‘ਔਰਤ ਦੀ ਕੁੱਖੋਂ ਜਨਮੇਂ ਹੀ ਦਰਬਾਰ ਸਾਹਿਬ ’ਚ ਕੀਰਤਨ ਕਰਦੇ ਹਨ ਤਾਂ ਔਰਤਾਂ ਨੂੰ ਇਹ ਹੱਕ ਕਿਉਂ ਨਹੀਂ’

ਦਰਬਾਰ ਸਾਹਿਬ Image copyright Getty Images

ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਸਿੱਖ ਬੀਬੀਆਂ ਨੂੰ ਵੀ ਕੀਰਤਨ ਕਰਨ ਦੀ 'ਇਜਾਜ਼ਤ' ਮਿਲੇ, ਐੱਸਜੀਪੀਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਹ ਅਪੀਲ ਕਰਦਿਆਂ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਹੋਇਆ ਹੈ।

ਇਹ ਮੰਗ ਪਹਿਲਾਂ ਵੀ ਕਈ ਵਾਰ ਉੱਠੀ ਹੈ, ਪਰ ਇਸ ਮਤੇ ਤੋਂ ਬਾਅਦ ਇਹ ਮੁੜ ਚਰਚਾ ਵਿੱਚ ਆ ਗਈ ਹੈ। ਹੁਣ ਤੱਕ ਸ੍ਰੀ ਦਰਬਾਰ ਸਾਹਿਬ ਵਿਖੇ ਸਿਰਫ਼ ਮਰਦ ਰਾਗੀ ਹੀ ਕੀਰਤਨ ਕਿਉਂ ਕਰਦੇ ਹਨ, ਔਰਤਾਂ ਕਿਉਂ ਨਹੀਂ ਕਰਦੀਆਂ?

ਕੀ ਸ੍ਰੀ ਦਰਬਾਰ ਸਾਹਿਬ ਅੰਦਰ ਬੀਬੀਆਂ ਦੇ ਕੀਰਤਨ ਕਰਨ ਦੀ ਮਨਾਹੀ ਹੈ? ਕੀ ਹੋਰ ਵੀ ਸੇਵਾਵਾਂ ਨੇ ਜੋ ਬੀਬੀਆਂ ਨਹੀਂ ਕਰਦੀਆਂ ਜਾਂ ਕਰਨ ਦੀ 'ਇਜਾਜ਼ਤ' ਨਹੀਂ? ਇਹਨਾਂ ਸਵਾਲਾਂ ਦੇ ਜਵਾਬ ਲੱਭਣ ਲਈ ਅਸੀਂ ਵੱਖ-ਵੱਖ ਸਬੰਧਤ ਧਿਰਾਂ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ:

ਕੀਰਤਨੀ ਜਥਿਆਂ ਵਿੱਚ ਸ਼ਾਮਲ ਬੀਬੀਆਂ ਕੀ ਸੋਚਦੀਆਂ ਹਨ ?

ਚੰਡੀਗੜ੍ਹ ਤੋਂ ਇੱਕ ਕੀਰਤਨੀ ਜੱਥੇ ਦੀ ਬੀਬੀ ਨੇ ਕਿਹਾ, "ਇੱਕ ਕੀਰਤਨੀਆ ਹੋਣ ਦੇ ਨਾਤੇ ਮੈਂ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਦੀ ਇੱਛਾ ਰੱਖਦੀ ਹਾਂ ਪਰ ਉਸ ਅਸਥਾਨ ਦੀ ਮਰਿਯਾਦਾ ਨੂੰ ਧਿਆਨ ਵਿੱਚ ਰੱਖਦਿਆਂ ਮੈਂ ਕਦੇ ਇਸ ਇੱਛਾ ਖਾਤਰ ਨਹੀਂ ਲੜਾਂਗੀ।"

ਇਸ ਬੀਬੀ ਨਾਲ ਮੇਰੀ ਫੋਨ 'ਤੇ ਗੱਲਬਾਤ ਹੋਈ। ਉਹ ਇਸੇ ਸ਼ਰਤ ਦੇ ਮੇਰੇ ਨਾਲ ਗੱਲ ਕਰਨ ਨੂੰ ਰਾਜ਼ੀ ਹੋਏ ਕਿ ਉਨ੍ਹਾਂ ਦੀ ਪਛਾਣ ਜ਼ਾਹਿਰ ਨਾ ਕੀਤੀ ਜਾਵੇ।

ਇਸ ਬੀਬੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਤਾਂ ਦੂਰ ਕਿਸੇ ਨੇ ਨਿੱਜੀ ਤੌਰ 'ਤੇ ਵੀ ਕੀਰਤਨ ਕਰਾਉਣਾ ਹੋਵੇ ਤਾਂ ਮਰਦ ਕੀਰਤਨੀ ਜੱਥੇ ਨੂੰ ਪਹਿਲ ਦਿੱਤੀ ਜਾਂਦੀ ਹੈ। ਜਦੋਂ ਕੋਈ ਕਹਿੰਦਾ ਹੈ ਕਿ ਬੀਬੀਆਂ ਦਾ ਜੱਥਾ ਨਹੀਂ ਚਾਹੀਦਾ ਤਾਂ ਮੈਨੂੰ ਵੀ ਬਹੁਤ ਦੁੱਖ ਪਹੁੰਚਦਾ ਹੈ।"

ਇਨ੍ਹਾਂ ਤੋਂ ਬਾਅਦ ਹੋਰ ਵੀ ਕੀਰਤਨੀ ਜੱਥਿਆਂ ਦੀਆਂ ਬੀਬੀਆਂ ਨਾਲ ਗੱਲ ਹੋਈ, ਸਾਰੀਆਂ ਬੀਬੀਆਂ ਨੇ ਇਸੇ ਸ਼ਰਤ 'ਤੇ ਹੀ ਗੱਲ ਕੀਤੀ ਕਿ ਉਨ੍ਹਾਂ ਦਾ ਨਾਮ ਜਨਤਕ ਨਾ ਹੋਵੇ।

ਕੀਰਤਨੀ ਜੱਥੇ ਵਿੱਚ ਸ਼ਾਮਲ ਇੱਕ ਹੋਰ ਬੀਬੀ ਨੇ ਕਿਹਾ, "ਜੇ ਗੁਰੂ ਨੇ ਚਾਹਿਆ ਤਾਂ ਬੀਬੀਆਂ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਕਰਨਗੀਆਂ। ਜੇ ਨਹੀਂ ਮਨਜੂਰ ਹੋਇਆ ਤਾਂ ਇਹ ਕਿਸੇ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਹੀਂ ਹੋ ਸਕੇਗਾ। ਜੇ ਸਾਨੂੰ ਇਹ ਦਾਤ ਮਿਲਦੀ ਹੈ ਤਾਂ ਦਿਲ ਨੂੰ ਖੁਸ਼ੀ ਹੋਵੇਗੀ ਕਿਉਂਕਿ ਹਰ ਯੋਗ ਇਨਸਾਨ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਕਰਨਾ ਚਾਹੇਗਾ।"

ਇਨ੍ਹਾਂ ਨੂੰ ਅਸੀਂ ਹੁਣ ਤੱਕ ਬੀਬੀਆਂ ਦੇ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਨਾ ਕਰ ਸਕਣ ਦੇ ਕਾਰਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, "ਉਸ ਅਸਥਾਨ ਦੀ ਮਰਿਯਾਦਾ ਵੀ ਬਰਕਰਾਰ ਰਹਿਣੀ ਜ਼ਰੂਰੀ ਹੈ। ਮੈਂ ਜ਼ਿਆਦਾ ਇਸ ਬਾਰੇ ਬੋਲਣਾ ਨਹੀਂ ਚਾਹੁੰਦੀ।"

ਕੀਰਤਨ ਕਰਨ ਵਾਲੀਆਂ ਬੀਬੀਆਂ ਦੇ ਕੁਝ ਜੱਥੇ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਦੇ ਹੱਕ ਵਿੱਚ ਹਨ, ਕੁਝ ਵਿਰੋਧ ਵਿੱਚ ਅਤੇ ਕੁਝ ਕੋਈ ਵੀ ਰਾਇ ਨਹੀਂ ਬਣਾ ਸਕੇ ਹਨ।

ਔਰਤਾਂ ਕਿਉਂ ਨਹੀਂ ਕਰ ਸਕੀਆਂ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ?

ਸਿੱਖ ਬੁੱਧੀਜੀਵੀ ਅਸ਼ੋਕ ਸਿੰਘ ਬਾਗੜੀਆ ਨੇ ਕਿਹਾ, "ਸਿੱਖ ਰਹਿਤ ਮਰਿਯਾਦਾ ਵਿੱਚ ਔਰਤਾਂ ਦੇ ਕੀਰਤਨ ਕਰਨ ਜਾਂ ਨਾ ਕਰਨ ਬਾਰੇ ਕੁਝ ਨਹੀਂ ਲਿਖਿਆ ਹੈ। ਲਿਖਿਆ ਗਿਆ ਹੈ ਕਿ ਸੰਗਤ ਵਿੱਚ ਇੱਕ ਸਿੱਖ ਕੀਰਤਨ ਕਰ ਸਕਦਾ ਹੈ ਅਤੇ ਕੀਰਤਨ ਦੇ ਬਾਕੀ ਵੀ ਜੋ ਨਿਯਮ ਹਨ ਉਹ ਔਰਤ ਜਾਂ ਮਰਦ ਲਈ ਵੱਖਰੇ ਤੌਰ 'ਤੇ ਨਹੀਂ ਲਿਖੇ ਗਏ ਹਨ।"

ਫੋਟੋ ਕੈਪਸ਼ਨ ਸਿੱਖ ਬੁੱਧੀਜੀਵੀ ਅਸ਼ੋਕ ਸਿੰਘ ਬਾਗੜੀਆਂ ਮੁਤਾਬਕ ਹਾਲੇ ਵੀ “ਸਾਡੇ ਦਿਮਾਗ ਵਿੱਚ ਔਰਤ ਨੂੰ ਨੀਵਾਂ ਦਿਖਾਉਣ ਦੀ ਸੋਚ ਨੇ ਘਰ ਕੀਤਾ ਹੋਇਆ ਹੈ”

"ਔਰਤਾਂ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਨਾ ਕਰਨ ਦੇਣਾ ਸਿੱਖੀ ਦੇ ਮੂਲ ਸਿਧਾਂਤਾਂ ਦੇ ਖ਼ਿਲਾਫ ਹੈ। ਉਸ ਜਗ੍ਹਾ ਉੱਤੇ ਜਾਗਰੂਕਤਾ ਦੀ ਘਾਟ ਅਤੇ ਸੌੜੀ ਮਾਨਸਿਕਤਾ ਵਾਲੇ ਲੋਕਾਂ ਦਾ ਬੈਠੇ ਹੋਣਾ ਹੀ ਕਾਰਨ ਹੈ ਕਿ ਹੁਣ ਤੱਕ ਬੀਬੀਆਂ ਨੂੰ ਇਹ ਹੱਕ ਨਹੀਂ ਮਿਲ ਸਕਿਆ ਹੈ।"

ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੇ ਰਹੇ ਪਦਮ ਸ੍ਰੀ ਭਾਈ ਨਿਰਮਲ ਸਿੰਘ ਨੇ ਕਿਹਾ, "ਔਰਤ ਦੇ ਸਰੀਰ ਅੰਦਰੋਂ ਜਨਮ ਲੈ ਕੇ ਅਸੀਂ ਕੀਰਤਨ ਕਰ ਸਕਦੇ ਹਾਂ, ਸਿੰਘ ਸਾਹਿਬਾਨ ਲੱਗ ਸਕਦੇ ਹਾਂ ਤਾਂ ਔਰਤ ਨੂੰ ਇਹ ਹੱਕ ਕਿਉਂ ਨਹੀਂ। ਮੇਰਾ ਖਿਆਲ ਹੈ ਕਿ ਹਾਲੇ ਵੀ ਸਾਡੇ ਦਿਮਾਗ ਵਿੱਚ ਔਰਤ ਨੂੰ ਨੀਵਾਂ ਦਿਖਾਉਣ ਦੀ ਸੋਚ ਘਰ ਕੀਤੀ ਹੋਈ ਹੈ।"

"ਮੈਂ ਔਰਤਾਂ ਦੇ ਸ੍ਰੀ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦੇ ਹੱਕ ਵਿੱਚ ਹਾਂ, ਬਸ਼ਰਤੇ ਉਹ ਰਾਗਾਂ, ਲੈਅ, ਤਾਲ ਵਿੱਚ ਪਰਪੱਕ ਹੋਣ, ਬਾਣੀ ਕੰਠ ਹੋਵੇ ਅਤੇ ਸਾਰੀਆਂ ਯੋਗ ਸ਼ਰਤਾਂ ਪੂਰੀਆਂ ਕਰਦੀਆਂ ਹੋਣ। ਹੁਣ ਵੇਲਾ ਆ ਗਿਆ ਹੈ ਕਿ ਅਸੀਂ ਔਰਤ ਨੂੰ ਬਰਾਬਰ ਹੱਕ ਦੇਈਏ।"

"ਇਹ ਹੱਕ ਦੇਣ ਲਈ ਕੋਈ ਵੱਖਰਾ ਕਾਨੂੰਨ ਬਣਾਉਣ ਦੀ ਲੋੜ ਨਹੀਂ, ਜੋ ਰੂਟੀਨ ਚੱਲ ਰਿਹਾ ਉਸੇ ਮੁਤਾਬਕ ਚੱਲਣਾ ਚਾਹੀਦਾ ਹੈ, ਬਸ ਬੀਬੀਆਂ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੀਆਂ ਹੋਣ ਜੋ ਜ਼ਰੂਰੀ ਹਨ ਅਤੇ ਮੇਰੀ ਨਜ਼ਰ ਵਿੱਚ ਅਜਿਹੇ ਬੀਬੀਆਂ ਦੇ ਜੱਥੇ ਹੈਗੇ ਵੀ।"

Image copyright KiranjotKaur/FB
ਫੋਟੋ ਕੈਪਸ਼ਨ ਕਿਰਨਜੋਤ ਕੌਰ ਮੁਤਾਬਕ ਪਹਿਲਾਂ ਹੋ ਸਕਦਾ ਹੈ ਕਿ ਔਰਤਾਂ ਗੁਰਮਤ ਸੰਗੀਤ ਵਿੱਚ ਪੂਰੀਆਂ ਤਿਆਰ ਨਾ ਹੁੰਦੀਆਂ ਹੋਣ ਪਰ ਹੁਣ ਸਮਾਂ ਬਦਲਿਆ ਹੈ।

ਮੈਂ ਨਿਰਮਲ ਸਿੰਘ ਨੂੰ ਪੁੱਛਿਆ ਕਿ ਅਜਿਹੇ ਜੱਥੇ ਐਸਜੀਪੀਸੀ ਕੋਲ ਪਹੁੰਚ ਕਿਉਂ ਨਹੀਂ ਕਰਦੇ ਤਾਂ ਨਿਰਮਲ ਸਿੰਘ ਨੇ ਕਿਹਾ, "ਉਹ ਇਹ ਸੋਚਦੀਆਂ ਹਨ ਕਿ ਇਨ੍ਹਾਂ ਕਰਨ ਤਾ ਦੇਣਾ ਨਹੀਂ, ਫਾਇਦਾ ਕੀ ਆਵਾਜ਼ ਚੁੱਕਣ ਦਾ। ਪਹਿਲਾਂ ਵੀ ਕਈ ਵਾਰ ਆਵਾਜ਼ ਚੁੱਕੀ ਹੈ, ਬਹੁਤ ਸਾਰੇ ਲੋਕ ਅੰਦਰੋਂ ਹੱਕ ਵਿੱਚ ਹਨ, ਬਾਹਰੋਂ ਵਿਰੋਧ ਕਰਦੇ ਹਨ।"

ਇਹ ਵੀ ਪੜ੍ਹੋ:

"ਹੱਕ ਮਿਲਣ ਤੱਕ ਇਹ ਵਾਜ਼ ਉੱਠਦੀ ਰਹਿਣੀ ਚਾਹੀਦੀ ਹੈ"

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਕਿਰਨਜੋਤ ਕੌਰ ਨੇ ਕਿਹਾ, "ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਇੱਕ ਮਰਿਯਾਦਾ ਵਿੱਚ ਹੁੰਦਾ ਹੈ। ਪਹਿਲਾਂ ਸ਼ਾਇਦ ਓਨੀਆਂ ਔਰਤਾਂ ਗੁਰਮਿਤ ਸੰਗੀਤ ਦੀਆਂ ਮਾਹਰ ਨਹੀਂ ਸਨ। ਇਸ ਤੋਂ ਇਲਾਵਾ ਮਹੰਤਾਂ ਅਤੇ ਹੋਰ ਕਾਰਨਾਂ ਕਰਕੇ ਉਸ ਵੇਲੇ ਔਰਤ-ਮਰਦ ਦਾ ਵਖਰੇਵਾਂ ਸੀ। ਪਰ ਪਹਿਲਾਂ ਜੋ ਵੀ ਹੋਇਆ ਉਹ ਬੀਤ ਗਿਆ, ਹੁਣ ਔਰਤਾਂ ਦੇ ਕਈ ਜੱਥੇ ਬਹੁਤ ਸੋਹਣਾ ਕੀਰਤਨ ਕਰਦੇ ਹਨ।"

"ਅੱਜ ਦੇ ਸਮੇਂ ਬਦਲਾਅ ਦੀ ਲੋੜ ਹੈ। ਸ੍ਰੀ ਦਰਬਾਰ ਸਾਹਿਬ ਵਿਖੇ ਬੀਬੀਆਂ ਦੇ ਕੀਰਤਨ ਕਰਨ ਬਾਰੇ ਸਿੱਖ ਰਹਿਤ ਮਰਿਯਾਦਾ ਵਿੱਚ ਮਨਾਹੀ ਨਹੀਂ ਹੈ। ਮਰਦ ਪ੍ਰਧਾਨ ਸਮਾਜ ਹੀ ਅਜਿਹਾ ਨਾ ਹੋ ਸਕਣ ਦਾ ਕਾਰਨ ਹੈ। ਜਦੋਂ ਵੀ ਇਹ ਮਸਲਾ ਉੱਠਦਾ ਹੈ ਤਾਂ ਪ੍ਰਬੰਧਕ ਇਸ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਹੱਕ ਮਿਲਣ ਤੱਕ ਇਹ ਆਵਾਜ਼ ਉੱਠਦੀ ਰਹਿਣੀ ਚਾਹੀਦੀ ਹੈ।"

ਕਦੇ ਬੀਬੀਆਂ ਨੂੰ ਇਹ ਹੱਕ ਦੇਣ ਦੀ ਕੋਸ਼ਿਸ਼ ਹੋਈ?

ਐਸਜੀਪੀਸੀ ਮੈਂਬਰ ਕਿਰਨਜੋਤ ਕੌਰ ਅਤੇ ਸਿੱਖ ਬੁੱਧੀਜੀਵੀ ਅਸ਼ੋਕ ਸਿੰਘ ਬਾਗੜੀਆਂ ਨੇ ਦੱਸਿਆ ਕਿ ਸਾਲ 1940 ਵਿੱਚ ਐੱਸਜੀਪੀਸੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ ਕਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਮਹਿਲਾਵਾਂ ਅਤੇ ਮਰਦਾਂ ਨੂੰ ਬਰਾਬਰ ਅਧਿਕਾਰ ਮਿਲਣੇ ਚਾਹੀਦੇ ਹਨ, ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਉਨ੍ਹਾਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ।

ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਅਫਸਰ ਜਸਵਿੰਦਰ ਸਿੰਘ ਜੱਸੀ ਨੇ ਦੱਸਿਆ, "ਜਦੋਂ ਪ੍ਰੋ ਮਨਜੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ (1994-1997) ਸਨ ਉਦੋਂ ਬੀਬੀਆਂ ਤੋਂ ਕੀਰਤਨ ਵੀ ਕਰਵਾਇਆ ਗਿਆ ਸੀ, ਪਾਲਕੀ ਸਾਹਿਬ ਨੂੰ ਵੀ ਮੋਢਾ ਲਵਾਇਆ ਗਿਆ ਸੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਇਸ਼ਨਾਨ ਦੀ ਸੇਵਾ ਵੀ ਕਰਵਾਈ ਗਈ ਸੀ।"

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਰਹੀ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਬੀਬੀਆਂ ਦੇ ਕੀਰਤਨੀ ਜੱਥਿਆਂ ਨੂੰ ਸਾਹਮਣੇ ਆਉਣ ਲਈ ਅਵਾਜ਼ ਮਾਰੀ ਗਈ ਸੀ।

ਬੀਬੀ ਜਗੀਰ ਕੌਰ ਨੇ ਕਿਹਾ, "ਅਸੀਂ ਬਕਾਇਦਾ ਅਖ਼ਬਾਰਾਂ ਵਿੱਚ ਇਸ਼ਤਿਹਾਰ ਕਢਵਾਏ ਸੀ ਕਿ ਸ੍ਰੀ ਦਰਬਾਰ ਸਾਹਿਬ ਅੰਦਰ ਕੀਰਤਨ ਕਰਨ ਦੀ ਯੋਗਤਾ ਰੱਖਣ ਵਾਲੇ ਬੀਬੀਆਂ ਦੇ ਕੀਰਤਨੀ ਜੱਥੇ ਐੱਸਜੀਪੀਸੀ ਨਾਲ ਸੰਪਰਕ ਕਰਨ ਪਰ ਅੱਜ ਤੱਕ ਸਾਡੇ ਕੋਲ ਬੀਬੀਆਂ ਦੇ ਕਿਸੇ ਵੀ ਜੱਥੇ ਨੇ ਵੀ ਸੰਪਰਕ ਨਹੀਂ ਕੀਤਾ ਹੈ।"

ਬੀਬੀ ਜਗੀਰ ਕੌਰ ਨੇ ਕਿਹਾ, “ਸ਼੍ਰੋਮਣੀ ਕਮੇਟੀ ਦੀ ਰਹਿਤ ਮਰਿਯਾਦਾ ਵਿੱਚ ਬੀਬੀਆਂ ਦੇ ਕੀਰਤਨ ਕਰਨ 'ਤੇ ਮਨਾਹੀ ਨਹੀਂ ਹੈ, ਗੁਰੂ ਕਾਲ ਦੌਰਾਨ ਵੀ ਔਰਤ ਦਾ ਦਰਜਾ ਉੱਚਾ ਰਿਹਾ ਹੈ। ਪਰ ਕਦੇ ਮੁਗਲਾਂ ਦੇ ਰਾਜ, ਕਦੇ ਗੁਰੂ ਘਰਾਂ ਦੇ ਮਸੰਦਾਂ ਦੇ ਹੱਥ ਆ ਜਾਣ ਕਾਰਨ ਔਰਤ ਕਾਫ਼ੀ ਪਿੱਛੇ ਰਹਿ ਗਈ। ਜਦੋਂ ਤੋਂ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਅਧੀਨ ਆਇਆ, ਔਰਤ ਮੁੜ ਤੋਂ ਗੁਰਮਤਿ ਵਾਲੇ ਪਾਸੇ ਪਰਪੱਕ ਹੋਣ ਲੱਗੀ ਹੈ।

ਬੀਬੀ ਜਗੀਰ ਕੌਰ ਮੁਤਾਬਕ, ਬੀਬੀਆਂ ਗ੍ਰਹਿਸਥ ਜੀਵਨ ਵਿੱਚ ਮਰਦਾਂ ਦੇ ਮੁਕਾਬਲੇ ਜ਼ਿਆਦਾ ਰੁੱਝੀਆਂ ਹੋਣ ਕਾਰਨ ਉਹ ਮੁਹਾਰਤ ਅਤੇ ਯੋਗਤਾ ਹਾਸਲ ਨਹੀਂ ਕਰ ਪਾ ਰਹੀਆਂ ਹਨ। ਇਹ ਵੀ ਕਾਰਨ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਦਰ ਕੀਰਤਨ ਕਰਨ ਦੀ ਯੋਗਤਾ ਰੱਖਣ ਵਾਲੇ ਬੀਬੀਆਂ ਦੇ ਕੀਰਤਨੀ ਜੱਥੇ ਤਿਆਰ ਹੀ ਨਹੀਂ ਹੋ ਸਕੇ।

ਬੀਬੀ ਜਗੀਰ ਕੌਰ ਨੇ ਇਹ ਵੀ ਕਿਹਾ ਕਿ ਸਿਆਸੀ ਮੰਚਾਂ ਤੋਂ ਬੀਬੀਆਂ ਦੇ ਕੀਰਤਨ ਕਰਨ ਦੇ ਹੱਕ ਵਿੱਚ ਬਿਆਨ ਦੇਣੇ ਬਹੁਤ ਸੌਖੇ ਹਨ ਪਰ ਸਿਧਾਂਤ ਅਤੇ ਮਰਿਯਾਦਾ ਦਾ ਪਾਲਣ ਕਰਕੇ ਇਸ ਨੂੰ ਨੇਪਰੇ ਚਾੜ੍ਹਣਾ ਉਨ੍ਹਾਂ ਸੌਖਾ ਨਹੀਂ ਹੈ।

ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਮੁੱਖ ਸਕੱਤਰ ਰੂਪ ਸਿੰਘ ਤੋਂ ਐਸਜੀਪੀਸੀ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਐੱਸਜੀਪੀਸੀ ਦਫ਼ਤਰ ਤੋਂ ਉਨ੍ਹਾਂ ਦੇ ਵਿਦੇਸ਼ ਵਿੱਚ ਹੋਣ ਬਾਰੇ ਪਤਾ ਲਗਿਆ। ਸਕੱਤਰ ਅਵਤਾਰ ਸਿੰਘ ਨਾਲ ਗੱਲ ਹੋਈ ਤਾਂ ਉਨ੍ਹਾਂ ਇਸ ਮਸਲੇ 'ਤੇ ਕੁਝ ਬੋਲਣ ਤੋਂ ਇਨਕਾਰ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿੱਚ ਗੱਲ ਕਰਨ ਲਈ ਕਿਹਾ।

ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿੱਚ ਫੋਨ ਕਰਨ 'ਤੇ ਸਾਡੀ ਗੱਲ ਉੱਥੇ ਇੱਕ ਸੇਵਾਦਾਰ ਨਾਲ ਹੋਈ, ਜਿਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਵਿਖੇ ਬੀਬੀਆਂ ਦੇ ਕੀਰਤਨ ਕਰਨ 'ਤੇ ਮਨਾਹੀ ਕੋਈ ਨਹੀਂ, ਪਰ ਇਹ ਇੱਕ ਮਰਿਯਾਦਾ ਹੈ ਅਤੇ ਮਰਿਯਾਦਾ ਬਦਲਣੀ ਅਸਾਨ ਨਹੀਂ ਹੁੰਦੀ। ਪਹਿਲਾਂ ਹੀ ਕੌਮ ਬਹੁਤ ਮਸਲਿਆਂ 'ਤੇ ਦੋਫਾੜ ਹੈ, ਇੱਕ ਨਵਾਂ ਮਸਲਾ ਹੋਰ ਪਾੜਾ ਪੈਦਾ ਕਰ ਸਕਦਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਪੀਏ ਤੋਂ ਪਤਾ ਲੱਗਿਆ ਕਿ ਉਹ ਵੀ ਵਿਦੇਸ਼ ਗਏ ਹੋਏ ਹਨ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਵੀ ਸੰਪਰਕ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ:

ਐੱਸਜੀਪੀਸੀ ਦੇ ਨੁਮਾਇੰਦਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਜਾਰੀ ਹੈ ਤਾਂ ਜੋ ਸਾਹਮਣੇ ਆ ਸਕੇ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਬੀਬੀਆਂ ਦੇ ਮਰਦਾਂ ਵਾਂਗ ਕੀਰਤਨ ਕਰ ਸਕਣ ਦੀਆਂ ਭਵਿੱਖੀ ਵਿੱਚ ਸੰਭਾਵਨਾਂ ਕੀ ਹਨ ਅਤੇ ਐੱਸਜੀਪੀਸੀ ਸਾਹਮਣੇ ਇਸ ਲਈ ਕੀ ਰਾਹ ਅਤੇ ਚੁਣੌਤੀਆਂ ਹਨ।

ਜਦੋਂ ਵੀ ਇਨ੍ਹਾਂ ਲੋਕਾਂ ਨਾਲ ਸਾਡਾ ਕੋਈ ਸੰਪਰਕ ਹੁੰਦਾ ਹੈ ਤਾਂ ਅਸੀਂ ਉਸ ਨੂੰ ਇਸ ਖ਼ਬਰ ਵਿੱਚ ਜ਼ਰੂਰ ਸ਼ਾਮਿਲ ਕਰਾਂਗੇ।

Image copyright Getty Images
ਫੋਟੋ ਕੈਪਸ਼ਨ ਬੀਬੀ ਜਗੀਰ ਕੌਰ ਮੁਤਾਬਕ ਜਦੋਂ ਉਹ ਐੱਸਜੀਪੀਸੀ ਦੇ ਪ੍ਰਧਾਨ ਸਨ ਉਨ੍ਹਾਂ ਨੇ ਔਰਤਾਂ ਦੇ ਕੀਰਤਨੀ ਜੱਥਿਆਂ ਨੂੰ ਦਰਬਾਰ ਸਹਿਬ ਕੀਰਤਨ ਕਰਨ ਲਈ ਸਾਹਮਣੇ ਆਉਣ ਦੀ ਅਪੀਲ ਕੀਤੀ ਸੀ।

ਕੀ ਬੀਬੀ ਜਗੀਰ ਕੌਰ ਦੇ ਸੇਵਾਕਾਲ ਤੋਂ ਬਾਅਦ ਕਦੇ ਕੋਈ ਕੋਸ਼ਿਸ਼ ਹੋਈ ਕਿ ਬੀਬੀਆਂ ਦੇ ਜੱਥੇ ਤਿਆਰ ਕਰਕੇ ਇਸ ਮਸਲੇ ਨੂੰ ਖ਼ਤਮ ਕੀਤਾ ਜਾ ਸਕੇ? ਜੇਕਰ ਸਾਰੀਆਂ ਯੋਗਤਾਵਾਂ ਪੂਰੀਆਂ ਕਰਦਾ ਬੀਬੀਆਂ ਦਾ ਕੋਈ ਜੱਥਾ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਦੀ ਇੱਛਾ ਰਖਦਾ ਹੈ ਤਾਂ ਕੀ ਉਨ੍ਹਾਂ ਨੂੰ ਇਜਾਜ਼ਤ ਮਿਲੇਗੀ ?

ਫ਼ਰਵਰੀ 2003 ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਈਆਂ ਦੋ ਪ੍ਰਵਾਸੀ ਪੰਜਾਬਣਾਂ ਵੱਲੋਂ ਚੁੱਕੇ ਮਸਲੇ ਤੋਂ ਬਾਅਦ ਔਰਤ-ਮਰਦ ਦੇ ਵਖਰੇਵੇਂ ਦਾ ਮਸਲਾ ਸੁਰਖੀਆਂ ਵਿੱਚ ਆਇਆ ਸੀ।

ਉਨ੍ਹਾਂ ਵਿੱਚੋਂ ਇੱਕ ਮਜਿੰਦਰਪਾਲ ਕੌਰ ਨਾਲ ਅਸੀਂ ਫੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਫ਼ਰਵਰੀ 2003 ਦੇਰ ਸ਼ਾਮ ਉਹ ਜਦੋਂ ਸ੍ਰੀ ਦਰਬਾਰ ਸਾਹਿਬ ਪਹੁੰਚੀਆਂ ਤਾਂ ਸੁੱਖ ਆਸਣ ਦਾ ਵੇਲਾ ਸੀ ਅਤੇ ਪਾਲਕੀ ਸਾਹਿਬ ਨੂੰ ਲਿਜਾਇਆ ਜਾ ਰਿਹਾ ਸੀ।“

“ਅਸੀਂ ਪਾਲਕੀ ਸਾਹਿਬ ਦੇ ਨੇੜੇ ਜਾ ਕੇ ਇਸ ਰਸਮ ਵਿੱਚ ਸ਼ਾਮਲ ਹੋਣਾ ਚਾਹੁੰਦੀਆਂ ਸੀ ਪਰ ਉੱਥੇ ਮੌਜੂਦ ਸੇਵਾਦਾਰ ਨੇ ਸਾਨੂੰ ਰੋਕਿਆ, ਜਿਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਪਾਲਕੀ ਸਾਹਿਬ ਦੀ ਸੇਵਾ ਦੌਰਾਨ ਅੰਦਰਲੇ ਘੇਰੇ ਅੰਦਰ ਮਰਦ ਹੁੰਦੇ ਹਨ ਅਤੇ ਬੀਬੀਆਂ ਬਾਹਰਲੇ ਘੇਰੇ ਵਿੱਚ ਹੁੰਦੀਆਂ ਹਨ। ਉਸ ਵੇਲੇ ਇਨ੍ਹਾਂ ਬੀਬੀਆਂ ਨੇ ਐੱਸਜੀਪੀਸੀ ਕੋਲ ਇਹ ਮਸਲਾ ਚੁੱਕਿਆ ਸੀ ਅਤੇ ਇਕ ਸਬ ਕਮੇਟੀ ਵੀ ਬਣੀ ਸੀ, ਜਿਸ ਦੀ ਰਿਪੋਰਟ ਮਜਿੰਦਰਪਾਲ ਕੌਰ ਮੁਤਾਬਕ ਹਾਲੇ ਤੱਕ ਜਨਤਕ ਨਹੀਂ ਹੋਈ ਹੈ।”

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)