ਪਾਕਿਸਤਾਨ ਵਿਰੋਧੀ ਪ੍ਰਚਾਰ ਨਾਲ ਜੁੜੇ ਭਾਰਤ ਦੇ ਇਸ ਗਰੁੱਪ ਦੇ ਤਾਰ : ਫੈਕਟ ਚੈੱਕ

ਸ਼੍ਰੀਵਾਸਤਵ ਗਰੁੱਪ Image copyright DisinfoEU

ਯੂਰਪ ਦੇ ਇੱਕ ਗ਼ੈਰ - ਸਰਕਾਰੀ ਫੈਕਟ ਚੈੱਕ ਐਨਜੀਓ EU ਡਿਸਇੰਫੋ ਲੈਬ ਦਾ ਦਾਅਵਾ ਹੈ ਕਿ ਇੱਕ ਭਾਰਤੀ ਨੈੱਟਵਰਕ ਦੁਨੀਆਂ ਦੇ 65 ਦੇਸਾਂ ਵਿੱਚ 265 'ਫੇਕ ਮੀਡੀਆ ਆਊਟਲੇਟ' ਜ਼ਰੀਏ ਪਾਕਿਸਤਾਨ ਵਿਰੋਧੀ ਪ੍ਰੋਪੇਗੰਡਾ ਫੈਲਾਉਣ ਦਾ ਕੰਮ ਕਰ ਰਿਹਾ ਹੈ। ਇਨ੍ਹਾਂ ਸਾਰੇ 'ਫੇਕ ਮੀਡੀਆ ਆਊਟਲੇਟਸ' ਦੇ ਤਾਰ ਦਿੱਲੀ ਦੇ ਸ਼੍ਰੀਵਾਸਤਵ ਗਰੁੱਪ ਨਾਲ ਜੁੜੇ ਹੋਏ ਹਨ।

ਇਹ ਉਹੀ ਸ਼੍ਰੀਵਾਸਤਵ ਗਰੁੱਪ ਹੈ ਜਿਸਦੇ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਨਾਨ-ਅਲਾਇੰਡ ਸਟਡੀਜ਼ (ਆਈਏਆਈਐਨਐਸ) ਨੇ ਇਸ ਸਾਲ ਅਕਤੂਬਰ ਵਿੱਚ 23 EU ਸੰਸਦ ਮੈਂਬਰਾਂ ਨੇ ਗ਼ੈਰ-ਸਰਕਾਰੀ ਕਸ਼ਮੀਰ ਦੌਰੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦਾ ਸਾਰਾ ਪ੍ਰਬੰਧ ਕੀਤਾ ਸੀ।

ਯੂਰਪੀ ਸੰਘ ਨੇ ਰੂਸ ਵੱਲੋਂ ਫੈਲਾਏ ਜਾ ਰਹੇ ਫੇਕ ਨਿਊਜ਼ ਤੋਂ ਨਜਿੱਠਣ ਲਈ ਇੱਕ ਫੋਰਮ ਬਣਾਇਆ ਹੈ। ਇਹ ਸੁਤੰਤਰ ਫੈਕਟ ਚੈੱਕ ਯੂਰਪ ਵਿੱਚ ਫੇਕ ਪ੍ਰੋਪੇਗੰਡਾ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ। ਇਨ੍ਹਾਂ ਸਾਰੇ 265 ਆਊਟਲੈਟ ਦਾ ਜ਼ਿਆਦਾਤਰ ਕੰਟੈਂਟ ਪਾਕਿਸਤਾਨ-ਵਿਰੋਧੀ ਖ਼ਬਰਾਂ ਨਾਲ ਭਰਿਆ ਹੋਇਆ ਹੈ।

EU ਦੀ ਡਿਸਇੰਫੋ ਲੈਬ ਨੇ ਆਪਣੀ ਪਰਤ-ਦਰ-ਪਰਤ ਪੜਤਾਲ ਵਿੱਚ ਪਤਾ ਲਗਾਇਆ ਹੈ ਕਿ ਕਿਵੇਂ ਦਿੱਲੀ ਦਾ ਸ਼੍ਰੀਵਾਸਤਵ ਗਰੁੱਪ ਵਿਦੇਸ਼ ਵਿੱਚ ਚੱਲ ਰਹੇ ''ਫ਼ੇਕ ਲੋਕਲ ਨਿਊਜ਼ ਆਊਟਲੇਟ'' ਨਾਲ ਜੁੜਿਆ ਹੈ।

ਇਹ ਵੀ ਪੜ੍ਹੋ:

ਡਿਸਇੰਫੋ ਲੈਬ ਅਨੁਸਾਰ ਲੋਕ ਰੂਸ ਵੱਲੋਂ ਫੈਲਾਏ ਜਾ ਰਹੇ ਝੂਠ ਨੂੰ ਈਪੀ ਟੂਡੇ ਵੈੱਬਸਾਈਟ ਦੇ ਹਵਾਲੇ ਨਾਲ ਸ਼ੇਅਰ ਕਰ ਰਹੇ ਹਨ। ਇਸ ਤੋਂ ਬਾਅਦ ਲੈਬ ਨੇ ਇਸ ਵੈੱਬਸਾਈਟ ਦੀ ਪੜਤਾਲ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਵੈੱਬਸਾਈਟ ਭਾਰਤ ਦੇ ਨਾਲ ਜੁੜੀ ਹੋਈ ਹੈ। ਇਸ ਤੋਂ ਬਾਅਦ ਪੜਤਾਲ ਵਿੱਚ ਇੱਕ ਤੋਂ ਬਾਅਦ ਇੱਕ ਵਿਦੇਸ਼ੀ ਵੈੱਬਸਾਈਟਾਂ ਸਾਹਮਣੇ ਆਈਆਂ ਜਿਸਦੇ ਤਾਰ ਦਿੱਲੀ ਨਾਲ ਜੁੜੇ ਮਿਲੇ।

ਇਸ ਪੂਰੇ ਮਾਮਲੇ 'ਤੇ ਸ਼੍ਰੀਵਾਸਤਵ ਗਰੁੱਪ ਦਾ ਰੁਖ ਜਾਣਨ ਲਈ ਅਸੀਂ ਅਧਿਕਾਰਤ ਵੈੱਬਸਾਈਟ 'ਤੇ ਦਿੱਤੇ ਗਏ ਪਤੇ A2/59 ਸਫਦਰਗੰਜ ਇਨਕਲੇਵ ਪਹੁੰਚੇ।

ਇਸ ਪਤੇ 'ਤੇ ਇੱਕ ਘਰ ਮਿਲਿਆ ਜਿਸਦੇ ਗੇਟ 'ਤੇ ਖੜ੍ਹੇ ਸਕਿਊਰਿਟੀ ਗਾਰਡ ਨੇ ਸਾਨੂੰ ਅੰਦਰ ਜਾਣ ਤੋਂ ਰੋਕਿਆ। ਉਸ ਨੇ ਸਾਨੂੰ ਦੱਸਿਆ ਕਿ ਇੱਥੇ ਕੋਈ ਦਫਤਰ ਨਹੀਂ ਹੈ।

ਇਸ ਵੈੱਬਸਾਈਟ 'ਤੇ ਕੋਈ ਈਮੇਲ ਆਈਡੀ ਨਹੀਂ ਦਿੱਤੀ ਗਈ ਹੈ ਜਿਸ ਨਾਲ ਸਪੰਰਕ ਕੀਤਾ ਜਾ ਸਕੇ। ਅਸੀਂ ਦਿੱਤੇ ਗਏ ਨੰਬਰ 'ਤੇ ਫੋਨ ਕੀਤਾ ਤਾਂ ਜਵਾਬ ਮਿਲਿਆ,''ਸਰ ਤੁਹਾਨੂੰ ਫੋਨ ਕਰ ਲਵਾਂਗੇ।''

ਇਸ ਮਾਮਲੇ 'ਤੇ ਅਸੀਂ ਵਿਦੇਸ਼ ਮੰਤਰਾਲੇ ਨੂੰ ਇੱਕ ਮੇਲ ਜ਼ਰੀਏ ਪੁੱਛਿਆ ਹੈ ਕਿ, ਕੀ ਅਜਿਹੀ ਵੈੱਬਸਾਈਟ ਦੀ ਜਾਣਕਾਰੀ ਮੰਤਰਾਲੇ ਕੋਲ ਹੈ? ਅਤੇ ਕੀ ਕਿਸੇ ਵੀ ਤਰੀਕੇ ਨਾਲ ਇਸਦਾ ਸਬੰਧ ਭਾਰਤ ਸਰਕਾਰ ਨਾਲ ਹੈ? ਇਹ ਰਿਪੋਰਟ ਲਿਖੇ ਜਾਣ ਤੱਕ ਸਾਨੂੰ ਮੰਤਰਾਲੇ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਹੈ।

ਸ਼੍ਰੀਵਾਸਤਵ ਗਰੁੱਪ ਨਾਲ ਕਿਵੇਂ ਜੁੜੇ ਨਾਲ ਵੈੱਬਸਾਈਟ ਦੇ ਤਾਰ?

9 ਅਕਤੂਬਰ ਨੂੰ EU ਦੇ ਡਿਸਇੰਫੋ ਲੈਬ ਨੇ ਟਵਿੱਟਰ 'ਤੇ ਸਿਲਸਿਲੇਵਾਰ ਤਰੀਕੇ ਨਾਲ ਦੱਸਿਆ ਕਿ ਉਸਦੀ ਪੜਤਾਲ ਵਿੱਚ ਕਿਵੇਂ ਭਾਰਤ ਦੇ ਸ਼੍ਰੀਵਾਸਤਵ ਗਰੁੱਪ ਦੀ ਭੂਮਿਕਾ ਸਾਹਮਣੇ ਆਈ।

 • EPToday ਦੀ ਆਫੀਸ਼ੀਅਲ ਵੈੱਬਸਾਈਟ 'ਤੇ ਇਸਦਾ ਪਤਾ ਬ੍ਰਸੇਲਸ, ਬੈਲਜੀਅਮ ਦਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਸ਼੍ਰੀਵਾਸਤਵ ਗਰੁੱਪ ਦੀ ਅਧਿਕਾਰਤ ਵੈੱਬਸਾਈ ਖੰਗੋਲੀ ਗਈ। ਇਸ ਗਰੁੱਪ ਦਾ ਮੁੱਖ ਦਫਤਰ ਦਿੱਲੀ ਵਿੱਚ ਹੈ ਅਤੇ ਇੱਕ ਦਫਤਰ ਬੈਲਜੀਅਮ, ਸਵਿੱਟਜ਼ਰਲੈਂਡ ਅਤੇ ਕੈਨੇਡਾ ਵਿੱਚ ਹੈ। ਖਾਸ ਗੱਲ ਇਹ ਹੈ ਕਿ ਈ ਪੀ ਟੂਡੇ ਅਤੇ ਸ਼੍ਰੀਵਾਸਤਵ ਗਰੁੱਪ ਦਾ ਬੈਲਜੀਅਮ ਸਥਿਤ ਦਫਤਰ ਇੱਕ ਹੀ ਪਤੇ 'ਤੇ ਹੈ।
ਫੋਟੋ ਕੈਪਸ਼ਨ ਈ ਪੀ ਟੂਡੇ ਅਤੇ ਸ਼੍ਰੀਵਾਸਤਵ ਗਰੁੱਪ ਦਾ ਬੈਲਜੀਅਮ ਸਥਿਤ ਦਫਤਰ ਇੱਕ ਹੀ ਪਤੇ 'ਤੇ ਹੈ।
 • ਡਿਸਇੰਫੋ ਲੈਬ ਦਾ ਕਹਿਣਾ ਹੈ ਕਿ ਈਪੀ ਟੂਡੇ ਦੀ ਆਈਪੀ ਹਿਸਟਰੀ ਸਰਚ ਕਰਨ 'ਤੇ ਪਤਾ ਲੱਗਿਆ ਕਿ ਇਸ ਨੂੰ ਉਸੇ ਸਰਵਰ 'ਤੇ ਹੋਸਟ ਕੀਤਾ ਗਿਆ ਸੀ ਜਿਸ 'ਤੇ ਸ਼੍ਰੀਵਾਸਤਵ ਗਰੁੱਪ ਨੂੰ ਹੋਸਟ ਕੀਤਾ ਗਿਆ ਸੀ। ਯਾਨਿ ਪਹਿਲਾਂ ਦੋਵੇਂ ਹੀ ਵੈੱਬਸਾਈਟਾਂ ਨੂੰ ਇੱਕ ਸਰਵਰ 'ਤੇ ਹੋਸਟ ਕੀਤਾ ਗਿਆ ਸੀ।
 • http://eptoday.com ਦਾ ਓਰੀਜਨਲ ਰਜਿਸਟ੍ਰੇਸ਼ਨ http://UIWNET.COM ਨਾਲ ਜੁੜਿਆ ਹੋਇਆ ਸੀ। UIWNET.COM ਅਤੇ ਸ਼੍ਰੀਵਾਸਤਵ ਗਰੁੱਪ ਦਾ ਹੋਸਟ ਸਰਵਰ ਇੱਕ ਹੀ ਹੈ।
Image copyright DisinfoEU/twitter
 • ਇਸ ਸਾਲ ਅਕਤੂਬਰ ਵਿੱਚ ਆਈ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਕਿ ਈਪੀਟੂਡੇ ਦੇ ਫੇਸਬੁੱਕ ਪੇਜ ਨੂੰ ਚਾਰ ਲੋਕ ਦਿੱਲੀ ਤੋਂ ਚਲਾ ਰਹੇ ਹਨ। ਜਦੋਂ ਬੀਬੀਸੀ ਨੇ ਇਸਦੀ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਇਸਦਾ ਫੇਸਬੁੱਕ ਪੇਜ ਸਸਪੈਂਡ ਕੀਤਾ ਜਾ ਚੁੱਕਿਆ ਹੈ।
 • ਇਹ ਭਾਰਤੀ ਗਰੁੱਪ ਜੇਨੇਵਾ ਵਿੱਚ ਵੀ ਕੰਮ ਕਰ ਰਿਹਾ ਹੈ, ਜਿੱਥੇ ਸੰਯੁਕਤ ਰਾਸ਼ਟਰ ਦੀ ਰਿਫਿਊਜੀ ਏਜੰਸੀ ਹੈ। ਟਾਈਮਜ਼ ਆਫ਼ ਜੇਨੇਵਾ (timesofgeneva.com) ਨਾਮ ਨਾਲ ਇੱਕ ਆਨਲਾਈਨ ਨਿਊਜ਼ਪੇਪਰ ਚਲਾਇਆ ਜਾ ਰਿਹਾ ਹੈ। ਇਸ ਵੈੱਬਸਾਈਟ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ''35 ਸਾਲ ਤੋਂ ਇਸ ਬਿਜ਼ਨਸ ਵਿੱਚ ਹੈ''
 • ਟਾਈਮਜ਼ ਆਫ਼ ਜੇਨੇਵਾ 'ਤੇ ਉਹੀ ਕੰਟੈਂਟ ਹੈ ਜੋ ਈਪੀਟੂਡੇ 'ਤੇ ਛਾਪਿਆ ਜਾ ਰਿਹਾ ਹੈ। ਟਾਈਮਜ਼ ਆਫ਼ ਜੇਨੇਵਾ 'ਤੇ ਉਹ ਵੀਡੀਓ ਵੀ ਹੈ, ਜਿਹੜਾ ਜਾਂ ਤਾਂ ਪਾਕਿਸਤਾਨ ਦੇ ਘੱਟ ਗਿਣਤੀਆਂ ਦੇ ਹਾਲਾਤ ਬਾਰੇ ਗੱਲ ਕਰਦਾ ਹੈ ਜਾਂ ਫਿਰ ਗਿਲਗਿਲਤ ਬਲਤਿਸਤਾਨ 'ਤੇ ਫੋਕੱਸ ਹੈ। ਟਾਈਮਜ਼ ਆਫ਼ ਜੇਨੇਵਾ 'ਤੇ ਪਾਕਿਸਤਾਨੀ ਘੱਟ ਗਿਣਤੀਆਂ ਦੇ ਪ੍ਰਦਰਸ਼ਨ 'ਤੇ ਕਾਫ਼ੀ ਕਵਰੇਜ ਕੀਤੀ ਗਈ ਹੈ।
Image copyright Alamy
ਫੋਟੋ ਕੈਪਸ਼ਨ ਪਾਕਿਸਤਾਨ ਨਾਲ ਜੁੜੇ ਟਾਈਮਜ਼ ਆਫ਼ ਜੇਨੇਵਾ ਦਾ ਕੰਟੈਂਟ
 • ਡਿਸਇੰਫੋ ਲੈਬ ਦਾ ਦਾਅਵਾ ਹੈ ਕਿ ਟਾਈਮਜ਼ ਆਫ਼ ਜੈਨੇਵਾ ਦੇ ਸਰਵਰ 'ਤੇ ਇੱਕ ਐਨਜੀਓ ਦੀ ਵੈੱਬਸਾਈਟ pakistaniwomen.org ਵੀ ਚੱਲ ਰਹੀ ਹੈ। ਲੈਬ ਦੀ ਪੜਤਾਲ ਵੈੱਬਸਾਈਟ ਤੋਂ ਹੁੰਦੇ ਹੋਏ ਯੂਰਪੀ ਆਰਗੇਨਾਈਜ਼ੇਸ਼ਨ ਫਾਰ ਪਾਕਿਸਤਾਨੀ ਮਾਈਨਾਰਿਟੀ (ਈਓਪੀਐੱਮ) ਦੇ ਟਵਿੱਟਰ ਹੈਂਡਲ ਤੱਕ ਪਹੁੰਚੀ। ਇਸ ਸੰਸਥਾ ਦਾ ਪਤਾ, ਇਪੀਟੂਡੇ ਦਾ ਪਤਾ ਅਤੇ ਸ਼੍ਰੀਵਾਸਤਵ ਗਰੁੱਪ ਦੇ ਬ੍ਰਸੇਲਸ ਦਫ਼ਤਰ ਦਾ ਪਤਾ ਇੱਕ ਹੀ ਹੈ।
Image copyright DisinfoEU/twitter
 • ਹੁਣ ਇਸ ਮਾਮਲੇ ਵਿੱਚ ਇੱਕ ਤੀਜਾ ਪਲੇਅਰ ਸਾਹਮਣੇ ਆਉਂਦਾ ਹੈ 4NewsAgency। ਇਸਦੀ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ ਇਹ ਬੈਲਜੀਅਮ, ਸਵਿੱਟਜ਼ਰਲੈਂਡ, ਥਾਈਲੈਂਡ ਅਤੇ ਆਬੂ ਧਾਬੀ ਦੀਆਂ ਚਾਰ ਨਿਊਜ਼ ਏੰਜਸੀਆਂ ਦਾ ਇੱਕ ਸਮੂਹ ਹੈ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ 4 ਏਜੰਸੀਆਂ ਕਿਹੜੀਆਂ ਹਨ।

ਇਹ ਵੀ ਪੜ੍ਹੋ:

 • ਦਾਅਵਾ ਹੈ ਕਿ ਇਸਦੀ ਟੀਮ 100 ਦੇਸਾਂ ਵਿੱਚ ਕੰਮ ਕਰ ਰਹੀ ਹੈ ਪਰ ਵੈੱਬਸਾਈਟ 'ਤੇ ਬੈਲਜੀਅਮ ਅਤੇ ਜੇਨੇਵਾ ਦੇ ਦੋ ਦਫ਼ਤਰਾਂ ਦਾ ਹੀ ਪਤਾ ਦਿੱਤਾ ਗਿਆ ਹੈ। ਇੱਕ ਗੱਲ ਜੋ ਇਨ੍ਹਾਂ ਵਿੱਚ ਇੱਕ ਹੈ ਕਿ ਈਪੀਟੂਡੇ, ਜੇਨੇਵਾ ਟਾਈਮਜ਼,4newsagency ਅਤੇ ਸ੍ਰੀਵਾਸਤਵ ਗਰੁੱਪ ਇਨ੍ਹਾਂ ਸਾਰਿਆਂ ਦਾ ਦਫ਼ਤਰ ਬੈਲਜੀਅਮ ਅਤੇ ਜੇਨੇਵਾ ਵਿੱਚ ਹੀ ਹੈ।
 • 4newsagency, ਈਪੀਟੂਡੇ, ਜੇਨੇਵਾ ਟਾਈਮਜ਼ ਅਤੇ ਸ਼੍ਰੀਵਾਸਤਵ ਗਰੁੱਪ ਵਿਚਾਲੇ ਲਿੰਕ ਨੂੰ ਡਿਟੇਲ ਨਾਲ ਸਮਝਣ ਲਈ ਬੀਬੀਸੀ ਨੇ ਡਿਸਇੰਫੋ ਲੈਬ ਨੂੰ ਮੇਲ ਲਿਖਿਆ ਜਿਸਦੇ ਜਵਾਬ ਵਿੱਚ ਪਤਾ ਲੱਗਿਆ ਕਿ ਇਹ ਸਾਰੇ ਫੇਕ ਮੀਡੀਆ ਆਊਟਲੇਟ ਇਸ ਏਜੰਸੀ ਨਾਲ ਜੁੜੇ ਹੋਏ ਹਨ। ਇਨ੍ਹਾਂ ਵੈੱਬਸਾਈਟਾਂ 'ਤੇ ਇੱਕ ਹੀ ਤਰ੍ਹਾਂ ਦਾ ਕੰਟੈਂਟ ਵਰਤਿਆ ਜਾ ਰਿਹਾ ਹੈ।
 • ਡਿਸਇੰਫੋ ਲੈਬ ਦਾ ਕਹਿਣਾ ਹੈ ਕਿ 21 ਅਜਿਹੇ ਡੋਮੇਨ ਹਨ ਜੋ ਇੱਕ ਸਰਵਰ ਤੋਂ ਚੱਲ ਰਹੇ ਹਨ ਅਤੇ ਇਸ ਵਿੱਚ ਸ਼੍ਰੀਵਾਸਤਵ ਗਰੁੱਪ ਦਾ ਨਾਮ ਵੀ ਸ਼ਾਮਲ ਹੈ।
 • ਡਿਸਇੰਫੋ ਲੈਬ ਨੂੰ 2018 ਵਿੱਚ ਲਿਖਿਆ ਗਿਆ ਇੱਕ ਲੈਟਰ ਮਿਲਿਆ ਹੈ। ਮਾਡੀ ਸ਼ਰਮਾ ਦੇ ਹੀ ਗ਼ੈਰ ਸਰਕਾਰੀ ਸੰਗਠਨ WESTT ਨੇ ਅਧਿਕਾਰਤ ਰੂਪ ਤੋਂ ਯੂਰਪੀ ਸੰਸਦ ਦੇ ਸਾਬਕਾ ਪ੍ਰਧਾਨ ਐਂਟੋਨੀਓ ਤਾਜਾਨੀ ਨੂੰ ਚਿੱਠੀ ਲਿਖੀ ਸੀ ਕਿ ਉਹ ਪਾਕਿਸਤਾਨੀ ਘੱਟ ਗਿਣਤੀਆਂ 'ਤੇ EP ਟੂਡੇ ਦੇ ਓਪ-ਏਡ ਦਾ ਸਮਰਥਨ ਕਰੇ। ਮਾਡੀ ਸ਼ਰਮਾ ਦੇ ਹੀ ਇਸ ਸੰਗਠਨ ਨੇ 23 EU ਸੰਸਦ ਮੈਂਬਰਾਂ ਦਾ ਭਾਰਤ ਦੌਰਾ ਪ੍ਰਬੰਧਿਤ ਕੀਤਾ ਸੀ।
 • ਬੀਬੀਸੀ ਨੇ ਆਪਣੀ ਪੜਤਾਲ ਵਿੱਚ ਦੇਖਿਆ ਕਿ ਮਾਡੀ ਸ਼ਰਮਾ ਈਪੀਟੂਡੇ 'ਤੇ ਲੇਖ ਲਿਖਦੀ ਹੈ।
 • ਇੱਕ ਹੀ ਨਾਮ ਦਾ ਸ਼ਖ਼ਸ ਈਪੀਟੂਡੇ 'ਤੇ ਲੇਖ ਵੀ ਲਿਖ ਰਿਹਾ ਹੈ ਅਤੇ ਮਾਡੀ ਸ਼ਰਮਾ ਦੇ ਥਿੰਕਟੈਂਕ WESTT ਦੇ ਲਈ ਕੰਮ ਵੀ ਕਰ ਰਿਹਾ ਹੈ।

ਇਹ ਵੈੱਬਸਾਈਟ ਕੰਮ ਕੀ ਕਰਦੀ ਹੈ?

 • ਡਿਸਇਫੋ ਲੈਬ ਦਾ ਦਾਅਵਾ ਹੈ ਕਿ ਇਹ '265 ਫੇਕ ਲੋਕਲ ਨਿਊਜ਼ ਆਊਟਲੇਟ' ਕੌਮਾਂਤਰੀ ਸੰਸਥਾਵਾਂ ਨੂੰ ਪ੍ਰਭਾਵਿਤ ਕਰਨ ਦਾ ਕੰਮ ਕਰਦੇ ਹਨ।
 • ਆਪਣੀ ਭਰੋਸੇਯੋਗਤਾ ਨੂੰ ਮਜ਼ਬੂਤ ਬਣਾਉਣ ਲਈ ਐਨਜੀਓ ਨੂੰ ਖਾਸ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨਾਂ ਦੀ ਪ੍ਰੈੱਸ ਰਿਲੀਜ਼ ਮੁਹੱਈਆ ਕਰਵਾਉਂਦੀ ਹੈ।
 • ਇਹ ਸਾਰੇ ਮੀਡੀਆ ਆਊਟਲੈਟ ਇੱਕ-ਦੂਜੇ ਨੂੰ ਕੋਟ ਕਰਦੇ ਹਨ, ਇੱਕ ਹੀ ਰਿਪੋਰਟ ਨੂੰ ਆਪਣੇ ਪਲੇਟਫਾਰਮ 'ਤੇ ਛਾਪਦੇ ਹਨ। ਇਹ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਪੜ੍ਹਨ ਵਾਲਾ ਖ਼ਬਰਾਂ ਦੇ ਨਾਲ ਹੋਣ ਵਾਲੇ ਹੇਰ-ਫੇਰ ਨੂੰ ਸਮਝਿਆ ਹੀ ਨਹੀਂ ਜਾ ਸਕਦਾ। ਇਸਦਾ ਕੰਮ ਭਾਰਤ ਦੇ ਲਈ ਕੌਮਾਂਤਰੀ ਸਪੋਰਟ ਨੂੰ ਵਧਾਉਣਾ ਹੈ।
 • ਖ਼ਬਰਾਂ-ਸੰਪਾਦਕੀਆਂ ਜ਼ਰੀਏ ਲੋਕਾਂ ਦੇ ਵਿੱਚ ਪਾਕਿਸਤਾਨ ਦੇ ਅਕਸ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਹੈ।
Image copyright PIB
ਫੋਟੋ ਕੈਪਸ਼ਨ ਮਾਡੀ ਸ਼ੜਮਾ (ਸਭ ਤੋਂ ਸੱਜੇ)

ਕੀ ਹੈ ਸ਼੍ਰੀਵਾਸਤਵ ਗਰੁੱਪ?

ਸ਼੍ਰੀਵਾਸਤਵ ਗਰੁੱਪ ਉਦੋਂ ਚਰਚਾ ਵਿੱਚ ਆਇਆ ਜਦੋਂ ਇਸ ਸਾਲ ਅਕਤੂਬਰ ਵਿੱਚ 23 EU ਸੰਸਦ ਮੈਂਬਰ ਗ਼ੈਰ ਸਰਕਾਰੀ ਦੌਰੇ 'ਤੇ ਭਾਰਤ ਆਏ।

ਮਾਡੀ ਸ਼ਰਮਾ ਦਾ ਐਨਜੀਓ ਵਿਮੈਂਸ ਇਕਨੌਮਿਕ ਐਂਡ ਸੋਸ਼ਲ ਥਿੰਕ ਟੈਂਕ (WESTT) ਯੂਰਪੀ ਸੰਸਦ ਮੈਂਬਰਾਂ ਨੂੰ ਭਾਰਤ ਲੈ ਕੇ ਆਇਆ ਸੀ। ਸੰਸਦ ਮੈਂਬਰਾਂ ਨੂੰ ਭੇਜੇ ਆਪਣੇ ਸੱਦੇ ਵਿੱਚ ਕਿਹਾ ਸੀ ਕਿ ਆਉਣ-ਜਾਣ ਦਾ ਖਰਚ ਭਾਰਤ ਸਥਿਤ ਇੰਟਰਨੈਸ਼ਲ ਇੰਸਟੀਚਿਊਟ ਆਫ਼ ਨੌਨ ਅਲਾਈਡ ਸਟਡੀਜ਼ (ਆਈਆਈ ਐਨਐਸ) ਚੁੱਕੇਗਾ।

ਇੰਸਟੀਚਿਊਟ ਆਫ ਨੌਨ ਅਲਾਈਡ ਸਟਡੀਜ਼ ਗ਼ੈਰ ਸਰਕਾਰੀ ਸੰਗਠਨ ਹੈ ਜਿਸਦੀ ਸਥਾਪਨਾ 1980 ਵਿੱਚ ਕੀਤੀ ਗਈ ਸੀ। ਸ਼੍ਰੀਵਾਸਤਵ ਗਰੁੱਪ ਦੀ ਵੈੱਬਸਾਈਟ 'ਤੇ ਦੱਸਿਆ ਗਿਆ ਹੈ ਕਿ ਆਈਆਈਐਨਐਸ ਉਨ੍ਹਾਂ ਦੀ ਸੰਸਥਾ ਹੈ।

ਇਸ ਤੋਂ ਇਲਾਵਾ ਇਸ ਸਮੂਹ ਦੇ ਕੁਝ ਅਖ਼ਬਾਰ ਡੇਲੀ ਟਾਈਮਜ਼ (ਅੰਗ੍ਰੇਜ਼ੀ), ਨਵੀਂ ਦਿੱਲੀ ਟਾਈਮਜ਼ (ਹਿੰਦੀ) ਵੀ ਛਪਦੇ ਹਨ। ਹਾਲਾਂਕਿ ਇਨ੍ਹਾਂ ਅਖ਼ਬਾਰਾਂ ਦਾ ਸਰਕੂਲੇਸ਼ਨ ਕਿੰਨਾ ਹੈ ਇਸਦੀ ਕੋਈ ਜਾਣਕਾਰੀ ਵੈੱਬਸਾਈਟ 'ਤੇ ਨਹੀਂ ਦਿੱਤੀ ਗਈ ਹੈ।

ਦਿ ਵਾਇਰ ਵਿੱਚ ਛਪੀ ਇੱਕ ਰਿਪੋਰਟ ਮੁਤਾਬਕ ਸ਼੍ਰੀਵਾਸਤਵ ਗਰੁੱਪ ਦੀਆਂ ਕਈ ਕੰਪਨੀਆਂ ਹਨ। ਪਰ ਰਜਿਸਟਰਾਰ ਆਫ਼ ਕੰਪਨੀ ਯਾਨਿ RoC ਕੋਲ ਦਾਖ਼ਲ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਲਗਦਾ ਹੈ ਕਿ ਇਸਦੀ ਜ਼ਿਆਦਾਤਰ ਕੰਪਨੀਆਂ ਬਿਜ਼ਨਸ ਨਹੀਂ ਕਰ ਰਹੀਆਂ ਹਨ। ਉਨ੍ਹਾਂ ਦੇ ਕੋਲ ਪੈਸੇ ਹੀ ਨਹੀਂ ਹਨ।

ਇਸ ਗਰੁੱਪ ਦੀਆਂ ਕੁੱਲ 7 ਕੰਪਨੀਆਂ ਚੱਲ ਰਹੀਆਂ ਹਨ, ਜਿਸਦੇ ਬੋਰਡ ਵਿੱਚ ਨੇਹਾ ਸ਼੍ਰੀਵਾਸਤਵ ਅਤੇ ਅੰਕਿਤ ਸ਼੍ਰੀਵਾਸਤਵ ਦਾ ਨਾਮ ਕਾਮਨ ਹੈ।

ਰਿਪੋਰਟ ਮੁਤਾਬਕ A2N ਬ੍ਰਾਡਕਾਸਟਿੰਗ ਨੇ ਪਿਛਲੇ ਸਾਲ 2000 ਰੁਪਏ ਦਾ ਘਾਟਾ ਦਰਜ ਕੀਤਾ। ਇਸ ਕੰਪਨੀ ਦੀ ਕੋਈ ਕਮਾਈ ਨਹੀਂ ਹੈ। ਇਸਦੇ ਕੋਲ 10 ਹਜ਼ਾਰ ਰੁਪਏ ਦਾ ਬੈਲੇਂਸ ਸਿਟੀ ਬੈਂਕ ਵਿੱਚ ਹੈ ਅਤੇ 10 ਹਜ਼ਾਰ ਓਰੀਐਂਟਲ ਬੈਂਕ ਵਿੱਚ।

ਇਹ ਵੀ ਪੜ੍ਹੋ:

ਇਸ ਕੰਪਨੀ ਕੋਲ ਕੋਈ ਵੱਡੇ ਮੁਨਾਫ਼ੇ ਦਾ ਕਾਰੋਬਾਰ ਨਹੀਂ ਹੈ।

ਫੋਟੋ ਕੈਪਸ਼ਨ A2/59, ਸ਼੍ਰੀਵਾਸਤਵ ਗਰੁੱਪ ਦੀ ਅਧਿਕਾਰਤ ਵੈੱਬਸਾਈਟ 'ਤੇ ਦਿੱਤੇ ਗਏ ਪਤੇ ਉੱਤੇ ਕੋਈ ਦਫਤਰ ਨਹੀਂ ਮਿਲਿਆ

ਸਫ਼ਦਰਜੰਗ ਇਨਕਲੇਵ ਵਿੱਚ A2/59 ਪਤੇ ਨੂੰ ਅਸੀਂ ਖੰਗਾਲਣਾ ਸ਼ੁਰੂ ਕੀਤਾ ਤਾਂ ਸਾਲ 2018 ਦੀ ਇੰਡੀਅਨ ਇਸਲਾਮਿਕ ਕਲਚਰ ਸੈਂਟਰ ਦੀ ਇੱਕ ਇਲੈਕਟੋਰਲ ਲਿਸਟ ਮਿਲੀ, ਜਿਸਦੇ ਮੁਤਾਬਕ ਇਸ ਪਤੇ 'ਤੇ ਅੰਕਿਤ ਸ਼੍ਰੀਵਾਸਤਵ ਤੇ ਨੇਹਾ ਸ਼੍ਰੀਵਾਸਤਵ ਰਹਿੰਦੇ ਹਨ।

ਇਹ ਦੋਵੇਂ ਸ਼੍ਰੀਵਾਸਤਵ ਸਮੂਹ ਨਾਲ ਜੁੜੇ ਹਨ। ਡਾ. ਅੰਕਿਤ ਸ਼੍ਰੀਵਾਸਤਵ ਇਸ ਸਮੂਹ ਦੇ ਵਾਈਸ ਚੇਅਰਮੈਨ ਹਨ। ਉੱਥੇ ਹੀ ਨੇਹਾ ਸ਼੍ਰੀਵਾਸਤਵ ਵਾਈਸ ਚੇਅਰਪਰਸਨ ਹਨ। ਪਰ ਇਸ ਪਤੇ 'ਤੇ ਇੱਕ ਦਫ਼ਤਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਇਸ ਤੋਂ ਬਾਅਦ ਅਸੀਂ ਇਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਖੰਗਾਲੇ ਤਾਂ ਅੰਕਿਤ ਸ਼੍ਰੀਵਾਸਤਵ ਦੀ ਟਵਿੱਟਰ ਪ੍ਰੋਫਾਈਲ ਮਿਲੀ। ਇਸ ਪ੍ਰੋਫਾਈਲ 'ਤੇ 10 ਹਜ਼ਾਰ ਤੋਂ ਵੱਧ ਫੌਲੋਅਰਜ਼ ਹਨ ਅਤੇ ਉਨ੍ਹਾਂ ਨੇ ਖ਼ੁਦ ਨੂੰ ਨਿਊ ਡੇਲੀ ਟਾਈਮਜ਼ ਦਾ ਐਡੀਟਰ ਇਨ ਚੀਫ਼ ਦੱਸਿਆ ਹੈ। ਅੰਕਿਤ ਸ਼੍ਰੀਵਾਸਤਵ ਦੀ ਲਿੰਕਡਨ ਪ੍ਰੋਫਾਈਲ 'ਤੇ ਵੀ ਇਹੀ ਜਾਣਕਾਰੀ ਦਿੱਤੀ ਗਈ ਹੈ।

ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਸ਼੍ਰੀਵਾਸਤਵ ਗਰੁੱਪ ਦੇ ਕਿਸੇ ਵੀ ਨੁਮਾਇੰਦੇ ਨਾਲ ਸਾਡੀ ਗੱਲ ਨਹੀਂ ਹੋ ਸਕੀ।

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)