Fastag: ਜੇ 1 ਦੰਸਬਰ ਤੱਕ ਤੁਸੀਂ ਫਾਸਟ ਟੈਗ ਨਾ ਲਵਾ ਸਕੇ ਤਾਂ ਕੀ ਹੋਵੇਗਾ

ਟੋਲ ਪਲਾਜ਼ੇ ਤੇ ਖੜ੍ਹੇ ਵਾਹਨ Image copyright Getty Images
ਫੋਟੋ ਕੈਪਸ਼ਨ ਜੇਕਰ ਤੁਸੀਂ ਪਹਿਲੀ ਦਸੰਬਰ ਤੱਕ ਫਾਸਟੈਗ ਨਹੀਂ ਲਗਵਾਉਂਦੇ ਤਾਂ 2 ਦਸੰਬਰ ਨੂੰ ਤੁਹਾਨੂੰ ਦੁੱਗਣਾ ਟੋਲ ਅਦਾ ਕਰਨਾ ਪਵੇਗਾ।

ਪਹਿਲੀ ਦਸੰਬਰ ਤੋਂ ਭਾਰਤ ਵਿੱਚ ਟੋਲ ਫ਼ੀਸ ਦਾ ਭੁਗਤਾਨ ਫਾਸਟ ਟੈਗ ਰਾਹੀਂ ਹੀ ਕੀਤਾ ਜਾ ਸਕੇਗਾ। ਪਰ ਜੇ ਪਹਿਲੀ ਦਸੰਬਰ ਤੱਕ ਤੁਸੀਂ ਆਪਣੀ ਗੱਡੀ 'ਤੇ ਫਾਸਟੈਗ ਨਾ ਲਵਾ ਸਕੇ ਫੇਰ ਕੀ ਤੁਸੀਂ ਹਾਈਵੇਅ ਦੀ ਵਰਤੋਂ ਨਹੀਂ ਕਰ ਸਕੋਗੇ?

ਆਓ ਜਾਣੀਏ—

ਫਾਸਟਟੈਗ ਕੀ ਹੈ?

ਫਾਸਟ ਟੈਗ ਇੱਕ ਡਿਜੀਟਲ ਟੈਗ ਹੈ ਜੋ ਤੁਹਾਡੀਆਂ ਗੱਡੀਆਂ ਦੇ ਵਿੰਡਸਕ੍ਰੀਨਜ਼ 'ਤੇ ਲਾਇਆ ਜਾਵੇਗਾ। ਜਦੋਂ ਤੁਸੀਂ ਟੋਲ ਪਲਾਜ਼ਾ 'ਤੇ ਆਪਣੀ ਫਾਸਟ ਟੈਗ ਨਾਲ ਲੈਸ ਗੱਡੀ ਵਿੱਚ ਸਵਾਰ ਹੋ ਕੇ ਪਹੁੰਚੋਗੇ ਤਾਂ ਉੱਥੇ ਲੱਗਿਆ ਸਕੈਨਰ ਤੁਹਾਡੇ ਫਾਸਟ ਟੈਗ ਨੂੰ ਆਪਣੇ-ਆਪ ਸਕੈਨ ਕਰ ਲਵੇਗਾ।

ਫਿਰ ਬੈਰੀਕੇਡ ਖੁੱਲ੍ਹ ਕੇ ਤੁਹਾਨੂੰ ਲਾਂਘਾ ਦੇਵੇਗਾ ਤੇ ਤੁਸੀਂ ਉੱਥੋਂ ਗੁਜ਼ਰ ਜਾਓਗੇ।

ਫਾਸਟ ਟੈਗ ਇੱਕ ਡਿਜੀਟਲ ਟੈਗ ਹੈ ਜਿਹੜਾ ਰੇਡੀਓ ਫਰੀਕੁਐਂਸੀ ਟੈਕਨੌਲੋਜੀ (RFID) ਨਾਲ ਕੰਮ ਕਰਦਾ ਹੈ। ਪੈਸੇ ਆਪਣੇ ਆਪ ਹੀ ਤੁਹਾਡੇ ਪ੍ਰੀਪੇਡ ਅਕਾਊਂਟ ਜਾਂ ਲਿੰਕ ਕੀਤੇ ਗਏ ਬੈਂਕ ਅਕਾਊਂਟ ਵਿੱਚੋਂ ਕੱਟ ਲਏ ਜਾਣਗੇ।

ਇਹ ਵੀ ਪੜ੍ਹੋ:

ਜੇ ਮੈਂ ਫਾਸਟ ਟੈਗ ਨਾ ਲਵਾਇਆ ਫਿਰ?

ਭਾਰਤ ਦੇ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ 1 ਦਸੰਬਰ 2019 ਤੋਂ ਸਾਰੇ ਨੈਸ਼ਨਲ ਹਾਈਵੇਅਜ਼ 'ਤੇ ਫਾਸਟੈਗ ਜ਼ਰੀਏ ਹੀ ਟੋਲ ਫ਼ੀਸ ਦਾ ਭੁਗਤਾਨ ਕੀਤਾ ਜਾ ਸਕੇਗਾ।

ਜੇਕਰ ਤੁਸੀਂ 1 ਦਸੰਬਰ ਤੱਕ ਫਾਸਟ ਟੈਗ ਨਹੀਂ ਲਗਵਾਉਂਦੇ ਤਾਂ 2 ਦਸੰਬਰ ਨੂੰ ਤੁਹਾਨੂੰ ਦੁੱਗਣਾ ਟੋਲ ਅਦਾ ਕਰਨਾ ਪਵੇਗਾ।

ਫਾਸਟ ਟੈਗ ਲਈ ਅਪਲਾਈ ਕਿਵੇਂ ਕਰੀਏ?

ਫਾਸਟ ਟੈਗ ਲਈ ਤੁਸੀਂ ਵੈਬਸਾਈਟ www.fastag.org 'ਤੇ ਅਪਲਾਈ ਕਰ ਸਕਦੇ ਹੋ

ਜਦੋਂ ਤੁਸੀਂ ਇਸ ਵੈੱਬਸਾਈਟ 'ਤੇ ਕਲਿੱਕ ਕਰੋਗੇ ਤਾਂ ਤੁਹਾਡੀ ਸਕਰੀਨ 'ਤੇ ਇਸ ਸਕੀਮ ਨਾਲ ਜੁੜੇ ਸਾਰੇ ਬੈਂਕ ਆ ਜਾਣਗੇ।

ਇੱਥੋਂ ਹੀ ਤੁਸੀਂ ਆਪਣੇ ਟੈਗ ਨੂੰ ਰੀਚਾਰਜ ਵੀ ਕਰਵਾ ਸਕਦੇ ਹੋ।

ਤੁਸੀਂ ਬੈਂਕਾਂ ਦੀ ਵੈਬਸਾਈਟ 'ਤੇ ਜਾ ਕੇ ਵੀ ਫਾਸਟ ਟੈਗ ਲਈ ਅਪਲਾਈ ਕਰ ਸਕਦੇ ਹੋ।

Image copyright http://www.fastag.org
ਫੋਟੋ ਕੈਪਸ਼ਨ ਫਾਸਟ-ਟੈਗ ਦੀ ਵੈੱਬਸਾਈਟ 'ਤੇ ਇਸ ਸਕੀਮ ਨਾਲ ਜੁੜੇ ਸਾਰੇ ਬੈਂਕ ਆ ਜਾਣਗੇ।

ਮੈਨੂੰ ਕਾਗ਼ਜ਼ ਕਿਹੜੇ ਚਾਹੀਦੇ ਹੋਣਗੇ?

ਹੁਣ ਤੁਹਾਨੂੰ ਦੱਸ ਦਈਏ ਫਾਸਟ ਟੈਗ ਲਈ ਤੁਹਾਨੂੰ ਕਿਹੜੇ ਦਸਤਾਵੇਜ਼ ਚਾਹੀਦੇ ਹੋਣਗੇ।

  1. ਆਪਣੀ ਗੱਡੀ ਦਾ ਰਜਿਸਟਰੇਸ਼ਨ ਸਰਟੀਫਿਕੇਟ ਯਾਨਿ ਕਿ ਆਰ.ਸੀ।
  2. ਗੱਡੀ ਦੇ ਮਾਲਕ ਦੀ ਪਾਸਪੋਰਟ ਸਾਈਜ਼ ਫ਼ੋਟੋ।
  3. ਡਰਾਈਵਿੰਗ ਲਾਇੰਸੈਂਸ, ਆਧਾਰ ਕਾਰਡ, ਪੈਨ ਕਾਰਡ ਜਾਂ ਫਿਰ ਵੋਟਰ ਕਾਰਡ ਨੂੰ ਤੁਸੀਂ ਆਈਡੀ ਅਤੇ ਪਤੇ ਦੇ ਸਬੂਤ ਵਜੋਂ ਵਰਤ ਸਕਦੇ ਹੋ।

ਜੇਕਰ ਤੁਹਾਡੇ ਕੋਲ ਦੋ ਗੱਡੀਆਂ ਹਨ ਤਾਂ ਤੁਹਾਨੂੰ ਦੋ ਵੱਖਰੇ ਫਾਸਟ ਟੈਗ ਚਾਹੀਦੇ ਹੋਣਗੇ।

ਫਾਸਟ ਟੈਗ ਵਿੱਚ ਤੁਸੀਂ ਘੱਟੋ-ਘੱਟ 100 ਰੁਪਏ ਅਤੇ ਵੱਧ ਤੋਂ ਵੱਧ 1 ਲੱਖ ਰੁਪਏ ਤੱਕ ਦਾ ਰੀਚਾਰਜ ਕਰਵਾ ਸਕਦੇ ਹੋ।

ਇਹ ਦੱਸਣਾ ਵੀ ਜ਼ਰੂਰੀ ਹੈ ਕਿ ਫਾਸਟ ਟੈਗ ਕੋਈ ਨਵੀਂ ਚੀਜ਼ ਨਹੀਂ ਹੈ। ਇਸ ਵੇਲੇ ਦੇਸ ਭਰ ਦੇ 407 ਕੌਮੀ ਤੇ ਰਾਜ ਮਾਰਗਾਂ 'ਤੇ ਫਾਸਟੈਗ ਲਾਗੂ ਹੈ।

Image copyright Getty Images
ਫੋਟੋ ਕੈਪਸ਼ਨ ਕੇਂਦਰੀ ਸੜਕ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ।

ਫਾਸਟ ਟੈਗ ਨਾਲ ਕੀ ਫਰਕ ਪਵੇਗਾ?

ਟੋਲ 'ਤੇ ਭੁਗਤਾਨ ਕਰਨ ਲਈ ਤੁਹਾਨੂੰ ਕੈਸ਼ ਦੀ ਲੋੜ ਨਹੀਂ। ਜ਼ਾਹਰ ਹੈ ਕਿ ਇਸ ਨਾਲ ਤੁਹਾਡੇ ਸਮੇਂ ਅਤੇ ਬਾਲਣ ਦੀ ਵੀ ਬਚਤ ਹੋਵੇਗੀ।

ਫਾਸਟ ਟੈਗ ਨੂੰ ਤੁਸੀਂ ਕਰੈਡਿਟ ਕਾਰਡ/ਡੈਬਿਟ ਕਾਰਡ/ਇੰਟਰਨੈਟ ਬੈਂਕਿੰਗ ਰਾਹੀਂ ਰੀਚਾਰਜ ਕਰ ਸਕੋਗੇ।

ਬਕਾਇਆ ਘੱਟ ਰਹਿ ਜਾਣ 'ਤੇ ਤੁਹਾਨੂੰ ਪਹਿਲਾਂ ਹੀ ਘੱਟ ਬੈਲੇਂਸ ਦਾ ਸੁਨੇਹਾ ਆ ਜਾਵੇਗਾ।

ਫਾਸਟ ਟੈਗ ਦੀ 5 ਸਾਲ ਦੀ ਵੈਧਤਾ ਹੋਵੇਗੀ।

ਇੱਕ ਜ਼ਰੂਰੀ ਗੱਲ ਇਹ ਵੀ ਹੈ ਕਿ ਜੇਕਰ ਤੁਸੀਂ ਟੋਲ ਪਲਾਜ਼ਾ ਦੇ 10 ਕਿਲੋਮੀਟਰ ਦੇ ਦਾਇਰੇ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਛੋਟ ਮਿਲੇਗੀ ਜੋ ਕੈਸ਼ ਬੈਂਕ ਦੇ ਰੂਪ ਵਿੱਚ ਤੁਹਾਡੇ ਖਾਤੇ ਵਿੱਚ ਆ ਜਾਵੇਗੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)