦਿੱਤਾ ਕਿ ਜਾਂ ਤਾਂ ਉਹ ਅੰਤਰਿਮ ਜ਼ਮਾਨਤ ਲੈ ਲੈਣ ਜਾਂ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦੇਣ।

Image copyright Getty Images

ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਦੇ ਦਿਨ ਪੰਜਾਬ ਦੇ ਮੰਤਰੀਆਂ ਦੇ 18 ਗਨ ਮੈਨਜ਼ ਨੂੰ ਸੂਬੇ ਦੀ ਸੀਮਾ ਪਾਰ ਕਰਦੇ ਹੋਏ ਦਬੋਚਿਆ ਗਿਆ। ਉੱਤਰ ਪ੍ਰਦੇਸ਼ ਅਤੇ ਬਿਹਾਰ ਸੀਮਾ 'ਤੇ ਤਾਇਨਾਤ ਨਾਗਾਲੈਂਡ ਪੁਲਿਸ ਨੇ ਬਿਹਾਰ ਦੇ ਵਿਧਾਇਕ ਪੱਪੂ ਯਾਦਵ ਨੂੰ ਸੀਮਾ ਨਹੀਂ ਪਾਰ ਕਰਨ ਦਿੱਤੀ।

ਸੇਸ਼ਨ ਦੇ ਸਭ ਤੋਂ ਹਾਈ ਪ੍ਰੋਫਾਈਲ ਸ਼ਿਕਾਰ ਸਨ ਹਿਮਾਚਲ ਪ੍ਰਦੇਸ਼ ਦੇ ਤਤਕਾਲੀ ਰਾਜਪਾਲ ਗੁਲਸ਼ੇਰ ਅਹਿਮਦ। ਚੋਣ ਕਮਿਸ਼ਨ ਵੱਲੋਂ ਸਤਨਾ ਦੀਆਂ ਚੋਣਾਂ ਰੱਦ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ।

ਗੁਲਸ਼ੇਰ ਅਹਿਮਦ 'ਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਗਵਰਨਰ ਅਹੁਦੇ 'ਤੇ ਰਹਿੰਦੇ ਹੋਏ ਆਪਣੇ ਮੁੰਡੇ ਦੇ ਪੱਖ ਵਿੱਚ ਸਤਨਾ ਚੋਣ ਖੇਤਰ ਵਿੱਚ ਚੋਣ ਪ੍ਰਚਾਰ ਕੀਤਾ ਸੀ।

ਉਸੇ ਤਰ੍ਹਾਂ ਰਾਜਸਥਾਨ ਦੇ ਤਤਕਾਲੀ ਰਾਜਪਾਲ ਬਲਰਾਮ ਭਗਤ ਨੂੰ ਵੀ ਸੇਸ਼ਨ ਦਾ ਨਿਸ਼ਾਨਾ ਬਣਨਾ ਪਿਆ ਸੀ ਜਦੋਂ ਉਨ੍ਹਾਂ ਨੇ ਇੱਕ ਬਿਹਾਰੀ ਅਫਸਰ ਨੂੰ ਪੁਲਿਸ ਦਾ ਡੀਜੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।

ਉਸੇ ਤਰ੍ਹਾਂ ਪੂਰਬੀ ਉੱਤਰ ਪ੍ਰਦੇਸ਼ ਵਿੱਚ ਸਾਬਕਾ ਖਾਦ ਰਾਜ ਮੰਤਰੀ ਕਲਪਨਾਥ ਰਾਇ ਨੂੰ ਚੋਣ ਪ੍ਰਚਾਰ ਬੰਦ ਹੋ ਜਾਣ ਤੋਂ ਬਾਅਦ ਆਪਣੇ ਭਤੀਜੇ ਲਈ ਚੋਣ ਪ੍ਰਚਾਰ ਕਰਦੇ ਹੋਏ ਫੜਿਆ ਸੀ।

ਜ਼ਿਲ੍ਹਾ ਮੈਜੀਸਟ੍ਰੇਟ ਨੇ ਉਨ੍ਹਾਂ ਦੇ ਭਾਸ਼ਣ ਨੂੰ ਵਿਚਾਲੇ ਰੋਕਦੇ ਹੋਏ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੇ ਭਾਸ਼ਣ ਦੇਣਾ ਜਾਰੀ ਰੱਖਿਆ ਤਾਂ ਚੋਣ ਕਮਿਸ਼ਨ ਨੂੰ ਚੋਣ ਰੱਦ ਕਰਨ ਵਿੱਚ ਹਿਚਕਚਾਹਟ ਨਹੀਂ ਹੋਵੇਗੀ।

ਇਹ ਵੀ ਪੜ੍ਹੋ:

ਸੰਤੁਸ਼ਟੀ ਲਈ ਲਿਖੀ ਸਵੈ-ਜੀਵਨੀ

ਚੋਣ ਕਮਿਸ਼ਨ ਵਿੱਚ ਉਨ੍ਹਾਂ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਮਸੂਰੀ ਦੀ ਲਾਲ ਬਹਾਦੁਰ ਸ਼ਾਸਤਰੀ ਅਕੈਡਮੀ ਨੇ ਉਨ੍ਹਾਂ ਨੂੰ ਆਈਏਐੱਸ ਅਧਿਕਾਰੀਆਂ ਨੂੰ ਭਾਸ਼ਣ ਦੇਣ ਲਈ ਬੁਲਾਇਆ।

ਸੇਸ਼ਨ ਦਾ ਪਹਿਲਾ ਵਾਕਿਆ ਸੀ, "ਤੁਹਾਡੇ ਤੋਂ ਵੱਧ ਤਾਂ ਇੱਕ ਪਾਨ ਵਾਲਾ ਕਮਾਉਂਦਾ ਹੈ।'' ਉਨ੍ਹਾਂ ਦੇ ਇਸ ਰਵੱਈਏ ਨੇ ਸਾਫ਼ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਸੱਦਾ ਫਿਰ ਕਦੇ ਨਾ ਭੇਜਿਆ ਜਾਵੇ।''

Image copyright K. Govindan Kutty
ਫੋਟੋ ਕੈਪਸ਼ਨ ਸੇਸ਼ਨ ਦੀ ਪਤਨੀ ਜੈਲਕਸ਼ਮੀ ਦਾ ਦੇਹਾਂਤ ਪਿਛਲੇ ਸਾਲ 13 ਮਾਰਚ ਨੂੰ ਹੋਇਆ ਸੀ

ਸੇਸ਼ਨ ਆਪਣੀ ਸਵੈ-ਜੀਵਨੀ ਲਿਖ ਚੁੱਕੇ ਹਨ ਪਰ ਉਹ ਇਸ ਨੂੰ ਛਪਵਾਉਣ ਲਈ ਤਿਆਰ ਨਹੀਂ ਸਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਲੋਕਾਂ ਨੂੰ ਤਕਲੀਫ਼ ਹੋਵੇਗੀ। ਉਨ੍ਹਾਂ ਦਾ ਕਹਿਣਾ ਸੀ, ''ਮੈਂ ਇਹ ਸਵੈ-ਜੀਵਨੀ ਸਿਰਫ਼ ਆਪਣੀ ਸੰਤੁਸ਼ਟੀ ਲਈ ਲਿਖੀ ਹੈ।''

ਸੇਸ਼ਨ 1965 ਬੈਚ ਦੇ ਆਈਏਐੱਸ ਟਾਪਰ ਸਨ। ਭਾਰਤੀ ਅਫਸਰਸ਼ਾਹੀ ਦੇ ਲਗਭਗ ਸਾਰੇ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕਰਨ ਦੇ ਬਾਵਜੂਦ ਉਹ ਚੇਨੱਈ ਵਿੱਚ ਟਰਾਂਸਪੋਰਟ ਕਮਿਸ਼ਨਰ ਦੇ ਰੂਪ ਵਿੱਚ ਗੁਜ਼ਾਰੇ ਦੋ ਸਾਲਾਂ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਚੰਗਾ ਸਮਾਂ ਮੰਨਦੇ ਸਨ।

ਉਸ ਪੋਸਟਿੰਗ ਦੌਰਾਨ 3000 ਬੱਸਾਂ ਤੇ 40,000 ਹਜ਼ਾਰ ਕਰਮਚਾਰੀ ਉਨ੍ਹਾਂ ਦੇ ਹੇਠਾਂ ਕੰਮ ਕਰਦੇ ਸਨ। ਇੱਕ ਵਾਰ ਇੱਕ ਡਰਾਈਵਰ ਨੇ ਸੇਸ਼ਨ ਨੂੰ ਪੁੱਛਿਆ ਕਿ ਜੇਕਰ ਤੁਸੀਂ ਬੱਸ ਦੇ ਇੰਜਨ ਨੂੰ ਨਹੀਂ ਸਮਝਦੇ ਅਤੇ ਇਹ ਨਹੀਂ ਸਮਝਦੇ ਕਿ ਬੱਸ ਨੂੰ ਡਰਾਈਵ ਕਿਵੇਂ ਕੀਤਾ ਜਾਂਦਾ ਹੈ ਤਾਂ ਤੁਸੀਂ ਡਰਾਈਵਰਾਂ ਦੀਆਂ ਦਿੱਕਤਾਂ ਨੂੰ ਕਿਵੇਂ ਸਮਝੋਗੇ।

ਬੱਸ ਵਰਕਸ਼ਾਪ ਵਿੱਚ ਸੇਸ਼ਨ

ਸੇਸ਼ਨ ਨੇ ਇਸ ਨੂੰ ਇੱਕ ਚੁਣੌਤੀ ਦੇ ਰੂਪ ਵਿੱਚ ਲਿਆ। ਉਨ੍ਹਾਂ ਨੇ ਨਾ ਸਿਰਫ਼ ਬੱਸ ਚਲਾਉਣੀ ਸਿੱਖੀ ਸਗੋਂ ਬੱਸ ਵਰਕਸ਼ਾਪ ਵਿੱਚ ਵੀ ਕਾਫ਼ੀ ਸਮਾਂ ਬਤੀਤ ਕੀਤਾ।

ਉਨ੍ਹਾਂ ਦਾ ਕਹਿਣਾ ਸੀ, ''ਮੈਂ ਇੰਜਨਾਂ ਨੂੰ ਬੱਸ ਵਿੱਚੋਂ ਕੱਢ ਕੇ ਮੁੜ ਉਨ੍ਹਾਂ ਵਿੱਚ ਫਿੱਟ ਕਰ ਸਕਦਾ ਸੀ।''

ਇੱਕ ਵਾਰ ਉਨ੍ਹਾਂ ਨੂੰ ਸੜਕ ਦੇ ਵਿਚਾਲੇ ਡਰਾਈਵਰ ਨੂੰ ਰੋਕ ਕੇ ਸਟੇਅਰਿੰਗ ਸੰਭਾਲ ਲਿਆ ਅਤੇ ਸਵਾਰੀਆਂ ਨਾਲ ਭਰੀ ਬੱਸ ਨੂੰ 80 ਕਿੱਲੋਮੀਟਰ ਤੱਕ ਚਲਾਇਆ।

ਟੀਐੱਨ ਸੇਸ਼ਨ ਨੇ ਹੀ ਚੋਣਾਂ ਵਿੱਚ ਪਛਾਣ ਪੱਤਰ ਦੀ ਵਰਤੋਂ ਨੂੰ ਲਾਜ਼ਮੀ ਕੀਤਾ ਸੀ।

ਨੇਤਾਵਾਂ ਨੇ ਇਸਦਾ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਇਹ ਭਾਰਤ ਵਰਗੇ ਮੁਲਕ ਲਈ ਬੜੀ ਖਰਚੀਲੀ ਚੀਜ਼ ਹੈ।

ਸੇਸ਼ਨ ਦਾ ਜਵਾਬ ਸੀ ਕਿ ਜੇਕਰ ਵੋਟਰ ਪਛਾਣ ਪੱਤਰ ਨਹੀਂ ਬਣਾਏ ਗਏ ਤਾਂ 1 ਜਨਵਰੀ 1995 ਤੋਂ ਬਾਅਦ ਭਾਰਤ ਵਿੱਚ ਕੋਈ ਚੋਣਾਂ ਨਹੀਂ ਕਰਵਾਈਆਂ ਜਾਣਗੀਆਂ।

ਕਈ ਚੋਣਾਂ ਨੂੰ ਸਿਰਫ਼ ਇਸੇ ਕਰਕੇ ਰੱਦ ਕਰ ਦਿੱਤਾ ਗਿਆ ਕਿਉਂਕਿ ਉਸ ਸੂਬੇ ਵਿੱਚ ਵੋਟਰ ਪਛਾਣ ਪੱਤਰ ਤਿਆਰ ਨਹੀਂ ਸਨ।

ਇਹ ਵੀ ਪੜ੍ਹੋ:

ਉਨ੍ਹਾਂ ਦੀ ਇੱਕ ਹੋਰ ਮਹਾਰਤ ਸੀ ਉਮੀਦਵਾਰਾਂ ਦੇ ਚੋਣ ਖਰਚੇ ਨੂੰ ਘੱਟ ਕਰਨਾ। ਉਨ੍ਹਾਂ ਤੋਂ ਇੱਕ ਵਾਰ ਇੱਕ ਪੱਤਰਕਾਰ ਨੇ ਪੁੱਛਿਆ ਸੀ, "ਤੁਸੀਂ ਹਰ ਵੇਲੇ ਕੋੜੇ ਦੀ ਵਰਤੋਂ ਕਿਉਂ ਕਰਨਾ ਚਾਹੁੰਦੇ ਹੋ?"

ਸੇਸ਼ਨ ਦਾ ਜਵਾਬ ਸੀ, "ਮੈਂ ਉਹ ਕਰ ਰਿਹਾ ਹਾਂ ਜੋ ਕਾਨੂੰਨ ਮੇਰੇ ਕੋਲੋਂ ਕਰਵਾਉਣਾ ਚਾਹੁੰਦਾ ਹੈ। ਉਸ ਤੋਂ ਨਾ ਵੱਧ ਨਾ ਘੱਟ। ਜੇਕਰ ਤੁਹਾਨੂੰ ਕਾਨੂੰਨ ਪਸੰਦ ਨਹੀਂ ਤਾਂ ਉਸ ਨੂੰ ਬਦਲ ਦਿਓ ਪਰ ਜਦੋਂ ਤੱਕ ਕਾਨੂੰਨ ਹੈ ਮੈਂ ਉਸ ਨੂੰ ਟੁੱਟਣ ਨਹੀਂ ਦਿਆਂਗਾ।''

ਟੀਐੱਨ ਸੇਸ਼ਨ ਨੂੰ 1996 ਵਿੱਚ ਰੇਮਨ ਮੇਗਸੇਸੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ