ਵਿਧਵਾ ਮਾਂ ਲਈ ਆਤਮ ਨਿਰਭਰ ਕਾਬਿਲ ਲਾੜਾ ਲੱਭਦਾ ਪੁੱਤਰ

ਗੌਰਵ ਅਧਿਕਾਰੀ ਆਪਣੀ ਮਾਂ ਦੇ ਨਾਲ Image copyright GAURAV ADHIKARI

"ਮੈਨੂੰ ਆਪਣੀ ਵਿਧਵਾ ਮਾਂ ਡੋਲਾ ਅਧਿਕਾਰੀ ਲਈ ਇੱਕ ਕਾਬਿਲ ਪਤੀ ਚਾਹੀਦਾ ਹੈ। ਮੈਂ ਰੁਜ਼ਗਾਰ ਦੇ ਸਿਲਸਿਲੇ ਵਿੱਚ ਜ਼ਿਆਦਾਤਰ ਸਮਾਂ ਘਰ ਤੋਂ ਬਾਹਰ ਹੀ ਰਹਿੰਦਾ ਹਾਂ। ਅਜਿਹੇ ਵਿੱਚ ਮੇਰੀ ਮਾਂ ਘਰ ਇਕੱਲੀ ਹੁੰਦੀ ਹੈ। ਮੈਨੂੰ ਲਗਦਾ ਹੈ ਕਿ ਇਕੱਲੇ ਜ਼ਿੰਦਗੀ ਬਤੀਤ ਕਰਨ ਦੀ ਥਾਂ ਸਭ ਨੂੰ ਬਿਹਤਰ ਤਰੀਕੇ ਨਾਲ ਜਿਉਣ ਦਾ ਹੱਕ ਹੈ।''

ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਵਿੱਚ ਫਰੈਂਚ ਕਲੋਨੀ ਦਾ ਚੰਦਨ ਨਗਰ ਅਕਸਰ ਜਗਦਾਤਰੀ ਪੂਜਾ ਅਤੇ ਬਿਜਲੀ ਦੇ ਕਾਰੀਗਰਾਂ ਕਾਰਨ ਸੁਰਖ਼ੀਆਂ ਵਿੱਚ ਰਹਿੰਦਾ ਹੈ।

ਪਰ ਇਸ ਵਾਰ ਉਹ ਇਲਾਕੇ ਦੇ ਇੱਕ ਨੌਜਵਾਨ ਗੌਰਵ ਅਧਿਕਾਰੀ ਦੇ ਫੇਸਬੁੱਕ 'ਤੇ ਲਿਖੇ ਇਸ ਪੋਸਟ ਕਾਰਨ ਸੁਰਖ਼ੀਆਂ ਵਿੱਚ ਹੈ।

ਇਸੇ ਮਹੀਨੇ ਆਸਥਾ ਨਾਮੀ ਇੱਕ ਕੁੜੀ ਨੇ ਵੀ ਆਪਣੀ ਮਾਂ ਲਈ 50 ਸਾਲ ਦੇ ਇੱਕ ਸੋਹਣੇ ਸ਼ਖ਼ਸ ਦੀ ਤਲਾਸ਼ ਵਿੱਚ ਇੱਕ ਟਵੀਟ ਕੀਤਾ ਸੀ। ਉਹ ਟਵੀਟ ਕਾਫ਼ੀ ਵਾਇਰਲ ਹੋਇਆ ਸੀ।

ਇਹ ਵੀ ਪੜ੍ਹੋ:

Image copyright GAURAV ADHIKARI

ਆਸਥਾ ਨੇ ਕਿਹਾ ਸੀ ਕਿ ਉਹ ਆਪਣੀ ਮਾਂ ਲਈ ਜਿਸ ਤਰ੍ਹਾਂ ਦਾ ਆਦਮੀ ਲੱਭ ਰਹੀ ਹੈ ਉਸ ਨੂੰ ਜ਼ਿੰਦਗੀ ਵਿੱਚ ਕਾਫ਼ੀ ਸਥਾਪਿਤ ਅਤੇ ਸ਼ਾਕਾਹਾਰੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਹ ਸ਼ਰਾਬ ਨਾ ਪੀਂਦਾ ਹੋਵੇ।

ਪੰਜ ਸਾਲ ਪਹਿਲਾਂ ਗੌਰਵ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਉਸ ਤੋਂ ਬਾਅਦ ਉਨ੍ਹਾਂ ਦੀ 45 ਸਾਲਾ ਮਾਂ ਘਰ ਵਿੱਚ ਇਕੱਲੀ ਹੀ ਰਹਿੰਦੀ ਹੈ।

ਗੌਰਵ ਇਹ ਪੋਸਟ ਪਾਉਣ ਬਾਰੇ ਦੱਸਦੇ ਹਨ, "ਮੇਰੇ ਪਿਤਾ ਕੁਲਟੀ ਵਿੱਚ ਨੌਕਰੀ ਕਰਦੇ ਸਨ। ਸਾਲ 2014 ਵਿੱਚ ਉਨ੍ਹਾਂ ਦੇ ਪਿਤਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਮਾਂ ਇਕੱਲੀ ਮਹਿਸੂਸ ਕਰਦੀ ਹੈ। ਮੈਂ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਹਾਂ। ਮੈਂ ਸਵੇਰੇ ਸੱਤ ਵਜੇ ਹੀ ਨੌਕਰੀ 'ਤੇ ਨਿਕਲ ਜਾਂਦਾ ਹਾਂ ਅਤੇ ਘਰ ਵਾਪਿਸ ਆਉਣ ਵਿੱਚ ਰਾਤ ਹੋ ਜਾਂਦੀ ਹੈ। ਸਾਰਾ ਦਿਨ ਮਾਂ ਇਕੱਲੀ ਹੀ ਰਹਿੰਦੀ ਹੈ। ਮੈਨੂੰ ਮਹਿਸੂਸ ਹੋਇਆ ਕਿ ਹਰ ਸ਼ਖ਼ਸ ਨੂੰ ਸਾਥੀ ਜਾਂ ਦੋਸਤ ਦੀ ਲੋੜ ਹੈ।''

ਇਹ ਵੀ ਪੜ੍ਹੋ:

ਕੀ ਤੁਸੀਂ ਇਸ ਪੋਸਟ ਨੂੰ ਲਿਖਣ ਤੋਂ ਪਹਿਲਾਂ ਆਪਣੀ ਮਾਂ ਨਾਲ ਗੱਲ ਕੀਤੀ ਸੀ?

ਗੌਰਵ ਨੇ ਦੱਸਿਆ, "ਮੈਂ ਮਾਂ ਨਾਲ ਗੱਲਬਾਤ ਕੀਤੀ ਸੀ। ਮਾਂ ਮੇਰੇ ਬਾਰੇ ਸੋਚ ਰਹੀ ਹੈ। ਪਰ ਮੈਂ ਵੀ ਉਨ੍ਹਾਂ ਬਾਰੇ ਸੋਚਾਂਗਾ। ਇੱਕ ਔਲਾਦ ਦੇ ਤੌਰ 'ਤੇ ਮੈਂ ਸੋਚਦਾ ਹਾਂ ਕਿ ਮਾਂ ਦੀ ਜ਼ਿੰਦਗੀ ਵਿੱਚ ਬਾਕੀ ਦਿਨ ਚੰਗੇ ਲੰਘਣ।''

Image copyright GAURAV ADHIKARI

ਕੀ ਲਿਖਿਆ ਸੀ ਗੌਰਵ ਨੇ?

ਗੌਰਵ ਨੇ ਆਖ਼ਰ ਆਪਣੀ ਫੇਸਬੁੱਕ ਪੋਸਟ ਵਿੱਚ ਲਿਖਿਆ ਹੈ, "ਮੇਰੀ ਮਾਂ ਡੋਲਾ ਅਧਿਕਾਰੀ ਹੈ। ਮੇਰੇ ਪਿਤਾ ਦਾ ਦੇਹਾਂਤ ਪੰਜ ਸਾਲ ਪਹਿਲਾਂ ਹੋਇਆ ਸੀ। ਜਿਸ ਤੋਂ ਬਾਅਦ ਮੇਰੀ ਮਾਂ ਇਕੱਲਾਪਣ ਮਹਿਸੂਸ ਕਰਦੀ ਹੈ। ਮੇਰੀ ਮਾਂ ਨੂੰ ਕਿਤਾਬਾਂ ਪੜ੍ਹਨਾ ਅਤੇ ਗਾਣੇ ਸੁਣਨਾ ਪਸੰਦ ਹੈ। ਪਰ ਮੈਂ ਆਪਣੀ ਮਾਂ ਲਈ ਇੱਕ ਸਾਥੀ ਚਾਹੁੰਦਾ ਹਾਂ। ਮੈਨੂੰ ਲਗਦਾ ਹੈ ਕਿ ਕਿਤਾਬਾਂ ਅਤੇ ਗੀਤ ਕਦੇ ਕਿਸੇ ਸਾਥੀ ਦੀ ਥਾਂ ਨਹੀਂ ਲੈ ਸਕਦੇ। ਇਕੱਲੇ ਜ਼ਿੰਦਗੀ ਬਤੀਤ ਕਰਨ ਦੀ ਥਾਂ ਚੰਗੇ ਤਰੀਕੇ ਨਾਲ ਜਿਉਣਾ ਜ਼ਰੂਰੀ ਹੈ। ਮੈਂ ਆਉਣ ਵਾਲੇ ਦਿਨਾਂ ਵਿੱਚ ਹੋਰ ਰੁਝ ਜਾਵਾਂਗਾ। ਵਿਆਹ ਹੋਵੇਗਾ, ਘਰ-ਪਰਿਵਾਰ ਹੋਵੇਗਾ, ਪਰ ਮੇਰੀ ਮਾਂ? ਸਾਨੂੰ ਰੁਪਏ-ਪੈਸੇ, ਜ਼ਮੀਨ-ਜਾਇਦਾਦ ਦਾ ਕੋਈ ਲਾਲਚ ਨਹੀਂ ਹੈ। ਪਰ ਹੋਣ ਵਾਲੇ ਪਤੀ ਨੂੰ ਆਤਮ ਨਿਰਭਰ ਹੋਣਾ ਹੋਵੇਗਾ। ਉਸ ਨੂੰ ਮੇਰੀ ਮਾਂ ਨੂੰ ਠੀਕ ਤਰ੍ਹਾਂ ਨਾਲ ਰੱਖਣਾ ਹੋਵੇਗਾ। ਮਾਂ ਦੀ ਖੁਸ਼ੀ ਵਿੱਚ ਹੀ ਮੇਰੀ ਖੁਸ਼ੀ ਹੈ। ਇਸਦੇ ਲਈ ਹੋ ਸਕਦਾ ਹੈ ਕਿ ਕਈ ਲੋਕ ਮੇਰਾ ਮਜ਼ਾਕ ਉਡਾਉਣ ਜਾਂ ਕਿਸੇ ਨੂੰ ਲਗ ਸਕਦਾ ਹੈ ਕਿ ਮੇਰਾ ਦਿਮਾਗ ਖਰਾਬ ਹੋ ਗਿਆ ਹੈ। ਅਜਿਹੇ ਲੋਕ ਮੇਰੇ 'ਤੇ ਹੱਸ ਸਕਦੇ ਹਨ। ਪਰ ਉਸ ਨਾਲ ਮੇਰਾ ਫ਼ੈਸਲਾ ਨਹੀਂ ਬਦਲੇਗਾ। ਮੈਂ ਆਪਣੀ ਮਾਂ ਨੂੰ ਇੱਕ ਨਵੀਂ ਜ਼ਿੰਦਗੀ ਦੇਣਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਇੱਕ ਨਵਾਂ ਸਾਥੀ ਅਤੇ ਦੋਸਤ ਮਿਲੇ।''

ਇਸ ਪੋਸਟ 'ਤੇ ਉਨ੍ਹਾਂ ਨੂੰ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਮਿਲ ਰਹੀ ਹੈ?

ਗੌਰਵ ਦੱਸਦੇ ਹਨ, "ਇਸ ਪੋਸਟ ਤੋਂ ਬਾਅਦ, ਬਹੁਤ ਸਾਰੇ ਲੋਕਾਂ ਨੇ ਫੋਨ ਕਰਕੇ ਵਿਆਹ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਇਨ੍ਹਾਂ ਵਿੱਚ ਡਾਕਟਰ ਅਤੇ ਮੈਰੀਨ ਇੰਜੀਨੀਅਰ ਤੋਂ ਲੈ ਕੇ ਅਧਿਆਪਕ ਤੱਕ ਸ਼ਾਮਲ ਹਨ। ਇਸ ਸਮੇਂ ਮੇਰਾ ਮੁੱਖ ਟੀਚਾ ਇੱਕ ਯੋਗ ਵਿਅਕਤੀ ਨੂੰ ਲੱਭ ਕੇ ਮਾਂ ਦਾ ਦੂਜਾ ਵਿਆਹ ਕਰਵਾਉਣਾ ਹੈ।

Image copyright GAURAV ADHIKARI

ਪਰ ਕੀ ਸਮਾਜ ਦੇ ਲੋਕ ਇਸ ਪੋਸਟ ਲਈ ਤੁਹਾਡਾ ਮਜ਼ਾਕ ਨਹੀਂ ਉਡਾ ਰਹੇ?

ਗੌਰਵ ਦਾ ਕਹਿਣਾ ਹੈ, "ਪਿੱਠ ਪਿੱਛੇ ਤਾਂ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਪਰ ਅਜੇ ਤੱਕ ਕਿਸੇ ਨੇ ਵੀ ਸਾਹਮਣੇ ਕੁਝ ਨਹੀਂ ਕਿਹਾ ਹੈ। ਉਹ ਕਹਿੰਦਾ ਹੈ, ਮੈਂ ਸਿਰਫ ਪਬਲੀਸਿਟੀ ਹਾਸਲ ਕਰਨ ਲਈ ਇਹ ਪੋਸਟ ਨਹੀਂ ਲਿਖੀ। ਬਹੁਤ ਸਾਰੇ ਨੌਜਵਾਨ ਮੇਰੀ ਤਰ੍ਹਾਂ ਆਪਣੇ ਮਾਪਿਆਂ ਬਾਰੇ ਇਸੇ ਤਰ੍ਹਾਂ ਜ਼ਰੂਰ ਸੋਚਦੇ ਹੋਣਗੇ। ਪਰ ਉਹ ਸਮਾਜ ਦੇ ਡਰ ਕਾਰਨ ਅੱਗੇ ਵਧਣ ਦੀ ਹਿੰਮਤ ਨਹੀਂ ਰੱਖਦੇ। "

ਗੌਰਵ ਨੂੰ ਉਮੀਦ ਹੈ ਕਿ ਹੋਰ ਲੋਕ ਵੀ ਇਸ ਪਹਿਲਕਦਮੀ ਨਾਲ ਅੱਗੇ ਆਉਣਗੇ।

ਗੌਰਵ ਜਿਸ ਬਊਬਾਜਾਰ ਇਲਾਕੇ ਵਿੱਚ ਰਹਿੰਦੇ ਹਨ, ਉਸੇ ਇਲਾਕੇ ਦੇ ਸ਼ੁਭਮਯ ਦੱਤ ਦਾ ਕਹਿਣਾ ਹੈ, "ਇਹ ਇੱਕ ਚੰਗੀ ਪਹਿਲ ਹੈ। ਪਤੀ ਜਾਂ ਪਤਨੀ ਦੀ ਮੌਤ ਕਾਰਨ ਬਹੁਤ ਸਾਰੇ ਲੋਕ ਛੋਟੀ ਉਮਰੇ ਹੀ ਇਕੱਲੇ ਰਹਿ ਜਾਂਦੇ ਹਨ। ਰੋਜ਼ੀ-ਰੋਟੀ ਦੇ ਰੁਝੇਵਿਆਂ ਕਾਰਨ ਬੱਚੇ ਵੀ ਉਨ੍ਹਾਂ ਦਾ ਜ਼ਿਆਦਾ ਧਿਆਨ ਨਹੀਂ ਰੱਖ ਪਾਉਂਦੇ। ਅਜਿਹੀ ਸਥਿਤੀ ਵਿੱਚ ਜ਼ਿੰਦਗੀ ਦੀ ਦੂਜੀ ਪਾਰੀ ਸ਼ੁਰੂ ਕਰਨ ਦਾ ਵਿਚਾਰ ਬੁਰਾ ਨਹੀਂ ਹੈ। "

ਸਮਾਜ ਸੇਵੀ ਸੰਸਥਾ ਮਾਨਵਿਕ ਵੈਲਫੇਅਰ ਸੁਸਾਇਟੀ ਦੇ ਮੈਂਬਰ ਸੋਮਨ ਭੱਟਾਚਾਰਿਆ ਦਾ ਕਹਿਣਾ ਹੈ, "ਇਹ ਉਪਰਾਲਾ ਸ਼ਲਾਘਾਯੋਗ ਹੈ। ਲੋਕ ਤਾਂ ਕੁਝ ਨਾ ਕੁਝ ਕਹਿਣਗੇ ਹੀ। ਪਰ ਇੱਕ ਪੁੱਤਰ ਦੀ ਆਪਣੀ ਮਾਂ ਦੇ ਭਵਿੱਖ ਬਾਰੇ ਇਹ ਚਿੰਤਾ ਸਮਾਜ ਦੀ ਬਦਲ ਰਹੀ ਮਾਨਸਿਕਤਾ ਦੀ ਨਿਸ਼ਾਨੀ ਹੈ।"

Image copyright GAURAV ADHIKARI

ਨਵੀਂ ਰਵਾਇਤ ਨਹੀਂ

ਪੱਛਮੀ ਬੰਗਾਲ ਵਿੱਚ ਵਿਧਵਾ ਵਿਆਹ ਦੀ ਪਰੰਪਰਾ ਨਵੀਂ ਨਹੀਂ ਹੈ। ਸਮਾਜ ਸੁਧਾਰਕ ਈਸ਼ਵਰ ਚੰਦਰ ਵਿਦਿਆਸਾਗਰ ਨੇ ਸਭ ਤੋਂ ਪਹਿਲਾਂ ਵਿਧਵਾ ਔਰਤਾਂ ਦੇ ਮੁੜ ਵਿਆਹ ਲਈ ਆਪਣੀ ਆਵਾਜ਼ ਬੁਲੰਦ ਕੀਤੀ ਸੀ।

ਇਸ ਸਾਲ ਉਨ੍ਹਾਂ ਦੀ 200ਵੀਂ ਜਯੰਤੀ ਮਨਾਈ ਜਾ ਰਹੀ ਹੈ। ਉਨ੍ਹਾਂ ਦੇ ਯਤਨਾਂ ਸਦਕਾ ਹੀ 16 ਜੁਲਾਈ 1856 ਨੂੰ ਦੇਸ਼ ਵਿੱਚ ਵਿਧਵਾ ਵਿਆਹ ਨੂੰ ਕਾਨੂੰਨੀ ਤੌਰ 'ਤੇ ਮਾਨਤਾ ਦਿੱਤੀ ਗਈ ਸੀ।

ਵਿਦਿਆਸਾਗਰ ਨੇ ਆਪਣੇ ਪੁੱਤਰ ਦਾ ਵਿਆਹ ਵੀ ਇੱਕ ਵਿਧਵਾ ਨਾਲ ਹੀ ਕੀਤਾ ਸੀ। ਇਸ ਐਕਟ ਤੋਂ ਪਹਿਲਾਂ ਤੱਕ ਹਿੰਦੂ ਸਮਾਜ ਵਿੱਚ ਉੱਚ ਜਾਤੀ ਦੀਆਂ ਵਿਧਵਾ ਔਰਤਾਂ ਨੂੰ ਮੁੜ ਵਿਆਹ ਕਰਵਾਉਣ ਦੀ ਇਜਾਜ਼ਤ ਨਹੀਂ ਸੀ।

ਇਹ ਵੀ ਪੜ੍ਹੋ:

ਇਸ ਯਤਨ ਦੌਰਾਨ ਵਿਦਿਆਸਾਗਰ ਨੂੰ ਕਾਫ਼ੀ ਸਮਾਜਿਕ ਵਿਰੋਧਾਂ ਦਾ ਸਾਹਮਣਾ ਕਰਨਾ ਪਿਆ ਸੀ।

ਕੱਟੜਪੰਥੀਆਂ ਨੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸਨ। ਪਰ ਉਹ ਪਿੱਛੇ ਨਹੀਂ ਹਟੇ। ਆਖ਼ਰਕਾਰ ਉਨ੍ਹਾਂ ਦੀ ਕੋਸ਼ਿਸ਼ ਰੰਗ ਲਿਆਈ।

ਪਰ ਸੋਚਣ ਵਾਲੀ ਗੱਲ ਇਹ ਹੈ ਕਿ ਵਿਧਵਾ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਲਈ ਈਸ਼ਵਰ ਚੰਦਰ ਵਿਦਆਸਾਗਰ ਦੇ ਯਤਨਾਂ ਦੇ ਬਾਵਜੂਦ, ਪੱਛਮੀ ਬੰਗਾਲ ਵਿੱਚ ਵਿਧਵਾਵਾਂ ਦੇ ਮੁੜ ਵਿਆਹ ਦੀ ਪਰੰਪਰਾ ਹੌਲੀ-ਹੌਲੀ ਖ਼ਤਮ ਹੋ ਗਈ। ਬਨਾਰਸ ਤੋਂ ਲੈ ਕੇ ਵਰਿੰਦਾਵਨ ਤੱਕ ਸਾਰੇ ਆਸ਼ਰਮਾਂ ਵਿੱਚ ਬੰਗਾਲ ਦੀਆਂ ਵਿਧਵਾਵਾਂ ਦੀ ਵੱਧਦੀ ਗਿਣਤੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ।

ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕੁਝ ਸਾਲ ਪਹਿਲਾਂ ਸੁਪਰੀਮ ਕੋਰਟ ਵਿੱਚ ਪੇਸ਼ ਕੀਤੀ ਆਪਣੀ ਇੱਕ ਰਿਪੋਰਟ ਵਿੱਚ ਕਿਹਾ ਸੀ ਕਿ ਸੀਪੀਐਮ ਦੀ ਅਗਵਾਈ ਵਾਲੀ ਸਰਕਾਰ ਦੇ ਰਾਜ ਦੌਰਾਨ ਬੰਗਾਲ ਵਿੱਚ ਵਿਧਵਾਵਾਂ ਦੀ ਸਥਿਤੀ ਦੇਸ਼ ਵਿੱਚ ਸਭ ਤੋਂ ਭੈੜੀ ਹੈ। ਉਸੇ ਸਮੇਂ ਸੂਬੇ ਦੀਆਂ ਵਿਧਵਾਵਾਂ ਨੂੰ ਬਨਾਰਸ ਅਤੇ ਵਰਿੰਦਾਵਨ ਭੇਜਣ ਦਾ ਸਿਲਸਿਲਾ ਤੇਜ਼ ਹੋਇਆ।

ਨਾਟਿੰਘਮ ਯੂਨੀਵਰਸਿਟੀ ਦੇ ਸਕੂਲ ਆਫ਼ ਇਕਨੌਮਿਕਸ ਦੇ ਇੰਦਰਨੀਲ ਦਾਸਗੁਪਤਾ ਨਾਲ ਵਿਧਵਾ ਪੁਨਰ ਵਿਆਹ ਐਕਟ, 1856 ਦੀ ਨਾਕਾਮੀ ਤੇ ਖੋਜ ਕਰਨ ਵਾਲੇ ਕਲਕੱਤਾ ਸਥਿਤ ਇੰਡੀਅਨ ਸਟੈਟਿਸਟਿਕਲ ਇੰਸਟੀਚਿਊਟ ਦੇ ਦਿਗੰਤ ਮੁਖਰਜੀ ਕਹਿੰਦੇ ਹਨ, "ਈਸ਼ਵਰ ਚੰਦਰ ਵਿਦਿਆਸਾਗਰ ਦੀ ਅਗਵਾਈ ਵਾਲੀ ਸਮਾਜਿਕ ਲਹਿਰ ਦੇ ਦਬਾਅ ਹੇਠ ਉਸ ਸਮੇਂ ਦੀ ਬ੍ਰਿਟਿਸ਼ ਸਰਕਾਰ ਨੇ ਇਸ ਐਕਟ ਨੂੰ ਪਾਰਿਤ ਜ਼ਰੂਰ ਕੀਤਾ ਸੀ, ਪਰ ਬਾਅਦ ਵਿੱਚ ਸਮਾਜ ਵਿੱਚ ਇਸ ਦਾ ਕੋਈ ਖਾਸ ਪ੍ਰਭਾਵ ਵੇਖਣ ਨੂੰ ਨਹੀਂ ਮਿਲਿਆ। ਵਿਧਵਾਵਾਂ ਨੂੰ ਸਮਾਜ ਵਿੱਚ ਅਛੂਤ ਹੀ ਮੰਨਿਆ ਜਾਂਦਾ ਰਿਹਾ।"

ਉਹ ਕਹਿੰਦੇ ਹਨ ਕਿ ਅਜੋਕੇ ਇਕੱਲਿਆਂ ਪਰਿਵਾਰਾਂ ਦੇ ਦੌਰ ਵਿੱਚ ਵਿਧਵਾਵਾਂ ਦੀ ਸਥਿਤੀ ਹੋਰ ਮਾੜੀ ਹੋ ਗਈ ਹੈ। ਇਹੀ ਕਾਰਨ ਹੈ ਕਿ ਬਨਾਰਸ ਅਤੇ ਵਰਿੰਦਾਵਨ ਦੀਆਂ ਵਿਧਵਾ ਆਸ਼ਰਮਾਂ ਵਿੱਚ ਬੰਗਾਲ ਦੀਆਂ ਵਿਧਵਾਵਾਂ ਦੀ ਤਾਦਾਦ ਹਰ ਸਾਲ ਵੱਧ ਰਹੀ ਹੈ।

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)