BHU ’ਚ ਸੰਸਕ੍ਰਿਤ ਪ੍ਰੋਫੈਸਰ ਵਿਵਾਦ: 'ਇੱਕ ਮੁਸਲਮਾਨ ਸੰਸਕ੍ਰਿਤ ਕਿਵੇਂ ਪੜ੍ਹਾ ਸਕਦਾ ਹੈ'

ਫ਼ਿਰੋਜ਼ ਖ਼ਾਨ Image copyright FIROZ KHAN
ਫੋਟੋ ਕੈਪਸ਼ਨ ਫ਼ਿਰੋਜ਼ ਖ਼ਾਨ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੂਬਾ ਪੱਧਰੀ ਸੰਸਕ੍ਰਿਤ ਵਿਦਵਾਨ ਸਨਮਾਨ ਦਿੱਤਾ ਹੈ

ਮਸ਼ਹੂਰ ਅਮਰੀਕੀ ਲੇਖਕ ਮਾਰਕ ਟਵੇਨ ਨੇ 19ਵੀਂ ਸਦੀ 'ਚ ਕਿਹਾ ਸੀ, "ਬਨਾਰਸ ਇਤਿਹਾਸ ਤੋਂ ਵੀ ਪੁਰਾਣਾ ਹੈ, ਪਰੰਪਰਾ ਤੋਂ ਵੀ ਪੁਰਾਣਾ ਹੈ ਅਤੇ ਮਿਥਕਾਂ ਤੋਂ ਵੀ ਪਹਿਲਾਂ ਦਾ ਹੈ। ਇਤਿਹਾਸ, ਪਰੰਪਰਾ ਅਤੇ ਮਿਥ ਨੂੰ ਨਾਲ ਮਿਲਾ ਦਈਏ ਤਾਂ ਬਨਾਰਸ ਹੋਰ ਪੁਰਾਣਾ ਲੱਗਣ ਲਗਦਾ ਹੈ।"

ਪਰ ਬਨਾਰਸ ਹੁਣ ਨਵਾਂ ਹੋ ਗਿਆ ਹੈ। ਇਸ ਨਵੇਂ ਬਨਾਰਸ ਦੇ ਵਿਦਿਆਰਥੀਆਂ ਨੂੰ ਕਿਸੇ ਫ਼ਿਰੋਜ਼ ਖ਼ਾਨ ਵੱਲੋਂ ਸੰਸਕ੍ਰਿਤ ਪੜਾਉਣੀ ਰਾਸ ਨਹੀਂ ਆ ਰਹੀ।

ਇਹ ਅੜੇ ਹੋਏ ਹਨ ਕਿ ਫ਼ਿਰੋਜ਼ ਖ਼ਾਨ ਮੁਸਲਮਾਨ ਹੈ ਅਤੇ ਇੱਕ ਮੁਸਲਮਾਨ ਸੰਸਕ੍ਰਿਤ ਕਿਵੇਂ ਪੜ੍ਹਾ ਸਕਦਾ ਹੈ? ਇੱਕ ਮੁਸਲਮਾਨ ਗੀਤਾ ਅਤੇ ਵੇਦ ਕਿਵੇਂ ਪੜ੍ਹਾ ਸਕਦਾ ਹੈ?

ਫ਼ਿਰੋਜ਼ ਖ਼ਾਨ ਕਹਿੰਦੇ ਹਨ, "3-4 ਸਾਲਾਂ ਦੀ ਉਮਰ 'ਚ ਮੈਂ ਨੇੜਲੇ ਨਿੱਜੀ ਸਕੂਲ 'ਚ ਪੜ੍ਹਨ ਜਾਂਦਾ ਸੀ। ਉਥੋਂ ਦੀ ਪੜ੍ਹਾਈ ਮੈਨੂੰ ਠੀਕ ਨਹੀਂ ਲੱਗੀ। ਮਤਲਬ ਮੇਰੇ ਮਨ ਦੀ ਪੜ੍ਹਾਈ ਨਹੀਂ ਸੀ। ਅਧਿਆਪਕ ਬੋਲਦੇ ਸਨ ਇਹ ਵੀ ਯਾਦ ਕਰਕੇ ਆਉਣਾ, ਉਹ ਵੀ ਯਾਦ ਕਰਕੇ ਆਉਣਾ ਹੈ। ਪੜ੍ਹਾਈ ਇੱਕ ਦਮ ਬੋਝ ਬਣ ਗਈ ਸੀ।"

"ਮੈਂ ਘਰਵਾਲਿਆਂ ਨੂੰ ਕਿਹਾ ਕਿ ਇੱਥੇ ਨਹੀਂ ਪੜਾਂਗਾ। ਪਾਪਾ ਨੇ ਸਰਕਾਰੀ ਸਕੂਲ 'ਚ ਦਾਖ਼ਲਾ ਕਰਵਾਉਣ ਦਾ ਫ਼ੈਸਲਾ ਕੀਤਾ। ਪਰ ਉਨ੍ਹਾਂ ਨੇ ਸਰਕਾਰੀ ਸਕੂਲ 'ਚ ਵੀ ਆਮ ਸਕੂਲ ਨਾ ਚੁਣ ਕੇ ਸੰਸਕ੍ਰਿਤ ਸਕੂਲ ਨੂੰ ਚੁਣਿਆ।"

"ਮੇਰੇ ਪਾਪਾ ਨੇ ਵੀ ਸੰਸਕ੍ਰਿਤ ਦੀ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ ਸੰਸਕ੍ਰਿਤ 'ਚ ਸ਼ਾਸਤਰੀ ਤੱਕ ਦੀ ਪੜ੍ਹਾਈ ਕੀਤੀ ਹੈ। ਸੰਸਕ੍ਰਿਤ ਨਾਲ ਮੇਰੀ ਸੋਹਬਤ ਅਤੇ ਸਫ਼ਰ ਦੀ ਸ਼ੁਰੂਆਤ ਇਥੋਂ ਹੀ ਸ਼ੁਰੂ ਹੁੰਦੀ ਹੈ।"

ਫ਼ਿਰੋਜ਼ ਖ਼ਾਨ ਅਤੇ ਸੰਸਕ੍ਰਿਤ ਦੀ ਸੋਹਬਤ ਇਥੋਂ ਸ਼ੁਰੂ ਹੋਈ ਅਤੇ ਹੁਣ ਰਾਜਸਥਾਨ ਦੇ ਜੈਪੁਰ ਤੋਂ ਬਨਾਰਸ ਪਹੁੰਚ ਗਈ ਹੈ। ਬਨਾਰਸ ਯਾਨਿ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ।

ਇਹ ਵੀ ਪੜ੍ਹੋ-

ਫ਼ਿਰੋਜ਼ ਖ਼ਾਨ ਦੇ ਪਿਤਾ ਰਮਜ਼ਾਨ ਖ਼ਾਨ ਨੇ ਆਪਣੇ ਪਿੰਡ ਬਾਗਰੂ ਦੇ ਇੱਕ ਜੋਤਿਸ਼ ਦੇ ਕਹਿਣ 'ਤੇ ਆਪਣਾ ਨਾਮ ਮੁੰਨਾ ਮਾਸਟਰ ਰੱਖ ਲਿਆ ਸੀ। ਇਨ੍ਹਾਂ ਦਾ ਪਿੰਡ ਬਾਗਰੂ ਜੈਪੁਰ ਤੋਂ 36 ਕਿਲੋਮੀਟਰ ਦੂਰ ਹੈ।

ਮੁੰਨਾ ਮਾਸਟਰ ਸੰਗੀਤ ਪੜ੍ਹਾਉਂਦੇ ਹਨ ਅਤੇ ਗਾਉਂਦੇ ਵੀ ਵਧੀਆ ਹਨ। ਮੁੰਨਾ ਮਾਸਟਰ ਦੇ ਪਿਤਾ ਵੀ ਮੰਦਰਾਂ 'ਚ ਭਜਨ ਗਾਉਂਦੇ ਸਨ ਅਤੇ ਉਹ ਵੀ ਭਜਨ ਗਾਉਂਦੇ ਸਨ। ਮੁੰਨਾ ਮਾਸਟਰ ਦੀ ਗਾਇਕੀ ਅਤੇ ਭਜਨ ਸੁਣ ਕੋਈ ਵੀ ਗਵਾਚ ਜਾਵੇ। ਉਹ ਕ੍ਰਿਸ਼ਨ ਦਾ ਭਜਨ ਗਾਉਂਦੇ ਹਨ।

ਫ਼ਿਰੋਜ਼ ਖ਼ਾਨ ਮੁੰਨਾ ਮਾਸਟਰ ਦੇ ਤੀਜੇ ਬੇਟੇ ਹਨ। 5 ਨਵੰਬਰ ਨੂੰ ਫ਼ਿਰੋਜ਼ ਖ਼ਾਨ ਦਾ ਬੀਐੱਚਯੂ ਦੇ ਸੰਸਕ੍ਰਿਤ ਵਿਦਿਆ ਧਰਮ ਵਿਗਿਆਨ 'ਚ ਅਸਿਸਟੈਂਟ ਪ੍ਰੋਫੈਸਰ ਲਈ ਇੰਟਰਵਿਊ ਸੀ। ਇੰਟਰਵਿਊ 'ਚ ਇਨ੍ਹਾਂ ਦੀ ਚੋਣ ਹੋਈ ਅਤੇ 6 ਨਵੰਬਰ ਨੂੰ ਚੋਣ ਪੱਤਰ ਮਿਲਿਆ।

ਫ਼ਿਰੋਜ਼ 7 ਨਵੰਬਰ ਨੂੰ ਜੁਆਇਨ ਕਰਨ ਗਏ ਪਰ ਸੰਸਕ੍ਰਿਤ ਵਿਦਿਆ ਧਰਮ ਵਿਗਿਆਨ ਦੇ ਵਿਦਿਆਰਥੀ ਪਹਿਲਾਂ ਤੋਂ ਹੀ ਵਿਰੋਧ ਕਰਨ ਲਈ ਬੈਠੇ ਸਨ। ਹੁਣ ਤੱਕ ਇਹ ਵਿਦਿਆਰਥੀ ਵਿਰੋਧ ਕਰ ਰਹੇ ਹਨ ਅਤੇ 7 ਨਵੰਬਰ ਤੋਂ ਬਾਅਦ ਕਲਾਸ ਨਹੀਂ ਲੱਗੀ ਹੈ।

ਫ਼ਿਰੋਜ਼ ਕਹਿੰਦੇ ਹਨ, "ਜਦੋਂ ਮੈਂ ਉੱਥੇ ਗਿਆ ਤਾਂ ਮੈਂ ਦੇਖਿਆ ਤਾਂ ਗੇਟ ਬੰਦ ਹੈ ਅਤੇ ਲੋਕ ਧਰਨੇ 'ਤੇ ਬੈਠੇ ਹਨ।"

Image copyright FIROZ KHAN
ਫੋਟੋ ਕੈਪਸ਼ਨ ਫ਼ਿਰੋਜ਼ ਖ਼ਾਨ ਦੇ ਪਿਤਾ ਕ੍ਰਿਸ਼ਨ ਦੇ ਭਜਨ ਗਾਉਂਦੇ ਹਨ

ਮੁੰਨਾ ਮਾਸਟਰ ਕਹਿੰਦੇ ਹਨ, "ਇਹ ਸਾਡੇ ਲਈ ਕਾਫ਼ੀ ਦੁੱਖ ਵਾਲੀ ਗੱਲ ਹੈ। ਬਨਾਰਸ ਨੇ ਪਹਿਲੀ ਵਾਰ ਅਹਿਸਾਸ ਕਰਵਾਇਆ ਹੈ ਕਿ ਅਸੀਂ ਮੁਸਲਮਾਨ ਹਾਂ। ਹੁਣ ਤੱਕ ਮੈਨੂੰ ਇਸ ਦਾ ਅਹਿਸਾਸ ਨਹੀਂ ਸੀ।"

ਫ਼ਿਰੋਜ਼ ਖ਼ਾਨ ਕਹਿੰਦੇ ਹਨ, "ਕਿਸੇ ਧਰਮ ਦੇ ਇਨਸਾਨ ਨੂੰ ਕੋਈ ਵੀ ਭਾਸ਼ਾ ਸਿੱਖਣ ਅਤੇ ਸਿਖਾਉਣ 'ਚ ਕੀ ਦਿੱਕਤ ਹੋ ਸਕਦੀ ਹੈ? ਮੈਂ ਸੰਸਕ੍ਰਿਤ ਇਸ ਲਈ ਪੜ੍ਹੀ ਸੀ ਕਿ ਇਸ ਭਾਸ਼ਾ ਦੇ ਸਾਹਿਤ ਨੂੰ ਸਮਝਣਾ ਸੀ। ਇਸ ਵਿਚਲੇ ਤੱਤ ਨੂੰ ਸਮਝਣਾ ਸੀ।"

"ਕਹਿੰਦੇ ਹਨ ਕਿ ਭਾਰਤ ਦੀ ਵੱਕਾਰੀ ਦੇ ਦੋ ਆਧਾਰ ਹਨ- ਇੱਕ ਸੰਸਕ੍ਰਿਤ ਅਤੇ ਦੂਜਾ ਸੱਭਿਆਚਾਰ। ਜੇਕਰ ਤੁਸੀਂ ਭਾਰਤ ਨੂੰ ਸਮਝਣਾ ਚਾਹੁੰਦੇ ਹੋ ਤਾਂ ਬਿਨਾਂ ਸੰਸਕ੍ਰਿਤ ਪੜ੍ਹੇ ਚੰਗੀ ਤਰ੍ਹਾਂ ਨਹੀਂ ਸਮਝਿਆ ਜਾ ਸਕਦਾ ਹੈ।"

ਫ਼ਿਰੋਜ਼ ਖ਼ਾਨ ਕਹਿੰਦੇ ਹਨ ਭਾਰਤ ਦਾ ਜੋ ਮੂਲ ਤੱਤ ਹੈ ਉਹ ਸੰਸਕ੍ਰਿਤ ਵਿੱਚ ਹੀ ਹੈ।

ਭਾਰਤ ਵਿੱਚ ਇੱਕ ਮਸ਼ਹੂਰ ਧਾਰਨਾ ਹੈ ਕਿ ਸੰਸਕ੍ਰਿਤ ਹਿੰਦੂਆਂ ਅਤੇ ਖ਼ਾਸ ਕਰਕੇ ਬਾਹਮਣਾਂ ਦੀ ਭਾਸ਼ਾ ਹੈ ਅਤੇ ਉਰਦੂ ਮੁਸਲਮਾਨਾਂ ਦੀ। ਭਾਵੇਂ ਕੋਈ ਵੀ ਭਾਸ਼ਾ ਉਨ੍ਹਾਂ ਦੀ ਹੁੰਦੀ ਹੈ ਜੋ ਸਿੱਖਦੇ ਹਨ, ਪੜ੍ਹਦੇ ਹਨ, ਭਾਵੇਂ ਕੋਈ ਕਿਸੇ ਵੀ ਧਰਮ ਦਾ ਹੋਵੇ।

ਫ਼ਿਰੋਜ਼ ਕਹਿੰਦੇ ਹਨ, "ਭਾਵੇਂ ਉਰਦੂ ਹੋਵੇ ਜਾਂ ਸੰਸਕ੍ਰਿਤ ਉਸ ਨੂੰ ਕਿਸੇ ਪੰਥ ਜਾਂ ਜਾਤੀ ਨਾਲ ਜੋੜ ਕੇ ਨਹੀਂ ਦੇਖਿਆ ਸਕਦਾ। ਮੈਂ ਮੁਸਲਮਾਨ ਹਾਂ ਪਰ ਮੈਨੂੰ ਉਰਦੂ ਨਹੀਂ ਆਉਂਦੀ। ਸੰਸਕ੍ਰਿਤ ਬਹੁਤ ਚੰਗੀ ਆਉਂਦੀ ਹੈ।"

"ਤੁਸੀਂ ਜਿਸ ਭਾਸ਼ਾ ਨੂੰ ਪਸੰਦ ਕਰਦੇ ਹੋ ਅਤੇ ਸਿੱਖਦੇ ਹੋ ਉਹੀ ਭਾਸ਼ਾ ਤੁਹਾਨੂੰ ਆਵੇਗੀ। ਨਾ ਤਾਂ ਸੰਸਕ੍ਰਿਤ ਨੂੰ ਅਸੀਂ ਸਿਰਫ਼ ਧਰਮ ਨਾਲ ਬੰਨ੍ਹ ਸਕਦੇ ਹਾਂ ਅਤੇ ਨਾ ਹੀ ਉਰਦੂ ਨੂੰ।"

ਜੋ ਵਿਦਿਆਰਥੀ ਵਿਰੋਧ ਕਰ ਰਹੇ ਹਨ ਉਨ੍ਹਾਂ ਕੀ ਹੈ ਤਰਕ?

ਇਸ ਵਿਰੋਧ ਦੀ ਆਗਵਾਈ ਕਰ ਰਹੇ ਚਕਰਪਾਣੀ ਓਝਾ ਕਹਿੰਦੇ ਹਨ, "ਫ਼ਿਰੋਜ਼ ਖ਼ਾਨ ਦੇ ਸੰਸਕ੍ਰਿਤ ਪੜ੍ਹਨ-ਪੜਾਉਣ ਦੀ ਸਮੱਸਿਆ ਨਹੀਂ ਹੈ। ਇੱਥੇ ਸੰਸਕ੍ਰਿਤ ਦੇ ਦੋ ਵਿਭਾਗ ਹਨ।"

"ਇੱਕ ਸੰਸਕ੍ਰਿਤ ਵਿਭਾਗ ਹੈ ਅਤੇ ਦੂਜੇ ਸੰਸਕ੍ਰਿਤ ਵਿਦਿਆ ਧਰਮ ਵਿਗਿਆਨ। ਫ਼ਿਰੋਜ਼ ਖ਼ਾਨ ਦੀ ਨਿਯੁਕਤੀ ਸੰਸਕ੍ਰਿਤ ਵਿਭਾਗ 'ਚ ਹੁੰਦੀ ਤਾਂ ਸਾਨੂੰ ਕੋਈ ਸਮੱਸਿਆ ਨਹੀਂ ਸੀ ਪਰ ਇੱਥੇ ਤਾਂ ਧਰਮ ਦੀ ਸਿੱਖਿਆ ਦਿੱਤੀ ਜਾਂਦੀ ਹੈ।"

"ਉਹ ਧਰਮ ਦੀ ਸਿੱਖਿਆ ਕਿਵੇਂ ਦੇਣਗੇ? ਦੂਜੀ ਗੱਲ ਇਹ ਹੈ ਕਿ ਫ਼ਿਰੋਜ਼ ਖ਼ਾਨ ਦੀ ਨਿਯੁਕਤੀ ਯੂਨੀਵਰਸਿਟੀ ਐਕਟ ਦੀ ਉਲੰਘਣ ਹੈ। ਯੂਨੀਵਰਸਿਟੀ ਐਕਟ 'ਚ ਸਾਫ ਲਿਖਿਆ ਹੈ ਕਿ ਧਰਮ ਵਿਗਿਆਨ ਵਿੱਚ ਗ੍ਰੇਜੂਏਸ਼ਨ ਵਾਲੇ ਹੀ ਆ ਸਕਦੇ ਹਨ।"

ਕੀ ਸੱਚਮੁੱਚ ਫ਼ਿਰੋਜ਼ ਖ਼ਾਨ ਦੀ ਨਿਯੁਕਤੀ ਯੂਨੀਵਰਸਿਟੀ ਐਕਟ ਦੇ ਖ਼ਿਲਾਫ਼ ਹੋਈ ਹੈ। ਅਜਿਹਾ ਯੂਨੀਵਰਸਿਟੀ ਪ੍ਰਸ਼ਾਸਨ ਵੀ ਨਹੀਂ ਕਹਿ ਰਿਹਾ ਹੈ।

ਚਕਰਪਾਣੀ ਓਝਾ ਕਹਿੰਦੇ ਹਨ ਕਿ ਇਸ ਮੁੱਦੇ ਨੂੰ ਲੈ ਕੇ ਨਾਰਾਜ਼ ਵਿਦਿਆਰਥੀਆਂ ਦੀ ਗੱਲ ਬੀਐੱਚਯੂ ਦੇ ਵੀਸੀ ਰਾਕੇਸ਼ ਭਟਨਾਗਰ ਨਾਲ ਹੋਈ ਸੀ ਪਰ ਕੋਈ ਰਸਤਾ ਨਹੀਂ ਨਿਕਲ ਸਕਿਆ।

ਚਕਰਪਾਣੀ ਨੇ ਕਿਹਾ ਕਿ ਵੀਸੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹਨ ਕਿ ਯੂਨੀਵਰਸਿਟੀ ਐਕਟ ਦੀ ਉਲੰਘਣਾ ਕਰਕੇ ਫ਼ਿਰੋਜ਼ ਖ਼ਾਨ ਦੀ ਨਿਯੁਕਤੀ ਕੀਤੀ ਗਈ ਹੈ।

ਚਕਰਪਾਣੀ ਖ਼ੁਦ ਨੂੰ ਭਾਜਪਾ ਦੇ ਵਿਦਿਆਰਥੀ ਵਿੰਗ ਆਲ ਇੰਡੀਆ ਸਟੂਡੈਂਟ ਕੌਂਸਲ ਨਾਲ ਸਬੰਧਤ ਦੱਸਦੇ ਹਨ।

ਇਹ ਵੀ ਪੜ੍ਹੋ-

ਬੀਐੱਚਯੂ ਦੇ ਹਿੰਦੀ ਵਿਭਾਗ ਦੇ ਪ੍ਰੋਫੈਸਰ ਆਸ਼ੀਸ਼ ਤ੍ਰਿਪਾਠੀ ਪੂਰੇ ਪ੍ਰਕਿਰਿਆ 'ਤੇ ਚੁੱਕੇ ਗਏ ਸਵਾਲਾਂ ਨੂੰ ਦੂਸਰੇ ਪਾਸਿਓਂ ਦੇਖਣ ਦੀ ਵਕਾਲਤ ਕਰਦੇ ਹਨ।

ਉਹ ਕਹਿੰਦੇ ਹਨ, "1950 ਤੋਂ ਬਾਅਦ ਭਾਰਤ ਸੰਵਿਧਾਨ ਦੁਆਰਾ ਚੱਲਦਾ ਹੈ। ਜੇਕਰ ਕਿਸੇ ਸੰਸਥਾ ਦੇ ਨਿਯਮਾਂ-ਪਰੰਪਰਾਵਾਂ ਅਤੇ ਸੰਵਿਧਾਨ 'ਚ ਕੋਈ ਆਪਸੀ-ਵਿਰੋਧ ਪੈਦੇ ਹੁੰਦਾ ਹੈ ਤਾਂ ਉਨ੍ਹਾਂ ਦੋਵਾਂ ਪੱਖਾਂ ਨੂੰ ਬਿਨਾਂ ਹਿਚਕ ਦੇ ਸੰਵਿਧਾਨ ਨੂੰ ਮੰਨਣਾ ਹੋਵੇਗਾ।"

"ਇੱਥੋਂ ਤੱਕ ਕਿ ਸੰਸਦ ਅਤੇ ਸੰਵਿਧਾਨ 'ਚ ਮਤਭੇਦ ਪੈਦਾ ਹੋਵੇ ਤਾਂ ਸੰਵਿਧਾਨ ਹੀ ਸਰਬਉੱਚ ਹੋਵੇਗਾ। ਫ਼ਿਰੋਜ਼ ਖ਼ਾਨ ਦੀ ਨਿਯੁਕਤੀ ਸੰਵਿਧਾਨ ਮੁਤਾਬਕ ਹੈ। ਫ਼ਿਰੋਜ਼ ਖ਼ਾਨ ਦੀ ਨਿਯੁਕਤੀ ਵਿੱਚ ਯੂਨੀਵਰਸਿਟੀ ਦੇ ਕਿਸੇ ਵੀ ਨਿਯਮ ਦੀ ਉਲੰਘਣਾ ਨਹੀਂ ਹੋਈ ਹੈ।"

ਉਹ ਕਹਿੰਦੇ ਹਨ, "ਜੇਕਰ ਯੂਨੀਵਰਸਿਟੀ 'ਚ ਕੋਈ ਅਜਿਹਾ ਐਕਟ ਹੁੰਦਾ ਤਾਂ ਇਸ ਅਹੁਦੇ ਦੇ ਇਸ਼ਤਿਹਾਰ 'ਚ ਇਹ ਐਲਾਨ ਸਾਫ਼ ਸ਼ਬਦਾਂ 'ਚ ਹੁੰਦਾ, ਜੋ ਇਸ ਮਾਮਲੇ ਵਿੱਚ ਨਹੀਂ ਸੀ। ਇਸ਼ਤਿਹਾਰ ਤੋਂ ਬਾਅਦ ਆਈਆਂ ਅਰਜ਼ੀਆਂ ਦੀ ਛਟਣੀ 'ਚ ਫੈਕਲਟੀ ਹੈੱਡ (ਜੀਨ), ਵਿਭਾਗ ਦੇ ਮੁਖੀ ਅਤੇ ਘੱਟ-ਘੱਟ ਦੋ ਸੀਨੀਅਰ ਪ੍ਰੋਫੈਸਰ ਸ਼ਾਮਿਲ ਹੁੰਦੇ ਹਨ।"

"ਜ਼ਾਹਿਰ ਹੈ ਉਨ੍ਹਾਂ ਨੂੰ ਵੀ ਯੂਵੀਵਰਸਿਟੀ ਐਕਟ ਬਾਰੇ ਜਾਣਕਾਰੀ ਹੁੰਦੀ ਹੈ। ਜੇਕਰ ਉਨ੍ਹਾਂ ਨੂੰ ਲਗਦਾ ਹੈ ਕਿ ਫ਼ਿਰੋਜ਼ ਖ਼ਾਨ ਦੀ ਅਰਜ਼ੀ ਯੂਨੀਵਰਸਿਟੀ ਦੇ ਨਿਯਮਾਂ ਦੇ ਖ਼ਿਲਾਫ਼ ਹੈ ਤਾਂ ਜ਼ਰੂਰ ਖਾਰਿਜ ਕਰ ਦਿੱਤੀ ਜਾਂਦੀ।"

"ਫ਼ਿਰੋਜ਼ ਖ਼ਾਨ ਨੂੰ ਇੰਟਰਵਿਊ ਲਈ ਸੱਦਾ ਭੇਜਿਆ ਗਿਆ ਯਾਨੀ ਚੋਣ ਕਮੇਟੀ ਨੇ ਮੰਨਿਆ ਕਿ ਇਸ ਅਹੁਦੇ ਲਈ ਉਨ੍ਹਾਂ ਦੀ ਕਾਬਲੀਅਤ ਹੈ। ਚੋਣ ਕਮੇਟੀ ਨੇ ਉਨ੍ਹਾਂ ਨੂੰ ਕਾਬਿਲ ਮੰਨਿਆ ਅਤੇ ਉਨ੍ਹਾਂ ਨੂੰ ਚੁਣਿਆ।"

Image copyright FIROZ KHAN
ਫੋਟੋ ਕੈਪਸ਼ਨ ਅਮਰ ਜਮਨ ਜੋਤੀ, ਸਵਾਈ ਮਾਨ ਸਿੰਘ ਸਟੇਡੀਅਮ ਜੈਪੁਰ ਵਿੱਚ ਗਾਣਾ ਗਉਂਦੇ ਫ਼ਿਰਜ਼ੋ ਖਾਨ

ਮੰਗਲਵਾਰ ਨੂੰ ਬੀਐੱਚਯੂ ਪ੍ਰਸ਼ਾਸਨ ਨੇ ਵੀ ਸਪੱਸ਼ਟ ਕਰ ਦਿੱਤਾ ਕਿ ਸੰਸਕ੍ਰਿਤ ਵਿਦਿਆ ਧਰਮ ਵਿਗਿਆਨ ਫੈਕਲਟੀ ਸਾਹਿਤ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਦੇ ਇੱਕ ਅਹੁਦੇ 'ਤੇ ਚੁਣੇ ਗਏ ਉਮੀਦਵਾਰ ਦੇ ਵਿਰੋਧ 'ਚ ਕੁਝ ਲੋਕ ਕਈ ਦਿਨਾਂ ਤੋਂ ਵੀਸੀ ਆਵਾਸ ਦੇ ਬਾਹਰ ਧਰਨੇ 'ਤੇ ਬੈਠੇ ਹਨ।

ਇਸ ਸਬੰਧ ਵਿੱਚ ਯੂਨੀਵਿਰਸਿਟੀ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਨਿਯੁਕਤੀ 'ਚ ਪੂਰੀ ਪਾਰਦਰਸ਼ਿਤਾ ਅਪਣਾਉਂਦਿਆਂ ਹੋਇਆਂ ਯੂਨੀਵਰਸਿਟੀ ਨੇ ਨਿਯਮ ਅਨੁਸਾਰ ਕਾਬਿਲ ਪਾਏ ਗਏ ਉਮੀਦਵਾਰ ਦਾ ਸਰਬ-ਸਹਿਮਤੀ ਨਾਲ ਚੋਣ ਕੀਤੀ ਹੈ।

ਵਿਰੋਧ ਕਰਨ ਵਾਲੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਸੱਭਿਆਚਾਰ ਦੇ ਖ਼ਿਲਾਫ਼ ਹੈ ਪਰ ਸੱਭਿਆਚਾਰ ਨੂੰ ਇਹ ਧਰਮ ਨਾਲ ਜੋੜਦੇ ਹਨ। ਕੀ ਇੱਥੇ ਧਰਮ ਦੀ ਪੜ੍ਹਾਈ ਹੁੰਦੀ ਹੈ?

ਫ਼ਿਰੋਜ਼ ਖ਼ਾਨ ਕਹਿੰਦੇ ਹਨ, "ਇਸ ਫੈਕਲਟੀ ਵਿੱਚ ਵੱਖ-ਵੱਖ ਵਿਭਾਗ ਹਨ। ਜਿਵੇਂ ਸਾਹਿਤ ਵਿਭਾਗ ਵੱਖ ਹੈ, ਵਿਆਕਰਨ ਵਿਭਾਗ ਵੱਖ ਹੈ, ਜੋਤਿਸ਼ ਵਿਭਾਗ ਵੱਖ ਹੈ, ਵੇਦ ਅਤੇ ਧਰਮ-ਸ਼ਾਸਤਰ ਦਾ ਵਿਭਾਗ ਵੱਖ ਹੈ। ਦਰਸ਼ਨ ਨਾਲ ਜੁੜਿਆ ਵਿਭਾਗ ਵੀ ਵੱਖਰਾ ਹੈ। ਸਾਹਿਤ ਵਿੱਚ ਧਾਰਮਿਕ ਸਿੱਖਿਆ ਪੂਰੀ ਤਰ੍ਹਾਂ ਹੈ। ਇੱਥੇ ਨਾਟਕ ਦੀ ਪੜ੍ਹਾਈ ਹੁੰਦੀ ਹੈ।

ਆਸ਼ੀਸ਼ ਤ੍ਰਿਪਾਠੀ ਕਹਿੰਦੇ ਹਨ ਕਿ ਇੰਨੀ ਵੱਡੀ ਗ਼ਲਤੀ ਕਿਵੇਂ ਹੋ ਸਕਦੀ ਹੈ?

ਉਹ ਕਹਿੰਦੇ ਹਨ, "ਦਰਅਸਲ, ਇਹ ਐਕਟ ਦੇ ਉਲੰਘਣ ਦਾ ਮਾਮਲਾ ਨਹੀਂ ਹੈ। ਜੋ ਵਿਰੋਧ ਕਰ ਰਹੇ ਹਨ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਇਸ ਖੇਤਰ ਨਾਲ ਉਨ੍ਹਾਂ ਦਾ ਏਕਾਧਿਕਾਰ ਖ਼ਤਮ ਹੋ ਰਿਹਾ ਹੈ। ਇਹ ਅਜੇ ਵੀ ਲੋਕਤਾਂਤਰਿਕ ਨਹੀਂ ਹੋਣਾ ਚਾਹੁੰਦੇ ਅਤੇ ਆਪਣੇ ਵਿਸ਼ੇਸ਼ ਅਧਿਕਾਰਾਂ ਨੂੰ ਕਾਇਮ ਰੱਖਣਾ ਚਾਹੁੰਦੇ ਹਨ। ਇਹ ਲੋਕਤੰਤਰ ਦੇ ਖ਼ਿਲਾਫ਼ ਹੈ।"

"ਇਹ ਤਕਨੀਕੀ, ਵਿਗਿਆਨ, ਸਮਾਜਕ-ਵਿਗਿਆਨ ਜਾਂ ਹੋਰਨਾਂ ਖੇਤਰਾਂ 'ਚ ਤਾਂ ਕਿਸੇ ਨੂੰ ਧਰਮ ਜਾਂ ਜਾਤ ਦੇ ਆਧਾਰ 'ਤੇ ਰੋਕ ਨਹੀਂ ਸਕਦੇ ਪਰ ਧਰਮ ਵਿਦਿਆ ਵਿੱਚ ਆਪਣੇ ਵਿਸ਼ੇਸ਼ ਅਧਿਕਾਰਾਂ ਨੂੰ ਛੱਡਣਾ ਨਹੀਂ ਚਾਹੁੰਦੇ।"

ਉਹ ਕਹਿੰਦੇ ਹਨ, "ਇਹ ਸਮਾਜਕ ਦਬਦਬੇ ਦੀ ਭਾਵਨਾ ਦਾ ਹੀ ਪ੍ਰਤੀਬਿੰਬ ਹੈ। ਇਹ ਪ੍ਰਤੀਕਿਰਿਆਵਾਦੀ ਵਰਗਾਂ ਦੇ ਮੈਂਬਰ ਹਨ ਜੋ ਹਿੰਦੂ ਧਾਰਮਿਕ ਥਾਵਾਂ 'ਤੇ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਵਿੱਚੋਂ ਹੀ ਕਸ਼ਤਰੀ, ਵੈਸ਼ਿਆ ਜਾਂ ਵਿਸ਼ੇਸ਼ ਤੌਰ 'ਤੇ ਸ਼ੂਦਰ ਪੁਜਾਰੀਆਂ ਦਾ ਵਿਰੋਧ ਕਰਦੇ ਹਨ।"

ਫ਼ਿਰੋਜ਼ ਖਾ਼ਨ ਕਹਿੰਦੇ ਹਨ ਕਿ ਉਹ ਸੰਸਕ੍ਰਿਤ ਵਿੱਚ ਲਕਸ਼ਣ ਗ੍ਰੰਥ ਨੂੰ ਬਹੁਤ ਬਿਹਤਰ ਸਮਝਦੇ ਹਨ ਅਤੇ ਉਨ੍ਹਾਂ ਨੂੰ ਇਹ ਯਾਦ ਹੈ।

ਉਹ ਕਹਿੰਦੇ ਹਨ, "ਲਕਸ਼ਣ ਗ੍ਰੰਥ ਵਿੱਚ ਮੇਰੀ ਕਾਫੀ ਦਿਲਚਸਪੀ ਹੈ। ਮੈਂ ਪੂਰਾ ਕਾਵਿ ਪ੍ਰਕਾਸ਼ ਯਾਦ ਕੀਤਾ ਹੋਇਆ ਹੈ। ਇਸ ਵਿੱਚ ਅਲੰਕਾਰ, ਗੁਣ ਅਤੇ ਰੀਤੀ-ਦੋਸ਼ ਆਉਂਦੇ ਹਨ।"

ਫ਼ਿਰੋਜ਼ ਖ਼ਾਨ ਨੇ ਵੇਦ ਵੀ ਪੜਿਆ ਹੈ। ਉਹ ਸੰਸਕ੍ਰਿਤ 'ਚ ਕਵਿਤਾਵਾਂ ਲਿਖਦੇ ਹਨ। ਦੂਰਦਰਸ਼ਨ 'ਤੇ ਹਫ਼ਤਾਵਾਰੀ ਪ੍ਰੋਗਰਾਮ ਕਰਦੇ ਹਨ। ਬੰਗਲਾ ਦੇ ਗਾਣਿਆਂ ਨੂੰ ਵੀ ਸੰਸਕ੍ਰਿਤ 'ਚ ਦੂਰਦਰਸ਼ਨ ਲਈ ਗਾਇਆ ਹੈ। ਫ਼ਿਰੋਜ਼ ਖ਼ਾਨ ਨੂੰ ਇਸੇ ਸਾਲ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੰਸਕ੍ਰਿਤ ਨੌਜਵਾਨ ਪ੍ਰਤਿਭਾ ਪੁਰਸਕਾਰ ਦਿੱਤਾ ਹੈ।

ਇੰਨਾ ਕੁਝ ਹੋਣ ਦੇ ਬਾਵਜੂਦ ਵਿਰੋਧ ਕਰ ਰਹੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਫ਼ਿਰੋਜ਼ ਖ਼ਾਨ ਨੂੰ ਨਹੀਂ ਹਟਾਇਆ ਜਾਵੇਗਾ ਉਦੋਂ ਤੱਕ ਕਲਾਸ ਨਹੀਂ ਚੱਲਣ ਦੇਣਗੇ।

ਆਸ਼ੀਸ਼ ਤ੍ਰਿਪਾਠੀ ਕਹਿੰਦੇ ਹਨ ਕਿ ਇੱਕ ਸੈਕੂਲਰ ਰਾਸ਼ਟਰ ਦੀ ਯੂਨੀਵਰਸਿਟੀ ਵਿੱਚ ਧਰਮ ਅਤੇ ਜਾਤ ਨੂੰ ਲੈ ਕੇ ਇਸ ਤਰ੍ਹਾਂ ਦਾ ਵਤੀਰਾ ਅਲੋਕਤਾਂਤਰਿਕ ਹੈ। ਇਨ੍ਹਾਂ ਮਾਮਲਿਆਂ 'ਚ ਪਰੰਪਰਾ ਦੀ ਦੁਹਾਈ ਨੂੰ ਵੀ ਗ਼ੈਰ-ਕਾਨੂੰਨੀ ਮੰਨਦੇ ਹਨ।

ਉਹ ਕਹਿੰਦੇ ਹਨ, "ਜੇਕਰ ਕੋਈ ਗੱਲ ਪਰੰਪਰਾ ਵਿੱਚ ਕਿਸੇ ਨੇ, ਕਦੇ ਕਹੀ ਜਾਂ ਲਿਖੀ ਵੀ ਸੀ, ਭਾਵੇਂ ਉਹ ਕਿੰਨੀ ਹੀ ਵੱਡੀ ਸ਼ਖ਼ਸੀਅਤ ਨੇ ਹੀ ਕਹੀ ਹੋਵੇ ਤਾਂ ਉਸ ਨੂੰ ਵੀ ਸੰਵੈਧਾਨਿਕ ਅਤੇ ਲੋਕਤਾਂਤਰਿਕ ਭਾਰਤ 'ਚ ਵਚਨ ਨਹੀਂ ਮੰਨਿਆ ਜਾ ਸਕਦਾ। ਸਮੇਂ ਦੇ ਨਾਲ ਬਦਲਾਅ ਕਰਕੇ ਹੀ ਸਮਾਜ ਨੂੰ ਮੋਹਰੀ ਬਣਾਇਆ ਜਾ ਸਕਦਾ ਹੈ।"

ਆਸ਼ੀਸ਼ ਤ੍ਰਿਪਾਠੀ ਇਸੇ ਫੈਕਲਟੀ ਦਾ ਉਦਾਹਰਣ ਦਿੰਦਿਆਂ ਹੋਇਆ ਕਹਿੰਦੇ ਹਨ, "1920-30 ਵਿੱਚ ਸ਼ੂਦਰਾਂ ਨੂੰ ਵੈਦਿਕ ਸਿੱਖਿਆ ਤੋਂ ਰੋਕਿਆ ਜਾਂਦਾ ਸੀ, ਬਾਅਦ ਵਿੱਚ ਇਸ ਨੂੰ ਬਦਲਿਆ ਗਿਆ ਅਤੇ ਇਨ੍ਹਾਂ ਵਰਗਾਂ ਨੂੰ ਵੀ ਅਧਿਐਨ ਦਾ ਅਧਿਕਾਰ ਦਿੱਤਾ ਗਿਆ।"

ਆਸ਼ੀਸ਼ ਤ੍ਰਿਪਾਠੀ ਇਸ ਗੱਲ ਨੂੰ ਵੀ ਅਸੰਗਤ ਮੰਨਦੇ ਹਨ ਕਿ ਭਜਨ ਗਾਉਣ ਵਾਲਿਆਂ ਵਰਗੀਆਂ ਭਾਵਨਾਤਮਕ ਅਪੀਲਾਂ ਨਾਲ ਫ਼ਿਰੋਜ਼ ਨੂੰ ਸਮਰਥ ਕੀਤਾ ਜਾਵੇ।

Image copyright FIROZ KHAN

ਉਹ ਕਹਿੰਦੇ ਹਨ, "ਅਜਿਹਾ ਕਰਨ ਨਾਲ ਫ਼ਿਰੋਜ਼ ਖ਼ਾਨ ਦੇ ਨਾਗਰਿਕ ਅਧਿਕਾਰਾਂ ਦਾ ਸੰਘਰਸ਼ ਕਮਜ਼ੋਰ ਪੈਂਦਾ ਹੈ। ਜਿਥੋਂ ਤੱਰ ਮੈਨੂੰ ਫ਼ਿਰੋਜ਼ ਖ਼ਾਨ ਬਾਰੇ ਪਤਾ ਹੈ ਉਸ ਆਧਾਰ 'ਤੇ ਕਹਿ ਰਿਹਾ ਹਾਂ ਕਿ ਉਨ੍ਹਾਂ ਨੇ ਸੰਸਕ੍ਰਿਤ ਨੂੰ ਪੂਰੀ ਗੰਭੀਰਤਾ ਅਤੇ ਪਾਰੰਪਰਿਕ ਢੰਗ ਨਾਲ ਪੜ੍ਹਿਆ ਹੈ।"

"ਜੇਕਰ ਉਹ ਅਤੇ ਉਨ੍ਹਾਂ ਦੇ ਪਿਤਾ ਭਜਨ ਨਾ ਵੀ ਗਾਉਂਦੇ ਤਾਂ ਵੀ ਉਨ੍ਹਾਂ ਨੂੰ ਸੰਸਕ੍ਰਿਤ ਪੜ੍ਹਨ ਅਤੇ ਪੜਾਉਣ ਦਾ ਹੱਕ ਹੈ। ਇਸ ਤੋਂ ਕੋਈ ਰੋਕ ਨਹੀਂ ਸਕਦਾ।"

"ਜੇਕਰ ਸੰਸਕ੍ਰਿਤ ਵਿੱਚ ਮਹਾਰਤ ਰੱਖਣ ਵਾਲਾ ਹਿੰਦੂ ਜਾਂ ਪੰਡਿਤ ਹੁੰਦਾ ਹੈ ਤਾਂ ਫ਼ਿਰੋਜ਼ ਖ਼ਾਨ ਦੋਵੇਂ ਹਨ। ਜੇਕਰ ਉਰਦੂ ਨਹੀਂ ਜਾਨਣ ਵਾਲਾ ਮੁਸਲਮਾਨ ਨਹੀਂ ਹੁੰਦਾ ਹੈ ਤਾਂ ਫ਼ਿਰੋਜ਼ ਖ਼ਾਨ ਮੁਸਲਮਾਨ ਨਹੀਂ ਹਨ।"

ਇੱਕ ਮੁਸਲਮਾਨ ਦੇ ਪਿਤਾ ਦਾ ਮੰਦਰ 'ਚ ਜਾਣਾ ਅਤੇ ਭਜਨ ਗਾਉਣਾ ਗ਼ੈਰ-ਇਸਲਾਮਿਕ ਸਮਝਿਆ ਜਾਂਦਾ ਹੈ ਤਾਂ ਮੁੰਨਾ ਮਾਸਟਰ ਅਕਸਰ ਅਜਿਹਾ ਕਰਦੇ ਹਨ।

ਜੇਕਰ ਮੁਸਲਮਾਨ ਪਿਤਾ ਆਪਣੇ ਬੇਟੇ ਨੂੰ ਕੁਰਾਨ ਅਤੇ ਮਦਰਸੇ ਦਾ ਰੁਖ਼ ਕਰਵਾਉਂਦਾ ਹੈ ਤਾਂ ਮੁੰਨਾ ਮਾਸਟਰ ਨੇ ਅਜਿਹਾ ਕਦੇ ਨਹੀਂ ਕੀਤਾ।

ਰਮਜ਼ਾਨ ਖ਼ਾਨ, ਮੁਆਫ਼ ਕਰਨਾ ਮੁੰਨਾ ਮਾਸਟਰ ਇਸ ਗੱਲ ਤੋਂ ਦੁਖੀ ਹਨ ਕਿ ਉਨ੍ਹਾਂ ਨੇ ਜੋ ਗੁਣ ਸਿੱਖਿਆ ਉਸ ਗੁਣ ਕਾਰਨ ਉਨ੍ਹਾਂ ਦੇ ਬੇਟੇ ਨੂੰ ਪਰੇਸ਼ਾਨੀ ਹੋ ਰਹੀ ਹੈ।

ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਪਿੰਡ ਬਾਗਰੂ ਅਤੇ ਜੈਪੁਰ ਨੇ ਸੰਸਕ੍ਰਿਤ ਅਤੇ ਸੰਗੀਤ ਦੀ ਅਰਾਧਨਾ 'ਤੇ ਕਦੇ ਸਵਾਲ ਨਹੀਂ ਖੜ੍ਹੇ ਕੀਤੇ ਪਰ ਬਨਾਰਸ ਨੇ ਅਜਿਹਾ ਕਰ ਕੇ ਉਨ੍ਹਾਂ ਨੂੰ ਦੁੱਖੀ ਕੀਤਾ ਹੈ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)