ਮਹਾਰਾਸ਼ਟਰ: ਰਾਸ਼ਟਰਪਤੀ ਰਾਜ ਲਾਗੂ, ਸ਼ਿਵ ਸੈਨਾ ਪਹੁੰਚੀ ਅਦਾਲਤ

ਮਹਾਰਾਸ਼ਟਰ Image copyright Getty Images

ਮਹਾਰਾਸ਼ਟਰ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦਾ ਕਾਂਗਰਸ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ।

ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਕਿ ਰਾਜਪਾਲ ਭਗਤ ਸਿੰਘ ਕੋਸ਼ੀਆਰੀ ਨੇ ਰਾਸ਼ਟਰਪਤੀ ਰਾਜ ਲਗਾ ਕੇ ਸੰਵਿਧਾਨ ਪ੍ਰਕਿਰਿਆ ਦਾ ਮਜ਼ਾਕ ਬਣਾਇਆ ਹੈ। ਕਾਂਗਰਸ ਨੇ ਸਰਕਾਰ ਬਣਾਉਣ ਲਈ ਐੱਨਸੀਪੀ ਤੇ ਸ਼ਿਵ ਸੈਨਾ ਨੂੰ ਮਨਆਇਆ ਸਮਾਂ ਦੇਣ ਉੱਤੇ ਵੀ ਸਵਾਲ ਖੜ੍ਹੇ ਕੀਤੇ।

ਪਾਰਟੀ ਨੇ ਇੱਕ ਹੋਰ ਬੁਲਾਰੇ ਮਨੂ ਸਿੰਘਵੀ ਨੇ ਕਿਹਾ ਕਿ ਇਹ ਰਾਸ਼ਟਰਪਤੀ ਰਾਜ ਨਹੀਂ ਭਾਜਪਾ ਦਾ ਲੁਕਵਾਂ ਸ਼ਾਸਨ ਹੈ।

ਇਸ ਤੋਂ ਪਹਿਲਾ ਰਾਜਪਾਲ ਨੇ ਭਾਜਪਾ, ਐੱਨਸੀਪੀ ਤੇ ਸ਼ਿਵ ਸੈਨਾ ਕਿਸੇ ਵਲੋਂ ਸਰਕਾਰ ਨਾ ਬਣਾ ਸਕਣ ਤੋਂ ਬਾਅਦ ਰਾਸਟਰਪਤੀ ਰਾਜ ਲਾਗੂ ਕਰ ਦਿੱਤਾ। ਇਸੇ ਦੌਰਾਨ ਸ਼ਿਵ ਸੈਨਾ ਨੇ ਰਾਜਪਾਲ ਖ਼ਿਲਾਫ਼ ਸੁਪਰੀਮ ਕੋਰਟ ਦਾ ਦਰ ਖੜਕਾਇਆ ਹੈ।

ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰ ਫਿਰ ਕਿਹਾ ਕਿ ਉਹ ਸੂਬੇ ਵਿਚ ਸਰਕਾਰ ਬਣਾਏਗੀ। ਪਰ ਉਧਵ ਠਾਕਰੇ ਦਾ ਕਹਿਣਾ ਸੀ ਕਿ ਭਾਜਪਾ ਦਾ ਰਾਹ ਬੰਦ ਹੋ ਚੁੱਕਾ ਹੈ , ਸ਼ਿਵ ਸੈਨਾ ਦਾ ਨਹੀਂ।

ਸੋਮਵਾਰ ਦਾ ਸਿਆਸੀ ਡਰਾਮਾ

ਮਹਾਰਾਸ਼ਟਰ ਦੇ ਰਾਜਪਾਲ ਨੇ ਕੱਲ ਐੱਨਸੀਪੀ ਨੂੰ ਸਰਕਾਰ ਬਣਾਉਣ ਲਈ 24 ਘੰਟੇ ਦਾ ਸਮਾਂ ਦਿੱਤਾ ਸੀ । ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਐਨਸੀਪੀ ਆਗੂ ਜਯੰਤ ਪਾਟਿਲ ਨੇ ਕਿਹਾ ਸੀ ਕਿ ਰਾਜਪਾਲ ਨੇ 24 ਘੰਟੇ ਦਾ ਸਮਾਂ ਦਿੱਤਾ ਹੈ।

ਮੰਗਲਵਾਰ ਨੂੰ ਕਾਂਗਰਸ ਨਾਲ ਵਿਚਾਰ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਉਹ ਉਡੀਕ ਕਰੋ ਤੇ ਦੇਖੋ ਦੀ ਗਿਣਤੀ ਅਪਣਾ ਰਹੀ ਹੈ।

ਇਸ ਤੋਂ ਪਹਿਲਾਂ ਐਨਸੀਪੀ ਦੇ ਆਗੂ ਅਜੀਤ ਪਵਾਰ ਨੇ ਸ਼ਾਮੀ ਕਰੀਬ 8.30 ਵਜੇ ਮੀਡੀਆ ਨੂੰ ਦੱਸਿਆ ਸੀ , 'ਰਾਜਪਾਲ ਨੇ ਮੈਨੂੰ ਸ਼ਗਨ ਭੁਜਵਲ ਅਤੇ ਜਯੰਤ ਪਾਟਿਲ ਨਾਲ ਮਿਲਣ ਲਈ ਬੁਲਾਇਆ ਹੈ, ਮੈਂ ਨਹੀਂ ਜਾਣਦਾ ਕਿਸ ਵਾਸਤੇ ,ਪਰ ਰਾਜਪਾਲ ਅਹਿਮ ਹਸਤੀ ਹਨ, ਇਸ ਲਈ ਅਸੀ ਮਿਲਣ ਜਾ ਰਹੇ ਹਾਂ'।

ਐਨਸੀਪੀ ਦੇ ਪੰਜ ਆਗੂ ਰਾਜਪਾਲ ਭਗਤ ਸਿੰਘ ਕੋਸ਼ੀਆਰੀ ਨੂੰ ਮਿਲਣ ਜਾ ਰਹੇ ਹਨ।

ਐਨਸੀਪੀ ਆਗੂਆਂ ਨੇ ਕਿਹਾ ਕਿ ਰਾਜਪਾਲ ਅੱਜ ਜੋ ਵੀ ਪੱਤਰ ਦੇਣਗੇ ਉਸਦੇ ਮੁਤਾਬਕ ਮੰਗਲਵਾਰ ਨੂੰ ਸਹਿਯੋਗੀ ਕਾਂਗਰਸ ਨਾਲ ਵਿਚਾਰ ਕਰਕੇ ਨਵੀਂ ਸਰਕਾਰ ਦੇ ਗਠਨ ਬਾਰੇ ਕਦਮ ਚੁੱਕਾਗੇ।

ਉੱਧਰ ਕਾਂਗਰਸ ਨੇ ਵੀ ਐਲਾਨ ਕੀਤਾ ਹੈ ਕਿ ਐੱਨਸੀਪੀ ਜੋ ਵੀ ਫ਼ੈਸਲਾ ਲਵੇਗੀ ਕਾਂਗਰਸ ਉਸ ਦਾ ਸਮਰਥਨ ਕਰੇਗੀ।

ਇਹ ਵੀ ਪੜ੍ਹੋ-

ਇਸ ਤੋਂ ਪਹਿਲਾ ਸ਼ਿਵ ਸੈਨਾ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ, ਪਰ ਐੱਨਸੀਪੀ ਤੇ ਕਾਂਗਰਸ ਦੇ ਸਮਰਥਨ ਦੀ ਚਿੱਠੀ ਨਾ ਹੋਣ ਕਾਰਨ ਰਾਜਪਾਲ ਨੇ ਉਨ੍ਹਾਂ ਨੂੰ ਹੋਰ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਦਾਅਵਾ ਬਾਰੇ ਸ਼ਿਵ ਸੈਨਾ ਨੇ ਕੀ ਕਿਹਾ

ਸ਼ਿਵ ਸੈਨਾ ਆਗੂ ਅਦਿੱਤਿਆ ਠਾਕਰੇ ਨੇ ਕਿਹਾ ਹੈ ਕਿ ਮਹਾਰਾਸਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਉਨ੍ਹਾਂ ਦਾ ਸਰਕਾਰ ਬਣਾਉਣ ਦਾ ਦਾਅਵਾ ਅਜੇ ਰੱਦ ਨਹੀਂ ਕੀਤਾ ਹੈ।

ਠਾਕਰੇ ਨੇ ਕਿਹਾ ਕਿ ਰਾਜਪਾਲ ਅੱਗੇ ਉਨ੍ਹਾਂ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਉਨ੍ਹਾਂ ਨੇ ਇਸ ਲਈ 48 ਘੰਟਿਆਂ ਦਾ ਸਮਾਂ ਮੰਗਿਆ ਹੈ, ਪਰ ਰਾਜਪਾਲ ਨੇ ਇਹ ਦੇਣ ਤੋਂ ਇਨਕਾਰ ਕਰ ਦਿੱਤਾ।

ਠਾਕਰੇ ਨੇ ਦਾਅਵਾ ਕੀਤਾ, 'ਅਸੀਂ ਸਥਾਈ ਸਰਕਾਰ ਬਣਾਵਾਂਗੇ'।

Image copyright Getty Images

ਇਸੇ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਮਲਿਕਾਅਰਜੁਨ ਖੜਗੇ ਨੇ ਕਿਹਾ ਪਾਰਟੀ ਅੰਦਰ ਗੱਲਬਾਤ ਦੇ ਕਈ ਗੇੜ ਹੋ ਚੁੱਕੇ ਹਨ, ਇਸ ਬਾਬਤ ਸੋਨੀਆ ਗਾਂਧੀ ਨੇ ਸ਼ਰਦ ਪਵਾਰ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਇਸ ਉੱਤੇ ਮੰਗਲਵਾਰ ਨੂੰ ਗੱਲਬਾਤ ਜਾਰੀ ਰਹੇਗੀ।

ਕਾਂਗਰਸ ਨਹੀਂ ਖੋਲ਼ ਰਹੀ ਪੱਤੇ

ਕਾਂਗਰਸ ਪਾਰਟੀ ਦੀ ਸਰਕਾਰ ਵਿਚ ਕੀ ਭੂਮਿਕਾ ਹੋਵੇਗੀ , ਉਹ ਸ਼ਿਵ ਸੈਨਾ ਨਾਲ ਭਿਆਲੀ ਪਾਵੇਗੀ ਜਾਂ ਨਹੀਂ ਇਸ ਬਾਰੇ ਫੈ਼ਸਲਾ ਸ਼ਾਮੀ ਚਾਰ ਵਜੇ ਵਾਲੀ ਪਾਰਟੀ ਦੀ ਬੈਠਕ ਨਹੀਂ ਹੋ ਸਕਿਆ।

ਸ਼ਰਦ ਪਵਾਰ ਨਾਲ ਬੈਠਕ ਤੋਂ ਬਾਅਦ ਉਧਵ ਠਾਕਰੇ ਨੇ ਕਾਂਗਰਸ ਪ੍ਰਧਾਨ ਸੋਨੀਆ ਨਾਲ ਫੋਨ ਉੱਤੇ ਗੱਲਬਾਤ ਕਰਕੇ ਸੰਭਾਵੀ ਸਰਕਾਰ ਲਈ ਹਮਾਇਤ ਮੰਗੀ। ਸੋਨੀਆ ਨੇ ਇਸ ਬਾਰੇ ਫ਼ੈਸਲਾ ਵਿਧਾਇਕਾਂ ਦੀ ਰਾਇ ਲੈਣ ਤੋਂ ਬਾਅਦ ਹੀ ਕਰਨਗੇ।

ਸ਼ਾਮ ਨੂੰ ਜਦੋਂ ਸ਼ਿਵ ਸੈਨਾ ਨੇ ਦਾਅਵਾ ਪੇਸ਼ ਵੀ ਕਰ ਦਿੱਤਾ ਤਾਂ ਕਾਂਗਰਸ ਆਗੂ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਕਾਂਗਰਸ ਨੇ ਅਜੇ ਸਰਕਾਰ ਨੂੰ ਸਮਰਥਨ ਨਹੀਂ ਦਿੱਤਾ ਹੈ।

Image copyright Getty Images
ਫੋਟੋ ਕੈਪਸ਼ਨ ਸ਼ਰਦ ਪਵਾਰ ਤੇ ਉਧਵ ਠਾਕਰੇ ਨੇ ਬੈਠਕ ਕਰਕੇ ਸਰਕਾਰ ਬਣਾਉਣ ਦੀ ਸੰਭਾਵਨਾ ਉੱਤੇ ਵਿਚਾਰ ਕੀਤਾ

ਐੱਨਸੀਪੀ ਅਤੇ ਕਾਂਗਰਸ ਵਿਚਾਲੇ ਵੀ ਬੈਠਕਾਂ ਦਾ ਦੌਰ ਲਗਾਤਰਾ ਜਾਰੀ ਹੈ।

ਅਰਵਿੰਦ ਸਾਵੰਤ ਦਾ ਅਸਤੀਫ਼ਾ

ਇਸ ਤੋਂ ਪਹਿਲਾਂ ਸ਼ਿਵ ਸੈਨਾ ਦੇ ਕੋਟੇ ਦੇ ਕੇਂਦਰੀ ਮੰਤਰੀ ਅਰਵਿੰਦ ਸਾਵੰਤ ਨੇ ਨਰਿੰਦਰ ਮੋਦੀ ਦੀ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ। ਜਿਸ ਤੋਂ ਸ਼ਿਵ ਸੈਨਾ ਦੇ ਕੇਂਦਰੀ ਸੱਤਾਧਾਰੀ ਗਠਜੋੜ ਦੇ ਬਾਹਰ ਆਉਣ ਦਾ ਰਸਤਾ ਸਾਫ਼ ਹੋ ਗਿਆ ਸੀ।

ਅਰਵਿੰਦ ਸਾਵੰਤ ਸ਼ਿਵ ਸੈਨਾ ਦੇ ਲੋਕ ਸਭਾ ਮੈਂਬਰ ਹਨ। ਉਨ੍ਹਾਂ ਨੇ ਟਵੀਟ ਕਰਕੇ ਅਸਤੀਫ਼ੇ ਦਾ ਐਲਾਨ ਕੀਤਾ।

ਅਰਵਿੰਦ ਸਾਵੰਤ ਨੇ ਟਵੀਟ ਕਰਕੇ ਕਿਹਾ, "ਸ਼ਿਵ ਸੈਨਾ ਸੱਚ ਦੇ ਨਾਲ ਹੈ। ਇਸ ਮਾਹੌਲ ਵਿੱਚ ਦਿੱਲੀ 'ਚ ਸਰਕਾਰ ਵਿੱਚ ਬਣੇ ਰਹਿਣ ਦਾ ਕੀ ਮਤਲਬ ਹੈ? ਇਸ ਲਈ ਮੈਂ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ।"

Image copyright PTI

ਸਾਵੰਤ ਦੇ ਅਸਤੀਫੇ ਤੋਂ ਬਾਅਦ ਸ਼ਿਵ ਸੈਨਾ ਦੇ ਨੇਤਾ ਸੰਜੇ ਰਾਊਤ ਨੇ ਕਿਹਾ, "ਭਾਰਤੀ ਜਨਤਾ ਪਾਰਟੀ ਨੇ ਐਤਵਾਰ ਨੂੰ ਰਾਜਪਾਲ ਨੂੰ ਕਿਹਾ ਕਿ ਸ਼ਿਵ ਸੈਨਾ ਉਨ੍ਹਾਂ ਦੇ ਨਾਲ ਆਉਣ ਲਈ ਤਿਆਰ ਨਹੀਂ ਹੈ ਇਸ ਲਈ ਉਹ ਵਿਰੋਧੀ ਧਿਰ ਵਿੱਚ ਬੈਠਣਗੇ।"

ਉਨ੍ਹਾਂ ਕਿਹਾ, "ਇਹ ਭਾਜਪਾ ਦਾ ਹੰਕਾਰ ਹੈ। ਉਹ ਸਰਕਾਰ ਬਣਾਉਣ ਲਈ ਤਿਆਰ ਨਹੀਂ ਹਨ ਕਿਉਂਕਿ ਉਹ ਮੁੱਖ ਮੰਤਰੀ ਪਦ ਢਾਈ ਸਾਲ ਦੇਣ ਲਈ ਤਿਆਰ ਨਹੀਂ ਹਨ। ਭਾਜਪਾ ਨੇ ਮਹਾਰਾਸ਼ਟਰ ਦੀ ਜਨਤਾ ਦੀ ਬੇਇਜ਼ਤੀ ਕੀਤੀ ਹੈ। ਜਦੋਂ ਉਹ ਸ਼ਿਵ ਸੈਨਾ ਦੇ ਨਾਲ ਸਰਕਾਰ ਬਣਾਉਣ ਨੂੰ ਤਿਆਰ ਨਹੀਂ ਹਨ ਤਾਂ ਅਸੀਂ ਐਨਡੀਏ ਵਿੱਚ ਕਿਵੇ ਰਹੀਏ।"

ਅਸਤੀਫੇ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਿਵ ਸੈਨਾ ਮਹਾਰਾਸ਼ਟਰ ਵਿੱਚ ਐਨਸੀਪੀ ਤੇ ਕਾਂਗਰਸ ਦੇ ਸਮਰਥਨ ਦੇ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਐਨਸੀਪੀ ਨੇ ਇਹ ਸ਼ਰਤ ਰੱਖੀ ਸੀ ਕਿ ਸ਼ਿਵ ਸੈਨਾ ਪਹਿਲਾਂ ਐਨਡੀਏ ਤੋਂ ਬਾਹਰ ਹੋਵੇਗੀ ਤਾਂ ਹੀ ਸਮਰਥਨ ਮਿਲੇਗਾ।

ਸੰਜੇ ਰਾਊਤ ਨੇ ਕਿਹਾ, 'NCP ਹੋਵੇ ਜਾਂ ਕਾਂਗਰਸ, ਉਹ ਕੱਲ ਤੱਕ ਗੱਲ ਕਰ ਰਹੀ ਸੀ ਕਿ ਕਿਸੇ ਵੀ ਹਾਲਤ ਵਿੱਚ ਭਾਜਪਾ ਦਾ ਮੁੱਖ ਮੰਤਰੀ ਨਹੀਂ ਹੋਣਾ ਚਾਹੀਦਾ। ਹੁਣ ਇਨ੍ਹਾਂ ਪਾਰਟੀਆਂ ਦੇ ਇਮਤਿਹਾਨ ਦਾ ਸਮਾਂ ਹੈ ਕਿ ਉਹ ਉਹ ਆਉਣ ਕਿਉਂਕਿ ਸ਼ਿਵ ਸੈਨਾ ਅੱਗੇ ਨਿਕਲ ਚੁਕੀ ਹੈ। ਮੁੱਖ ਮੰਤਰੀ ਸ਼ਿਵ ਸੈਨਾ ਦਾ ਹੀ ਹੋਵੇਗਾ।''

ਕਾਂਗਰਸ ਅਤੇ ਐਨਸੀਪੀ ਨਾਲ ਸ਼ਿਵ ਸੈਨਾ ਦੀ ਵਿਚਾਰਧਾਰਾ ਨਾ ਮਿਲਣ ਦੇ ਸਵਾਲ 'ਤੇ ਸੰਜੇ ਰਾਊਤ ਕਹਿੰਦੇ ਹਨ ਕਿ ਭਾਜਪਾ ਇਸ 'ਤੇ ਸਵਾਲ ਨਾ ਪੁੱਛੇ। ਰਾਊਤ ਨੇ ਕਿਹਾ, ਕੀ ਮਹਿਬੂਬਾ ਮੁਫਤੀ ਅਤੇ ਭਾਜਪਾ ਵਿੱਚ ਵਿਚਾਰਕ ਬਰਾਬਰਤਾ ਸੀ?

ਇਹ ਵੀ ਪੜ੍ਹੋ :

NCP ਨੇਤਾ ਅਤੇ ਸੰਸਦ ਸੁਪ੍ਰਿਆ ਸੁਲੇ ਨੇ ਮਹਾਰਾਸ਼ਟਰ ਦੀ ਸਿਆਸਤ ਦੇ ਹਾਲ ਹੀ ਦੇ ਘਟਨਾਕ੍ਰਮ 'ਤੇ ਕਿਹਾ ਕਿ ਸਰਕਾਰ ਬਣਾਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਤੇ ਇਸੇ 'ਤੇ ਹੀ ਅਸੀਂ ਬੈਠਕ ਕਰਨ ਜਾ ਰਹੇ ਹਾਂ।

Image copyright Getty Images

NCP ਦੇ ਕੌਮੀ ਬੁਲਾਰੇ ਨਵਾਬ ਮਲਿਕ ਨੇ ਕਿਹਾ ਸੀ ਕਿ ਭਾਜਪਾ-ਐਨਡੀਏ ਨਾਲ ਗਠਜੋੜ ਤੋੜਨ ਅਤੇ ਇੱਕ ਘੱਟੋ-ਘੱਟ ਏਜੰਡਾ ਬਣਾਉਣ 'ਤੇ ਹੀ NCP ਸ਼ਿਵ ਸੈਨਾ ਨੂੰ ਸਮਰਥਨ ਦੇਵੇਗੀ।

ਭਾਜਪਾ ਨੇ ਇਸ ਘਟਨਾਕ੍ਰਮ 'ਤੇ ਕਿਹਾ ਹੈ ਕਿ ਜੇਕਰ ਸ਼ਿਵ ਸੈਨਾ ਲੋਕਾਂ ਦੇ ਹੁਕਮ ਦੀ ਬੇਇੱਜ਼ਤੀ ਕਰਕੇ ਐਨਸੀਪੀ ਅਤੇ ਕਾਂਗਰਸ ਨਾਲ ਸਰਕਾਰ ਬਣਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਸ਼ੁਭਕਾਮਨਾਵਾਂ।

ਮਹਾਰਾਸ਼ਟਰ ਭਾਜਪਾ ਮੁਖੀ ਚੰਦਰਕਾਂਤ ਪਾਟਿਲ ਨੇ ਕਿਹਾ, ''ਮਹਾਰਾਸ਼ਟਰ ਦੇ ਲੋਕਾਂ ਨੇ ਭਾਜਪਾ-ਸ਼ਿਵ ਸੈਨਾ ਗਠਜੋੜ ਦੇ ਲੋਕਾਂ ਨੂੰ ਸਮਰਥਨ ਦਿੱਤਾ ਸੀ। ਅਸੀਂ ਇਕੱਲੇ ਸਰਕਾਰ ਨਹੀਂ ਬਣਾ ਸਕਦੇ।''

ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਸ਼ੁੱਕਰਵਾਰ ਨੂੰ ਸੂਬੇ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਸੀ ਪਰ ਭਾਜਪਾ ਨੇ ਬਹੁਮਤ ਨਾ ਹੋਣ ਕਾਰਨ ਸਰਕਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਐਤਵਾਰ ਰਾਤ ਰਾਜਪਾਲ ਨੇ ਦੂਜੀ ਵੱਡੀ ਪਾਰਟੀ ਸ਼ਿਵ ਸੈਨਾ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ।

Image copyright Getty Images

ਹਾਲਾਂਕਿ ਸ਼ਿਵ ਸੈਨਾ ਨੇ ਕੋਲ ਵੀ 56 ਵਿਧਾਇਕ ਹੀ ਹਨ ਜਦਕਿ ਸਰਕਾਰ ਬਣਾਉਣ ਲਈ 146 ਵਿਧਾਇਕਾਂ ਦੇ ਸਮਰਥਨ ਦੀ ਲੋੜ ਹੈ। ਅਜਿਹੇ ਵਿੱਚ ਸ਼ਿਵ ਸੈਨਾ ਨੂੰ NCP ਅਤੇ ਕਾਂਗਰਸ ਦੋਵਾਂ ਦਾ ਸਮਰਥਨ ਚਾਹੀਦਾ ਹੈ। ਇਸੇ ਸਮਰਥਨ ਨੂੰ ਲੈ ਕੇ ਐਨਸੀਪੀ ਨੇ ਸ਼ਿਵ ਸੈਨਾ ਦੇ ਸਾਹਮਣੇ ਸ਼ਰਤ ਰੱਖੀ ਸੀ। ਕਿਹਾ ਜਾ ਰਿਹਾ ਹੈ ਕਿ ਕਾਂਗਰਸ ਸ਼ਿਵ ਸੈਨਾ ਅਤੇ NCP ਦੀ ਸਰਕਾਰ ਨੂੰ ਬਾਹਰ ਤੋਂ ਸਮਰਥਨ ਦੇ ਸਕਦੀ ਹੈ।

ਰਾਜਪਾਲ ਦੇ ਸੱਦ ਤੋਂ ਬਾਅਦ ਸ਼ਿਵ ਸੈਨਾ ਨੇ ਐਤਵਾਰ ਦੇਰ ਰਾਤ ਬੈਠਕ ਬੁਲਾਈ ਸੀ। ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਕਿਹਾ ਹੈ ਕਿ ਕਿਸੇ ਵੀ ਕੀਮਤ 'ਤੇ ਸੂਬੇ ਵਿੱਚ ਸ਼ਿਵ ਸੈਨਾ ਦਾ ਮੁੱਖ ਮੰਤਰੀ ਹੋਵੇਗਾ। ਸੂਬੇ ਦੇ ਮੁੱਖ ਮੰਤਰੀ ਕਾਰਜਕਾਰੀ ਦਵੇਂਦਰ ਫਡਨਵੀਸ ਨੇ ਸ਼ੁੱਕਰਵਾਰ ਨੂੰ ਅਸਤੀਫ਼ਾ ਦੇ ਦਿੱਤਾ। ਸ਼ਨੀਵਾਰ ਨੂੰ ਹੀ ਮਹਾਰਾਸ਼ਟਰ ਵਿਧਾਨ ਸਭਾ ਦਾ ਕਾਰਜਕਾਲ ਖ਼ਤਮ ਹੋ ਗਿਆ ਸੀ।

ਭਾਜਪਾ ਅਤੇ ਸ਼ਿਵ ਸੈਨਾ ਵਿੱਚ ਪਿਛਲੇ 25 ਸਾਲ ਤੋਂ ਗਠਜੋਡ ਸੀ। ਪਿਛਲੇ ਮਹੀਨੇ ਹੋਈ ਵਿਧਾਨ ਸਭਾ ਚੋਣਾਂ ਵਿੱਚ ਇਸ ਗਠਜੋੜ ਨੂੰ ਬਹੁਮਤ ਵੀ ਮਿਲਿਆ ਸੀ ਪਰ ਸ਼ਿਵ ਸੈਨਾ ਦੀ ਮੰਗ ਸੀ ਕਿ ਪੰਜ ਸਾਲ ਦੇ ਕਾਰਜਕਾਲ ਵਿੱਚ ਢਾਈ ਸਾਲ ਮੁੱਖ ਮੰਤਰੀ ਦਾ ਅਹੁਦਾ ਉਨ੍ਹਾਂ ਕੋਲ ਹੋਵੇਗਾ।

ਭਾਜਪਾ ਇਸ ਨੂੰ ਮੰਨਣ ਨੂੰ ਤਿਆਰ ਨਹੀਂ ਹੋਈ। 288 ਸੀਟਾਂ ਵਾਲੀ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਭਾਜਪਾ ਦੇ 105 ਅਤੇ ਸ਼ਿਵ ਸੈਨਾ ਦੇ 56 ਵਿਧਾਇਕ ਹਨ। ਸੂਬੇ ਵਿੱਚ ਐਨਸੀਪੀ ਅਤੇ ਕਾਂਗਰਸ ਤੀਜੇ ਤੇ ਚੌਥੇ ਨੰਬਰ 'ਤੇ ਹੈ। NCP ਦੇ 54 ਵਿਧਾਇਕ ਹਨ ਅਤੇ ਕਾਂਗਰਸ ਦੇ 44।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)