ਅਦਾਲਤ 'ਚ ਪਿਓ ਅਰਦਲੀ ਸੀ ਉਸੇ ਦੀ ਜੱਜ ਬਣ ਕੇ ਆਈ ਧੀ

ਅਰਚਨਾ Image copyright Roushan/BBC
ਫੋਟੋ ਕੈਪਸ਼ਨ ਅਰਚਨਾ ਕੁਮਾਰੀ ਦੇ ਪਿਤਾ ਇੱਕ ਜੱਜ ਦੇ ਅਰਦਲੀ ਸਨ।

"ਅਸੀਂ ਇੱਕ ਕਮਰੇ ਦੇ ਸਰਵੈਂਟ ਕੁਆਰਟਰ ਵਿਚ ਰਹਿੰਦੇ ਸੀ ਅਤੇ ਸਾਡੇ ਕੁਆਰਟਰ ਦੇ ਸਾਹਮਣੇ ਜੱਜ ਸਾਬ੍ਹ ਦੀ ਕੋਠੀ ਸੀ। ਪਾਪਾ ਸਾਰਾ ਦਿਨ ਜੱਜ ਸਾਬ੍ਹ ਕੋਲ ਖੜ੍ਹੇ ਰਹਿੰਦੇ ਸਨ। ਬੱਸ ਉਹੀ ਕੋਠੀ, ਜੱਜ ਨੂੰ ਮਿਲਣ ਵਾਲਾ ਸਨਮਾਨ ਅਤੇ ਮੇਰੇ ਸਰਵੈਂਟ ਕੁਆਰਟਰ ਦੀ ਛੋਟੀ ਜਿਹੀ ਜਗ੍ਹਾ ਮੇਰੀ ਪ੍ਰੇਰਣਾ ਬਣ ਗਈ।"

34 ਸਾਲਾ ਅਰਚਨਾ ਦੇ ਪਿਤਾ ਸੋਨਪੁਰ ਰੇਲਵੇ ਕੋਰਟ ਵਿੱਚ ਚਪੜਾਸੀ ਸਨ ਅਤੇ ਹੁਣ ਉਹਨਾਂ ਦੀ ਧੀ ਅਰਚਨਾ ਕੁਮਾਰੀ ਨੇ ਸਾਲ 2018 ਵਿੱਚ ਹੋਈ 30 ਵੀਂ ਬਿਹਾਰ ਨਿਆਂਇਕ ਸੇਵਾਵਾਂ ਪ੍ਰੀਖਿਆ ਪਾਸ ਕੀਤੀ।

ਅਰਚਨਾ ਨੂੰ ਪਿਛਲੇ ਮਹੀਨੇ ਦੇ ਆਖਰੀ ਹਫ਼ਤੇ ਐਲਾਨੇ ਨਤੀਜਿਆਂ 'ਚ ਜਰਨਲ ਵਰਗ ਵਿੱਚ 227ਵਾਂ ਅਤੇ ਓਬੀਸੀ ਸ਼੍ਰੇਣੀ ਵਿੱਚ 10ਵਾਂ ਦਰਜਾ ਪ੍ਰਾਪਤ ਹੋਇਆ ਹੈ।

ਬੀਬੀਸੀ ਨਾਲ ਫੋਨ 'ਤੇ ਗੱਲਬਾਤ ਕਰਦੀ ਅਰਚਨਾ ਦੀ ਆਵਾਜ਼ ਵਿੱਚ ਖੁਸ਼ੀ, ਬਹੁਤ ਹੀ ਆਮ ਪਰਿਵਾਰ ਤੋਂ ਨਿਕਲ ਕੇ ਵੱਡੀ ਪ੍ਰਾਪਤੀ ਹਾਸਲ ਕਰਨ ਦਾ ਮਾਣ, ਨਿਮਰਤਾ, ਸਭ ਕੁਝ ਮਹਿਸੂਸ ਕੀਤਾ ਜਾ ਸਕਦਾ ਸੀ.

ਘਰ ਦੀ ਗਰੀਬੀ

ਪਟਨਾ ਦੇ ਧਨਰੂਆ ਥਾਣੇ ਅਧੀਨ ਪੈਂਦੇ ਮਾਨਿਕ ਬਿਗਹਾ ਪਿੰਡ ਦੀ ਅਰਚਨਾ ਆਪਣੇ ਪਿੰਡ ਵਿਚ 'ਜੱਜ ਬਿਟੀਆ' ਵਜੋਂ ਮਸ਼ਹੂਰ ਹੋ ਰਹੀ ਹੈ।

ਚਾਰ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਅਰਚਨਾ ਲਈ ਇਹ ਸਫ਼ਰ ਜ਼ਿੰਦਗੀ ਦੇ ਬਹੁਤ ਉਤਰਾਅ-ਚੜਾਅ ਵਿੱਚੋਂ ਲੰਘਿਆ।

ਬਚਪਨ ਵਿੱਚ ਦਮੇ ਕਾਰਨ ਉਨ੍ਹਾਂ ਦੀ ਸਿਹਤ ਖ਼ਰਾਬ ਹੀ ਰਹਿੰਦੀ ਸੀ, ਉੱਪਰੋਂ ਘਰ ਵਿੱਚ ਗ਼ਰੀਬੀ ਨੇ ਡੇਰਾ ਲਾਇਆ ਹੋਇਆ ਸੀ।

Image copyright Roushan/BBC
ਫੋਟੋ ਕੈਪਸ਼ਨ ਪੀਲੀ ਫਰਾਕ ਵਿੱਚ ਅਰਚਨਾ ਕੁਮਾਰੀ

ਪਟਨਾ ਦੇ ਸਰਕਾਰੀ ਹਾਈ ਸਕੂਲ (ਕੁੜੀਆਂ), ਸ਼ਾਸਤਰੀ ਨਗਰ ਤੋਂ ਬਾਰ੍ਹਵੀਂ ਪਾਸ ਕਰਕੇ ਅਰਚਨਾ ਨੇ ਪਟਨਾ ਯੂਨੀਵਰਸਿਟੀ ਤੋਂ ਮਨੋਵਿਗਿਆਨ ਵਿੱਚ ਆਨਰਜ਼ ਕੀਤੀ ਹੈ।

ਗ੍ਰੈਜੂਏਸ਼ਨ ਦੀ ਪੜ੍ਹਾਈ ਦੌਰਾਨ ਹੀ 2005 ਵਿੱਚ ਅਰਚਨਾ ਦੇ ਪਿਤਾ ਗੌਰੀਨੰਦਨ ਪ੍ਰਸਾਦ ਦੀ ਮੌਤ ਹੋ ਗਈ ਸੀ।

ਅਰਚਨਾ ਦੱਸਦੀ ਹੈ, "ਇਹ ਬਹੁਤ ਮੁਸ਼ਕਲ ਸੀ ਕਿਉਂਕਿ ਸਭ ਤੋਂ ਵੱਡੀ ਹੋਣ ਕਰਕੇ ਭੈਣ-ਭਰਵਾਂ ਦੀ ਜ਼ਿੰਮੇਵਾਰੀ ਸੀ। ਮੈਂ ਕੰਪਿਉਟਰ ਸਿੱਖਿਆ ਸੀ ਇਸ ਲਈ ਮੈਂ ਘਰੇਲੂ ਖਰਚੇ ਵਿੱਚ ਮਦਦ ਲਈ ਆਪਣੇ ਸਕੂਲ ਵਿੱਚ ਕੰਪਿਉਟਰ ਸਿਖਾਉਣਾ ਸ਼ੁਰੂ ਕਰ ਦਿੱਤਾ।”

“ਤਿੰਨ ਭੈਣਾਂ ਸਨ ਜਿਨ੍ਹਾਂ ਉੱਤੇ ਵਿਆਹ ਕਰਾਉਣ ਲਈ ਬਹੁਤ ਦਬਾਅ ਸੀ। 21 ਸਾਲ ਦੀ ਉਮਰ ਵਿੱਚ ਮੇਰਾ ਵਿਆਹ ਕਰ ਦਿੱਤਾ ਗਿਆ ਸੀ ਅਤੇ ਮੈਂ ਆਪਣੇ ਆਪ ਨੂੰ ਵੀ ਸਮਝਾ ਲਿਆ ਸੀ ਕਿ ਹੁਣ ਮੇਰੀ ਪੜ੍ਹਾਈ ਦਾ ਅੰਤ ਹੋ ਗਿਆ ਹੈ।"

Image copyright Roushan/BBC
ਫੋਟੋ ਕੈਪਸ਼ਨ ਅਰਚਨਾ ਤੇ ਰਾਜੀਵ ਦਾ ਵਿਆਹ 2006 ਵਿੱਚ ਹੋਇਆ।

ਪਤੀ, ਘਰ, ਬੱਚੇ ਅਤੇ ਕੈਰੀਅਰ

ਛੇ ਸਾਲ ਦੀ ਉਮਰ ਤੋਂ ਜੱਜ ਬਣਨ ਦਾ ਸੁਪਨਾ ਵੇਖ ਰਹੀ ਅਰਚਨਾ ਇਸ ਤਰ੍ਹਾਂ ਹਾਰ ਮੰਨਣ ਵਾਲਿਆਂ 'ਚੋਂ ਨਹੀਂ ਸੀ।

ਪਤੀ ਰਾਜੀਵ ਰੰਜਨ ਨੇ ਅਰਚਨਾ ਦਾ ਸੁਪਨਾ ਪੂਰਾ ਕਰਨ ਵਿੱਚ ਮਦਦ ਕੀਤੀ। ਅਰਚਨਾ ਦਾ ਵਿਆਹ 2006 'ਚ ਹੋਇਆ ਸੀ।

ਉਸ ਦੇ ਪਤੀ ਨੇ ਅਰਚਨਾ ਵਿੱਚ ਪੜ੍ਹਨ ਦੀ ਇੱਛਾ ਦੇਖੀ। ਸਾਲ 2008 'ਚ ਅਰਚਨਾ ਨੇ ਪੁਣੇ ਯੂਨੀਵਰਸਿਟੀ ਵਿੱਚ ਐੱਲਐੱਲਬੀ ਕੋਰਸ 'ਚ ਦਾਖ਼ਲਾ ਲੈ ਲਿਆ।

ਅਰਚਨਾ ਦੱਸਦੀ ਹੈ, "ਮੇਰੀ ਸਾਰੀ ਪੜ੍ਹਾਈ ਹਿੰਦੀ ਮੀਡੀਅਮ ਵਿੱਚ ਹੋਈ ਸੀ, ਇਸ ਲਈ ਰਿਸ਼ਤੇਦਾਰਾਂ ਨੇ ਕਿਹਾ ਕਿ ਮੈਂ ਜਲਦੀ ਹੀ ਪੁਣੇ ਯੂਨੀਵਰਸਿਟੀ ਦੇ ਇੰਗਲਿਸ਼ ਮਾਹੌਲ ਤੋਂ ਭੱਜ ਆਵਾਂਗੀ। ਮੇਰੇ ਸਾਹਮਣੇ ਅੰਗ੍ਰੇਜ਼ੀ ਵਿਚ ਪੜ੍ਹਨ ਦੀ ਚੁਣੌਤੀ ਤਾਂ ਸੀ ਹੀ ਅਤੇ ਪਹਿਲੀ ਵਾਰ ਮੈਂ ਬਿਹਾਰ ਤੋਂ ਬਾਹਰ ਨਿਕਲੀ ਸੀ।"

ਸਾਲ 2011 ਵਿੱਚ ਕਾਨੂੰਨ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਵਾਪਸ ਪਟਨਾ ਆ ਤਾਂ ਗਰਭਵਤੀ ਹੋ ਗਈ।

ਸਾਲ 2012 ਵਿੱਚ ਬੱਚੇ ਦੇ ਜਨਮ ਨਾਲ ਉਸ ਦੀ ਜਿੰਮੇਵਾਰੀ ਹੋਰ ਵਧ ਗਈ। ਫਿਰ ਵੀ ਅਰਚਨਾ ਨੇ ਆਪਣੇ ਸੁਪਨਿਆਂ ਅਤੇ ਇੱਕ ਮਾਂ ਹੋਣ ਦੀ ਜ਼ਿੰਮੇਵਾਰੀ ਵਿੱਚ ਸੰਤੁਲਨ ਬਿਠਾਉਣ ਦੀ ਪੂਰੀ ਕੋਸ਼ਿਸ਼ ਕੀਤੀ।

ਉਹ ਆਪਣੇ 5 ਮਹੀਨੇ ਦੇ ਬੱਚੇ ਅਤੇ ਆਪਣੀ ਮਾਂ ਨਾਲ ਅਗਲੇਰੀ ਪੜ੍ਹਾਈ ਲਈ ਦਿੱਲੀ ਰਵਾਨਾ ਹੋ ਗਈ।

Image copyright ROUSHAN/BBC
ਫੋਟੋ ਕੈਪਸ਼ਨ ਅਰਚਨਾ ਕੁਮਾਰੀ ਆਪਣੀ ਮਾਂ ਤੇ ਭੈਣਾਂ ਨਾਲ

ਇੱਥੇ ਉਸਨੇ ਐੱਲਐੱਲਐੱਮ ਦੀ ਪੜ੍ਹਾਈ ਦੇ ਨਾਲ-ਨਾਲ ਮੁਕਾਬਲੇ ਦੀ ਪ੍ਰੀਖਿਆ ਲਈ ਵੀ ਤਿਆਰੀ ਕੀਤੀ ਅਤੇ ਰੋਜ਼ੀ-ਰੋਟੀ ਲਈ ਕਾਨੂੰਨ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਵੀ।

ਚੰਗੀ ਸਿੱਖਿਆ ਅਤੇ ਪਰਿਵਾਰ ਦਾ ਸਾਥ

ਅਰਚਨਾ ਦੀ ਸਫਲਤਾ ਵਿੱਚ ਉਸਦੇ ਪੂਰੇ ਪਰਿਵਾਰ ਦਾ ਸਾਥ ਰਿਹਾ।

ਉਸਦੀ ਸੱਤਵੀਂ ਤੱਕ ਪੜ੍ਹੀ ਮਾਂ ਪ੍ਰਤਿਮਾ ਦੇਵੀ ਕਹਿੰਦੀ ਹੈ, "ਜਦੋਂ ਦਾ ਬੇਟੀ ਦਾ ਨਤੀਜਾ ਆਇਆ ਹੈ, ਨੀਂਦ ਨਹੀਂ ਆਈ ਅਤੇ ਖਾਣਾ ਵੀ ਨਹੀਂ ਖਾਧਾ ਜਾ ਰਿਹਾ। ਤੁਹਾਨੂੰ ਆਪਣੀ ਖੁਸ਼ੀ ਬਾਰੇ ਕੀ ਦੱਸੀਏ, ਜੇ ਇਸ ਦੇ ਪਿਤਾ ਹੁੰਦੇ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਹਿੰਦਾ।"

ਪ੍ਰਤਿਮਾ ਦੇਵੀ ਨੂੰ ਆਪ ਨਾ ਪੜ੍ਹ ਸਕਣ ਦਾ ਬਹੁਤ ਅਫ਼ਸੇਸ ਹੈ। ਫਿਰ ਵੀ ਉਨ੍ਹਾਂ ਨੇ ਆਪਣੀਆਂ ਤਿੰਨ ਧੀਆਂ ਨੂੰ ਚੰਗੀ ਸਿੱਖਿਆ ਦਿੱਤੀ।

ਅਰਚਨਾ ਦਾ ਪਤੀ ਰਾਜੀਵ ਰੰਜਨ ਪਟਨਾ ਮੈਡੀਕਲ ਕਾਲਜ ਦੇ ਐਨਾਟੋਮੀ ਵਿਭਾਗ ਵਿਚ ਕਲਰਕ ਹਨ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਰਾਜੀਵ ਨੇ ਦੱਸਿਆ, "ਅਰਚਨਾ ਨੂੰ ਪੜ੍ਹਨ ਦੀ ਬਹੁਤ ਲਲਕ ਹੈ। ਮੈਂ ਉਸ ਨੂੰ ਪੜ੍ਹਾਇਆ, ਜਿਸਦਾ ਨਤੀਜਾ ਤੁਹਾਡੇ ਸਾਹਮਣੇ ਹੈ। ਮੇਰੀ ਕੋਸ਼ਿਸ਼ ਹਮੇਸ਼ਾ ਰਹੇਗੀ ਕਿ ਉਹ ਹੋਰ ਤਰੱਕੀ ਕਰੇ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)