ਅਯੁੱਧਿਆ: ਫੈਸਲੇ ਬਾਰੇ ਦਿੱਤੇ ਗਏ ਸਿੱਖ ਹਵਾਲਿਆਂ ਨੂੰ ਲੈ ਕੇ ਨਾਰਾਜ਼ਗੀ ਕਿਉਂ

ਨਿਹੰਗ ਸਿੰਘ Image copyright Getty Images
ਫੋਟੋ ਕੈਪਸ਼ਨ ਕੁਝ ਸਿੱਖ ਜਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਹੈ ਕਿ ਫੈਸਲੇ 'ਚੋਂ ਸਿੱਖ ਧਰਮ ਬਾਰੇ ਰੈਫਰੈਂਸ ਨੂੰ ਹਟਾਇਆ ਜਾਵੇ

ਅਯੁੱਧਿਆ ਵਿਵਾਦ ਬਾਰੇ ਹਾਲ ਵਿੱਚ ਆਏ ਫੈਸਲੇ ਵਿੱਚ ਗੁਰੂ ਨਾਨਕ ਦੇ ਜ਼ਿਕਰ ਬਾਰੇ ਕੁਝ ਸਿੱਖ ਸੰਸਥਾਵਾਂ ਨੇ ਇਤਰਾਜ਼ ਪ੍ਰਗਟ ਕੀਤਾ ਹੈ।

ਦਹਾਕਿਆਂ ਤੋਂ ਚਲੇ ਆ ਰਹੇ ਰਾਮ ਜਨਮ ਭੂਮੀ ਤੇ ਬਾਬਰੀ ਮਸਜਿਦ ਮਾਮਲੇ ਬਾਰੇ ਪਿਛਲੇ ਹਫ਼ਤੇ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਹੈ।

ਇਸ ਫੈਸਲੇ ਅਨੁਸਾਰ ਵਿਵਾਦਿਤ ਜ਼ਮੀਨ ਹਿੰਦੂ ਪੱਖ ਨੂੰ ਦੇ ਦਿੱਤੀ ਗਈ ਜਦਕਿ ਮਸਜਿਦ ਲਈ ਅਯੁੱਧਿਆ ਵਿੱਚ ਹੀ ਵੱਖ ਤੋਂ ਪੰਜ ਏਕੜ ਜ਼ਮੀਨ ਦੇਣ ਦਾ ਹੁਕਮ ਦਿੱਤਾ ਗਿਆ।

ਹਿੰਦੂ ਧਰਮ ਕੇ ਲੋਕਾਂ ਦਾ ਦਾਅਵਾ ਸੀ ਕਿ ਉੱਥੇ ਭਗਵਾਨ ਰਾਮ ਦਾ ਜਨਮ ਹੋਇਆ ਸੀ। ਉੱਥੇ ਬਾਬਰੀ ਮਸਜਿਦ ਉਸਾਰੀ ਹੋਈ ਸੀ ਜਿਸ ਨੂੰ 6 ਦਸੰਬਰ 1992 ਨੂੰ ਢਾਹ ਦਿੱਤਾ ਗਿਆ ਸੀ।

ਸੁਪਰੀਮ ਕੋਰਟ ਦੇ ਫੈਸਲੇ ਨਾਲ ਕਈ ਮਾਮਲਿਆਂ ਦਾ ਹਵਾਲਾ ਦਿੱਤਾ ਗਿਆ ਸੀ। ਇਹ ਹਵਾਲੇ ਮੁੱਖ ਫੈਸਲੇ ਦਾ ਹਿੱਸਾ ਨਹੀਂ ਹੁੰਦੇ ਪਰ ਇਨ੍ਹਾਂ ਨੰ ਫੈਸਲੇ ਦੇ ਨਾਲ ਜੋੜਿਆ ਜਾਂਦਾ ਹੈ।

ਇਹ ਵੀ ਪੜ੍ਹੋ:

‘ਕਲਟ’ ਸ਼ਬਦ ਨਾਲ ਇਤਰਾਜ਼

ਉਨ੍ਹਾਂ ਹਵਾਲਿਆਂ ਵਿੱਚ ਪੰਨਾ ਨੰਬਰ 992 ਵਿੱਚ ਸਿੱਖਾਂ ਵਾਸਤੇ 'ਕਲਟ' ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ। ਆਕਸਫੋਰਡ ਡਿਕਸ਼ਨਰੀ ਅਨੁਸਾਰ ਕਲਟ ਦਾ ਮਤਲਬ ਹੈ ਉਹ ਧਾਰਮਿਕ ਗਰੁੱਪ ਜੋ ਆਪਣੇ ਧਾਰਮਿਕ ਵਿਸ਼ਵਾਸਾਂ ਨੂੰ ਕੱਟੜਤਾ ਨਾਲ ਮੰਨਦੇ ਹਨ ਅਤੇ ਕਈ ਤਰੀਕੇ ਦੀਆਂ ਰਸਮਾਂ ਕਰਦੇ ਹਨ। ਉਹ ਕਿਸੇ ਸਥਾਪਿਤ ਧਰਮ ਦਾ ਹਿੱਸਾ ਨਹੀਂ ਹੁੰਦੇ ਹਨ।

ਦਿੱਲੀ ਦੀ ਵਕੀਲ ਨੀਨਾ ਸਿੰਘ ਨੇ ਇਸ ਬਾਰੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 'ਕਲਟ' ਸ਼ਬਦ ਦੀ ਵਰਤੋਂ ਕਰਨਾ ਬਿਲਕੁਲ ਗ਼ਲਤ ਹੈ।

ਉਨ੍ਹਾਂ ਕਿਹਾ, "ਕਲਟ ਵਿੱਚ ਜਿਸ ਤਰੀਕੇ ਦੀਆਂ ਰਸਮਾਂ ਹੁੰਦੀਆਂ ਹਨ, ਉਸ ਸਿੱਖ ਧਰਮ ਵਿੱਚ ਮੌਜੂਦ ਨਹੀਂ ਹਨ, ਸਗੋਂ ਉਨ੍ਹਾਂ ਦਾ ਖੰਡਨ ਕੀਤਾ ਗਿਆ ਹੈ ਇਸ ਲਈ ਉਨ੍ਹਾਂ ਨੂੰ 'ਕਲਟ' ਕਹਿਣਾ ਠੀਕ ਨਹੀਂ ਹੈ।"

ਗੁਰੂ ਨਾਨਕ ਦੇ ਅਯੁੱਧਿਆ ਵਿੱਚ ਆਉਣ ਬਾਰੇ ਫੈਸਲੇ ਵਿੱਚ ਕੀ?

ਫੈਸਲੇ ਦੇ ਉਸ ਹਿੱਸੇ ਵਿੱਚ ਇੱਕ ਗਵਾਹ ਰਜਿੰਦਰ ਸਿੰਘ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਸੰਨ 1510-11 ਈਸਵੀ ਵਿੱਚ ਰਾਮ ਜਨਮਭੂਮੀ ਦੇ ਦਰਸ਼ਨਾਂ ਲਈ ਅਯੁੱਧਿਆ ਆਏ ਸੀ।

ਫੈਸਲੇ ਵਿੱਚ ਕਿਹਾ ਹੈ, "ਰਜਿੰਦਰ ਸਿੰਘ ਨੂੰ ਸਿੱਖ 'ਕਲਟ' ਦੇ ਇਤਿਹਾਸ ਬਾਰੇ ਦਿਲਚਸਪੀ ਹੈ। ਉਨ੍ਹਾਂ ਨੇ ਕਈ ਜਨਮ ਸਾਖੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਗੁਰੂ ਨਾਨਕ ਅਯੁੱਧਿਆ ਵਿੱਚ ਰਾਮ ਜਨਮਭੂਮੀ ਦੇ ਦਰਸ਼ਨਾਂ ਲਈ ਗਏ ਸਨ।"

Image copyright Getty Images

ਹਾਲਾਂਕਿ ਫੈਸਲੇ ਵਿੱਚ ਇਹ ਵੀ ਕਿਹਾ ਹੈ, "ਜਿਨ੍ਹਾਂ ਜਨਮ ਸਾਖੀਆਂ ਦਾ ਜ਼ਿਕਰ ਅਦਾਲਤ ਵਿੱਚ ਕੀਤਾ ਗਿਆ ਹੈ, ਉਸ ਨਾਲ ਇਹ ਸਾਬਿਤ ਨਹੀਂ ਹੁੰਦਾ ਹੈ ਕਿ ਅਸਲ ਵਿੱਚ ਰਾਮ ਜਨਮਭੂਮੀ ਦੀ ਜ਼ਮੀਨ ਕਿਹੜੀ ਹੈ।"

ਫੈਸਲੇ ਦੀ ਕਾਪੀ ਵਿੱਚ ਭਾਈ ਬਾਲੇ ਵਾਲੀ ਜਨਮ ਸਾਖੀ, ਭਾਈ ਵੀਰ ਸਿੰਘ ਵਾਲੀ ਜਨਮਸਾਖੀ ਸਣੇ ਕੁਝ ਹੋਰ ਜਨਮਸਾਖੀਆਂ ਦਾ ਹਵਾਲਾ ਦਿੱਤਾ ਗਿਆ ਹੈ।

ਦਿੱਲੀ ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਮਨਜੀਤ ਸਿੰਘ ਨੇ ਜਨਮ 'ਸਾਖੀਆਂ ਦੀ ਪਰੰਪਰਾ, ਮਿੱਥ-ਵਿਗਿਆਨਕ ਅਧਿਐਨ' ਬਾਰੇ ਪੀਐੱਚਡੀ ਕੀਤੀ ਹੈ।

ਉਨ੍ਹਾਂ ਕਿਹਾ, "ਜਨਮਸਾਖੀਆਂ ਇੱਕ ਸਾਹਿਤ ਹੈ ਪਰ ਉਸ ਵਿੱਚ ਕਈ ਅਜਿਹੇ ਹਿੱਸੇ ਹਨ ਜਿਨ੍ਹਾਂ ਦੀ ਇਤਿਹਾਸਕ ਪ੍ਰਮਾਣਿਕਤਾ ਨਹੀਂ ਮਿਲਦੀ ਹੈ।"

"ਜਨਮਸਾਖੀਆਂ ਅਜੋਕੇ ਇਤਿਹਾਸਕ ਮਾਪਦੰਡਾਂ ਅਨੁਸਾਰ ਨਹੀਂ ਹਨ। ਜਨਮ ਸਾਖੀਆਂ ਨੂੰ ਇਤਿਹਾਸਕ ਹਵਾਲੇ ਦੇਣ ਲਈ ਨਹੀਂ ਵਰਤਿਆ ਜਾ ਸਕਦਾ ਹੈ।"

ਇਹ ਵੀ ਪੜ੍ਹੋ:

ਫੈਸਲੇ ਵਿੱਚ 'ਨਿਹੰਗ ਸਿੰਘ' ਦਾ ਹਵਾਲਾ

ਫੈਸਲੇ ਵਿੱਚ 28 ਨਵੰਬਰ 1858 ਦੀ ਅਵਧ ਦੀ ਇੱਕ ਥਾਣੇਦਾਰ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਹੈ ਕਿ ਨਿਹੰਗ ਸਿੰਘ ਫਕੀਰ ਖਾਲਸਾ ਨੇ ਮਸਜਿਦ ਵਿੱਚ ਦਾਖਿਲ ਹੋ ਕੇ ਮੂਰਤੀਆਂ ਸਥਾਪਿਤ ਕੀਤੀਆਂ ਤੇ ਪੂਜਾ ਕੀਤੀ।

ਉਸ ਰਿਪੋਰਟ ਵਿੱਚ ਕਿਹਾ, "ਨਿਹੰਗ ਸਿੰਘ ਫਕੀਰ ਨੇ ਮਸਜਿਦ ਵਿੱਚ ਦਾਖਿਲ ਹੋ ਕੇ ਪੂਜਾ ਕੀਤੀ। ਸੁਰੱਖਿਆ ਲਈ 25 ਸਿੱਖ ਵੀ ਤਾਇਨਾਤ ਕੀਤੇ ਗਏ।"

ਵਕੀਲ ਨੀਨਾ ਸਿੰਘ ਨੇ ਇਸ ਬਾਰੇ ਵੀ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ, "ਨਿਹੰਗ ਸਿੰਘ ਗੁਰੂ ਗੋਬਿੰਦ ਸਿੰਘ ਵੇਲੇ ਹੋਏ ਹਨ। ਤੇ ਕਿਸੇ ਵੀ ਤਰੀਕੇ ਦੀ ਪੂਜਾ ਦੀ ਕੋਈ ਰਵਾਇਤ ਨਿਹੰਗ ਸਿੰਘਾਂ ਵਿੱਚ ਨਹੀਂ ਹੈ ਇਸ ਲਈ ਇਹ ਹਵਾਲਾ ਵੀ ਸਹੀ ਨਹੀਂ ਹੈ।"

ਨੀਨਾ ਸਿੰਘ ਦਾ ਕਹਿਣਾ ਹੈ ਕਿ ਉਹ ਫੈਸਲੇ ਦੇ ਇਨ੍ਹਾਂ ਹਿੱਸਿਆਂ ਨੂੰ ਹਟਾਉਣ ਲਈ ਪਟੀਸ਼ਨ ਪਾਉਣ ਜਾ ਰਹੇ ਹਨ।

ਉਨ੍ਹਾਂ ਕਿਹਾ, "ਅਯੁੱਧਿਆ ਵਿਵਾਦ ਬਾਰੇ ਫੈਸਲੇ 'ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਗੁਰੂ ਨਾਨਕ ਤੇ ਸਿੱਖਾਂ ਦੇ ਹਵਾਲੇ ਵਾਲੇ ਹਿੱਸਿਆਂ ਨੂੰ ਫੈਸਲੇ ਤੋਂ ਹਟਾਉਣਾ ਚਾਹੀਦਾ ਹੈ ਇਸ ਲਈ ਅਸੀਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਵਾਂਗੇ।"

"ਅਦਾਲਤ ਨੂੰ ਇਸ ਤਰੀਕੇ ਦੇ ਹਵਾਲਿਆਂ 'ਤੇ ਗੌਰ ਕਰਨ ਤੋਂ ਪਹਿਲਾਂ ਸਿੱਖ ਇਤਿਹਾਸਕਾਰਾਂ ਤੇ ਐੱਸਜੀਪੀਸੀ ਨਾਲ ਸਲਾਹ ਜ਼ਰੂਰ ਕਰਨੀ ਚਾਹੀਦੀ ਸੀ।"

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)